ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਮਿਸ਼ਨ ਦੇ ਅਲੰਬਰਦਾਰ ਪ੍ਰਸਿੱਧ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਆਪਣੇ ਨਵੇਂ ਲਿਖੇ ਧਾਰਮਿਕ ਤੇ ਕ੍ਰਾਂਤੀਕਾਰੀ ਗੀਤਾਂ ਨਾਲ ਇਸ ਵਾਰ ਫਿਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਸੰਗਤਾਂ ਦੀ ਕਚਹਿਰੀ ਵਿੱਚ ਵੱਖ-ਵੱਖ ਗਾਇਕਾਂ ਦੀ ਆਵਾਜ਼ ਵਿੱਚ ਸਜਾਏ ਗੀਤਾਂ ਨਾਲ ਆਪਣੀ ਹਾਜ਼ਰੀ ਭਰ ਰਿਹਾ ਹੈ । ਬੇਸ਼ੱਕ ਉਹ ਇਸ ਸਮੇਂ ਆਸਟਰੇਲੀਆ ਵਿਖੇ ਹਨ, ਪਰ ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਜਲਦ ਹੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਸਬੰਧੀ ਪੰਜਾਬ ਦੀ ਧਰਤੀ ਤੇ ਆ ਕੇ ਸੰਗਤਾਂ ਦੇ ਦਰਸ਼ਨ ਕਰਨਗੇ। ਉਹਨਾਂ ਦੱਸਿਆ ਕਿ ਉਹਨਾਂ ਵਲੋਂ ਇਸ ਵਾਰ ਚਾਰ ਟਰੈਕਸ ਨੂੰ ਤਾਜ ਇੰਟਰਟੇਨਮੈਂਟ ਕੰਪਨੀ ਵਲੋਂ ਰਿਲੀਜ਼ ਕੀਤਾ ਜਾਵੇਗਾ । ਜਿਨ੍ਹਾਂ ਵਿੱਚ ਪ੍ਰੇਮ ਲਤਾ ਰੂਪ ਲਾਲ ਧੀਰ, ਜਗੀਰ ਅਤੇ ਹਰਮੇਸ਼ ਗਹੌਰ ਦੇ ਟਰੈਕ ਸ਼ਾਮਿਲ ਹਨ । ਇਸ ਤੋਂ ਇਲਾਵਾ ਯੂਐਸਏ ਤੋਂ ਕੌਲ ਭਰਾਵਾਂ ਵਲੋਂ ਵੀ ਉਸ ਤੇ ਲਿਖੇ ਗੀਤਾਂ ਨੂੰ ਲਾਂਚ ਕੀਤਾ ਜਾ ਰਿਹਾ ਹੈ ,ਜਿਸ ਨੂੰ ਕੇ ਐਸ ਮੱਖਣ, ਬਖਸ਼ੀ ਬਿੱਲਾ ਨਹੀਂ ਗਾਇਆ ਹੈ। ਦੋ ਟਰੈਕ ਰਾਮ ਭੋਗਪੁਰੀਆ ਵਲੋਂ ਜਿਨ੍ਹਾਂ ਦੇ ਗਾਇਕ ਬੂਟਾ ਮੁਹੰਮਦ ਅਤੇ ਰਜਨੀ ਜੈਨ ਆਰੀਆ ਹਨ, ਲਾਂਚ ਕੀਤੇ ਜਾ ਰਹੇ ਹਨ । ਦੋ ਟਰੈਕ ਕੇ ਕੇ ਮਿਊਜ਼ਿਕ ਕੰਪਨੀ ਵਲੋਂ ਜਿਨ੍ਹਾਂ ਦੇ ਗਾਇਕ ਕੰਠ ਕਲੇਰ ਹਨ “ਚੰਨ ਚੜ੍ਹਿਆ ਪੁੰਨਿਆਂ ਦਾ” ਉਹਨਾਂ ਦੀ ਕਲਮ ਤੋਂ ਲਿਖਿਆ ਟਾਈਟਲ ਸੌਂਗ ਰਿਲੀਜ਼ ਕੀਤਾ ਜਾਵੇਗਾ। ਜਿਸ ਨੂੰ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਕ ਟਰੈਕ ਸੋਨੀਆ ਕਲੇਰ ਇਟਲੀ ਅਤੇ ਇੱਕ ਟਰੈਕ ਕਮਲ ਕਲੇਰ ਇਟਲੀ ਵਲੋਂ ਤਿਆਰ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਰੱਤੂ ਰੰਧਾਵਾ ਦੇ ਲਿਖੇ ਹੋਏ ਮਿਸ਼ਨਰੀ ਗੀਤਾਂ “ਮੋਢੀ ਇਨਕਲਾਬ ਦਾ ਕਾਂਸ਼ੀ ਵਿੱਚ ਆਇਆ” ਤੋਂ ਲੈ ਕੇ “ਲੈ ਕੇ ਬਾਬਾ ਸਾਹਿਬ ਨੇ ਦਿੱਤੇ ਸਾਨੂੰ ਹੱਕ ਬਰਾਬਰ ਦੇ” ਗੀਤਾਂ ਨੇ ਧਾਰਮਿਕ ਖੇਤਰ ਵਿੱਚ ਗੂੰਜਾਂ ਪਾਈ ਰੱਖੀਆਂ ।ਇਸ ਤੋਂ ਇਲਾਵਾ ਉਸਦੇ ਲਿਖੇ ਅਨੇਕਾਂ ਪੰਜਾਬੀ ਗੀਤ ਬਖਸ਼ੀ ਬਿੱਲਾ ਵਲੋਂ ਗਾਇਆ “ਸੋਨੇ ਰੰਗੀਏ” ਅਤੇ ਮਨੀ ਸੰਧੂ ਦੀ ਪ੍ਰੋਡਕਸ਼ਨ ਵਿੱਚ ਗਾਇਕਾ ਪ੍ਰੇਮ ਲਤਾ ਦਾ ਗਾਇਆ “ਸੱਜਣਾ ਤੇਰੇ ਲਈ ਸਦਾ ਖੁੱਲ੍ਹੇ ਦਰਵਾਜੇ” ਵੀ ਸੁਪਰ ਡੁਪਰ ਹਿੱਟ ਰਹੇ। ਰੱਤੂ ਰੰਧਾਵਾ ਇਕ ਨਾਮਵਰ ਗੀਤਕਾਰ ਹੈ, ਜਿਸ ਦੀ ਕਲਮ ਤੇ ਹਮੇਸ਼ਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਮਾਣ ਰਹੇਗਾ ਤੇ ਮਿਸ਼ਨ ਦੇ ਖੇਤਰ ਵਿੱਚ ਉਸ ਦਾ ਯੋਗਦਾਨ ਹਮੇਸ਼ਾ ਆਪਣੀਆਂ ਲਿਖਤਾਂ ਜ਼ਰੀਏ ਅਮਿੱਟ ਪੈੜਾਂ ਪਾਉਂਦਾ ਰਹਿੰਦਾ ਹੈ ,ਜੋ ਆਪਣੇ ਆਪ ਵਿੱਚ ਇਕ ਵੱਡੀ ਮਿਸਾਲ ਹੈ । ਉਸ ਦੇ ਲਿਖੇ ਮਿਸ਼ਨਰੀ ਗੀਤਾਂ ਨੂੰ ਪੰਜਾਬ ਦੇ ਲਗਭਗ ਹਰ ਆਰਟਿਸਟ ਨੇ ਆਪਣੀ ਆਵਾਜ਼ ਦੇ ਕੇ ਸ਼ਿੰਗਾਰਿਆ ਹੈ।
https://play.google.com/store/apps/details?id=in.yourhost.samaj