ਤਰਕਸ਼ੀਲਤਾ – ਇੱਕ ਜੀਵਨ ਜਾਚ -ਆਪਣੇ ਵਿਚਾਰਾਂ ਤੇ ਅਧਾਰਤ

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
(ਸਮਾਜ ਵੀਕਲੀ)   ਬਹੁਤ ਲੋਕ ਤਰਕਸ਼ੀਲ ਉਸ ਵਿਅਕਤੀ ਨੂੰ ਆਖ ਦਿੰਦੇ ਹਨ ਜੋ ਵਿਅਕਤੀ ਰੱਬ ਨੂੰ ਨਹੀਂ ਮੰਨਦਾ l ਕਿਸੇ ਵਿਅਕਤੀ ਦੇ ਰੱਬ ਨੂੰ ਨਾ ਮੰਨਣ ਦੇ ਵੱਖ ਵੱਖ ਕਾਰਨ ਹੋ ਸਕਦੇ ਹਨ ਪਰ ਸਿਰਫ ਇਸ ਨਾਲ ਵਿਆਕਤੀ ਤਰਕਸ਼ੀਲ ਨਹੀਂ ਹੋ ਜਾਂਦਾ l
ਬਹੁਤ ਵਿਅਕਤੀ ਇਹ ਆਖ ਦਿੰਦੇ ਹਨ ਕਿ ਵੈਸੇ ਅਸੀਂ ਤਰਕਸ਼ੀਲ ਹੀ ਹਾਂ, ਕਿਸੇ ਵਹਿਮਾਂ ਭਰਮਾਂ ਵਿੱਚ ਨਹੀਂ ਪੈਂਦੇ ਅਤੇ ਇਕੱਲੇ ਇੱਕ ਰੱਬ ਨੂੰ ਹੀ ਮੰਨਦੇ ਹਾਂ l ਸਵਾਲ ਉਥੇ ਵੀ ਖੜ੍ਹਾ ਹੁੰਦਾ ਹੈ ਕਿ ਉਹ ਕਿਸ ਰੱਬ ਨੂੰ ਮੰਨਦੇ ਹਨ? ਉਹ ਰੱਬ ਕਿੱਥੇ ਵਸਦਾ ਹੈ? ਉਹ ਲੋਕਾਂ ਤੋਂ ਲੁਕਿਆ ਹੋਇਆ ਕਿਉਂ ਹੈ? ਕੀ ਉਸ ਵਿੱਚ ਕੋਈ ਸ਼ਕਤੀ ਹੈ? ਕੀ ਉਹ ਸ਼ਕਤੀ ਜਾਇਜ਼ ਜਾਂ ਨਜ਼ਾਇਜ ਵਰਤਦਾ ਹੈ? ਉਸ ਰੱਬ ਦੀ ਕੀ ਪਰਿਭਾਸ਼ਾ ਹੈ? ਉਸ ਦਾ ਮਨੁੱਖਤਾ ਜਾਂ ਵਰਤਾਰਿਆਂ ਤੇ ਕੀ ਕੰਟਰੋਲ ਹੈ? ਉਸ ਨੂੰ ਮੰਨਣ ਜਾਂ ਨਾ ਮੰਨਣ ਨਾਲ ਵਿਅਕਤੀ ਤੇ ਕੀ ਅਸਰ ਪੈਂਦਾ ਹੈ? ਕੀ ਉਹ ਰੱਬ ਬਦਲੇ ਵੀ ਲੈਂਦਾ ਹੈ ਜਾਂ ਸਜ਼ਾਵਾਂ ਵੀ ਦਿੰਦਾ ਹੈ ਜਾਂ ਇਨਸਾਫ਼ ਵੀ ਕਰਦਾ ਹੈ? ਰੱਬ ਨੂੰ ਪੂਜਾ ਦੀ ਕਿਉਂ ਲੋੜ ਹੈ? ਰੱਬ ਆਪਣੀ ਸਿਫਤ ਕਿਉਂ ਸੁਣਨਾ ਚਾਹੁੰਦਾ ਹੈ? ਜੋ ਧਰਤੀ ਤੇ ਬੇਇਨਸਾਫੀਆਂ ਹੁੰਦੀਆਂ ਹਨ ਕੀ ਉਹ ਉਸ ਰੱਬ ਨੂੰ ਦਿਸਦੀਆਂ ਹਨ? ਉਨ੍ਹਾਂ ਬਾਰੇ ਉਹ ਚੁੱਪ ਕਿਉਂ ਹੈ? ਜਿਸ ਮੁਲਕ (ਭਾਰਤ) ਵਿੱਚ ਉਸ ਰੱਬ ਦੀ ਭਗਤੀ ਸਭ ਤੋਂ ਵੱਧ ਹੁੰਦੀ ਹੈ ਉਥੇ ਹੀ ਚੋਰੀਆਂ, ਡਾਕੇ, ਬਲਾਤਕਾਰ, ਰਿਸ਼ਵਤ, ਗਰੀਬੀ, ਬੇਰੁਜ਼ਗਾਰੀ ਅਤੇ ਮਿਲਾਵਟਖੋਰੀ ਕਿਉਂ ਵੱਧ ਹੈ? ਉਥੇ ਦੇ ਵੱਡੀ ਗਿਣਤੀ ਲੋਕ ਗਰੀਬੀ ਰੇਖਾ ਤੋਂ ਥੱਲੇ ਕਿਉਂ ਜੀਅ ਰਹੇ ਹਨ? ਜੇ ਇਨ੍ਹਾਂ ਸਵਾਲਾਂ ਤੋਂ ਬਿਨਾਂ ਵਿਅਕਤੀ ਇੱਕ ਰੱਬ ਨੂੰ ਮੰਨਦਾ ਹੈ ਤਾਂ ਵੀ ਉਹ ਤਰਕਸ਼ੀਲ ਨਹੀਂ ਹੈ l ਕਿਸੇ ਵੀ ਚੀਜ਼ ਨੂੰ ਬਿਨਾਂ ਦੇਖੇ ਜਾਂ ਪਰਖੇ ਸੱਚ ਮੰਨ ਲੈਣਾ ਸਿਰਫ ਲਾਈਲੱਗਤਾ ਹੁੰਦੀ ਹੈ, ਤਰਕਸ਼ੀਲਤਾ ਨਹੀਂ l
ਹਰ ਧਰਮ ਦੇ ਵਿਅਕਤੀ ਨੂੰ ਰੱਬ ਵੱਖਰੇ ਵੱਖਰੇ ਰੂਪਾਂ ਵਿੱਚ ਦਿਖਾਈ ਦਿੰਦਾ ਹੈ l ਇਥੋਂ ਤੱਕ ਕਿ ਇੱਕੋ ਧਰਮ ਦੇ ਲੋਕ ਵੀ ਰੱਬ ਦੀ ਵੱਖਰੀ ਵੱਖਰੀ ਪਰਿਭਾਸ਼ਾ ਦਿੰਦੇ ਹਨ ਤੇ ਹਰ ਧਰਮ ਦੇ ਵਿਅਕਤੀ ਨੂੰ ਆਪਣਾ ਧਰਮ ਮਹਾਨ ਲਗਦਾ ਹੈ l ਕਾਰਨ ਹੈ ਕਿ ਬੱਚੇ ਦੇ ਸੁਰਤ ਸਾਂਭਦਿਆਂ ਹੀ ਮਾਪੇ ਉਸ ਨੂੰ ਆਪਣੇ ਧਰਮ ਦੀ ਮਹਾਨਤਾ ਦੱਸਣ ਲੱਗ ਪੈਂਦੇ ਹਨ ਜਿਸ ਤੋਂ ਬੱਚਾ ਸਾਰੀ ਉਮਰ ਬਾਹਰ ਨਹੀਂ ਆ ਪਾਉਂਦਾ l ਮੱਥਾ ਟਿਕਵਾਉਣਾ ਤੇ ਹੱਥ ਜੋੜਨੇ ਤਾਂ ਬੱਚੇ ਨੂੰ ਬਚਪਨ ਤੋਂ ਹੀ ਸਿਖਾਏ ਜਾਂਦੇ ਹਨ l ਬਾਦ ਵਿੱਚ ਸਾਰੀ ਉਮਰ ਬੱਚਾ ਵੱਡਾ ਹੋ ਕੇ ਵੀ ਮੱਥਾ ਚੁੱਕਣ ਦੀ ਜਾਚ ਨਹੀਂ ਸਿੱਖਦਾ ਅਤੇ ਹੱਥ ਚਲਾਉਣ ਦੀ ਜ਼ੁਰਤ ਨਹੀਂ ਕਰਦਾ l ਉਸ ਦਾ ਮੱਥਾ ਝੁਕਿਆ ਰਹਿੰਦਾ ਹੈ ਤੇ ਹੱਥ ਸ਼ਰਧਾ ਵਿੱਚ ਜੁੜੇ ਰਹਿੰਦੇ ਹਨ ਜਦਕਿ ਸਾਰਥਿਕ ਨਤੀਜੇ ਕੱਢਣ ਲਈ ਮੱਥੇ ਦਾ (ਦਿਮਾਗ) ਦਾ ਚੱਲਣਾ ਅਤੇ ਹੱਥਾਂ ਦਾ ਚੱਲਣਾ (ਕੰਮ ਤੇ ਲੱਗੇ ਹੋਣਾ) ਬਹੁਤ ਜ਼ਰੂਰੀ ਹੁੰਦਾ ਹੈ l
ਆਪਣੇ ਜਨਮ ਵੇਲੇ ਬੱਚਾ ਕੋਰੀ ਕਾਪੀ ਹੁੰਦਾ ਹੈ l ਬਚਪਨ ਵਿੱਚ ਉਸ ਕਾਪੀ ਤੇ ਜੋ ਮਾਪਿਆਂ ਵਲੋਂ ਲਿਖਿਆ ਜਾਂਦਾ ਹੈ ਉਸ ਨੂੰ ਮਿਟਾਉਣਾ ਬਹੁਤ ਮੁਸ਼ਕਲ ਹੁੰਦਾ ਹੈ l ਬਾਦ ਵਿੱਚ ਉਹ ਬੱਚਾ ਉਸੇ ਲਿਖੇ ਹੋਏ ਨੂੰ ਮਿਟਾਉਣ ਦੀ ਜਗ੍ਹਾ ਸਾਰਾ ਜ਼ੋਰ ਸਾਰੀ ਉਮਰ ਉਸ ਸਿੱਖੇ ਹੋਏ ਨੂੰ ਬਚਾਉਣ (Defend/ਡਿਫੈਂਡ ਕਰਨ) ਤੇ ਲਗਾਉਂਦਾ ਰਹਿੰਦਾ ਹੈ l
ਉਸ ਦੇ ਬਚਪਨ ਵਿੱਚ ਲਿਖੇ ਹੋਏ ਨੂੰ ਮਿਟਾਉਣ ਲਈ ਜਾਂ ਸੱਚ ਜਾਨਣ ਲਈ ਉਸ ਨੂੰ ਮਣਾਂ ਮੂੰਹੀਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਹਨ, ਸਮਝਣੀਆਂ ਪੈਂਦੀਆਂ ਹਨ, ਜ਼ਿੰਦਗੀ ਵਿੱਚ ਲਾਗੂ ਕਰਨੀਆਂ ਪੈਂਦੀਆਂ ਹਨ, ਵਿਚਾਰ ਚਰਚਾ ਕਰਨੀ ਪੈਂਦੀ ਹੈ, ਆਪਣੀ ਗੱਲ ਕਹਿਣ ਤੇ ਸੁਣਨ ਦੀ ਯੋਗਤਾ ਹਾਸਿਲ ਕਰਨੀ ਪੈਂਦੀ ਹੈ l ਏਨੇ ਔਖੇ ਕੰਮ ਨੂੰ ਉਹ ਬੱਚਾ ਜੋ ਹੁਣ ਵੱਡਾ ਹੋ ਗਿਆ ਉਹ ਕਰਨਾ ਨਹੀਂ ਚਾਹੁੰਦਾ ਜਾਂ ਉਸ ਰੱਬ ਦਾ ਡਰ ਉਸ ਨੂੰ ਕੁੱਝ ਵੱਖਰਾ ਕਰਨ ਤੋਂ ਰੋਕਦਾ ਹੈ l ਉਸ ਲਈ ਸੌਖਾ ਇਹੀ ਹੁੰਦਾ ਹੈ ਕਿ ਜੋ ਉਸ ਨੇ ਬਚਪਨ ਵਿੱਚ ਸਿੱਖਿਆ ਉਸ ਤੇ ਹੀ ਪਹਿਰਾ ਦੇਵੇ ਅਤੇ ਮਾਪੇ ਤੇ ਵੱਡੀ ਗਿਣਤੀ ਸਮਾਜ ਵੀ ਉਸੇ ਵਿੱਚ ਹੀ ਖੁਸ਼ ਹੁੰਦਾ ਹੈ l
ਇਹ ਕਿਹਾ ਜਾ ਸਕਦਾ ਹੈ ਕਿ ਜਨਮ ਲੈਣ ਤੋਂ ਬਾਦ ਬੱਚਾ ਇੱਕ ਬੇਹੋਸ਼ ਵਿਅਕਤੀ ਵਰਗਾ ਹੁੰਦਾ ਹੈ ਜਿਸ ਨੂੰ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸੁਰਤ ਨਹੀਂ ਹੁੰਦੀ l ਉਸ ਹਾਲਤ ਵਿੱਚ ਕੁੱਝ ਬੱਚਿਆਂ ਦੇ ਮਾਪੇ ਤਾਂ ਆਪੋ ਆਪਣੇ ਧਰਮ ਦੇ ਧਾਰਮਿਕ ਚਿੰਨ੍ਹ ਵੀ ਬੱਚਿਆਂ ਦੇ ਸਰੀਰ ਤੇ ਪਾ ਦਿੰਦੇ ਹਨ ਹਾਲਾਂਕਿ ਉਸ ਬੱਚੇ ਨੂੰ ਉਸ ਵੇਲੇ ਧਰਮ ਦੀ ਜਾਂ ਧਾਰਮਿਕ ਚਿੰਨ੍ਹਾਂ ਦੀ ਕੋਈ ਅਹਿਮੀਅਤ ਪਤਾ ਨਹੀਂ ਹੁੰਦੀ ਪਰ ਮਾਪੇ ਆਪਣੇ ਵਿਚਾਰ ਅਗਾਂਹ ਵਾਲੀ ਪੀੜ੍ਹੀ ਤੇ ਜ਼ਬਰਦਸਤੀ ਥੋਪ ਕੇ ਆਪਣਾ ਫਰਜ਼ ਅਦਾ ਕਰ ਦਿੰਦੇ ਹਨ l ਇਸ ਤਰਾਂ ਪੀੜ੍ਹੀ ਦਰ ਪੀੜ੍ਹੀ ਧਰਮ ਦੇ ਗੁਲਾਮ ਬੱਚੇ ਪੈਦਾ ਹੁੰਦੇ ਹਨ l ਬੱਚੇ ਫਿਰ ਉਸ ਧਰਮ ਤੋਂ ਦੂਰ ਨਹੀਂ ਹੁੰਦੇ ਇਨਸਾਨੀਅਤ ਤੋਂ ਭਾਵੇਂ ਦੂਰ ਹੋ ਜਾਣ l ਉਨ੍ਹਾਂ ਬੱਚਿਆਂ ਵਿੱਚ ਧਰਮ ਦੇ ਕਹੇ ਅਨੁਸਾਰ ਅੰਦਰੂਨੀ ਬਦਲਾਓ ਨਹੀਂ ਹੁੰਦੇ ਸਿਰਫ ਬਦਲਾਓ ਪਹਿਰਾਵੇ ਤੱਕ ਹੀ ਸੀਮਤ ਰਹਿ ਜਾਂਦੇ ਹਨ l ਇਕੱਲਾ ਪਹਿਰਾਵਾ ਬਦਲਣ ਨਾਲ ਕੋਈ ਸਾਰਥਿਕ ਨਤੀਜੇ ਨਹੀਂ ਨਿਕਲਦੇ l ਭਾਵੇਂ ਕਿ ਉਨ੍ਹਾਂ ਬੱਚਿਆਂ ਦੀ ਗਿਣਤੀ ਪਹਿਰਾਵੇ ਕਾਰਨ ਜਾਂ ਬਦਲੇ ਹੋਏ ਰੂਪ ਕਾਰਨ ਉਸ ਧਰਮ ਵਿੱਚ ਹੋਣ ਲੱਗ ਪੈਂਦੀ ਹੈ ਪਰ ਉਨ੍ਹਾਂ ਦੇ ਕੰਮਾਂ ਵਿੱਚੋਂ ਉਸ ਧਰਮ ਦੀ ਸਿੱਖਿਆ ਬਹੁਤ ਘੱਟ ਨਜ਼ਰ ਆਉਂਦੀ ਹੈ l ਸੋਚਣ ਦੀ ਲੋੜ ਹੈ ਕਿ ਬੱਚੇ ਨੂੰ ਬੇਹੋਸ਼ੀ (ਬਚਪਨ) ਦੀ ਹਾਲਤ ਵਿੱਚ ਜ਼ਬਰਦਸਤੀ ਧਰਮ ਧਾਰਨ ਕਰਵਾਉਣਾ ਜ਼ੁਲਮ ਨਹੀਂ ਹੈ? ਕੀ ਇਹ ਉਸ ਬੱਚੇ ਦੀ ਆਜ਼ਾਦ ਜ਼ਿੰਦਗੀ ਨੂੰ ਖੋਹਣਾ ਨਹੀਂ ਹੈ?
ਤਰਕਸ਼ੀਲਤਾ ਇੱਕ ਜੀਵਨ ਜਾਚ ਹੈ l ਤਰਕਸ਼ੀਲਤਾ ਬੇਹੋਸ਼ੀ ਦੀ ਹਾਲਤ ਵਿੱਚ ਹਾਸਿਲ ਨਹੀਂ ਹੁੰਦੀ l ਇਸ ਦਾ ਕੋਈ ਲਿਬਾਸ ਨਹੀਂ ਹੁੰਦਾ, ਇਸ ਵਾਸਤੇ ਕਿਸੇ ਚਿੰਨ੍ਹ ਜਾਂ ਖਾਸ ਕੱਪੜਿਆਂ ਦੀ ਲੋੜ ਨਹੀਂ ਹੈ, ਇਸ ਵਾਸਤੇ ਕੁੱਝ ਖਾਸ ਖਾਣ ਜਾਂ ਕੁੱਝ ਛੱਡਣ ਦੀ ਲੋੜ ਨਹੀਂ ਹੈ, ਇਸ ਵਾਸਤੇ ਕਿਸੇ ਧਰਮ ਜਾਂ ਜਾਤ ਦੀ ਲੋੜ ਨਹੀਂ ਹੈ, ਇਸ ਵਾਸਤੇ ਕਿਸੇ ਜਾਤ ਜਾਂ ਧਰਮ ਦੇ ਗੁਣ ਗਾਉਣ ਦੀ ਲੋੜ ਨਹੀਂ ਹੈ, ਆਪਣੇ ਆਪ ਨੂੰ ਮਹਾਨ ਕਹਿਣ ਜਾਂ ਮਹਾਨ ਸੁਣਨ ਦੀ ਲੋੜ ਨਹੀਂ ਹੈ ਅਤੇ ਇਸ ਵਾਸਤੇ ਕਿਸੇ ਖਾਸ ਮੁਲਕ ਜਾਂ ਖਾਸ ਘਰ ਵਿੱਚ ਪੈਦਾ ਹੋਣ ਦੀ ਲੋੜ ਨਹੀਂ ਹੈ l ਤਰਕਸ਼ੀਲਤਾ ਪੜ੍ਹੀਆਂ ਹੋਈਆਂ ਕਿਤਾਬਾਂ, ਮਿਲੇ ਹੋਏ ਹਲਾਤਾਂ, ਵੱਖ ਵੱਖ ਘਟਨਾਵਾਂ ਨੂੰ ਪਰਖਣ, ਕੁਦਰਤ ਨੂੰ ਸਮਝਣ, ਅਜੀਬ ਵਰਤਾਰਿਆਂ ਨੂੰ ਸਮਝਣ ਅਤੇ ਆਪਣੀ ਕੀਤੀ ਖੋਜ ਤੇ ਕੱਢੇ ਹੋਏ ਨਤੀਜਿਆਂ ਦਾ ਸਿੱਟਾ ਹੁੰਦੀ ਹੈ l
ਤਰਕਸ਼ੀਲਤਾ ਜ਼ਬਰਦਸਤੀ ਆਪਣੀ ਅਗਲੀ ਪੀੜ੍ਹੀ ਨੂੰ ਸੌਂਪੀ ਨਹੀਂ ਜਾ ਸਕਦੀ l ਅਗਲੀ ਪੀੜ੍ਹੀ ਨੂੰ ਇਸ ਵਾਸਤੇ ਖੁਦ ਮਿਹਨਤ ਕਰਨੀ ਪੈਂਦੀ ਹੈ l ਤਰਕਸ਼ੀਲਤਾ ਕੋਈ ਲਿਬਾਸ ਨਹੀਂ ਹੈ ਜੋ ਆਪਣੇ ਬੱਚਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਹਿਨਾਇਆ ਜਾ ਸਕੇ l ਤਰਕਸ਼ੀਲਤਾ ਵਿਅਕਤੀ ਦੇ ਕੰਮਾਂ ਵਿੱਚੋਂ ਝਲਕਦੀ ਹੈ l
ਤਰਕਸ਼ੀਲ ਵਿਅਕਤੀ ਜੀਵਨ ਦੇ ਹਰ ਪਹਿਲੂ ਨੂੰ ਕੀ, ਕਿਉਂ, ਕਿੱਦਾਂ, ਕਿੱਥੇ ਅਤੇ ਕਿਵੇਂ ਦੇ ਅਧਾਰ ਤੇ ਪਰਖਦਾ ਹੈ l ਉਹ ਹਰ ਘਟਨਾ ਨੂੰ ਪਰਖਣ ਲਈ ਵਿਗਿਆਨਿਕ ਨਜ਼ਰੀਆ ਅਪਣਾਉਂਦਾ ਹੈ l ਤਰਕਸ਼ੀਲ ਵਿਅਕਤੀ ਤੇ ਧਰਮਾਂ ਦਾ , ਜਾਤਾਂ ਦਾ, ਅਗਲੇ ਪਿਛਲੇ ਜਨਮ ਦਾ, ਨਰਕ ਸਵਰਗ ਦਾ, ਜ਼ਮਾਂ ਦੀ ਮਾਰ ਦਾ, ਪ੍ਰਾਰਥਨਾਵਾਂ ਦਾ, ਸੁੱਖਣਾ ਸੁੱਖਣ ਦਾ, ਭੂਤਾਂ ਚੁੜੇਲ੍ਹਾਂ ਦਾ, ਕਾਲੇ ਜਾਦੂ ਦਾ, ਹੱਥਾਂ ਦੀਆਂ ਰੇਖਾਵਾਂ ਦਾ, ਰਾਸ਼ੀਆਂ ਦੇ ਪ੍ਰਭਾਵ ਦਾ ਮਾਨਸਿਕ ਦਬਾਅ ਜਾਂ ਡਰ ਖਤਮ ਹੋ ਜਾਂਦਾ ਹੈ l ਇਹ ਕਿਹਾ ਜਾ ਸਕਦਾ ਹੈ ਕਿ ਤਰਕਸ਼ੀਲ ਵਿਅਕਤੀ ਇਹ ਵੱਡਾ ਭਾਰ ਆਪਣੇ ਆਪ ਤੋਂ ਲਾਹ ਕੇ ਆਜ਼ਾਦ ਹੋਇਆ ਮਹਿਸੂਸ ਕਰਦਾ ਹੈ l
ਤਰਕਸ਼ੀਲ ਵਿਅਕਤੀ ਉਪਰੋਕਤ ਸਭ ਭਾਰ ਲਾਹ ਕੇ ਆਪਣੀ ਸਿਹਤ ਦਾ, ਸਮਾਜ ਦੀ ਸਿਹਤ, ਦੁਨੀਆਂ ਪੱਧਰ ਦੀ ਸਿਹਤ ਦਾ ਖਿਆਲ ਰੱਖਦਾ ਹੈ, ਦੁਨੀਆਂ ਪੱਧਰ ਦੇ ਮਸਲਿਆਂ ਬਾਰੇ ਸੋਚਦਾ ਹੈ ਅਤੇ ਉਨ੍ਹਾਂ ਮਸਲਿਆਂ ਦੇ ਹੱਲ ਬਾਰੇ ਯੋਗ ਉਪਰਾਲੇ ਕਰਦਾ ਹੈ l ਉਸ ਵਿੱਚ ਦੂਜਿਆਂ ਤੋਂ ਬਦਲਾ ਲੈਣ ਦੀ ਭਾਵਨਾ ਖਤਮ ਹੁੰਦੀ ਹੈ, ਉਹ ਆਪਣੇ ਤੋਂ ਪਿੱਛੇ ਰਹਿ ਗਿਆਂ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਕੋਸ਼ਿਸ਼ ਕਰਦਾ ਹੈ l ਉਹ ਜਦੋਂ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਦਾ ਹੈ ਤਾਂ ਅਕਸਰ ਆਪਣੇ ਮਸਲੇ ਛੱਡ ਕੇ ਦੂਜਿਆਂ ਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕਰਦਾ ਹੈ ਅਤੇ ਉਨ੍ਹਾਂ ਮਸਲਿਆਂ ਦੇ ਹੱਲ ਲਈ ਯੋਗ ਉਪਰਾਲੇ ਕਰਦਾ ਹੈ l ਦੂਜਿਆਂ ਲਈ ਇਸ ਤਰਾਂ ਦੇ ਯੋਗ ਉਪਰਾਲੇ ਕਰਕੇ ਉਸ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਭਾਵੇਂ ਕਿ ਬਹੁਤ ਵਾਰ ਉਸ ਦਾ ਆਪਣਾ ਨੁਕਸਾਨ ਵੀ ਹੋ ਜਾਂਦਾ ਹੈ l
ਥੋੜ੍ਹੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਤਰਕਸ਼ੀਲਤਾ ਜ਼ਿੰਦਗੀ ਜਿਉਣ ਦਾ ਢੰਗ ਹੈ ਜੋ ਜਾਤ ਅਤੇ ਧਰਮ ਰਹਿਤ ਹੈ l ਇਸ ਵਿੱਚ ਕੁੱਝ ਵੀ ਆਖਰੀ ਸੱਚ ਨਹੀਂ ਹੈ ਪਰ ਇਸ ਵਿਧੀ ਰਾਹੀਂ ਹਮੇਸ਼ਾਂ ਸੱਚ ਦੀ ਭਾਲ ਕੀਤੀ ਜਾਂਦੀ ਹੈ l
ਆਓ ਇਹ ਵਿਧੀ ਅਪਣਾ ਕੇ ਆਪਣਾ ਅਤੇ ਸਾਰੇ ਸਮਾਜ ਦਾ ਭਵਿੱਖ ਬੇਹਤਰ ਬਣਾਉਣ ਦੀ ਕੋਸ਼ਿਸ਼ ਕਰੀਏ, ਲਾਈਲੱਗਤਾ ਛੱਡ ਕੇ ਆਪਣੀ ਗੱਲ ਨੂੰ ਦਲੀਲ ਨਾਲ ਰੱਖੀਏ, ਸਮਝੀਏ, ਜਵਾਬ ਦੇਈਏ ਅਤੇ ਜ਼ਿੰਦਗੀ ਵਿੱਚ ਲਾਗੂ ਕਰੀਏ l
ਇਹ ਰਾਹ ਔਖਾ ਹੈ ਪਰ ਇਸ ਰਾਹ ਤੇ ਤੁਰਨਾ ਆਪਣੇ ਲਈ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਸਮਾਜ ਲਈ ਵੀ ਮਾਣ ਵਾਲੀ ਗੱਲ ਹੁੰਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਰਵਿਦਾਸ ਮਹਾਰਾਜ ਦਾ ਜੋਤੀ ਜੋਤ ਸਮਾਗਮ 16 ਨੂੰ ਬੈੱਡਫੋਰਡ ਇੰਗਲੈਂਡ ‘ਚ, ਸਾਈਂ ਪੱਪਲ ਸ਼ਾਹ ਕਰਨਗੇ ਰੂਹਾਨੀ ਸਤਿਸੰਗ
Next articleਗਲਤੀ ਦਾ ਅਹਿਸਾਸ