ਤਰਕਸ਼ੀਲਾਂ ਮੁਰਝਾਇਆ ਫੁੱਲ ਟਹਿਕਣ ਲਾਇਆ

ਮਾਸਟਰ ਪਰਮ ਵੇਦ

(ਸਮਾਜ ਵੀਕਲੀ)- ਸਾਡੇ ਅਜੋਕੇ ਸਮਾਜ ਵਿੱਚ ਵਿਗਿਆਨ ਦੇ ਉੱਨਤ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕ ਅੰਧ-ਵਿਸ਼ਵਾਸਾਂ,ਵਹਿਮਾਂ- ਭਰਮਾਂ, ਵੇਲਾ ਵਿਹਾ ਚੁੱਕੀਆਂ ,ਬੇਲੋੜੀਆਂ, ਬੇਅਰਥ ਰਸਮਾਂ ਦੀ ਦਲਦਲ ਵਿੱਚ ਖੁੱਭੇ ਪਏ ਨੇ। ਅਜਿਹਾ ਅਣਪੜ੍ਹਤਾ , ਅਗਿਆਨਤਾ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਚਲਦਿਆਂ ਹੋ ਰਿਹਾ ਹੈ।

ਸਮਾਜ ਵਿੱਚ ਲੋਕ ਪੁਰਾਣੀਆਂ ਰਵਾਇਤਾਂ ਅਤੇ ਰੂੜ੍ਹੀਵਾਦੀ ਵਿਚਾਰਾਂ ਨੂੰ ਏਨੀ ਜ਼ਿਆਦਾ ਹੱਦ ਤੱਕ ਦਿਲੋ-ਦਿਮਾਗ ‘ਚ ਵਸਾ ਚੁੱਕੇ ਨੇ ਕਿ ਉਨ੍ਹਾਂ ਨੂੰ ਇੱਕਦਮ ਕੱਢਣਾ ਮਾਨਸਿਕਤਾ ‘ਤੇ ਸਿੱਧਾ ਅਸਰ ਕਰਦਾ ਹੈ। ਭਾਵੇਂ ਲੋਕ ਚੰਨ ਉੱਤੇ ਪਹੁੰਚਣ ਦੀਆਂ ਗੱਲਾਂ ਕਰਦੇ ਹਨ , ਗ੍ਰਹਿਆਂ ਬਾਰੇ ਵੀ ਅੰਦਾਜ਼ੇ ਨਾਪ ਲਏ ਨੇ, ਪਰ ਫਿਰ ਵੀ ਵਹਿਮ-ਭਰਮ,ਕਲਪਨਿਕ ਭੂਤਾਂ ਪ੍ਰੇਤਾਂ ਦੇ ਡਰ ਲੋਕਾਂ ਦੇ ਜ਼ਿਹਨ ‘ਚੋਂ ਨਹੀਂ ਜਾ ਰਹੇ।

ਵਰਤਮਾਨ ਸਮਾਜ ਵਿੱਚ ਤਰਕਸ਼ੀਲ / ਵਿਗਿਆਨਕ ਵਿਚਾਰਾਂ ਵਾਲੇ ਲੋਕ ਅੰਧ-ਵਿਸ਼ਵਾਸੀ ਲੋਕਾਂ ਨੂੰ ਜਾਗਰੂਕ ਕਰਨ,ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਸੰਘਰਸ਼ਸ਼ੀਲ ,ਯਤਨਸ਼ੀਲ ਹਨ | ਉਹ ਨਵੇਂ ਵਿਚਾਰ ,ਵਿਗਿਆਨਕ ਪਹੁੰਚ ਰਾਹੀਂ ਲੋਕਾਂ ਦੇ ਸਨਮੁੱਖ ਲੈ ਕੇ ਜਾਂਦੇ ਨੇ। ਅੰਧ-ਵਿਸ਼ਵਾਸੀ ਲੋਕਾਂ ਦੀ ਮਨੋਦਸ਼ਾ ਨੂੰ ਬਦਲਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਮਾਨਸਿਕ ਰੋਗਾਂ ਨਾਲ ਪੀੜਤ ਤੇ ਅਖੌਤੀ ਭੂਤਾਂ ਪ੍ਰੇਤਾਂ, ਓਪਰੀਆਂ ਸ਼ੈਆਂ ਤੋਂ ਭੈਅ ਮੁਕਤ ਕਰਨ ਲਈ ਲਈ ਕੋਸ਼ਿਸ਼ਾਂ ਕਰਦੇ ਹਨ।

ਪਰ ਦੂਜੇ ਪਾਸੇ ਨਜ਼ਰ ਮਾਰੀਏ ਤਾਂ ਲੋਕਦੋਖੀ,ਪਰਜੀਵੀ ਆਦਮੀ ਤਰ੍ਹਾਂ-ਤਰ੍ਹਾਂ ਦੇ ਢਕਵੰਜ ਕਰਕੇ ਮਾਨਸਿਕ ਰੋਗੀਆਂ ਦੀ ਆਰਥਿਕ ਤੇ ਜਿਸਮਾਨੀ ਲੁੱਟ ਕਰਦੇ ਹਨ।

ਤਰਕਸ਼ੀਲ ਸੁਸਾਇਟੀ ਅਖੌਤੀ ਸਿਆਣਿਆਂ, ਤਾਂਤਰਿਕਾਂ ਦੇ ਲੁੱਟ ਆਧਾਰਿਤ ਕੰਮਾਂ ਦੀ ਸਚਾਈ ਲੋਕਾਂ ਸਾਹਮਣੇ ਲਗਾਤਾਰ ਲਿਆ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਪਰ ਅਜੇ ਵੀ ਅਜਿਹੇ ‘ਸਿਆਣੇ’ ਸਮਾਜ ਵਿੱਚ ਮਿਲ ਜਾਣਗੇ, ਜੋ ਲੋਕਾਂ ਨੂੰ ਅੰਧ – ਵਿਸ਼ਵਾਸਾਂ ਦੀ ਦਲਦਲ ਵਿੱਚ ਸੁੱਟਣ ‘ਚ ਲੱਗੇ ਹੋਏ ਹਨ। ਅਜਿਹੇ ਢੌਂਗੀ ਮਾਨਸਿਕ ਰੋਗੀਆਂ ਦੀ ਨਿੱਘਰਦੀ ਹਾਲਤ ਦਾ ਅੰਦਾਜ਼ਾ ਲਾ ਕੇ ਉਨ੍ਹਾਂ ਦੀ ਲੁੱਟ ਕਰਨ ਦੀ ਕਸਰ ਬਾਕੀ ਨਹੀਂ ਛੱਡਦੇ। ਝੂਠ ਦੇ ਪੁਲੰਦੇ ਲਾ ਕੇ ਮਨਘੜਤ ਭਾਵ ਡਰਾਉਣੀਆਂ,ਭਰਮਾਉਣੀਆਂ ਕਹਾਣੀਆਂ ਮਾਨਸਿਕ ਰੋਗੀਆਂ ਨੂੰ ਸੁਣਾਉਂਦੇ ਰਹਿੰਦੇ ਹਨ। ਜਿਸ ਕਾਰਨ ਰੋਗੀ ਦੀ ਮਾਨਸਿਕਤਾ ‘ਤੇ ਹੋਰ ਵੀ ਭੈੜਾ /ਮਾੜਾ ਅਸਰ ਪੈਂਦਾ ਹੈ। ਮਾਨਸਿਕ ਰੋਗੀ ਡਾਵਾਂ ਡੋਲ ਵਾਲੀ ਬੇੜੀ ਵਿੱਚ ਸਵਾਰ ਹੋ ਜਾਂਦਾ ਹੈ। ਮਨੁੱਖ ਦੇ ਦਿਮਾਗ ‘ਤੇ ਹਮੇਸ਼ਾਂ ਆਪਾ ਵਿਰੋਧੀ ਤਰੰਗਾਂ ਕੰਮ ਕਰਦੀਆਂ ਰਹਿੰਦੀਆਂ ਹਨ। ਜਦੋਂ ਵਿਅਕਤੀ ਦੁਚਿੱਤੀ /ਦੁਵਿਧਾ ‘ਚ ਪੈ ਜਾਂਦਾ ਹੈ ਤਾਂ ਉਸਦੇ ਸਰੀਰ ਦੇ ਪੱਠੇ ਖਿਚਾਓ ਅਤੇ ਤਣਾਓ ਵਿੱਚ ਆ ਜਾਂਦੇ ਹਨ। ਦੁਚਿੱਤੀ ਸਾਡੇ ਸਰੀਰ ‘ਚ ਕਈ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਚਿੰਨ੍ਹ ਪੈਦਾ ਕਰਦੀਆਂ ਹਨ। ਜਦੋਂ ਸਾਡੇ ਸਰੀਰ ਵਿੱਚ ਦੋ ਵਿਰੋਧੀ ਤਰੰਗਾਂ ਨਿਕਲਦੀਆਂ ਹਨ ਤਾਂ ਅਸੀਂ ਅਗਿਆਨਤਾ ਵੱਸ ਪਹਿਚਾਣ ਕਰਨ ‘ਚ ਅਸਮਰੱਥਾ ਜ਼ਾਹਿਰ ਕਰਦੇ ਹਾਂ ਕਿ ਕਿਹੜੀ ਤਰੰਗ ਸਾਡੇ ਲਈ ਲਾਹੇਵੰਦ ਹੈ, ਕਿਹੜੀ ਹਿੱਤਾਂ ਦੇ ਉਲਟ ਹੈ। ਕੀ ਕਰੀਏ, ਕੀ ਨਾ ਕਰੀਏ।ਦੁਚਿੱਤੀ ਕਈ ਵਾਰ ਵਿਅਕਤੀ ਨੂੰ ਬੋਲਣ ਤੋਂ ਵੀ ਨਕਾਰਾ ਕਰ ਦਿੰਦੀ ਹੈ। ਦੁਚਿੱਤੀ ਵਿੱਚ ਪਏ ਮਾਨਸਿਕ ਬੱਚਿਆਂ/ ਵਿਅਕਤੀਆਂ ਦੇ ਕੇਸ ਅਕਸਰ ਤਰਕਸ਼ੀਲ ਸੁਸਾਇਟੀ ਪੰਜਾਬ ਕੋਲ ਆਉਂਦੇ ਰਹਿੰਦੇ ਹਨ। ਤਰਕਸ਼ੀਲ ਕਾਰਕੁੰਨ ਉਨਾਂ ਨੂੰ ਠੀਕ ਹੋਣ ਲਈ ਢੁਕਵੀਂ ਸਲਾਹ ਦਿੰਦੇ ਹਨ।ਉਨ੍ਹਾ ਨੂੰ ਮੁਸੀਬਤ ਵਿਚੋਂ ਕਢਣ ਲਈ ਪੂਰਾ ਯਤਨ ਜੁਟਾਉਂਦੇ ਹਨ।ਇਕ ਕੇਸ ਬਾਰੇ ਆਪਾਂ ਜਾਣਦੇ ਹਾਂ।
ਕਈ ਸਾਲ ਪਹਿਲਾਂ ਲਹਿਰਾਗਾਗਾ ਕੋਲੋਂ ਇਕ ਪੱਛੜੇ ਪਿੰਡ ‘ਚੋਂ ਇੱਕ ਕੇਸ ਆਇਆ। ਲੜਕਾ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ। ਪੰਜਵੀਂ ਜਮਾਤ ਵਿੱਚ ਪੜ੍ਹਦਿਆਂ ਉਹ ਬਾਕੀ ਵਿਦਿਆਰਥੀਆਂ ਨਾਲੋਂ ਪੜ੍ਹਾਈ ਵਿੱਚ ਕਮਜ਼ੋਰ ਸੀ। ਜਿਸ ਕਾਰਨ ਉਹ ਸਕੂਲ ਵਿੱਚ ਘੱਟ ਵੱਧ ਜਾਂਦਾ ਸੀ। ਜਿਉਂ-ਜਿਉਂ ਪੇਪਰ ਨੇੜੇ ਆਉਣ ਲੱਗੇ, ਉਸਨੇ ਦੁਚਿੱਤੀ ਵਿੱਚ ਪੈ ਕੇ ਸਕੂਲ ਜਾਣਾ ਛੱਡ ਦਿੱਤਾ। ਨੀਂਦ ਤੇ ਭੁੱਖ ਘੱਟ ਗਈ।ਹਰ ਸਮੇਂ ਸੋਚਦਾ ਰਹਿੰਦਾ।

ਦੁਵਿਧਾ ਵਿੱਚ ਫਸਿਆ ਉਹ ਪਾਗਲਾਂ ਵਾਂਗ ਘਰੇ ਘੁੰਮਦਾ ਰਹਿੰਦਾ। ਉਸਦੇ ਮਾਤਾ ਪਿਤਾ ਉਸਦੀ ਇਹ ਨਾਜ਼ੁਕ ਹਾਲਤ ਵੇਖ ਕੇ ਘਬਰਾ ਗਏ। ਉਸਦੇ ਮਾਤਾ-ਪਿਤਾ ਬਿਲਕੁੱਲ ਅਣਪੜ੍ਹ ,ਅੰਧਵਿਸ਼ਵਾਸੀ, ਅਗਿਆਨੀ ,ਭੋਲੇ ਭਾਲੇ ਸਨ। ਆਂਢ ਗੁਆਂਢ ਤੇ ਰਿਸ਼ਤੇਦਾਰਾਂ ਦੇ ਕਹੇ ਉਹ ‘ਸਿਆਣਿਆਂ ‘ ਦੀਆਂ ਘੁੰਮਣ ਘੇਰੀਆਂ ‘ਚ ਜਾ ਫਸੇ। ਬੱਚੇ ਦੀ ਸਰੀਰਕ ਤੇ ਮਾਨਸਿਕ ਹਾਲਤ ਦਿਨ ਬ ਦਿਨ ਨਿੱਘਰਦੀ ਹੀ ਜਾ ਰਹੀ ਸੀ।

ਅਣਪੜ੍ਹ ਮਾਪਿਆਂ ਨੇ ਇੱਕ ‘ਸਿਆਣੇ ‘ਨੂੰ ਘਰੇ ਬੁਲਾਇਆ ਤੇ ਉਸਦੀ ਬੀਮਾਰੀ ਬਾਰੇ ਗੱਲਬਾਤ ਕੀਤੀ।ਉਹ ਉਸਦੀ ਮਾਨਸਿਕ ਦਸ਼ਾ ਦਾ ਅੰਦਾਜ਼ਾ ਨਾਪ ਕੇ ਸਿਰ ਮਾਰਨ ਲੱਗ ਪਿਆ ਤੇ ਬੱਚਾ ਬਹੁਤ ਜ਼ਿਆਦਾ ਘਬਰਾ ਗਿਆ। ਇਸ ਉਪਰੰਤ ‘ਸਿਆਣੇ’ ਨੇ ਉਸਦੇ ਘਰਦਿਆਂ ਨੂੰ ਦੱਸਿਆ ਕਿ ਇਸ ਨੂੰ ਤਾਂ ਓਪਰੀ ਕਸਰ ਹੈ, ਜਿਸਦਾ ਇਲਾਜ ਮੰਗਲਵਾਰ ਵਾਲੇ ਦਿਨ ਹੋਵੇਗਾ।

‘ਸਿਆਣੇ ‘ਨੇ ਮੰਗਲਵਾਰ ਵਾਲੇ ਦਿਨ ਇੱਕ ਖੋਪੇ ਦਾ ਗੁੱਟ, ਸਾਬਣ,ਦਾਲ, ਇੱਕ ਮੁਰਗਾ, ਇੱਕ ਸ਼ਰਾਬ ਦੀ ਬੋਤਲ , ਹੋਰ ਨਿੱਕ ਸੁੱਕ ਤੇ ਕੁੱਝ ਨਕਦੀ ਰੁਪਏ ਘਰ ‘ਚ ਲਿਆ ਕੇ ਰੱਖਣ ਲਈ ਕਿਹਾ। ਮੰਗਲਵਾਰ ਵੀ ਆ ਗਿਆ।ਉਨ੍ਹਾਂ ਤੋਂ ਲਈ ਜਾਣਕਾਰੀ ਮੁਤਾਬਿਕ ‘ਸਿਆਣਾ ‘ਨਸ਼ੇ’ ਵਿੱਚ ਧੁੱਤ ਹੋਇਆ ਆਇਆ ਤੇ ਉਸਨੇ ਆਉਣ ਸਾਰ ਧੂਣੀ ਲਾ ਲਈ। ਉੱਤੋਂ ਸਿਰ ਮਾਰਨਾ ਜਾਰੀ ਰੱਖਿਆ।ਬੱਚੇ ਨੂੰ ਵੀ ਧੂਣੀ ‘ਤੇ ਬੈਠਣ ਲਈ ਕਿਹਾ।

ਜਦੋਂ ਸਾਰੇ ਲੋਕ ਸੌਂ ਗਏ ਤਾਂ ਸਿਆਣਾ ਬੱਚੇ ਦੇ ਸਿਰ ਉੱਤੋਂ ਦੀ ਉਪਰੋਕਤ ਸਾਰਾ ਸਮਾਨ ਸੱਤ ਵਾਰ ਚੁਹਾ ਕੇ ਉਸਦੇ ਬਾਪ ਨਾਲ ਚੁਰਸਤੇ ਵੱਲ ਤੁਰ ਪਿਆ। ਚੁਰਸਤੇ ‘ਚ ਜਾ ਕੇ ਉਸਨੇ ਬੱਚੇ ਦੇ ਪਿਤਾ ਨੂੰ ਕਿਹਾ ਕਿ ਉਹ ਮੰਤਰ ਪੜ੍ਹਦਾ ਹੈ ਤੇ ਓਪਰੀ ਸ਼ੈਅ ਨੂੰ ਕਾਬੂ ਕਰਕੇ ਆਪਣੇ ਨਾਲ ਲੈ ਜਾਵੇਗਾ, ਉਹ ਚਲਿਆ ਜਾਵੇ।

ਜਦੋਂ ਬੱਚੇ ਦਾ ਪਿਤਾ ਉੱਥੋਂ ਡਰਦਾ ਮਾਰਾ ਤੁਰ ਆਇਆ ਤਾਂ ਉਹ ਮੌਕਾ ਬਚਾ ਕੇ ਸਾਰਾ ਸਮਾਨ ਲੈ ਕੇ ਤੁਰਦਾ ਬਣਿਆ। ਪਰ ਬੱਚਾ ਟੁੱਟੇ ਹੋਏ ਫੁੱਲ ਵਾਂਗ ਦਿਨ- ਬ- ਦਿਨ ਮੁਰਝਾਇਆ ਜਾ ਰਿਹਾ ਸੀ। ਉਸਦੀ ਸਰੀਰਕ ਤੇ ਮਾਨਸਿਕ ਹਾਲਤ ਏਨੀ ਜ਼ਿਆਦਾ ਕਮਜ਼ੋਰ ਹੋ ਗਈ ਕਿ ਉਹ ਬੋਲਣੋਂ ਵੀ ਹਟ ਗਿਆ। ਡੁੰਨ ਬਣਿਆ ਘਰ ‘ਚ ਪਾਗਲਾਂ ਵਾਂਗ ਘੁੰਮਦਾ ਰਹਿੰਦਾ, ਰੋਟੀ ਵੀ ਜਦੋਂ ਜੀ ਕਰਦਾ ਖਾ ਲੈਂਦਾ, ਨਹੀਂ ਭੁੱਖਾ ਪਿਆ ਰਹਿੰਦਾ।

ਉਸਦਾ ਪਿਤਾ ਡਾਕਟਰਾਂ ਕੋਲ ਜਾਣ ਦੀ ਥਾਂ ਫਿਰ ਇੱਕ ਹੋਰ ਅਖੌਤੀ ਸਿਆਣੇ ਕੋਲ ਗਿਆ ਅਤੇ ਉਸਨੇ ‘ਪ੍ਰੇਤ ਦੀ ਕਸਰ’ ਦੱਸੀ। ਇੱਕ ਹਜ਼ਾਰ ਰੁਪਏ ਬਟੋਰ ਕੇ ਉਹ ਤੁਰਦਾ ਬਣਿਆ। ਬੱਚਾ ਗ਼ਰੀਬ ਦਾ ਸੀ, ਘਰ ਦੀ ਹਾਲਤ ਕਮਜ਼ੋਰ ਸੀ। ਜਿੰਨੇ ਕੁ ਪੈਸੇ ਸਨ, ਉਹ ਲੁਟੇਰਿਆਂ ਨੂੰ ਲੁਟਾ ਦਿੱਤੇ।

ਅਚਾਨਕ ਇੱਕ ਦਿਨ ਬੱਸ ਅੱਡੇ ‘ਤੇ ਜੱਸੀ ਦੇ ਪਿਤਾ ਦੀ ਮੁਲਾਕਾਤ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਮਾਸਟਰ ਤਰਸੇਮ ਨਾਲ ਹੋ ਗਈ। ਉਸਨੇ ਤਰਕਸ਼ੀਲ ਸੁਸਾਇਟੀ ਨਾਲ ਰਾਬਤਾ ਕਾਇਮ ਕਰਨ ਦੀ ਸਲਾਹ ਦਿੱਤੀ। ਪੁੱਛਦਾ ਪੁਛਾਉਂਦਾ ਲੜਕੇ ਦਾ ਪਿਤਾ ਮੇਰੇ ਕੋਲ ਆ ਪਹੁੰਚਿਆ। ਮੈਂ ਉਸਦੀ ਗੱਲਬਾਤ ਸੁਣੀ ਤੇ ਹਮਦਰਦੀ ਜਤਾਈ ਕਿ ਅਸੀਂ ਉਸਦੇ ਲੜਕੇ ਨੂੰ ਬਿਲਕੁੱਲ ਠੀਕ ਕਰ ਦੇਵਾਂਗੇ ਜਾਂ ਡਾਕਟਰਾਂ ਤੋਂ ਕਰਵਾ ਦੇਵਾਂਗੇ, ਉਹ ਚਿੰਤਾ ਨਾ ਕਰੇ । ਮੈਂ ਅਗਲੇ ਦਿਨ ਜੱਸੀ ਨੂੰ ਲਿਆਉਣ ਲਈ ਕਿਹਾ।

ਜਦੋਂ ਅਗਲੇ ਦਿਨ ਬੱਚਾ ਆਇਆ ਤਾਂ ਉਸਤੋਂ ਤੁਰਿਆ ਨਹੀਂ ਜਾਂਦਾ ਸੀ, ਕਿਉਂਕਿ ਉਸਦੀ ਸਰੀਰਕ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਸੀ। ਹੱਡੀਆਂ ਦਾ ਪਿੰਜਰ ਦਿਸਦਾ ਸੀ । ਮੈ ਸਾਥੀ ਕਰਿਸ਼ਨ ਸਿੰਘ ਤੇ ਗੁਰਦੀਪ ਸਿੰਘ ਨੂੰ ਬੁਲਾ ਕੇ ਉਸਨੂੰ ਇੱਕ ਵਿਹੜੇ ਵਿੱਚ ਲੈ ਗਏ ਤੇ ਉਸਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੈਨੂੰ ਕੀ ਹੋਇਆ ਹੈ ? ਕੀ ਤੈਨੂੰ ਡਰ ਲਗਦਾ ਹੈ ? ਪਰ ਲੜਕਾ ਨਾ ਬੋਲਿਆ। ਮੈਂ ਉਸਨੂੰ ਬੁਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਮਾਨਸਿਕ ਰੋਗੀ ਬੱਚਾ ਸਾਡੇ ਵੱਲ ਇੱਕ ਟੱਕ ਦੇਖਦਾ ਰਿਹਾ। ਮੂੰਹੋਂ ਕੋਈ ਵੀ ਸ਼ਬਦ ਨਾ ਬੋਲਿਆ।

ਉਸ ਨਾਲ ਗੱਲਬਾਤ ਕਰਨੀ ਮੁਸ਼ਕਿਲ ਸੀ ਕਿਉਂਕਿ ਉਸਦੀ ਸਰੀਰਕ ਹਾਲਤ ਕਮਜ਼ੋਰ ਹੋ ਗਈ ਸੀ । ਉਸਦਾ ਤਾਪਮਾਨ ਨਾਰਮਲ ਤੋਂ ਘੱਟ ਸੀ। ਅਸੀਂ ਉਸਨੂੰ ਡਾਕਟਰ ਤੋਂ ਲਿਖਵਾ ਕੇ ਤਾਕਤ ਦੀ ਦਵਾਈ ਖਾਣ ਲਈ ਦਿੱਤੀ। ਹਫ਼ਤੇ ਤੋਂ ਬਾਅਦ ਜਦੋਂ ਦੁਬਾਰਾ ਬਾਪ-ਪੁੱਤ ਆਏ ਤਾਂ ਉਸਦੀ ਹਾਲਤ ਪਹਿਲਾਂ ਨਾਲੋਂ ਕਾਫ਼ੀ ਠੀਕ ਸੀ। ਪਰ ਅਜੇ ਵੀ ਕਮਜ਼ੋਰ ਸੀ।

ਇਕੱਲੇ ਨਾਲ ਕਮਰੇ ‘ਚ ਗੱਲਬਾਤ ਕਰਦਿਆਂ ਮੈਂ ਕਿਹਾ ਕਿ ਅਸੀਂ ਤੈਨੂੰ ਬਿਲਕੁੱਲ ਠੀਕ ਕਰਨਾ ਹੈ। ਤੂੰ ਦੱਸ ਤੈਨੂੰ ਕੀ ਤਕਲੀਫ਼ ਹੈ। ਤੂੰ ਕੀ ਚਾਹੁੰਦਾ ਹੈ? ਤੇਰੀ ਹਰ ਗਲ ਘਰਦਿਆਂ ਤੋਂ ਮੰਨਵਾ ਦਿਆਂਗੇ। ਲੜਕਾ ਹੱਸ ਪਿਆ। ਇਕ ਆਸ ਬੱਝ ਗਈ ਕਿ ਉਹ ਬੋਲ ਪਵੇਗਾ। ਅਸੀਂ ਪੁੱਛਿਆ ਕਿ ਤੈਨੂੰ ਘਰ ਵਿੱਚ ਪਰਿਵਾਰ ਦਾ ਕੋਈ ਮੈਂਬਰ ਤੰਗ ਕਰਦਾ ਹੈ ? ਕੀ ਤੇਰਾ ਪੜ੍ਹਨ ਨੂੰ ਦਿਲ ਨਹੀਂ ਕਰਦਾ? ਤੂੰ ਬੋਲ ਕੇ ਦੱਸ। ਅਸੀਂ ਤੇਰੀ ਹਰ ਸਮੱਸਿਆ ਨੂੰ ਹੱਲ ਕਰਾਂਗੇ। ਇਸ ਉਪਰੰਤ ਲੜਕਾ ਹੌਲੀ ਜਿਹੇ ਬੋਲ ਪਿਆ ਕਿ ਮੈਂ ਪੜ੍ਹਨਾ ਨਹੀਂ ਚਾਹੁੰਦਾ। ਘਰਦੇ ਮੈਨੂੰ ਵਾਰ-ਵਾਰ ਪੜ੍ਹਨ ਲਈ ਆਖ ਰਹੇ ਨੇ। ਸਕੂਲ ਵਿੱਚ ਮੇਰਾ ਦਿਲ ਨਹੀਂ ਲਗਦਾ। ਅਸੀਂ ਉਸਨੂੰ ਵਿਸ਼ਵਾਸ ਦਵਾਇਆ ਕਿ ਘਰਦੇ ਤੈਨੂੰ ਸਕੂਲ ਨਹੀਂ ਭੇਜਣਗੇ, ਸਕੂਲ ਸੰਬੰਧੀ ਉਹ ਕੋਈ ਗੱਲ ਤੇਰੇ ਨਾਲ ਨਹੀਂ ਕਰਨਗੇ।

ਮੈਂ ਉਸਦੇ ਪਿਤਾ ਨੂੰ ਅੱਡ ਬੁਲਾ ਕੇ ਕਿਹਾ ਕਿ ਤੁਸੀਂ ਇਸਨੂੰ ਇਸ ਸਾਲ ਪੇਪਰ ਦੇਣ ਬਾਰੇ ਨਹੀਂ ਕਹਿਣਾ ,ਨਾ ਹੀ ਸਕੂਲ ਸੰਬੰਧੀ ਕੋਈ ਗਲ ਕਰਨੀ ਹੈ ਕਿਉਂਕਿ ਪੇਪਰਾਂ ਦੀ ਤਾਰੀਕ ਨੇੜੇ ਹੈ। ਇਸ ਦੀ ਬਿਲਕੁੱਲ ਵੀ ਤਿਆਰੀ ਨਹੀਂ। ਇਸ ਕਰਕੇ ਵੀ ਇਸਦੇ ਦਿਮਾਗ ‘ਤੇ ਭਾਰ ਪਿਆ ਹੈ। ਇਸਨੂੰ ਪੇਪਰਾਂ ਤੋਂ ਬਾਅਦ ਪੰਜਵੀਂ ਵਿੱਚ ਦੁਬਾਰਾ ਦਾਖ਼ਲ ਕਰਵਵਾਂਗੇ।ਅਗਲੇ ਸਾਲ ਪ੍ਰੀਖਿਆ ਦੀ ਤਿਆਰੀ ਚੰਗੀ ਤਰ੍ਹਾਂ ਕਰ ਲਵੇਗਾ। ਹੁਣ ਤੁੰ ਪੰਦਰਾਂ ਦਿਨਾਂ ਬਾਅਦ ਆਇਓ ਤੇ ਦਵਾਈ ਦੇਣੀ ਜਾਰੀ ਰੱਖੋ। ਉਸਦੇ ਪਿਤਾ ਨੇ ਸਾਰੀ ਗੱਲ ਸਮਝ ਲਈ ਤੇ ਉਸ ‘ਤੇ ਅਮਲ ਕੀਤਾ।

ਅਗਲੇ ਵਾਰੀ ਜਦੋਂ ਬੱਚਾ ਆਪਣੇ ਮਾਪਿਆਂ ਨਾਲ ਆਇਆ ਤਾਂ ਲੜਕਾ ਖੁਸ਼ ਸੀ। ਤਾਪਮਾਨ ਨਾਰਮਲ ਸੀ। ਮੈਂ ਪਹਿਲਾਂ ਉਸਦੇ ਘਰਦਿਆਂ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਲੜਕਾ ਹੁਣ ਕਾਫ਼ੀ ਠੀਕ ਹੈ। ਫਿਰ ਮੈਂ ਲੜਕੇ ਨੂੰ ਬਿਠਾਇਆ ਤੇ ਬਹੁਤ ਸਾਰੇ ਸਾਰਥਿਕ, ਉਸਾਰੂ ,ਹੌਂਸਲਾ ਵਧਾਊ ਸੁਝਾਅ ਦਿੱਤੇ। ਉਸਨੂੰ ਦੱਸਿਆ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਵਿੱਦਿਆ ਤੋਂ ਬਿਨਾਂ ਮਨੁੱਖ ਪਸ਼ੂ ਸਮਾਨ ਹੈ। ਵਿੱਦਿਆ ਨਾਲ ਹੀ ਵਿਅਕਤੀ ਅਫ਼ਸਰ ਬਣਦਾ ਹੈ। ਉਸਨੂੰ ਪੜ੍ਹਾਈ ਦੀ ਅਹਿਮੀਅਤ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਦੇ ਫਾਇਦਿਆਂ ਬਾਰੇ ਵੀ ਸਮਝਾਇਆ।

ਉਸਨੂੰ ਦੱਸਿਆ ਗਿਆ ਕਿ ਵਿੱਦਿਆ ਤੇ ਸਿਹਤ ਰੂਪੀ ਗਹਿਣੇ ਹੀ ਮਨੁੱਖੀ ਸਖ਼ਸ਼ੀਅਤ ਨੂੰ ਨਿਖਾਰਦੇ ਹਨ। ਇਨ੍ਹਾਂ ਕੀਮਤੀ ਗਹਿਣਿਆਂ ਵਾਲਾ ਮਨੁੱਖ ਕਦੇ ਵੀ ਆਪਣੇ ਆਪ ਨੂੰ ਦੂਜਿਆਂ ਤੋਂ ਊਣਾ,ਹੀਣਾ ਜਾਂ ਘਟੀਆ ਨਹੀਂ ਸਮਝਦਾ। ਇਸ ਸਮੇਂ ਉਹ ਪੂਰੀ ਤਰ੍ਹਾਂ ਮੇਰੇ ਪ੍ਰਭਾਵ ਹੇਠ ਆ ਚੁੱਕਿਆ ਸੀ। ਉਸਦੇ ਚਿਹਰੇ ਦਾ ਨਿਖਾਰ ਤੇ ਬੁੱਲ੍ਹਾਂ ਉੱਪਰ ਆਈ ਮੁਸਕਰਾਹਟ ਉਸਦੀ ਤੰਦਰੁਸਤੀ ਦਾ ਪ੍ਰਗਟਾਵਾ ਸੀ। ਉਹ ਵਧੀਆ ਆਵਾਜ਼ ਵਿੱਚ ਬੋਲ ਰਿਹਾ ਸੀ। ਹੀਣ ਭਾਵਨਾ ਤੇ ਓਪਰੀ ਸ਼ੈਅ ਅਲੋਪ ਸੀ। ਉਸਨੇ ਆਪਣੇ ਆਪ ਕਿਹਾ ਮੈਂ ਅਗਲੇ ਸਾਲ ਤੋਂ ਸਕੂਲ ਜਾਇਆ ਕਰਾਂਗਾ।

ਅੰਤ ਉਸਨੂੰ ਪੜ੍ਹਾਈ ਕਰਕੇ ਵੱਡਾ ਅਫ਼ਸਰ ਬਣਨ ਤੇ ਭਵਿੱਖੀ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਦਿਖਾ ਕੇ ਉਸਦਾ ਵਧੀਆ ਮਾਨਸਿਕ ਮਾਹੌਲ ਸਿਰਜ ਕੇ ਤੋਰਿਆ। ਦੋ ਮਹੀਨਿਆਂ ਤੋਂ ਬਾਅਦ ਪਤਾ ਲੱਗਿਆ ਕਿ ਉਹ ਹੁਣ ਠੀਕਹੈ, ਵਧੀਆ ਬੋਲਦਾ ਹੈ। ਓਪਰੀ ਸ਼ੈਅ ਦੇ ਡਰ ਤੋਂ ਮੁਕਤ ਹੋ ਕੇ ਪੜ੍ਹਨ ਲੱਗ ਪਿਆ ਹੈ।ਇਸ ਤਰ੍ਹਾਂ ਸਾਡੀ ਕੋਸ਼ਿਸ਼ ਨਾਲ ਮੁਰਝਾਇਆ ਫੁੱਲ ਟਹਿਕਣ ਲਗ ਪਿਆ ਸੀ ।ਸਾਡੇ ਯਤਨਾਂ ਨੂੰ ਬੂਰ ਪੈ ਗਿਆ ਸੀ।ਆਸ ਹੈ ਕਿ ਉਹ ਵੱਡਾ ਹੋ ਕੇ ਸੁਗੰਧੀਆਂ ਵਿਖੇਰੇਗਾ,ਮਹਿਕਾਂ ਵੰਡੇਗਾ।ਸਾਡਾ ਇਕ ਸਾਲ ਪਰਿਵਾਰ ਨਾਲ ਲਗਾਤਾਰ ਸੰਪਰਕ ਰਿਹਾ।ਉਹ ਵਧੀਆ ਪੜ੍ਹਾਈ ਕਰਨ ਲਗ ਪਿਆ ਸੀ।

ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349
ਅਫਸਰ ਕਲੋਨੀ ਸੰਗਰੂਰ

 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤਕਾਰਾਂ ਨੇ ਕੀਤੀ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਰੂਪ ਦੇਣ ਦੀ ਮੰਗ
Next articleਨੰਬਰਦਾਰ ਯੂਨੀਅਨ ਵੱਲੋਂ ਸ਼ਰਧਾ ਭਾਵ ਨਾਲ ਮਨਾਇਆ ਜਾਵੇਗਾ ਜਸ਼ਨ-ਏ-ਗਣਤੰਤਰ ਦਿਵਸ