(ਸਮਾਜ ਵੀਕਲੀ)- ਬੀਤੇ ਸ਼ਨੀਵਾਰ, 13 ਨਵੰਬਰ 2021, ਨੂੰ ਤਰਕਸ਼ੀਲ ਸੁਸਾਇਟੀ ਯੂਕੇ ਅਤੇ ਖੱਟਕੜ ਕਲਾਂ ਨਿਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਜੀ ਦੇ 114ਵੇਂ ਜਨਮ ਦਿਨ ਅਤੇ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਨੂੰ ਸਮਰਪਿਤ ਇਕ ਪਰਿਵਾਰਿਕ ਪ੍ਰੋਗਰਾਮ ਰਾਏ ਫੰਕਸ਼ਨ ਹਾਲ, ਹੈਂਡਜ਼ਵਰਥ, ਬਰਮਿੰਘਮ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਨੂੰ ਸਥਾਨਿਕ ਪੰਜਾਬੀ ਭਾਈਚਾਰੇ ਵਲੋਂ ਭਰਪੂਰ ਹੁੰਗਾਰਾ ਮਿਲਿਆ। ਲੋਕਾਂ ਦੀ ਹਾਜ਼ਰੀ ਦਾ ਆਲਮ ਇਹ ਸੀ ਕਿ ਦਰਸ਼ਕਾਂ ਨੂੰ ਖੜੇ ਹੋ ਕੇ ਪ੍ਰੋਗਰਾਮ ਵੇਖਣਾ ਪਿਆ।
ਪ੍ਰੋਗਰਾਮ ਦੀ ਸ਼ੁਰੂਆਤ ਤਰਕਸ਼ੀਲ ਸੁਸਾਇਟੀ ਯੂਕੇ ਦੇ ਪ੍ਰਧਾਨ ਅਵਤਾਰ ਅਟਵਾਲ ਨੇ ਲੋਕਾਂ ਨੂੰ ਜੀ ਆਇਆਂ ਆਖਕੇ ਕੀਤੀ। ਪ੍ਰਧਾਨ ਅਟਵਾਲ ਜੀ ਤੋਂ ਬਾਅਦ ਸੁਸਾਇਟੀ ਦੇ ਜਨਰਲ ਸਕੱਤਰ ਸਰਿੰਦਰਪਾਲ ਵਿਰਦੀ ਜੀ ਨੇ ਸੁਸਾਇਟੀ ਦੇ ਕੰਮਾਂ ਬਾਰੇ ਅਤੇ ਆਉਣ ਵਾਲੇ ਸਮੇਂ ਵਿੱਚ ਸੁਸਾਇਟੀ ਦੇ ਕੰਮਾਂ ਦੀ ਯੋਜਨਾਵਾਂ ਬਾਰੇ ਜਾਣੂ ਕਰਵਾਇਆ। ਤਰਕਸ਼ੀਲ ਅਤੇ IWA ਦੇ ਮੈਂਬਰਾਂ ਵਲੋਂ ਤਿਆਰ ਕੋਰੋਗ੍ਰਾਫੀ ਪਗੜੀ ਸੰਭਾਲ ਜੱਟਾਂ ਦੀ ਪੇਸ਼ਕਾਰੀ ਇਤਨੀ ਪ੍ਰਭਾਵਸ਼ਾਲੀ ਸੀ ਕਿ ਹਾਜ਼ਰ ਲੋਕਾਂ ਨੇ ਉਸਨੂੰ ਸਾਹ ਰੋਕਕੇ ਵੇਖਿਆ।
ਸਰੋਤਿਆਂ ਦੇ ਮਨਪਰਚਾਵੇ ਲਈ ਸਥਾਨਿਕ ਕਲਾਕਾਰਾਂ ਨੇ ਗੀਤ ਗਾ ਕੇ ਸਰੋਤਿਆਂ ਨੂੰ ਬੰਨੀ ਰੱਖਿਆ। ਪਹਿਲੀ ਹਾਜ਼ਰੀ ਬੂਟਾ ਪ੍ਰਦੇਸੀ ਨੇ ਆਪਣੇ ਗੀਤਾਂ ਰਾਹੀਂ ਲਗਵਾਈ ਅਤੇ ਉਸ ਤੋਂ ਬਾਅਦ ਬਲਵੀਰ ਭੁਝੰਗੀ, ਜਿਨ ਤੇ ਸੀਤਲ ਦੀ ਜੋੜੀ, ਬਲਵਿੰਦਰ ਸਫਰੀ ਨੇ ਵੀ ਆਪਣੀ ਹਾਜ਼ਰੀ ਭਰੀ। ਬੱਚਿਆਂ ਦੀ ਢੋਲ ਟੀਮ ਨੇ ਵੀ ਆਪਣੇ ਜੌਹਰ ਵਿਖਾਏ। ਢੋਲ ਟੀਮ ਤੋਂ ਬਾਅਦ ਸੁਸਾਇਟੀ ਦੇ ਸਾਬਕਾ ਜਨਰਲ ਸਕੱਤਰ ਸੱਚਦੇਵ ਵਿਰਦੀ ਜੀ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਅਤੇ ਸੋਚ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਤੋਂ ਇਲਾਵਾ IWA ਦੇ ਬੁਲਾਰੇ ਭਗਵੰਤ ਸਿੰਘ, ਰਜਿੰਦਰ ਦੂਲੇ ਅਤੇ ਕਾਂਸ਼ੀ ਟੀਵੀ ਦੇ ਪ੍ਰੀਜ਼ੈਨਟਰ ਧਰਮ ਚੰਦ ਮਹੇ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ।
ਗੁਰਦਿਆਲ ਖੁਸ਼ਦਿਲ ਦੀ ਜਾਦੂ ਦੀ ਕਲਾ ਵੇਖਕੇ ਦਰਸ਼ਕਾਂ ਦੀਆਂ ਅੱਖਾਂ ਹੈਰਾਨੀ ਨਾਲ ਅੱਡੀਆਂ ਰਹਿ ਗਈਆਂ। ਖੁਸ਼ਦਿਲ ਜੀ ਨੇ ਜਦੋਂ ਜਾਦੂ ਦੇ ਕੁਝ ਭੇਦ ਖੋਹਲੇ ਅਤੇ ਦੱਸਿਆ ਕਿ ਕਿਵੇਂ ਇਹੋ ਜਿਹੇ ਟਰਿੱਕ ਕਰਕੇ ਪਾਖੰਡੀ ਬਾਬੇ ਸਾਨੂੰ ਲੁੱਟਦੇ ਹਨ ਤਾਂ ਹਾਜ਼ਰੀਨ ਅਸ਼ ਅਸ਼ ਕਰ ਉੱਠੇ। ਖੁਸ਼ਦਿਲ ਜੀ ਤੋਂ ਬਾਅਦ ਨਿਰਮਲ ਸੰਘਾ ਜੀ ਨੇ ਮੀਟਿੰਗ ਨੂੰ ਸੰਬੋਧਿਤ ਕੀਤਾ। ਉਹ ਹਾਲ ਹੀ ਵਿੱਚ ਇੰਡੀਆ ਤੋਂ ਪਰਤੇ ਹਨ। ਉਹਨਾਂ ਨੇ ਸਿੰਘੂ ਬਾਰਡਰ ਤੇ ਬਤਾਏ ਸਮੇਂ ਦੇ ਅਨੁਭਵ ਸਾਂਝੇ ਕੀਤੇ ਅਤੇ ਵਿਸਥਾਰ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ, ਉਹਨਾਂ ਦੀਆਂ ਘਾਲਣਨਾਵਾਂ, ਜਿਗਰੇ ਅਤੇ ਬਲੀਦਾਨ ਬਾਰੇ ਦੱਸਿਆ। ਸੁਸਾਇਟੀ ਦੇ ਦੋ ਸਾਬਕਾ ਪ੍ਰਧਾਨ ਅੱਛਰ ਸਿੰਘ ਖਰਲਵੀਰ ਅਤੇ ਬਲਵੀਰ ਰੱਤੂ ਜੀ ਨੇ ਵੀ ਸੰਖੇਪ ਸ਼ਬਦਾਂ ਦੀ ਸਾਂਝ ਮੀਟਿੰਗ ਨਾਲ ਪਾਈ। ਸੁਸਾਇਟੀ ਨੇ ਮੁਫ਼ਤ ਕਿਤਾਬਾਂ ਦਾ ਸਟਾਲ ਵੀ ਲਗਾਇਆ ਜਿਥੋਂ ਦਰਸ਼ਕਾਂ ਨੇ ਕਾਫੀ ਕਿਤਾਬਾਂ ਖਰੀਦੀਆਂ। ਸਟਾਲ ਦੀ ਜ਼ਿੰਮੇਵਾਰੀ ਭਾਰਤ ਭੂਸ਼ਣ ਜੀ ਨਿਭਾਈ।
ਸਟੇਜ ਸੰਚਾਲਨ ਡਾ ਹਰੀਸ਼ ਮਲਹੋਤਰਾ ਜੀ ਨੇ ਬਾਖੂਬੀ ਕੀਤਾ। ਇਸ ਮੀਟਿੰਗ ਨੂੰ ਸਫ਼ਲ ਬਣਾਉਣ ਲਈ ਕੁਲਵੰਤ ਮਰਾੜ, ਸੱਚਦੇਵ ਵਿਰਦੀ, ਭਗਵੰਤ ਸਿੰਘ, ਸੁਰਿੰਦਰਪਾਲ ਵਿਰਦੀ, ਅਸ਼ਵਨੀ ਕੁਮਾਰ, ਹਰਜੀਤ ਸਿੰਘ, ਰਾਜਿੰਦਰ ਦੂਲੇ ਅਤੇ ਧਰਮਿੰਦਰ ਸਿੰਘ ਨੇ ਖਾਸ ਭੂਮਿਕਾ ਨਿਭਾਈ ਉੱਥੇ ਹੀ ਕਾਂਸ਼ੀ ਟੀਵੀ ਅਤੇ ਬਰਮਿੰਘਮ ਤੋਂ ਛਪਦੇ ਸਪਤਾਹਿਕ ਪੰਜਾਬੀ ਅਖਬਾਰ ਸਮਾਜ ਵੀਕਲੀ ਨੇ ਵੀ ਇਸ ਪ੍ਰੋਗਰਾਮ ਦਾ ਸੁਨੇਹਾ ਘਰ ਘਰ ਪੁੰਹਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਆਉਂਦੇ ਦਿਨਾਂ ਵਿੱਚ ਕਾਂਸ਼ੀ ਟੀਵੀ ਦੇ ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਨੂੰ ਟੀਵੀ ਚੈਨਲ ਤੇ ਪ੍ਰਸਾਰਿਤ ਕਰਨ ਦਾ ਭਰੋਸਾ ਵੀ ਦਿੱਤਾ।