ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਪਾਸ ਕਰਨ ਦੀ ਵੀ ਕੀਤੀ ਮੰਗ
ਸੰਗਰੂਰ (ਸਮਾਜ ਵੀਕਲੀ) ਤਰਕਸ਼ੀਲ ਸੁਸਾਇਟੀ ਪੰਜਾਬ ਨੇ ਅਖੌਤੀ ਦੈਵੀ ਸ਼ਕਤੀਆਂ ਨਾਲ ਭੋਲੇ ਭਾਲੇ ਲੋਕਾਂ ਨੂੰ ਝਾਂਸੇ ਵਿੱਚ ਫਸਾਉਣ ਵਾਲੇ ਪਾਦਰੀ ਬਜਿੰਦਰ ਨੂੰ ਇਕ ਔਰਤ ਨਾਲ ਕੀਤੇ ਜਬਰ ਜਨਾਹ ਅਤੇ ਕੁੱਟ ਮਾਰ ਦੇ ਦੋਸ਼ ਹੇਠ ਮੋਹਾਲੀ ਅਦਾਲਤ ਵੱਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਦਾ ਜ਼ੋਰਦਾਰ ਸਵਾਗਤ ਕੀਤਾ ਹੈ ਅਤੇ ਅਜਿਹੇ ਹੋਰਨਾਂ ਫ਼ਿਰਕਿਆਂ ਦੇ ਪੁਜਾਰੀਆਂ, ਪਾਖੰਡੀ ਬਾਬਿਆਂ,ਤਾਂਤਰਿਕਾਂ, ਜੋਤਸ਼ੀਆਂ ਵੱਲੋਂ ਧਾਰਮਿਕ ਆਸਥਾ ਅਤੇ ਇਲਾਜ ਕਰਨ ਦੇ ਨਾਂ ਹੇਠ ਅੰਧ ਵਿਸ਼ਵਾਸ਼ ਫੈਲਾ ਕੇ ਅਖੌਤੀ ਭੂਤ ਪ੍ਰੇਤ ਕੱਢਣ ਦੀਆਂ ਅਪਰਾਧਿਕ ਗਤੀਵਿਧੀਆਂ ਉਤੇ ਸਖਤ ਪਾਬੰਦੀ ਲਾਉਣ ਲਈ ਠੋਸ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਪਾਸ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ ਹੈ।
ਇਸ ਸਬੰਧੀ ਤਰਕਸ਼ੀਲ਼ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਸੀਤਾ ਰਾਮ ਬਾਲਦ ਕਲਾਂ, ਕ੍ਰਿਸ਼ਨ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ, ਪ੍ਰਹਿਲਾਦ ਸਿੰਘ, ਲੈਕਚਰਾਰ ਜਸਦੇਵ ਨੇ ਇਕ ਵਿਸ਼ੇਸ਼ ਮੀਟਿੰਗ ਉਪਰੰਤ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਮੈਡੀਕਲ ਰਜਿਸਟ੍ਰੇਸ਼ਨ ਐਕਟ ਤਹਿਤ ਕਿਸੇ ਵੀ ਅਧਿਆਤਮਕ ਵਿਅਕਤੀ ਵੱਲੋਂ ਡਾਕਟਰੀ ਦੀ ਮਾਨਤਾ ਪ੍ਰਾਪਤ ਡਿਗਰੀ ਤੋਂ ਬਗੈਰ ਧਾਰਮਿਕ ਆਸਥਾ ਹੇਠ ਕਿਸੇ ਕਥਿਤ ਦੈਵੀ ਸ਼ਕਤੀ ,ਪ੍ਰਾਰਥਨਾ ਜਾਂ ਪਾਠ -ਪੂਜਾ ਨਾਲ ਕਿਸੇ ਦੀ ਸਰੀਰਕ ਜਾਂ ਮਾਨਸਿਕ ਬਿਮਾਰੀ, ਕਥਿਤ ਬੁਰੀ ਆਤਮਾ ਦਾ ਇਲਾਜ ਕਰਨਾ ਸਰਾਸਰ ਗ਼ੈਰ ਕਾਨੂੰਨੀ ਅਤੇ ਸਜ਼ਾਯੋਗ ਅਪਰਾਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਠ-ਪੂਜਾ ਅਤੇ ਪ੍ਰਾਰਥਨਾ ਨਾਲ ਕਿਸੇ ਗੰਭੀਰ ਬਿਮਾਰੀ ਦੇ ਮਰੀਜ਼ ਨੂੰ ਕਿਸੇ ਵੀ ਤਰਾਂ ਸਿਹਤਯਾਬ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਦੀ ਖਾਹਿਸ਼ ਦੀ ਪੂਰਤੀ ਜਾਂ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ ਪਰ ਅਖੌਤੀ ਅਧਿਆਤਮਕ ਆਗੂ ਧਾਰਮਿਕ ਆਸਥਾ ਹੇਠ ਇਲਾਜ ਕਰਨ ਦੇ ਬਹਾਨੇ ਭੋਲੀ ਭਾਲੀ ਲੜਕੀਆਂ ਅਤੇ ਔਰਤਾਂ ਨਾਲ ਜਬਰ ਜਨਾਹ ਕਰਨ ਦੇ ਇਲਾਵਾ ਪੀੜਤ ਪੈਰੋਕਾਰਾਂ ਦੀ ਅੰਨ੍ਹੀ ਆਰਥਿਕ ਲੁੱਟ ਵੀ ਕਰਦੇ ਹਨ।
ਤਰਕਸ਼ੀਲ ਆਗੂਆਂ ਨੇ ਸਪੱਸ਼ਟ ਕੀਤਾ ਕਿ ਲੋਕਾਂ ਵਿਚ ਅੰਧਵਿਸ਼ਵਾਸ ਫੈਲਣ, ਆਪਣੀਆਂ ਸਮੱਸਿਆਵਾਂ,ਬਿਮਾਰੀਆਂ ਦੇ ਖਾਤਮੇ ਲਈ ਕਿਸੇ ਅਖੌਤੀ ਦੈਵੀ ਸ਼ਕਤੀ, ਚਮਤਕਾਰ ਤੇ ਪਾਠ-ਪੂਜਾ ਉਤੇ ਟੇਕ ਰੱਖਣ ਅਤੇ ਉਨ੍ਹਾਂ ਦੇ ਪਾਖੰਡੀ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ ਅਤੇ ਡੇਰਿਆਂ ਦੇ ਝਾਂਸੇ ਵਿਚ ਫਸਣ ਪਿੱਛੇ ਮੌਜੂਦਾ ਭ੍ਰਿਸ਼ਟ ਅਤੇ ਲੋਕ ਵਿਰੋਧੀ ਰਾਜ ਪ੍ਰਬੰਧ ਜ਼ਿੰਮੇਵਾਰ ਹੈ ਜਿਹੜਾ ਵੱਡੀ ਗਿਣਤੀ ਲੋਕਾਂ ਨੂੰ ਗਰੀਬ,ਅਨਪੜ੍ਹ, ਅੰਧ ਵਿਸ਼ਵਾਸੀ ਅਤੇ ਬਿਮਾਰ ਰੱਖਕੇ ਅਜਿਹੇ ਪਾਖੰਡੀਆਂ, ਡੇਰਿਆਂ ਅਤੇ ਵੱਡੇ ਪੂੰਜੀਪਤੀਆਂ ਦੀ ਸਰਪ੍ਰਸਤੀ ਕਰਦਾ ਹੈ।
ਇਸ ਮੌਕੇ ਸੂਬਾ ਮੀਡੀਆ ਸਹਾਇਕ ਤੇ ਜੋਨ ਜਥੇਬੰਦਕ ਮਾਸਟਰ ਪਰਮਵੇਦ ਨੇ ਦੋਸ਼ ਲਾਇਆ ਕਿ ਬੀਤੇ ਅਗਸਤ ਮਹੀਨੇ ਜਿਲ੍ਹਾ ਗੁਰਦਾਸਪੁਰ ਅਧੀਨ ਥਾਣਾ ਧਾਰੀਵਾਲ ਦੇ ਪਿੰਡ ਸਿੰਘਪੁਰਾ ਦੇ ਨੌਜਵਾਨ ਸੈਮੂਅਲ ਮਸੀਹ ਨੂੰ ਇਕ ਪਾਦਰੀ ਅਤੇ ਉਸਦੇ ਸਾਥੀਆਂ ਵੱਲੋਂ ਅਖੌਤੀ ਭੂਤ ਪ੍ਰੇਤ, ਬੁਰੀ ਆਤਮਾ ਕੱਢਣ ਦੇ ਬਹਾਨੇ ਹੇਠ ਉਸਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਕੁੱਟ ਕੁੱਟ ਕੇ ਜਾਨੋਂ ਮਾਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਪਿਛਲੇ ਸਮੇਂ ਵਿਚ ਪਾਖੰਡੀ ਬਾਬਿਆਂ, ਤਾਂਤਰਿਕਾਂ ਵੱਲੋਂ ਪਿੰਡ ਭਿੰਡਰ ਕਲਾਂ (ਮੋਗਾ), ਪਿੰਡ ਕੋਟ ਫੱਤਾ (ਬਠਿੰਡਾ),ਪਿੰਡ ਮੂਧਲ (ਅੰਮ੍ਰਿਤਸਰ) ਅਤੇ ਖੰਨਾ (ਲੁਧਿਆਣਾ) ਵਿਖੇ ਮਾਸੂਮ ਬੱਚਿਆਂ ਦੀ ਬਲੀ ਦੇਣ ਦੀਆਂ ਦਿਲ ਕੰਬਾਊ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਕਿਸੇ ਵੀ ਸਰਕਾਰ ਨੇ ਅਜਿਹੇ ਅਣਮਨੁੱਖੀ ਅਤੇ ਗੈਰ ਕਾਨੂੰਨੀ ਧੰਦੇ ਨੂੰ ਬੰਦ ਕਰਵਾਉਣ ਲਈ ਕੋਈ ਠੋਸ ਅੰਧ ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਦੀ ਸੰਵਿਧਾਨਕ ਜ਼ਿੰਮੇਵਾਰੀ ਨਹੀਂ ਨਿਭਾਈ।
ਤਰਕਸ਼ੀਲ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਰਫ ਵਿਗਿਆਨਕ ਸੋਚ ਅਪਣਾ ਕੇ ਅਤੇ ਡਾਕਟਰੀ ਇਲਾਜ ਪ੍ਰਣਾਲੀ ਉਤੇ ਭਰੋਸਾ ਕਰਕੇ ਹੀ ਅਜਿਹੇ ਪਾਖੰਡੀਆਂ ਦੀ ਲੁੱਟ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਅਜਿਹੇ ਪਾਖੰਡੀਆਂ ਨੂੰ ਤਰਕਸ਼ੀਲ ਸੁਸਾਇਟੀ ਵੱਲੋਂ ਸ਼ਰਤਾਂ ਅਧੀਨ ਰੱਖੇ ਪੰਜ ਲੱਖ ਰੁਪਏ ਦਾ ਇਨਾਮ ਜਿੱਤਣ ਦੀ ਚੁਣੌਤੀ ਵੀ ਦਿੱਤੀ ।
ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj