ਬਰਨਾਲਾ (ਸਮਾਜ ਵੀਕਲੀ) ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ,ਚੰਗੀ ਜੀਵਨ ਜਾਚ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਗੁਣ ਪ੍ਰਫੁੱਲਿਤ ਕਰਨ ਦੇ ਮਕਸਦ ਵਜੋਂ 7 ਜੂਨ ਤੋਂ 9 ਜੂਨ ਤਕ ਸੁਸਾਇਟੀ ਦੇ ਮੁੱਖ ਦਫਤਰ ਤਰਕਸ਼ੀਲ ਭਵਨ,ਬਰਨਾਲਾ ਵਿਖੇ ਲਗਾਏ ਜਾ ਰਹੇ ਦੂਜੇ ਸੂਬਾਈ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਜਿਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ 70 ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਜਾਵੇਗਾ। ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਅਤੇ ਸੂਬਾਈ ਆਗੂਆਂ ਹੇਮ ਰਾਜ ਸਟੈਨੋਂ,ਰਾਜੇਸ਼ ਅਕਲੀਆ, ਗੁਰਪ੍ਰੀਤ ਸ਼ਹਿਣਾ,ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਵਿੱਦਿਆਰਥੀ ਚੇਤਨਾ ਕੈਂਪ ਵਿੱਚ ਤਰਕਸ਼ੀਲ ਸੁਸਾਇਟੀ ਦੇ ਸੀਨੀਅਰ ਆਗੂਆਂ ਅਤੇ ਨਾਮਵਰ ਵਿਸ਼ਾ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਵਿਗਿਆਨਕ ਚੇਤਨਾ,ਚੰਗੀ ਜੀਵਨ ਜਾਚ, ਨੈਤਿਕ ਕਦਰਾਂ ਕੀਮਤਾਂ, ਖੁਰਾਕ ਤੇ ਸਿਹਤ,ਮਾਨਸਿਕ ਤਣਾਅ ਤੋਂ ਕਿਵੇਂ ਬਚੀਏ, ਨਸ਼ਿਆਂ ਤੋਂ ਬਚਾਅ,ਮਨੁੱਖ ਦੀ ਉਤਪਤੀ,ਜੀਵ ਵਿਕਾਸ,ਵਿਗਿਆਨੀਆਂ, ਚਿੰਤਕਾਂ ਅਤੇ ਸ਼ਹੀਦਾਂ ਦੇ ਮਾਣਮੱਤੇ ਇਤਿਹਾਸ ਦੇ ਸਬਕ ,ਜਾਦੂ ਕਿਵੇਂ ਸਿੱਖੀਏ, ਲੋਕ ਪੱਖੀ ਸਾਹਿਤ ਦੀ ਚੋਣ,ਸਾਈਬਰ ਅਪਰਾਧ, ਲੋਕ ਪੱਖੀ ਸਭਿਆਚਾਰ ਅਤੇ ਸ਼ਖ਼ਸੀਅਤ ਦੀ ਉਸਾਰੀ ਆਦਿ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸਦੇ ਇਲਾਵਾ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਤਰਕਸ਼ੀਲ ਆਗੂਆਂ ਨੇ ਵਿਦਿਆਰਥੀਆਂ ਵੱਲੋਂ ਵਿਖਾਏ ਗਏ ਉਤਸ਼ਾਹ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਦੀ ਗਰੁੱਪ ਚਰਚਾ ਤੇ ਕੁਇਜ਼ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਕਿਤਾਬਾਂ ਦੇ ਸੈੱਟ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤਿੰਨ ਦਿਨਾਂ ਕੈਂਪ ਵਿਚ ਵਿਦਿਆਰਥੀਆਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਖਰਚਾ ਤਰਕਸ਼ੀਲ ਸੁਸਾਇਟੀ ਵੱਲੋਂ ਕੀਤਾ ਜਾਵੇਗਾ।ਇਸ ਕੈਂਪ ਵਿੱਚ ਸਾਰੇ ਸੂਬਾ ਕਮੇਟੀ ਆਗੂ ਅਤੇ ਵੱਖ ਵੱਖ ਜੋਨਾਂ ਅਤੇ ਇਕਾਈਆਂ ਦੇ ਸਰਗਰਮ ਸਾਥੀ ਵੀ ਸ਼ਾਮਿਲ ਹੋਣਗੇ।
ਸੁਮੀਤ ਅੰਮ੍ਰਿਤਸਰ
ਸੂਬਾਈ ਮੀਡੀਆ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ
7696030173
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



