ਰੰਗਲਾ ਪੰਜਾਬ

ਕੁਲਦੀਪ ਚੁੰਬਰ
(ਸਮਾਜ ਵੀਕਲੀ) 

ਗੁਰੂਆਂ ਤੇ ਪੀਰਾਂ ਦੀ ਇਹ ਧਰਤ ਮਹਾਨ ਏ
ਨਿੱਤ ਦਿਨ ਹੋਈ ਜਾਂਦੈਂ ਬੜਾ ਨੁਕਸਾਨ ਏ
ਨਸ਼ਿਆਂ ਦਾ ਦੈਂਤ ਇੱਥੋਂ ਮਾਰ ਮੁਕਾ ਦਿਓ
ਮੁੜ ਮੇਰੇ ਰੰਗਲੇ ਪੰਜਾਬ ਨੂੰ ਵਸਾ ਦਿਓ

ਸੋਹਣੀ ਸੱਸੀ ਰਾਂਝਾ ਮਹੀਂਵਾਲ ਇਥੇ ਦੁੱਲਾ ਸੀ
ਸੂਫੀ ਰੰਗ ਵੰਡਦਾ ਸੀ ਕਾਫੀਆਂ ‘ਚ ਬੁੱਲਾ ਵੀ
ਸ਼ਿਵ ਵਾਂਗ ਬਾਤ ਕੋਈ ਮੁਹੱਬਤਾਂ ਦੀ ਪਾ ਦਿਓ
ਮੁੜ ਮੇਰੇ ਰੰਗਲੇ ਪੰਜਾਬ ……..

ਤੀਆਂ ਸੱਥਾਂ ਮੇਲਿਆਂ ਮੁਸਾਵਿਆਂ ਦੇ ਰੰਗਾਂ ਦੀ
ਸੁਣੇ ਛਣਕਾਰ ਕਿਤੇ  ਰੰਗਲੀਆਂ ਵੰਗਾਂ ਦੀ
ਮਿੱਠਾ ਪਾਣੀ ਖੂਹਾਂ ਦਾ ਜੋ ਬੁੱਕਾਂ ਨਾ ਪਿਲਾ ਦਿਓ
ਮੁੜ ਮੇਰੇ ਰੰਗਲੇ ਪੰਜਾਬ ……..

ਨਸ਼ੇ ਵਿੱਚ ਗੱਭਰੂ ਕੋਈ ਮਾਪਿਆਂ ਦਾ ਮਰੇ ਨਾ
ਹੱਦਾਂ ਸਰਹੱਦਾਂ ਵਾਲੀ ਗੱਲ ਕੋਈ ਕਰੇ ਨਾ
ਘਰ ਘਰ ਬਾਣੀ ਦਾ ਸੰਦੇਸ਼ਾ ਪਹੁੰਚਾ ਦਿਓ
ਮੁੜ ਮੇਰੇ ਰੰਗਲੇ ਪੰਜਾਬ ……..

ਚਰਖੇ ਤ੍ਰਿੰਜਣਾਂ ਚ ਡਹਿ ਜਾਣ ਰੰਗਲੇ
ਨਫਰਤ ਈਰਖਾ ਦੇ ਢਹਿ ਜਾਣ ਬੰਗਲੇ
ਸਾਂਝੀਵਾਲਤਾ ਦੀ ਗਲਵੱਕੜੀ ਪੁਵਾ ਦਿਓ
ਮੁੜ ਮੇਰੇ ਰੰਗਲੇ ਪੰਜਾਬ ……..

ਝੂਮਦੀਆਂ ਖੇਤਾਂ ਵਿੱਚ ਰਹਿਣ ਇਹਦੇ ਫਸਲਾਂ
ਦੇਖਿਓ ਤਬਾਹ ਨਾ ਕਿਤੇ ਹੋ ਜਾਣ ਨਸਲਾਂ
ਸੁੱਤਿਆਂ ਨੂੰ ਮਾਰਕੇ ਹਲੂਣਾ ਹੀ ਜਗਾ ਦਿਓ
ਮੁੜ ਮੇਰੇ ਰੰਗਲੇ ਪੰਜਾਬ ……..

ਤੱਤੀਆਂ ਹਵਾਵਾਂ ਤੋਂ ਬਚਾਕੇ ਰੱਬਾ ਰੱਖ ਲਈਂ
ਮਨ ਨੀਵਾਂ ਰੱਖੀ ਉੱਚੀ ਸਭਨਾਂ ਨੂੰ ਮੱਤ ਦਈਂ
ਧਰਮਾਂ ਦੇ ਰੇੜਕੇ ਜੋ ਪਾਣੀ ਚ ਵਹਾ ਦਿਓ
ਮੁੜ ਮੇਰੇ ਰੰਗਲੇ ਪੰਜਾਬ ……..

ਸ਼ਾਲਾ ਜੁੱਗ ਜੁੱਗ ਜੀਵੇ ਵਿਰਸਾ ਪੰਜਾਬ ਦਾ
ਮਹਿਕਦਾ ਹੀ ਰਹੇ ਫੁੱਲ ‘ਚੁੰਬਰਾ’ ਗੁਲਾਬ ਦਾ
ਜਾਓ ਇਹਦੇ ਦੋਖੀਆਂ ਨੂੰ ਗੱਲ ਸਮਝਾ ਦਿਓ
ਮੁੜ ਮੇਰੇ ਰੰਗਲੇ ਪੰਜਾਬ ……..

ਪੇਸ਼ਕਸ਼ – ਕੁਲਦੀਪ ਚੁੰਬਰ
604-902-3237
Previous articleਭਾਕਿਯੂ ਪੰਜਾਬ ਦੀ ਮਹੀਨਾ ਵਾਰ ਮੀਟਿੰਗ ਅੱਜ
Next articleਕਵਿਤਾ