ਚੰਡੀਗੜ੍ਹ(ਸਮਾਜ ਵੀਕਲੀ): ਪੰਜਾਬ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਪੁਲੀਸ ਦੇ ਹੈੱਡਕੁਆਰਟਰ ’ਤੇ ਛਾਪਾ ਮਾਰਿਆ ਅਤੇ ਦੇਰੀ ਨਾਲ ਦਫ਼ਤਰ ਆਉਣ ਵਾਲੇ ਪੁਲੀਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗ੍ਰਹਿ ਮੰਤਰੀ ਨੇ ਕੁਝ ਸੁਆਰਥੀ ਤੱਤਾਂ ਵੱਲੋਂ ਆਪਣੇ ਸੌੜੇ ਹਿੱਤਾਂ ਲਈ ਪੰਜਾਬ ਵਿੱਚ ਅਤੇ ਇਸ ਤੋਂ ਬਾਹਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਸੂਬੇ ਦੇ ਲੋਕਾਂ ਦਰਮਿਆਨ ਬੇਲੋੜਾ ਡਰ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ।
ਉਨ੍ਹਾਂ ਕਿਹਾ ਪੰਜਾਬ ਸੁਰੱਖਿਅਤ ਹੱਥਾਂ ਵਿੱਚ ਹੈ ਅਤੇ ਜਦੋਂ ਵੀ ਲੋੜ ਪਈ ਤਾਂ ਹਰ ਕੁਰਬਾਨੀ ਦਿੱਤੀ ਜਾਵੇਗੀ। ਉਨ੍ਹਾਂ ਨਾਲ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ, ਏਡੀਜੀਪੀ (ਕਾਨੂੰਨ ਤੇ ਵਿਵਸਥਾ) ਗੌਰਵ ਯਾਦਵ, ਏਡੀਜੀਪੀ ਪ੍ਰੋਵਿਜ਼ਨਿੰਗ ਨਰੇਸ਼ ਅਰੋੜਾ ਅਤੇ ਏਡੀਜੀਪੀ (ਤਕਨੀਕੀ ਸੇਵਾਵਾਂ) ਕੁਲਦੀਪ ਸਿੰਘ ਵੀ ਨਾਲ ਸਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਚ ਹੈ ਕਿ ਪਾਕਿਸਤਾਨ ਤੇ ਉਸ ਦੀਆਂ ਜਾਸੂਸੀ ਏਜੰਸੀਆਂ ਭਾਰਤ ਅਤੇ ਸਰਹੱਦੀ ਸੂਬੇ ਪੰਜਾਬ ਲਈ ਹਮੇਸ਼ਾਂ ਖਤਰਾ ਪੈਦਾ ਕਰਦੀਆਂ ਰਹੀਆਂ ਹਨ ਪਰ ਇਸ ਦੇ ਨਾਲ ਹੀ ਪੰਜਾਬੀਆਂ ਨੇ ਆਪਣੀ ਹਿੰਮਤ ਤੇ ਹੌਸਲੇ ਨਾਲ ਹਰੇਕ ਚੁਣੌਤੀ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ,‘ਇਸ ਖਤਰੇ ਸਬੰਧੀ ਕੁਝ ਵੀ ਨਵਾਂ ਨਹੀਂ ਹੈ, ਸਗੋਂ ਇਹ ਤਾਂ ਪਹਿਲਾਂ ਵੀ ਮੌਜੂਦ ਸੀ ਅਤੇ ਅੱਗੇ ਵੀ ਰਹੇਗਾ।’
ਉਨ੍ਹਾਂ ਸਵਾਲ ਕੀਤਾ, ‘ਹੁਣ ਦੋ ਹਫਤਿਆਂ ਵਿੱਚ ਕੀ ਬਦਲ ਗਿਆ?’’ ਉਨ੍ਹਾਂ ਕਿਹਾ ਕਿ ਪੰਜਾਬ ਨੇ ਹਰ ਫਰੰਟ ’ਤੇ ਦੇਸ਼ ਦੀ ਰੱਖਿਆ ਕੀਤੀ ਹੈ। ਉਪ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਿਨਾਂ ਇਸ਼ਾਰਾ ਕਰਦਿਆਂ ਕਿਹਾ ਕਿ ਕੁਝ ਰਾਜਸੀ ਵਿਰੋਧੀਆਂ ਵੱਲੋਂ ਬੇਲੋੜੇ ਖੌਫ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਵਿੱਚ ਘਬਰਾਹਟ ਫੈਲਾਈ ਜਾ ਸਕੇ। ਉਨ੍ਹਾਂ ਪੁੱਛਿਆ, ‘‘ਅਜਿਹੇ ਬੇਲੋੜੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਕੇ ਤੁਸੀਂ ਕਿਸ ਦੀ ਮਦਦ ਕਰਨਾ ਚਾਹੁੰਦੇ ਹੋ?’’ ਉਨ੍ਹਾਂ ਕਿਹਾ ਕਿ ਚੁਣੌਤੀ ਦਾ ਸਾਹਮਣਾ ਕਰਨਾ ਇਕ ਗੱਲ ਹੈ ਜਦੋਂ ਕਿ ਝੂਠੀਆਂ ਸੂਚਨਾਵਾਂ ਰਾਹੀਂ ਅਫਵਾਹ ਫੈਲਾਉਣਾ ਸਰਾਸਰ ਗਲਤ ਹੈ।
ਗ੍ਰਹਿ ਮੰਤਰੀ ਨੇ ਇਹ ਵੀ ਸਵਾਲ ਕੀਤਾ ਕਿ ਕੁਝ ਹੀ ਦਿਨਾਂ ਦੇ ਵਕਫੇ ਵਿੱਚ ਅਜਿਹਾ ਕੀ ਬਦਲ ਗਿਆ ਕਿ ਇਕ ਹਫਤਾ ਪਹਿਲਾਂ ਪੰਜਾਬ ਬਿਲਕੁਲ ਸੁਰੱਖਿਅਤ ਸੀ ਅਤੇ ਹੁਣ ਅਚਾਨਕ ਹੀ ਇੱਥੋਂ ਦਾ ਮਾਹੌਲ ਸੁਰੱਖਿਅਤ ਨਹੀਂ ਰਿਹਾ ਜਿਵੇਂ ਕਿ ਆਲੋਚਕਾਂ ਵੱਲੋਂ ਸੁਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਜੇਕਰ ਪੰਜਾਬ ਇਸ ਸਮੇਂ ਸੱਚਮੁੱਚ ਖਤਰੇ ਵਿੱਚ ਹੈ ਤਾਂ ਇਸ ਦੇ ਬੀਜ ਹਫਤੇ ਪਹਿਲਾਂ ਨਹੀਂ ਸਗੋਂ ਕਾਫੀ ਸਮਾਂ ਪਹਿਲਾਂ ਬੀਜੇ ਗਏ ਹੋਣਗੇ।’’ ਉਨ੍ਹਾਂ ਇਹ ਜਵਾਬ ਵੀ ਮੰਗਿਆ ਕਿ ਇਸ ਖਤਰੇ ਨੂੰ ਨੱਥ ਪਾਉਣ ਲਈ ਕੀ ਕਦਮ ਚੁੱਕੇ ਗਏ।
ਉਪ ਮੁੱਖ ਮੰਤਰੀ ਨੇ ਅੱਜ ਪੰਜਾਬ ਪੁਲੀਸ ਹੈੱਡਕੁਆਰਟਰ ’ਤੇ ਗੈਰਹਾਜ਼ਰ ਰਹਿਣ ਵਾਲੇ ਪੁਲੀਸ ਕਰਮੀਆਂ ਨੂੰ ਇਕ ਵਾਰ ਚਿਤਾਵਨੀ ਦੇ ਕੇ ਛੱਡਦਿਆਂ ਕਿਹਾ ਕਿ ਇਸ ਚੈਕਿੰਗ ਦਾ ਮਕਸਦ ਲੋਕਾਂ ਨੂੰ ਬਿਹਤਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਾਗਰਿਕ ਪੱਖੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕਰਮੀ ਸਮੇਂ ਸਿਰ ਆਉਣ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਉਡੀਕ ਨਾ ਕਰਨੀ ਪਵੇ। ਉਨ੍ਹਾਂ ਕਿਹਾ ਕਿ ਪੁਲੀਸ ਕਰਮੀ ਇਹ ਯਕੀਨੀ ਬਣਾਉਣ ਕਿ ਥਾਣਿਆਂ ਵਿੱਚ ਲੋਕਾਂ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly