ਰਾਣਾ ਇੰਦਰ ਪ੍ਰਤਾਪ ਨੂੰ ਸਦਨ ਵਿੱਚੋਂ ਬਾਹਰ ਕੱਢਿਆ

(ਸਮਾਜ ਵੀਕਲੀ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਦਨ ਵਿੱਚ ਮਾਹੌਲ ਅਣਸੁਖਾਵਾਂ ਹੋਣ ਤੋਂ ਬਾਅਦ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਦਨ ਵਿੱਚੋਂ ਬਾਹਰ ਕੱਢ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਆਜ਼ਾਦ ਵਿਧਾਇਕ ਆਪਣੇ ਹਲਕੇ ਨਾਲ ਸਬੰਧਤ ਕੁਝ ਮਸਲਿਆਂ ’ਤੇ ਬੋਲਣਾ ਚਾਹੁੰਦੇ ਸਨ। ਉਨ੍ਹਾਂ ਨੂੰ ਸਪੀਕਰ ਨੇ ਟੋਕਦਿਆਂ ਸਿਰਫ਼ ਅੱਜ ਦੇ ਮਤੇ ’ਤੇ ਹੀ ਬੋਲਣ ਲਈ ਕਿਹਾ। ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਮਤੇ ’ਤੇ ਬੋਲਣ ਲੱਗੇ ਤਾਂ ਰਾਣਾ ਇੰਦਰਪ੍ਰਤਾਪ ਸਿੰਘ ਨੇ ਮੁੜ ਆਪਣੀ ਸੀਟ ’ਤੇ ਖੜ੍ਹੇ ਹੋ ਕੇ ਬੋਲਣਾ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਨੇ ਆਜ਼ਾਦ ਵਿਧਾਇਕ ਅਤੇ ਉਨ੍ਹਾਂ ਦੇ ਪਿਤਾ ਰਾਣਾ ਗੁਰਜੀਤ ਸਿੰਘ ਸਬੰਧੀ ਤਿੱਖੇ ਵਿਅੰਗ ਵੀ ਕਸੇ।

ਮੁੱਖ ਮੰਤਰੀ ਨੇ ਕਿਹਾ, ‘‘ਰਾਣਾ ਜੀ ਜੇ ਮੁੰਡਾ ਥੋਡੇ ਆਖੇ ਲਗਦੈ ਤਾਂ ਉਸ ਨੂੰ ਬਿਠਾ ਦਿਓ।’’ ਇਸ ਦਾ ਵੀ ਜਦੋਂ ਕੋਈ ਅਸਰ ਨਾ ਹੋਇਆ ਤਾਂ ਭਗਵੰਤ ਮਾਨ ਨੇ ਕਿਹਾ, ‘‘ਆਜ਼ਾਦ ਵਿਧਾਇਕ ’ਚ ਰੇਤ ਦੀਆਂ ਖੱਡਾਂ ਤੇ ਖੰਡ ਮਿੱਲਾਂ ਬੋਲਦੀਆਂ ਨੇ।’’ ‘ਆਪ’ ਦੇ ਹੋਰ ਵਿਧਾਇਕਾਂ ਨੇ ਵੀ ਆਜ਼ਾਦ ਵਿਧਾਇਕ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਅਖੀਰ ਜਦੋਂ ਸਪੀਕਰ ਦੇ ਕਹਿਣ ’ਤੇ ਵੀ ਰਾਣਾ ਇੰਦਰਪ੍ਰਤਾਪ ਚੁੱਪ ਨਾ ਹੋਇਆ ਤਾਂ ਉਸ ਨੂੰ ਮਾਰਸ਼ਲਾਂ ਰਾਹੀਂ ਸਦਨ ਵਿੱਚੋਂ ਬਾਹਰ ਕੱਢ ਦਿੱਤਾ ਗਿਆ।

Previous articleਪੰਜਾਬ ਸਰਕਾਰ ਵੱਲੋਂ ਪੇਸ਼ ਮਤਾ ਅਰਥਹੀਣ: ਖੱਟਰ
Next articleਚੰਡੀਗੜ੍ਹ ਹਰਿਆਣਾ ਦਾ ਹੈ: ਸ਼ੈਲਜਾ