“ਰਾਮੋਜੀ” ਫ਼ਿਲਮ ਸਿਟੀ ਹੈਦਰਾਬਾਦ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਹੈਦਰਾਬਾਦ ਡਾਇਰੀ-ਚਾਰ।
ਪੰਨਾ-ਚਾਰ।
ਸੱਚ ਮੁੱਚ ਹੀ ਅੱਜ ਦਾ ਦਿਨ ਜਿੱਥੇ ਪੂਰਾ ਖੁਸ਼ੀ ਨਾਲ ਭਰਪੂਰ ਸੀ ਉੱਥੇ “ਰਾਮੋਜੀ” ਫ਼ਿਲਮ ਸਿਟੀ ਬਾਰੇ ਲਿਖਣ ਲਈ ਕਈ ਦਿਨ ਮੁਸ਼ੱਕਤ ਕਰਨੀ ਪਵੇਗੀ।

ਜਦੋਂ ਵੀ ਹੈਦਰਾਬਾਦ ਦਾ ਚੱਕਰ ਲਗਦਾ,ਮੈਂ ਫ਼ਿਲਮ ਸਿਟੀ “ਰਾਮੋਜੀ” ਦੇਖਣ ਤੋਂ ਪਤਾ ਨਹੀਂ ਕਿਉਂ ਟਾਲਾ ਵੱਟ ਜਾਂਦਾ।

ਬੇਟੇ ਕੋਲ ਦੋ ਸਾਲਾਂ ਵਿਚ ਤਿੰਨ ਗੇੜੇ ਲੱਗਣ ‘ਤੇ ਮੈਨੂੰ ਹਰ ਵਾਰ ਕਹਿੰਦਾ,” ਤੁਹਾਨੂੰ ਫ਼ਿਲਮ ਸਿਟੀ “ਰਾਮੋਜੀ” ਜ਼ਰੂਰ ਦੇਖਣੀ ਚਾਹੀਦੀ ਹੈ। ਮੇਰਾ ਉੱਥੋਂ ਦਾ ਸ਼ਡਿਊਲ ਪ੍ਰੋਗਰਾਮ ਦੇਖ ਕੇ ਹੀ ਦਿਲ ਕੰਬਣ ਲੱਗ ਜਾਂਦਾ।

ਸਵੇਰੇ ਅੱਠ ਵਜੇ ਤੋਂ ਲੈ ਕੇ ਰਾਤ ਦੇ ਸਾਢੇ ਅੱਠ ਵਜੇ ਤੱਕ।

ਨਾਲ ਨਾਲ ਪੰਦਰਾਂ ਵੀਹ ਕਿਲੋਮੀਟਰ ਪੈਦਲ ਯਾਤਰਾ।

ਹੌਂਸਲਾ ਹੀ ਜੁਆਬ ਦੇ ਜਾਂਦਾ। ਹਰ ਵਾਰ ਸੋਚਦਾ ਅਗਲੇ ਵਾਰ ਸਹੀ,ਪਰ ਇਸ ਵਾਰ ਮੇਰਾ ਪਰਮ ਮਿੱਤਰ ਸੁਖਦੇਵ ਤੇ ਉਸ ਦੀ ਪਤਨੀ ਵੀ ਆਏ ਹੋਏ ਸਨ।

ਹਾਲਾਂਕਿ ਉਹਨਾਂ ਮੇਰੇ ਤੋਂ ਪਹਿਲਾਂ ਫ਼ਿਲਮ ਸਿਟੀ ਦੇਖੀ ਹੋਈ ਸੀ ਪਰ ਮੈਨੂੰ ਦਿਖਾਉਣ ਦੇ ਇਰਾਦੇ ਨਾਲ ਉਹ ਵੀ ਦੁਬਾਰਾ ਜਾਣ ਨੂੰ ਤਿਆਰ ਸਨ।

ਅਸੀਂ ਚਾਰੋਂ ( ਮੈਂ ਮੇਰੀ ਪਤਨੀ ਮੰਜੂ ਮਹਿਤਾ, ਸੁਖਦੇਵ ਤੇ ਉਸ ਦੀ ਲੈਕਚਰਾਰ ਪਤਨੀ ਸੁਮਨ) ਸਵੇਰੇ ਹੀ ਤਿਆਰ ਹੋ ਕੇ ਡਰਾਇਵਰ ਲੈ ਕੇ “ਰਾਮੋਜੀ” ਫ਼ਿਲਮ ਸਿਟੀ ਲਈ ਘਰੋਂ ਨਿਕਲ ਗਏ,ਜੋ ਬੇਟੇ ਦੇ ਘਰ ਤੋਂ ਸੱਤਰ ਕੁ ਕਿਲੋਮੀਟਰ ਦੂਰੀ ‘ਤੇ ਸੀ। ਇਹ ਵਾਟ ਅਸੀਂ ਸਵਾ ਕੁ ਘੰਟੇ ਵਿਚ ਮੁਕਾ ਲਈ। ਗੱਡੀ ਨੂੰ ਪਾਰਕਿੰਗ ਸਥਾਨ ‘ਤੇ ਖੜ੍ਹਾ ਕੇ ਅਸੀਂ “ਰਾਮੋਜੀ” ਫ਼ਿਲਮ ਸਿਟੀ ਦੀ ਏ.ਸੀ. ਬੱਸ ਵਿਚ ਸਵਾਰ ਹੋ ਗਏ। ਅਸੀਂ ਪਹਿਲਾਂ ਹੀ ਆਨ-ਲਾਈਨ ਬੁਕਿੰਗ ਕਰ ਕੇ ਗਏ ਸਾਂ ਤੇ ਪੂਰਾ ਪੈਕਿਜ ਸਾਨੂੰ (ਚਾਰ ਬੰਦਿਆਂ ਦਾ) ਬਾਰਾਂ ਹਜ਼ਾਰ, ਇੱਕ ਸੌ ਕੁ ਰੁਪਏ ਵਿਚ ਮਿਲ ਗਿਆ। ਜਿਸ ਵਿਚ ਖਾਣਾ-ਦਾਣਾ, ਚਾਹ-ਪਾਣੀ ਤੇ ਠੰਡਾ- ਤੱਤਾ, ਸਨੈਕਸ ਤੱਕ ਨਾਲ ਸੀ। ਕੋਈ ਜ਼ਿਆਦਾ ਮਹਿੰਗਾ ਨਹੀਂ। ਇਹ ਉਹਨਾਂ ਦੀ ਵੀ.ਆਈ.ਪੀ. ਟਿਕਟ ਸੀ।

ਏ.ਸੀ. ਬੱਸ ਵਿਚ ਹੀ ਉਹਨਾਂ ਨੇ ਸਾਰੇ ਦਿਨ ਲਈ ਗਾਈਡ ਵੀ ਦਿੱਤਾ ਹੋਇਆ ਸੀ ਜੋ ਐਂਟਰੀ ਗੇਟ ਤੋਂ ਹੀ ਕੂਮੈਂਟਰੀ ਕਰ ਕੇ ਸਭ ਕੁਝ ਦੱਸ ਰਿਹਾ ਸੀ।

ਕੋਈ ਦਸ ਕੁ ਕਿਲੋਮੀਟਰ ਜਾਣ ਤੋਂ ਬਾਅਦ ਸੁੱਕੀਆਂ ਪਹਾੜੀਆਂ,ਤੇ ਇੱਕ ਜੰਗਲ ਦੇ ਵਿਚਕਾਰ 1666 ਏਕੜ ਦੇ ਵਿਚ ਫੈਲਿਆ ਫ਼ਿਲਮ ਸਿਟੀ 1991 ਵਿਚ ਇੱਥੋਂ ਦੇ ਸੇਠ ਰਾਮਾ ਰਾਓ ਫਿਲਮੀ ਦੁਨੀਆਂ ਦੇ ਪ੍ਰੀਡੀਊਸਰ / ਡਾਇਰੈਕਟਰ ਨੇ ਖੜ੍ਹਾ ਕੀਤਾ ਸੀ ਤੇ 1998‌ ਵਿਚ ਇਸ ਨੂੰ ਤਿਆਰ ਕਰਨ ਤੋਂ ਬਾਅਦ ਲੋਕਾਂ ਦੀ ਪਹਿਲੀ ਐਂਟਰੀ ਹੋਈ। ਦੁਨੀਆਂ ਦੇ ਸਭ ਤੋਂ ਵੱਡੇ ਫ਼ਿਲਮ ਸਿਟੀ ਤੇ ਗਿੰਨੀਜ਼ ਬੁੱਕ ਵਿਚ ਪਹਿਲੇ ਨੰਬਰ ਤੇ ਨਾਮ ਦਰਜ ਕਰਵਾਉਣ ਵਾਲੇ ਇਸ ਫ਼ਿਲਮ ਸਿਟੀ ਦਾ ਕੋਈ ਸਾਨੀ ਨਹੀਂ।

ਗੱਲ ਹੋ ਰਹੀ ਸੀ ਪਹਿਲੇ ਪ੍ਰਵੇਸ਼ ਦੁਆਰ ਦੀ। ਪੰਦਰਾ ਕੁ ਮਿੰਟਾਂ ਵਿਚ ਏ.ਸੀ. ਬੱਸ ਨੇ ਸਾਨੂੰ “ਰਾਮੋਜੀ” ਫ਼ਿਲਮ ਸਿਟੀ ਦੇ ਪ੍ਰਵੇਸ਼ ਦੁਆਰ ‘ਤੇ ਉਤਾਰ ਦਿੱਤਾ।

ਹੁਣ ਵਾਰੀ ਸੀ ਆਪਣੇ ਸਮਾਨ ਦੀ ਚੈਕਿੰਗ ਕਰਵਾ ਕੇ ਅੰਦਰ ਦਾਖ਼ਲ ਹੋਣ ਦੀ। ਭਾਵੇਂ ਸਾਡੇ ਕੋਲ ਸੁਖਦੇਵ ਤੇ ਬੇਟੇ ਅਭਿਜੀਤ ਦੇ ਤਜਰਬੇ ਅਨੁਸਾਰ ਕੋਈ ਜ਼ਿਆਦਾ ਸਮਾਨ ਨਹੀਂ ਸੀ ਪਰ ਫ਼ੇਰ ਵੀ ਇੱਕ ਪਾਣੀ ਦੀ ਬੋਤਲ, ਛੋਟਾ ਤੋਲੀਆ ਤੇ ਮੋਬਾਇਲ ਚਾਰਜਰ ਉਸ ਵਿਚ ਰੱਖ ਲਿਆ ਸੀ।

ਐਂਟਰੀ ਗੇਟ ‘ਤੇ ਖੜ੍ਹੀ, ਚਾਲੀ ਕੁ ਸਾਲ ਦੀ,ਤਿੱਖੇ ਨੈਣ ਨਕਸ਼ਾਂ ਵਾਲੀ ਸਾਂਵਲੇ ਰੰਗ ਦੀ ਉਸ ਪੁਲਿਸ ਮੁਲਾਜ਼ਮ ਔਰਤ ਨੇ ਪਤਨੀ ਤੇ ਸੁਮਨ ਭਾਬੀ ਦਾ ਪਰਸ ਚੈੱਕ ਕਰ ਕੇ ਪਿਆਰੀ ਜਿਹੀ ਮੁਸਕਰਾਹਟ ਨਾਲ ਖੁਸ਼ਆਮਦੀਦ ਕਿਹਾ ਤਾਂ ਉੱਥੋਂ ਹੀ ਪਤਾ ਲੱਗ ਗਿਆ ਸੀ ਕਿ ਅੱਜ ਦਾ ਦਿਨ ਬਹੁਤ ਖੁਸ਼ਗਵਾਰ ਹੋਣ ਜਾ ਰਿਹਾ ਹੈ। ਸੁਖਦੇਵ ਵੀ ਬਿਨਾਂ ਸਮਾਨ ਤੋਂ ਸੀ ਤੇ ਉਸ ਤੋਂ ਬਾਅਦ ਮੇਰੀ ਵਾਰੀ ਸੀ। ਮੇਰੇ ਮੋਢੇ ‘ਤੇ ਟੰਗੇ ਪਿੱਠੂ ਬੈਗ ਨੂੰ ਦੇਖ ਕੇ ਉਸ ਨੇ ਮੇਰੇ ਵੱਲ ਮੁਸਕਰਾ ਕੇ ਦੇਖਿਆ। ਮੈਂ ਸਮਝ ਗਿਆ ਸਾਂ ਕਿ ਸ਼ਾਇਦ ਉਹ ਮੇਰੀ ਚਾਲ ਢਾਲ ਤੇ ਬੈਗ ਦੇ ਸਟਾਇਲ ਤੋਂ ਕੁਝ ਕੁਝ ਸਮਝ ਗਈ ਸੀ।

ਉਸ ਨੇ ਮੇਰਾ ਬੈਗ ਬਿਨਾਂ ਦੇਖਿਆਂ ਹੀ ਮੈਨੂੰ ਅੰਦਰ ਜਾਣ ਦਿੱਤਾ ਤੇ ਜਾਂਦੇ ਜਾਂਦੇ ਹੀ ਜਦੋਂ ਉਸ ਬੋਲਿਆ,” ਵੈੱਲਕਮ” ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਉਸ ਨੇ ਜਾਨ ਹੀ ਕੱਢ ਲਈ। ਪਤਨੀ ਤੇ ਭਰਜਾਈ ਮੁਸਕਰਾ ਰਹੀਆਂ ਸਨ, ਸੁਖਦੇਵ ਐਂਟਰੀ ਤੋਂ ਅੱਗੇ ਵੀ.ਆਈ.ਪੀ. ਬੁਕਿੰਗ ਦੀਆਂ ਟਿਕਟਾਂ ਦਿਖਾ ਕੇ ਕੂਪਨ ਤੇ ਪ੍ਰਿੰਟਟਿਡ ਟੋਕਣ ਲੈਣ ‘ਚ ਮਸ਼ਰੂਫ ਹੋ ਗਿਆ।

ਟਿਕਟਾਂ ਤੇ ਕੂਪਨ ਬਣਾਉਣ ਵਾਲੇ ਬੰਦਿਆਂ ਦਾ ਬੋਲਣ ਦਾ ਤਰੀਕਾ, ਲਹਿਜ਼ਾ ਕਿਸੇ ਦੀ ਵੀ ਜਾਨ ਕੱਢ ਸਕਦਾ ਸੀ। ਐਨੀ ਕੁ ਮਿਲਣੀ ਦੇ ਵਿਚ ਸਾਨੂੰ ਪਤਾ ਲੱਗ ਗਿਆ ਕਿ ਮਹਿਮਾਨ ਨਿਵਾਜ਼ੀ ਦਾ ਵੱਲ ਇਹਨਾਂ ਲੋਕਾਂ ਤੋਂ ਸਿਖਿਆ ਜਾ ਸਕਦਾ ਹੈ। ਏ.ਸੀ. ਵੇਟਿੰਗ ਰੂਮ ਵਿਚ ਬੈਠਿਆਂ ਪੰਜ ਤੋਂ ਸੱਤ ਕੁ ਮਿੰਟ ਹੀ ਹੋਏ ਸਨ ਕਿ ਸਾਡੀ ਏ.ਸੀ. ਬਸ ਦੀਆਂ ਤੀਹ ਕੁ ਸਵਾਰੀਆਂ ਪੂਰੀਆਂ ਹੋ ਗਈਆਂ। ਇੱਕ ਦੋ ਯਾਦਗਾਰੀ ਫ਼ੋਟੋਆਂ ਖਿੱਚ੍ਹਣ ਤੋਂ ਬਾਅਦ ਅਸੀਂ ਬਸ ਦੀਆਂ ਸੀਟਾਂ ਤੇ ਬੈਠ ਗਏ
ਹੁਣ ਅਸੀਂ ਆਪਣੇ ਪਹਿਲੇ ਪੜਾਅ ਵੱਲ ਵਧਣਾ ਸੀ।
ਚਲਦਾ……

(ਜਸਪਾਲ ਜੱਸੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਅਖਾੜਿਆਂ ਦੇ ਵਿੱਚ