ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ ‘ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਹਰ ਮੋੜ ਤੇ ਸਲੀਬਾਂ
ਹਰ ਮੋੜ ‘ਤੇ ਹਨ੍ਹੇਰਾ
ਫਿਰ ਵੀ ਅਸੀਂ ਨਾ ਰੁਕੇ
ਸਾਡਾ ਵੀ ਵੇਖ ਜੇਰਾ

ਆਉ ਇਸ ਤਰ੍ਹਾਂ ਦੇ ਸ਼ਿਅਰ ਵਾਂਗ ਜਿੰਦਗੀ ਜਿਉਣ ਵਾਲੇ ਲੇਖਕ ਬਾਰੇ ਜਾਣਦੇ ਹਾਂ।ਕਈ ਸਾਲ ਪਹਿਲਾਂ ਆਕਾਸ਼ਵਾਣੀ ਤੇ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮਾਂ ਚ ਸੁਧਾਰ ਲਈ ਚਿੱਠੀਆਂ ਆਮ ਲਿਖਿਆ ਕਰਦਾ ਸੀ,ਮੇਰਾ ਇਹ ਵਿਦਿਆਰਥੀ ਹੈ ਮੈਂ ਇਸ ਨੂੰ ਕਿਹਾ ਤੁਸੀਂ ਚਿੱਠੀਆਂ ਤੋਂ ਚੰਗਾ ਲੇਖ ਲਿਖਣੇ ਚਾਲੂ ਕਰੋ।ਉਸ ਨੇ ਮੇਰਾ ਅਸ਼ੀਰਵਾਦ ਲੈ ਕੇ ਧੜਾ ਧੜ ਅਖਬਾਰਾਂ ਵਿਚ ਲੇਖ ਲਿਖਣੇ ਚਾਲੂ ਕੀਤੇ।ਬਹੁਤ ਜਲਦੀ ਵਾਰਤਿਕ ਦੀ ਪਹਿਲੀ ਕਤਾਰ ਵਿਚ ਜਾ ਖੜ੍ਹਾ ਹੋਇਆ।

ਇੰਨ੍ਹਾਂ ਭਖਦੇ ਮੁੱਦਿਆਂ ਤੇ ਬਹੁਤ ਘੱਟ ਲੇਖਕ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਵਿੱਚ ਕਾਮਯਾਬ ਹੁੰਦੇ ਹਨ ਇਨ੍ਹਾਂ ਕਾਮਯਾਬ ਹੋਣ ਵਾਲੇ ਲੇਖਕਾਂ ਵਿੱਚੋਂ ਇੱਕ ਨਾਮ ਰਮੇਸਵਰ ਸਿੰਘ ਪਟਿਆਲਾ ਜਿੰਨ੍ਹਾਂ ਦੇ ਭੱਖਦੇ ਮੁੱਦਿਆਂ ਉੱਤੇ ਨਿਧੜਕ ਹੋ ਕੇ ਲਿਖੇ ਲੇਖ ਮੈਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦਾ ਹਾਂ ।ਜਿੰਨ੍ਹਾਂ ਨੂੰ ਪੜ੍ਹਨ ਤੋਂ ਬਾਦ ਮਨ ਦੀ ਹਾਲਤ ਪਿੰਜਰੇ ਵਿੱਚ ਫਸੇ ਪੰਛੀ ਵਰਗੀ ਹੋ ਜਾਂਦੀ ਹੈ ਚੀਕ ਦੁਹਾਈ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦਾ।

ਕਿ ਕਿਵੇਂ ਸਾਨੂੰ ਭਰਮਾਂ ਕੇ ਸਾਡੇ ਨਾਲ ਕੀ-ਕੀ ਸ਼ੋਸ਼ਣ ਹੋ ਰਿਹਾ ਹੈ ? ਕਿਵੇ ਸਾਡੀ ਨੋਜਵਾਨੀ ਨੂੰ ਕੁਰਾਹੇ ਪਾਇਆ ਜਾ ਰਿਹਾ ? ਕਿਵੇਂ ਸਾਡੀ ਪੰਜਾਬੀ ਮਾਂ ਬੋਲੀ ਨੂੰ ਖੋਰਾ ਲਾਇਆ ਜਾ ਰਿਹਾ ? ਆਦਿ ਕਈ ਮੁੱਦਿਆਂ ਨੂੰ ਬੇ-ਨਕਾਬ ਕਰਨ ਵਾਲਾ ਲੇਖਕ ਜਿਹਨਾਂ ਨੂੰ ਇੱਕ ਗੀਤਕਾਰ ਹੁੰਦੇ ਹੋਏ ਆਪਣਾ ਬਰਾਬਰ ਦਾ ਸਾਥੀ ਕਹਿਣ ਦਾ ਮਾਣ ਪ੍ਰਾਪਤ ਕਰਦਾ ਹਾਂ।ਮੈਂ ਵੀ ਬਹੁਤ ਲੰਮੇ ਸਮੇਂ ਤੋਂ ਕਲਮ ਨੂੰ ਛੱਡ ਦਿੱਤਾ ਸੀ,ਮੈਨੂੰ ਖ਼ੁਦ ਸਲਾਹ ਦਿੱਤੀ ਬਾਪੂ ਜੀ ਤੁਸੀਂ ਕਲਮ ਚੁੱਕੋ ਦੇਖਣਾ ਤੁਹਾਡੀ ਗੀਤਕਾਰੀ ਕਿਵੇਂ ਦੁਆਰਾ ਚਮਕੇਗੀ ਮੈਂ ਆਪਣੇ ਚੇਲੇ ਦਾ ਕਹਿਣਾ ਮੰਨਣਾ ਤੇ ਹੁਣ ਮੇਰੀ ਕਲਮ ਦੀ ਧੜਾ ਧੜ ਲੋਕ ਸੇਵਾ ਕਰ ਰਹੀ ਹੈ।ਇੱਕ ਦਿਨ ਮੈਨੂੰ ਕਹਿੰਦਾ ਕਿ ਸੰਯੁਕਤ ਕਿਸਾਨ ਮੋਰਚੇ ਬਾਰੇ ਤੁਸੀਂ ਬੋਲੀਆਂ ਲਿਖੋ ਮੈਂ ਤੁਰੰਤ ਸੌ ਕੁ ਬੋਲੀ ਲਿਖ ਦਿੱਤੀ ਮੈਨੂੰ ਮਾਣ ਹੈ ਕਿ ਮੇਰੀਆਂ ਲਿਖੀਆਂ ਬੋਲੀਆਂ ਧਰਨਿਆਂ ਦੇ ਵਿਚ ਆਮ ਸੁਣਾਈਆਂ ਜਾਂਦੀਆਂ ਹਨ ਤੇ ਮੈਨੂੰ ਧਰਨਿਆਂ ਦੇ ਵਿਚ ਸੱਦੇ ਆਉਂਦੇ ਰਹਿੰਦੇ ਹਨ।

ਮੈਂ ਇਸ ਆਪਣੇ ਚੇਲੇ ਜਿਸ ਨੂੰ ਹੁਣ ਖਾਸ ਲੇਖਕ ਕਹਿਣ ਦਾ ਮਾਣ ਮਹਿਸੂਸ ਕਰ ਰਿਹਾ ਹਾਂ,ਉਸ ਦੀ ਜ਼ਿੰਦਗੀ ਬਾਰੇ ਕੁਝ ਜਾਣਕਾਰੀ ਦੇ ਰਿਹਾ ਹਾਂ ।ਆਪ ਨੇ ਦੱਸਿਆ ਮੇਰਾ ਜਨਮ ਪਿੰਡ ਸਹਾਰਨ ਮਾਜਰਾ, ਜਿਲ੍ਹਾ ਲੁਧਿਆਣਾ ਪਿਤਾ ਪ੍ਰੀਤਮ ਸਿੰਘ ਮਾਤਾ ਮਨਜੀਤ ਕੌਰ ਦੀ ਕੁੱਖੋਂ ਸੰਨ 1960 ਨੂੰ ਜੂਨ ਮਹੀਨੇ ਹੋਇਆ ਪਰ ਤਰੀਕ ਦਾ ਸਹੀ ਪਤਾ ਨਹੀਂ। ਆਪ ਦੇ ਮਾਤਾ ਕਹਿੰਦੇ ਸਨ ਕਿ ਜਨਮ ਉਦੋਂ ਹੋਇਆ ਜਦੋਂ ਇਕਾਦਸੀ ਨੂੰ ਠੰਡੀ ਲੱਸੀ ਦੇ ਲੰਗਰ ਲਾਉਂਦੇ ਸੀ ।ਆਪ ਸਧਾਰਨ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਨਾਨਕਾ ਪਿੰਡ ਲੋਹਾਰਾ ਮਾਜਰਾ ,ਜਿਲ੍ਹਾ ਸੰਗਰੂਰ ਵਿਖੇ ਆਪਣਾ ਮਲੂਕ ਬਚਪਨ ਅਤੇ ਜਵਾਨੀ ਦਾ ਤਿੱਖੜ ਦੁਪਹਿਰਾ ਗੁਜਾਰਿਆ।

ਨਾਨਕੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਮੁੱਖ ਆਧਿਆਪਕ ਅਤੇ ਗੀਤਕਾਰ ਹਰਨੇਕ ਸਿੰਘ ਸੋਹੀ ਨੇ ਆਪ ਦੀ ਕਾਬਲੀਅਤ ਨੂੰ ਉਸ ਸਮੇਂ ਪਛਾਣ ਲਿਆ ਜਦੋਂ ਉਹ ਹੋਰ ਸਕੂਲਾਂ ਨੂੰ ਭੇਜਣ ਲਈ ਚਿੱਠੀਆਂ ਲਿਖਣ ਲਈ ਕਹਿੰਦੇ ਸਨ। ਚਿੱਠੀਆਂ ਪੜ੍ਹ ਕੇ ਉਹ ਕਹਿੰਦੇ ਤੂੰ ਇੱਕ ਦਿਨ ਜਰੂਰ ਲੇਖਕ ਬਣੇਗਾ। ਉਸਤੋਂ ਬਾਦ ਆਪਨੇ ਮੋਦੀ ਕਾਲਜ ਪਟਿਆਲਾ ਵਿਖੇ ਬੀ.ਏ. ਦੀ ਡਿਗਰੀ ਕਰਨ ਤੋਂ ਬਾਦ ਮਾਰਚੈਂਟ ਨੇਵੀ ਵਿੱਚ ਨੌਕਰੀ ਦਾ ਜੁਗਾੜ ਕਰ ਲਿਆ ।

ਇਸਤੋਂ ਬਾਦ ਆਪ ਦਾ ਵਿਆਹ ਹੋਇਆ ਅਤੇ ਘਰ ਵਿੱਚ ਇੱਕ ਬੇਟੇ ਗੁਰਇਕ ਸਿੰਘ ਦਾ ਜਨਮ ਹੋਇਆ ਜੋ ਕਾਲਜ ਤੱਕ ਦੀ ਪੜ੍ਹਾਈ ਕਰਨ ਤੋਂ ਬਾਦ ਅੱਗੇ ਪੜ੍ਹਾਈ ਲਈ ਕੈਨੇਡਾ ਵਿੱਚ ਰਹਿ ਰਿਹਾ ਹੈ। ਪਤਨੀ ਬਲਵਿੰਦਰ ਕੌਰ ਸਕੂਲ ਟੀਚਰ ਹੈ ਅਤੇ ਆਪ ਦੀ ਲੇਖਣੀ ਵਿੱਚ ਬਹੁਤ ਮੱਦਦ ਕਰਦੇ ਹਨ ,ਜਿਵੇਂ ਸਮੇਂ ਸਮੇਂ ‘ਤੇ ਚਾਹ-ਪਾਣੀ ਬਣਾ ਕੇ ਦੇਣਾ ,ਮਿਲਣ ਆਏ ਪਾਠਕਾਂ ਲਈ ਨਾਸ਼ਤੇ ਪਾਣੀ ਦਾ ਪ੍ਰਬੰਧ ਕਰਨਾ। ਆਪ ਦੱਸਦੇ ਹਨ ਕਿ ਮੇਰੇ ਲੇਖਾਂ ਪੜ੍ਹਨ ਵਾਲੀ ਮੇਰੀ ਪਹਿਲੀ ਪਾਠਕ ਮੇਰੀ ਪਤਨੀ ਹੈ ।

ਜਿੰਨ੍ਹੇ ਜਿਆਦਾ ਆਪ ਆਪਣੀ ਲੇਖਣੀ ਵਿੱਚ ਸਾਫ ਅਤੇ ਸਪੱਸ਼ਟ ਹਨ ਉਦੋਂ ਜਿਆਦਾ ਉੱਚੀ-ਸੁੱਚੀ ਸਖਸ਼ੀਅਤ ਅਤੇ ਮਿਲਣਸਾਰਤਾ ਵਾਲੇ ਇਨਸਾਨ ਹਨ।ਜਦੋਂ ਆਪ ਤੋਂ ਪੁੱਛਿਆ ਗਿਆ ਕਿ ਆਪ ਕਿਸ ਧਰਮ ਨੂੰ ਮੰਨਦੇ ਹੋ ਤਾਂ ਆਪ ਦਾ ਜਵਾਬ ਸੀ ਕਿ ਮੈਂ ਬਾਬੇ ਨਾਨਕ ਤੋਂ ਸਿਵਾਏ ਹੋਰ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ ਉਨ੍ਹਾਂ ਦੀ ਵਿਚਾਰਧਾਰਾ ਉੱਪਰ ਚੱਲਦਾ ਹਾਂ ਆਪਣੇ ਦੇਸ਼ ਵਾਸੀਆਂ ਨੂੰ ਵੀ ਇਸੇ ਵਿਚਾਰਨ ਨੂੰ ਜੀਵਨ ਵਿੱਚ ਅਪਣਾਉਣ ਲਈ ਕਹਿੰਦਾ ਹਾਂ।

ਆਪ ਨੇ ਲੱਗਭੱਗ ਤਿੰਨ ਦਹਾਕੇ ਮਾਰਚੈਂਟ ਨੇਵੀ ਦੀ ਨੌਕਰੀ ਕੀਤੀ ਅਤੇ ਹੋਰ ਦੇਸ਼ਾਂ ਵਿੱਚ ਸੱਤ ਸਮੁੰਦਰ ਪਾਰ ਘੁੰਮਦਾ ਰਿਹਾ ਅਤੇ ਜਿੰਦਗੀ ਦੀਆਂ ਕਈ ਧੁੱਪਾਂ ਛਾਵਾਂ ਨੂੰ ਆਪਣੇ ਪਿੰਡੇ ਤੇ ਹੰਢਾਇਆ।

ਹੁਣ ਤੱਕ ਆਪ ਭਾਰਤ ਦੇ ਇੱਕ ਸੱਚੇ ਸਪੂਤ ਵਾਂਗ ਸਮਾਜ ਵਿੱਚ ਫੈਲੀਆਂ ਅਣਗਿਣਤ ਅਲਾਮਤਾ ਜੜੋਂ ਉਖਾੜਨ ਦਾ ਪ੍ਰਣ ਕਰ ਚੁੱਕੇ ਹਨ ਤੇ ਕਾਫੀ ਹੱਦ ਤੱਕ ਉਸ ਵਿੱਚ ਸਫਲ ਵੀ ਹੋਏ ਹਨ ਆਪ ਵੱਲੋਂ ਲਿਖੇ ਅਣਗਿਣਤ ਲੇਖਾਂ ਦੇ ਵਿਸ਼ੇ ਨਸ਼ਿਆਂ ਵਿੱਚ ਗਰਕਦੀ ਜਵਾਨੀ ਲਈ ਜਿੰਮੇਵਾਰ ਕੋਣ? ਅਜੋਕੀ ਗਾਇਕੀ ਦਾ ਸੱਚ , ਪੰਜਾਬੀ ਤੋਂ ਦੂਰ ਜਾ ਰਿਹਾ ਦੂਰਦਰਸ਼ਨ, ਸ਼ੋਰ ਪ੍ਰਦੂਸ਼ਣ ਲਈ ਜਿੰਮੇਵਾਰ ਕੌਣ, ਮਹਿੰਗਾਈ, ਬੇਰੁਜਗਾਰੀ, ਸੜਕਾਂ ‘ਤੇ ਪਸ਼ੂਆਂ ਦੀ ਦਹਿਸ਼ਤ ਸਰਕਾਰ ਮੌਨ, ਤਿੜਕ ਰਹੇ ਸਮਾਜਿਕ ਰਿਸ਼ਤੇ ,ਔਰਤਾਂ ਦੀ ਦੁਰਦਸ਼ਾ ਆਦਿ ਪਤਾ ਨਹੀਂ ਕਿੰਨ੍ਹੇ ਅਣਗਿਣਤ ਲੇਖ।

ਇਹਨਾਂ ਦੇ ਕਈ ਲੇਖਾਂ ਨੂੰ ਪੜ੍ਹ ਕੇ ਕਈ ਲੀਡਰਾਂ ,ਬਾਬਿਆਂ,ਦੂਰਦਰਸ਼ਨ ਦੇ ਕਰਮਚਾਰਿਆਂ , ਕਈ ਹੋਰ ਚਮਚਾਗਿਰੀ ਕਰਨ ਵਾਲੇ ਦੇ ਫੋਨ ਆਉਂਦੇ ਹਨ ਪਰ ਆਪ ਦਾ ਜਵਾਬ ਹੁੰਦਾ ਹੈ ਕਿ ਮੈਂ ਬਾਬੇ ਨਾਨਕ ਤੋਂ ਸਵਾਏ ਹੋਰ ਕਿਸੇ ਲੱਲੀ-ਛੱਲੀ ਤੋਂ ਨਹੀਂ ਡਰਦਾ ਇਹ ਗੱਲ ਸਿਰਫ ਆਪ ਦੇ ਕਹਿਣ ਦੀ ਹੀ ਨਹੀ ਆਪ ਦੇ ਲੇਖਾਂ ਅੰਦਰ ਭਲੀ-ਭਾਂਤ ਵੇਖੀ ਜਾ ਸਕਦੀ ਹੈ । ਨਿਰਪੱਖਤਾ,ਨਿੱਡਰਤਾ,ਦਲੇਰੀ ਆਪ ਦੀ ਲੇਖਣੀ ਨੂੰ ਚਾਰ ਚੰਨ ਲਗਾ ਦਿੰਦੇ ਹਨ ਤਾਂ ਹੀ ਤਾਂ ਆਪ ਦੇ ਇਲਾਕੇ ਦੇ ਦੋ ਸ਼ਹਿਰ ਜਿੱਥੇ ਕਦੇ ਕੋਈ ਲਾਊਡ ਸਪੀਕਰ ਨਹੀਂ ਵੱਜਦਾ ਸੁਣਿਆ,ਕਈ ਲੇਖਕ ਜਿੰਨ੍ਹਾਂ ਦੀਆਂ ਲਿਖਤਾਂ ਦੇ ਸਹੀ ਤੱਥ ਸਾਹਮਣੇ ਲਿਆਂਦੇ ਤਾਂ ਮੂੰਹ ‘ਚ ਉਂਗਲਾਂ ਪਵਾ ਦਿੱਤੀਆ ਅਤੇ ਅਖਬਾਰਾਂ ਨੇ ਛਾਪਣੇ ਬੰਦ ਕਰ ਦਿੱਤੇ।

ਜਦੋਂ ਦੂਰਦਰਸ਼ਨ ਸਬੰਧੀ ਲੇਖਾਂ ਬਾਰੇ ਗੱਲ ਹੋਈ ਤਾਂ ਆਪ ਨੇ ਕਿਹਾ ਕਿ ਇਹ ਖੁਦ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ‘ਤੇ ਪ੍ਸਾਰ ਗਲਤ ਕਰ ਰਹੇ ਹਨ ਆਪਣੀਆਂ ਐਂਕਰਾਂ ਦੇ ਵਾਲੇ ਖੁੱਲ੍ਹੇ ਛੱਡ,ਜੇਠ ਹਾੜਾਂ ‘ਚ ਪੈਂਟ ਕੋਟ ਪਾ ਕੇ ਕਿਹੜੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰ ਰਹੇ । ਇਹ ਤਾਂ ਪੰਜਾਬੀ ਮਾਂ ਬੋਲੀ ਦਾ ਜਲੂਸ ਕੱਢ ਰਹੇ ਹਨ ਬਾਕੀ ਰਹਿੰਦੀ ਖੂਹਦੀ ਕਸਰ ਆਹ ਗੀਤਕਾਰ ਤੇ ਗਾਇਕ ਕੱਢੀ ਜਾਂਦੇ ਹਨ । ਪਰ ਆਪ ਦਾ ਕਹਿਣਾ ਹੈ ਜਿੰਨ੍ਹਾਂ ਚਿਰ ਇਸ ਸਰੀਰ ਵਿੱਚ ਸਾਹ ਚੱਲਦੇ ਹਨ ਮੈਂ ਪਿੱਛੇ ਹਟਣ ਵਾਲਾ ਨਹੀਂ।

ਕਈ ਲੇਖਕ ਅਜਿਹੇ ਹੁੰਦੇ ਹਨ ਕਿ ਜਿੰਨਾਂ ਦੀ ਜਿੰਦਗੀ ਬਾਰੇ ਜਾਣ ਕਿ ਇੰਝ ਮਹਿਸੂਸ ਹੁੰਦਾ ਹੈ ਜਿੰਦਗੀ ਹੋਵੇ ਤਾਂ ਏਦਾਂ ਦੀ ਹੋਵੇ ਨਹੀਂ ਤਾਂ ਨਾ ਹੋਵੇ ਅਜਿਹੀ ਫਿਤਰਤ ਦੇ ਮਾਲਕ ਹਨ ਰਮੇਸ਼ਵਰ ਸਿੰਘ ਜੀ ।ਉਨ੍ਹਾਂ ਨੂੰ ਕਾਫੀ ਇਨਾਮ ਸਨਮਾਨ ਦਾ ਮੌਕਾ ਵੀ ਮਿਲਿਆ ਹੈ ਪਰ ਅਸਲੀ ਸਨਮਾਨ ਉਹ ਆਪਣੇ ਸਰੋਤਿਆਂ ਨੂੰ ਮੰਨਦੇ ਹਨ ।ਪਾਠਕਾਂ ਨੂੰ ਮੰਨਦੇ ਹਨ ਜਿੰਨ੍ਹਾਂ ਦੀ ਬਦੌਲਤ ਉਨ੍ਹਾਂ ਨੂੰ ਲਿਖਣ ਲਈ ਹੌਸਲਾ ਮਿਲਦਾ ਹੈ ।ਅੱਜ ਕੱਲ੍ਹ ਤੋਰੀ ਫੁਲਕੇ ਦਾ ਜੁਗਾੜ ਕੁਝ ਜ਼ਮੀਨ ਦਾ ਠੇਕਾ ਆ ਜਾਂਦਾ ਹੈ ਤੇ ਕੁਝ ਮੇਰੀ ਪੈਨਸ਼ਨ ਜਿੰਦਗੀ ਬਹੁਤ ਖੁਸ਼ਨੁਮਾਂ ਦੋਸਤਾਂ ਮਿੱਤਰਾਂ ਤੇ ਪਾਠਕਾਂ ਦੀਆਂ ਦੁਆਵਾਂ ਨਾਲ ਗੁਜਰ ਰਹੀ ਹੈ।

ਸ਼ਾਲਾ !ਭਾਰਤ ਦੇ ਇਸ ਸੱਚੇ ਸਪੂਤ ਦੀ ਉਮਰ ਲੋਕ ਗੀਤਾਂ ਜਿੰਨੀ ਲੰਬੀ, ਕਲਮ ਲਈ ਸ਼ਬਦਾਂ ਦੇ ਭਰੇ ਸਮੁੰਦਰ , ਹਿੰਮਤ ਅਤੇ ਦਲੇਰੀ ਦਾ ਖੁੱਲ੍ਹਾ ਆਸਮਾਨ ਅਤੇ ਪਾਠਕਾਂ ਦੇ ਪਿਆਰ ਦੇ ਵਹਿੰਦੇ ਝਰਨੇ ਹਮੇਸ਼ਾ ਵਹਿੰਦੇ ਰਹਿਣ ।

ਆਖੀਰ ਵਿੱਚ ਉਹ ਆਪਣੇ ਪਾਠਕਾਂ , ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਚੰਗੇ ਲੇਖਕਾਂ ਨੂੰ ਇਸ ਸੇਅਰ ਰਾਹੀਂ ਸੁਨੇਹਾ ਇਉਂ ਦਿੰਦੇ ਹਨ :

ਮਿਸ਼ਾਲਾਂ ਬਾਲ ਕੇ ਰੱਖਣਾ
ਜਦੋਂ ਤੱਕ ਰਾਤ ਬਾਕੀ ਹੈ

ਗੀਤਕਾਰ ਮੂਲ ਚੰਦ ਸ਼ਰਮਾ

ਪੰਜਾਬੀ ਸਾਹਿਤ ਸਭਾ ਧੂਰੀ

ਸੰਗਰੂਰ ਸੰਪਰਕ ਨੰਬਰ-9914836037

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਦਾ ਨਾਮ ਰੌਸ਼ਨ ਕਰਨ ਵਾਲੀ:- ਸੋਨੀਆ ਪਾਲ “
Next articleਕੁਲ ਹਿੰਦ ਕਿਸਾਨ ਸਭਾ ਦੀ ਅਹਿਮ ਮੀਟਿੰਗ ਹੋਈ