ਰਾਸ਼ਟਰੀ ਵਿਗਿਆਨ ਦਿਵਸ ਤੇ ਰਮਨ ਪ੍ਰਭਾਵ

(ਸਮਾਜ ਵੀਕਲੀ)-ਜਿਵੇਂ ਜਿੰਦਗੀ ਦੇ ਹਰ ਖੇਤਰ ਦੀ ਪ੍ਰਸਿੱਧੀ ਉਸ ਵਿਚ ਯੋਗਦਾਨ ਪਾਉਣ ਵਾਲੇ ਸਿਦਕਵਾਨ ਅਤੇ ਸਿਰੜੀ ਕਿਸਮ ਦੇ ਬੰਦਿਆ ਸਦਕਾ ਹੁੰਦੀ ਹੈ।ਭਾਰਤ ਵਿਚ ਅਣਗੌਲੇ ਵਿਗਿਆਨ ਦੇ ਖੇਤਰ ਨੂੰ ਵੀ ਅੰਤਰਰਾਸ਼ਟਰੀ ਪੱਧਰ ਤੇ ਪਹਿਚਾਣ ਪ੍ਰੋ: ਸੀ.ਵੀ.ਰਮਨ ਜਿਹੇ ਜਨੂੰਨੀ ਅਤੇ ਸਵੈ-ਵਿਸ਼ਵਾਸ਼ੀ ਵਿਗਿਆਨੀ ਸਦਕਾ ਮਿਲੀ।ਜਿਸ ਦੀ ਮਿਸਾਲੀ ਦੇਣ ਜਰੀਏ ਹੀ ਭਾਰਤ ਦੇ ਗੁਲਾਮ ਹੁੰਦੇ ਵੀ 1930 ਵਿੱਚ ਰਾਸਟਰੀ ਵਿਗਿਆਨ ਦਿਵਸ ਮਨਾਉਣਾ ਆਰੰਭ ਕੀਤਾ ਗਿਆ ਅਤੇ ਸੰਬੰਧਿਤ ਵਿਗਿਆਨੀ ਦੇ ਨਾਂ ਤੇ ਹੀ “ਰਮਨ ਪ੍ਰਭਾਵ” ਪੂਰੀ ਦੁਨੀਆਂ ਵਿੱਚ ਪ੍ਰਚਲਿਤ ਹੋ ਗਿਆ।ਇਹੀ ਵਜਾ ਹੈ ਕਿ ਪ੍ਰੋ.ਸੀ.ਵੀ.ਰਮਨ ਵਿਗਿਆਨ ਦੇ ਖੇਤਰ ਵਿਚ ਨੋਬੇਲ ਇਨਾਮ ਜਿੱਤਣ ਵਾਲਾ ਕੇਵਲ ਪਹਿਲਾ ਭਾਰਤੀ ਹੀ ਨਹੀਂ ਬਲ ਕਿ ਪਹਿਲਾ ਏਸ਼ੀਅਨ ਅਤੇ ਗੈਰ-ਗੋਰਾ ਵੀ ਹੈ।ਇਸ ਤੋਂ ਵੀ ਅੱਗੇ ਉਹ ਇਕੱਲੇ ਤੌਰ ਤੇ ਨੋਬੇਲ ਜਿੱਤਣ ਵਾਲਾ ਦੁਨੀਆਂ ਦਾ ਪਹਿਲਾ ਵਿਗਿਆਨੀ ਹੋ ਨਿਬੜਿਆ।

ਬਚਪਨ ਤੋਂ ਹੀ ਉਹ ਸਰੀਰਕ ਤੌਰ ਤੇ ਭਾਵੇਂ ਕਮਜੋਰ ਪਰ ਜ਼ਿਹਨੀ ਪੱਧਰ ਤੇ ਵਿਸ਼ੇਸ਼ ਪ੍ਰਤੀਭਾ ਦਾ ਮਾਲਕ ਸੀ।ਉਹ ਸ਼ੁਰੂ ਤੋਂ ਹੀ ਕੁਦਰਤੀ ਵਰਤਾਰਿਆਂ ਨੂੰ ਮਾਨਣ ਦੀ ਬਜਾਏ ਉਨ੍ਹਾਂ ਨੂੰ ਤਾਰਕਿਕ ਬੁੱਧੀ ਨਾਲ ਸਮਝਣ ਦੀ ਕੋਸ਼ਿਸ਼ ਕਰਦਾ।ਉਸ ਦੀ ਇਸ ਦਿਲਚਸਪੀ ਨੂੰ ਭੌਤਿਕ ਵਿਗਿਆਨ ਦੇ ਲੈਕਚਰਾਰ ਲੱਗੇ ਉਸ ਦੇ ਪਿਤਾ ਤੋਂ ਵੀ ਹੱਲਾਸ਼ੇਰੀ ਮਿਲਦੀ ਰਹਿੰਦੀ।ਇਸ ਤਰ੍ਹਾਂ
ਵਿਗਿਆਨ ਦੀਆਂ ਕਿਤਾਬਾਂ ਪੜ੍ਹਨ ਦੀ ਚੱਸ ਵੀ ਉਸ ਦੀ ਘਰ ਤੋਂ ਹੀ ਪੂਰੀ ਹੋ ਜਾਂਦੀ।ਉਸ ਦੀ ਅਤਿ ਸੂਖਮ ਬੁੱਧੀ ਅਤੇ ਵਿਲੱਖਣ ਪ੍ਰਤੀਭਾ ਦਾ ਇੱਥੋਂ ਪਤਾ ਚੱਲਦਾ ਹੈ ਕਿ ਮਹਿਜ 11 ਸਾਲ ਦੀ ਉਮਰ ਵਿੱਚ ਹੀ ਉਸ ਨੇ ਪਹਿਲੀ ਸ਼੍ਰੇਣੀ ਵਿੱਚ ਦਸਵੀਂ ਪਾਸ ਕਰ ਲਈ।13 ਸਾਲ ਦੀ ਉਮਰ ਵਿਚ F.A. ਦਾ ਵਜੀਫ਼ਾ ਲੈ ਲਿਆ ਅਤੇ 16 ਸਾਲ ਦੀ ਉਮਰ ਤੱਕ ਗਰੈਜੂਏਸ਼ਨ (ਪਹਿਲੀ ਸ੍ਰੇਣੀ)ਵਿਚ ਪਾਸ ਕਰ ਲਈ।ਇਸ ਸਮੇਂ ਦੌਰਾਨ ਉਸ ਦਾ ਖੋਜ ਕਾਰਜ ਵਿੱਚ ਰੁਝਾਨ ਵਧਦਾ ਗਿਆ।ਪਰ ਸ਼ਾਦੀ ਹੋਣ ਕਰਕੇ ਗ੍ਰਹਿਸਥੀ ਚਲਾਉਣ ਲਈ ਉਸ ਨੇ I.F.S(Indian finance service)ਦਾ ਵਕਾਰੀ ਟੈਸਟ ਦੇਸ ਭਰ ਵਿਚ ਅੱਵਲ ਰਹਿ ਕੇ ਪਾਸ ਕੀਤਾ ਅਤੇ ਇਸ ਤਰ੍ਹਾਂ ਸਭ ਤੋਂ ਛੋਟੀ ਉਮਰ ਦਾ ਅਸਿਸਟੈਂਟ ਅਕਾਊਂਟ ਜਨਰਲ ਬਣਿਆ।ਭਾਵੇਂ ਇਹ ਨੌਕਰੀ ਉਸ ਲਈ ਐਸ਼ੋ-ਅਰਾਮ ਵਾਲੀ ਅਤੇ ਮਜਬੂਰ ਆਰਥਿਕਤਾ ਵਾਲੀ ਸੀ,ਪਰ ਸੀਨੇ ਖਿੱਚ ਜਿੰਨਾ ਨੇ ਖਾਧੀ ਉਹ ਕਰ ਅਰਾਮ ਨਹੀਂ ਵਹਿੰਦੇ ਬੋਲਾਂ ਨੂੰ ਸੱਚ ਕਰਦਿਆਂ ਖੋਜ ਕਾਰਜ ਲਈ ਉਸ ਦੀ ਤਾਂਘ ਹੋਰ ਪ੍ਰਬਲ ਹੁੰਦੀ ਗਈ।ਇੱਕ ਦਿਨ ਜਦੋਂ ਕੰਮ ਤੋਂ ਆਉਦਿਆਂ ਉਸ ਨੇ ਰਸਤੇ ਵਿੱਚ “ਇੰਡੀਅਨ ਐਸੋਸੀਏਸ਼ਨ ਕਲਟੀਵੇਸ਼ਨ ਆਫ ਸਾਇੰਸ” ਦਾ ਸਾਈਨ ਬੋਰਡ ਲੱਗਿਆ ਦੇਖਿਆ,ਤਾਂ ਉਹ ਚਲਦੀ ਟਰਾਮ ਚੋਂ ਹੀ ਛਾਲ ਮਾਰ ਕੇ ਉਸ ਦੇ ਦਫਤਰ ਜਾ ਵੜਿਆ ਅਤੇ ਖੋਜ ਸੰਬੰਧੀ ਆਪਣੀ ਰੂਚੀ ਪ੍ਰਗਟ ਕੀਤੀ।

ਉੱਥੋਂ ਦੇ ਪ੍ਰਬੰਧਕਾਂ ਨੇ ਉਸ ਦੀ ਬੇਨਤੀ ਪ੍ਰਵਾਨ ਕਰ ਲਈ ਕਿ ਉਹ ਸ਼ਾਮ ਵੇਲੇ ਲੈਬ ਵਿੱਚ ਆ ਕੇ ਆਪਣਾ ਖੋਜ ਕਾਰਜ ਕਰ ਸਕਦਾ ਹੈ।ਇਸ ਤੋਂ ਪਹਿਲਾਂ ਉਸ ਦਾ ਪਹਿਲਾ ਖੋਜ ਪੱਤਰ ਫਿਲੋਸਾਫੀਕਲ ਮੈਗਜ਼ੀਨ ਵਿੱਚ ਪ੍ਰੈਜੀਡੈਂਸੀ ਕਾਲਜ ਤੋਂ ਐਮ.ਏ.(ਭੌਤਿਕ ਵਿਗਿਆਨ ) ਕਰਦਿਆਂ ਹੀ 1906 ਵਿੱਚ ਛਪ ਚੁੱਕਿਆ ਸੀ।ਪਹਿਲਾਂ ਪਹਿਲਾਂ ਉਸ ਦਾ ਖੋਜ ਕਾਰਜ ਸੰਗੀਤਕ ਯੰਤਰਾਂ ਤੇ ਅਧਾਰਿਤ ਧੁਨੀ ਵਿਗਿਆਨ ਹੀ ਰਿਹਾ, ਜਿਸ ਵਿੱਚ ਉਸ ਨੇ ਭਾਵੇਂ ਨਿੱਠ ਕੇ ਕੰਮ ਕੀਤਾ ਪਰ ਉਸ ਦੀ ਵਿਗਿਆਨ ਦੀ ਦੁਨੀਆਂ ਵਿੱਚ ਪ੍ਰਸਿੱਧੀ ਖੱਟਣ ਵਾਲੀ ਖੋਜ ਅਜੇ ਉਸ ਦਾ ਇੰਤਜਾਰ ਕਰ ਰਹੀ ਸੀ।ਇਸ ਸਮੇਂ ਦੌਰਾਨ ਉਸ ਦੇ ਖੋਜ ਕਾਰਜ ਨੂੰ ਵੇਖਦਿਆਂ ਪ੍ਰੈਜੀਡੈਂਸੀ ਕਾਲਜ ਵਲੋਂ ਉਸ ਨੂੰ ਭੌਤਿਕ ਵਿਗਿਆਨ ਵਿੱਚ ਪ੍ਰੋਫੈਸਰੀ ਦੀ ਆਫਰ ਆ ਗਈ ਜੋ ਉਸ ਨੇ ਆਪਣੇ ਜਨੂੰਨ ਸਾਹਮਣੇ ਚੰਗੇ ਮੁਨਾਫ਼ੇ ਵਾਲੀ ਐਕਾਊਂਟੈਂਟ ਦੀ ਨੌਕਰੀ ਠੁਕਰਾ ਕੇ ਉਸ ਤੋਂ ਅੱਧੇ ਪੈਸਿਆਂ ਵਾਲੀ ਪ੍ਰੋਫੈਸਰੀ ਸਵੀਕਾਰ ਕਰ ਲਈ।ਇਸ ਨੌਕਰੀ ਲਈ ਇੱਕ ਸ਼ਰਤ ਇਹ ਸੀ ਕਿ ਆਪਣੇ ਖੋਜ ਕਾਰਜ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਉਸ ਨੂੰ ਹੋਰਨਾਂ ਦੇਸਾਂ ਵਿੱਚ ਵੀ ਜਾਣਾ ਪਵੇਗਾ।ਪਰ ਰਮਨ ਇਸ ਗੱਲ ਤੇ ਬਜਿੱਦ ਰਿਹਾ ਕਿ ਹੋਰਨਾਂ ਮੁਲਕਾਂ ਦੇ ਖੋਜਾਰਥੀ ਇੰਡੀਆ ਕਿਉਂ ਨਹੀਂ ਆ ਸਕਦੇ.?ਪਰ ਜਲਦੀ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਨਿਰੰਤਰ ਅਧਿਐਨ ਅਤੇ ਖੋਜ ਕਾਰਜ ਲਈ ਅੰਤਰਾਸ਼ਟਰੀ ਮੇਲ-ਮਿਲਾਪ ਜਰੂਰੀ ਹੈ।ਇਸੇ ਸਿਲਸਿਲੇ ਵਿੱਚ ਜਦੋਂ ਉਹ 1921 ਵਿੱਚ ਲੰਡਨ ਐਕਸਫੋਰਡ ਯੂਨੀਵਰਸਿਟੀ ਵਿਖੇ ਸਮੁੰਦਰੀ ਜਹਾਜ਼ ਰਾਹੀਂ ਜਾ ਰਿਹਾ ਸੀ,ਤਾਂ ਸਮੁੰਦਰ ਦੇ ਨੀਲੇ ਰੰਗ ਦੇ ਪਾਣੀ ਨੂੰ ਦੇਖ ਕੇ ਬੜਾ ਅਚੰਭਿਤ ਹੋਇਆ।ਭਾਵੇਂ ਇਸ ਬਾਰੇ ਉਸ ਨੇ ਵਿਗਿਆਨੀ ਰੇਲੇਅ ਦੀ ਇਹ ਟਿੱਪਣੀ ਸੁਣ ਰੱਖੀ ਸੀ ਕਿ ਨੀਲੇ ਅਸਮਾਨ ਦੇ ਪਰਛਾਵੇਂ ਕਾਰਨ ਹੀ ਸਮੁੰਦਰ ਦੇ ਪਾਣੀ ਦਾ ਰੰਗ ਵੀ ਨੀਲਾ ਹੁੰਦਾ ਹੈ,ਪਰ ਉਸ ਦਾ ਯਕੀਨ ਅਤੇ ਸਵੈ-ਵਿਸ਼ਵਾਸ ਰੇਲੇਅ ਦੀ ਇਸ ਟਿੱਪਣੀ ਨੂੰ ਚੁਣੌਤੀ ਦੇ ਰਿਹਾ ਸੀ।

ਇਸ ਲਈ ਉਸ ਨੇ ਲੰਡਨ ਤੋਂ ਪਰਤਦਿਆਂ ਹੀ ਇਸ ਵਿਸ਼ੇ ਉਪਰ ਖੋਜ ਆਰੰਭ ਦਿੱਤੀ।ਲਗਾਤਾਰ 7 ਸਾਲ ਤੱਕ ਉਹ ਪ੍ਰਕਾਸ਼ ਦੇ ਪਦਾਰਥ ਉੱਪਰ ਟਕਰਾਅ ਦੇ ਤਜ਼ਰਬੇ ਕਰਦਾ ਰਿਹਾ।ਇੱਕ ਦਿਨ ਪ੍ਰੇਖਣ ਕਰਦਿਆਂ ਜਦੋਂ ਉਸ ਨੇ ਸ਼ੁੱਧ ਗਲਿਸਰੀਨ ਉੱਪਰ ਨੀਲੇ ਰੰਗ ਦਾ ਪ੍ਰਕਾਸ਼ ਮਾਰਿਆ ਤਾਂ ਉਸ ਨੇ ਨੋਟ ਕੀਤਾ ਕਿ ਖਿੰਡਣ ਵਾਲੇ ਪ੍ਰਕਾਸ਼ ਦਾ ਰੰਗ ਗੂੜ੍ਹਾ ਹਰਾ ਸੀ।ਇਸ ਬਾਰੇ ਉਸ ਦਾ ਲੇਖ ਅਮਰੀਕਾ ਦੇ ਪ੍ਰਸਿੱਧ ਵਿਗਿਆਨਿਕ ਰਸਾਲੇ ਨੇਚਰ ਵਿੱਚ ਵੀ ਛਪਿਆ।ਪ੍ਰਕਾਸ਼ ਦੇ ਖਿੰਡਾਅ ਵਰਤਾਰੇ ਉੱਪਰ ਹੀ ਹੋਰ ਕੰਮ ਕਰਦਿਆਂ ਉਸ ਨੇ ਸੂਰਜੀ ਪ੍ਰਕਾਸ਼ ਦੇ ਪਦਾਰਥਾਂ ਦੇ ਵੱਖ -2 ਰੂਪ ਠੋਸ,ਤਰਲ ਅਤੇ ਗੈਸ ਉੱਪਰ ਆਪਣੇ ਪਰੇਖਣ ਜਾਰੀ ਰੱਖੇ ਅਤੇ ਨਵੇਂ -2 ਸਿੱਟੇ ਕੱਢਦਾ ਰਿਹਾ।ਇੱਕ ਵਾਰੀ 28 ਫਰਵਰੀ 1928 ਨੂੰ ਮਰਕਰੀ ਲੈਂਪ ਨਾਲ ਤਜਰਬੇ ਕਰਦਿਆਂ ਉਸ ਨੇ ਵੇਖਿਆ ਕਿ ਜਦੋਂ ਪ੍ਰਕਾਸ਼ ਦੇ ਕਣ ਪਦਾਰਥਾਂ ਦੇ ਅਣੂਆਂ ਨਾਲ ਟਕਰਾਉਂਦੇ ਹਨ ਤਾਂ ਜਾਂ ਤਾਂ ਪ੍ਰਕਾਸ਼ ਦੇ ਕਣ ਪਦਾਰਥ ਦੇ ਅਣੂਆਂ ਤੋਂ ਕੁੱਝ ਊਰਜਾ ਗ੍ਰਹਿਣ ਕਰ ਲੈਂਦੇ ਹਨ ਜਾਂ ਕੁੱਝ ਊਰਜਾ ਪਦਾਰਥਾਂ ਦੇ ਅਣੂਆਂ ਨੂੰ ਦੇ ਦਿੰਦੇ ਹਨ,ਜਿਸ ਕਰਕੇ ਰੌਸ਼ਨੀ ਦੇ ਕਣਾਂ ਦੀ ਊਰਜਾ ਘਟ ਜਾਂ ਵਧ ਜਾਂਦੀ ਹੈ ਅਤੇ ਰੰਗ ਬਦਲ ਜਾਂਦਾ ਹੈ।ਰਮਨ ਨੇ ਇਸ ਖੋਜ ਬਾਰੇ ਪ੍ਰੈਸ ਵਿੱਚ ਖੁਲਾਸਾ ਕੀਤਾ।ਐਸੋਸਿਏਟ ਪ੍ਰੈਸ ਆਫ ਇੰਡੀਆ ਨੇ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ।ਉਸ ਦੀ ਇਸ ਵਿਲੱਖਣ ਲੱਭਤ ਤੇ ਅਧਾਰਤ ਇੱਕ ਲੇਖ ਵੀ ਨੇਚਰ ਰਸਾਲੇ ਵਿਚ ਛਪਿਆ।ਜਿਸ ਕਰਕੇ ਰਮਨ ਦੀ ਇਸ ਖੋਜ ਦੀ ਪੂਰੀ ਦੁਨੀਆਂ ਵਿੱਚ ਧੂੰਮ ਪੈ ਗਈ।ਵਿਗਿਆਨੀਆਂ ਨੇ ਇਸ ਨੂੰ “ਰਮਨ ਪ੍ਰਭਾਵ” ਦਾ ਨਾਂ ਦਿੱਤਾ।

ਉਸ ਨੂੰ ਸਰ ਦੇ ਖਿਤਾਬ ਨਾਲ ਨਿਵਾਜਿਆ ਗਿਆ।10 ਦਸੰਬਰ 1930 ਨੂੰ ਉਸ ਨੂੰ ਸਵੀਡਨ ਦੇ ਕਰਸਰਟ ਹਾਲ ਵਿਚ ਉਸ ਦੇ “ਰੋਸ਼ਨੀ ਖਿੰਡਾਓ” ਸਿਧਾਂਤ ਤੇ ਅਧਾਰਤ “ਰਮਨ ਪ੍ਰਭਾਵ” ਲੱਭਤ ਸਦਕਾ ਸਰਵਉੱਚ ਮਾਣ “ਨੋਬੇਲ ਇਨਾਮ” ਨਾਲ ਨਿਵਾਜਿਆ ਗਿਆ।ਇਸ ਤਰ੍ਹਾਂ ਇਹ ਸਧਾਰਨ ਜਿਹੀ ਦਿੱਖ ਵਾਲਾ ਮਾੜਚੂ ਜਿਹੇ ਸਰੀਰ ਦਾ ਹਮੇਸ਼ਾ ਪਗੜੀਧਾਰੀ ਰਹਿਣ ਵਾਲਾ ਸ਼ੁੱਧ ਸਾਕਾਹਾਰੀ ਅਤੇ ਨਸ਼ਾ ਰਹਿਤ ਭਾਰਤੀ “ਵਿਸ਼ਵੀ ਵਿਗਿਆਨ ਜਗਤ” ਦਾ ਧਰੂੰ ਤਾਰਾ ਬਣ ਗਿਆ।ਜਿਸ ਦੀ ਖੋਜ ਦਾ ਐਨਾ ਅਸਰ ਹੋਇਆ ਕਿ ਜਿਵੇਂ ਮੱਧ ਕਾਲ ਵਿਚ ਗੋਸ਼ਟੀ ਕਰਦਿਆਂ ਗੋਰਖ ਮੱਤਾ ਨਾਨਕ ਮੱਤਾ ਪੈ ਗਿਆ ਉਸੇ ਤਰ੍ਹਾਂ ਆਧੁਨਿਕ ਕਾਲ ਵਿਚ ਰੇਲੇ ਪ੍ਰਭਾਵ ਵੀ ਰਮਨ ਪ੍ਰਭਾਵ ਵਿੱਚ ਬਦਲ ਗਿਆ।
ਸਮਾਪਤ
ਰਣਬੀਰ ਜਖੇਪਲ 98551-07500

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿੰਗਾਈ ਨੇ ਵਿਗਾੜਿਆ ਰਸੋਈ ਦਾ ਬਜਟ
Next articleਸੰਤ ਬਾਬਾ ਨਿਹਾਲ ਸਿੰਘ ਦੀ ਯਾਦ ‘ਚ ਦੋ ਰੋਜਾ ਸਲਾਨਾ ਟੂਰਨਾਮੈਂਟ ਦੀ ਭਾਰੀ ਉਤਸਾਹ ਨਾਲ ਹੋਈ ਅਰੰਭਤਾ