(ਸਮਾਜ ਵੀਕਲੀ) ਮੈਂ ਪਹਿਲਾ ਪੀਰੀਅਡ ਲਗਾ ਕੇ ਸੱਤਵੀਂ ਕਲਾਸ ਦੇ ਕਮਰੇ ‘ਚੋਂ ਬਾਹਰ ਨਿਕਲਣ ਹੀ ਲੱਗਾ ਸੀ ਕਿ ਇੱਕ ਦਮ ਦੀਪਾ ਮੇਰੇ ਕੋਲ ਆ ਕੇ ਖੜ੍ਹ ਗਿਆ ਤੇ ਆਖਣ ਲੱਗਾ,” ਸਰ ਜੀ, ਮੈਨੂੰ ਅੱਜ ਦੀ ਛੁੱਟੀ ਚਾਹੀਦੀ ਆ।”
” ਪਰ ਕਿਉਂ? ਤੂੰ ਹਾਲੇ ਘੰਟਾ ਕੁ ਪਹਿਲਾਂ ਤਾਂ ਘਰ ਤੋਂ ਆਇਆਂ।” ਮੈਂ ਆਖਿਆ।
” ਜੀ ਮੇਰੀ ਮੰਮੀ ਨੇ ਸ਼ਹਿਰ ਨੂੰ ਕਿਸੇ ਜ਼ਰੂਰੀ ਕੰਮ ਜਾਣਾ ਆਂ।”
” ਫੇਰ ਤੂੰ ਘਰ ਜਾ ਕੇ ਕੀ ਕਰਨਾ?”
” ਜੀ ਮੇਰਾ ਡੈਡੀ ਇਟਲੀ ਗਿਆ ਹੋਇਐ। ਮੇਰੀ ਮੰਮੀ ਦੇ ਜਾਣ ਪਿੱਛੋਂ ਮੇਰੀ ਭੈਣ ਨੇ ਘਰ ਕੱਲੀ ਰਹਿ ਜਾਣਾ ਆਂ। ਮੇਰੀ ਮੰਮੀ ਕਹਿੰਦੀ ਸੀ ਕਿ ਤੂੰ ਛੁੱਟੀ ਲੈ ਕੇ ਘਰ ਆ ਜਾਵੀਂ ਤੇ ਆਪਣੀ ਭੈਣ ਕੋਲ ਰਹੀਂ। ਅੱਜ ਕੱਲ੍ਹ ਜ਼ਮਾਨਾ ਬੜਾ ਭੈੜਾ ਆ ਗਿਐ। ਲੋਕ ਕਿਸੇ ਦੀ ਧੀ,ਭੈਣ ਨੂੰ ਆਪਣੀ ਧੀ,ਭੈਣ ਨਹੀਂ ਸਮਝਦੇ।”
” ਤੇਰੀ ਭੈਣ ਜਿਹੜੀ ਦੋ ਸਾਲ ਪਹਿਲਾਂ ਸਾਡੇ ਕੋਲੋਂ ਦਸਵੀਂ ਪਾਸ ਕਰਕੇ ਗਈ ਆ, ਤੂੰ ਉਸ ਦੀ ਗੱਲ ਕਰਦਾ ਆਂ।”
” ਹਾਂ ਸਰ ਜੀ, ਉਸ ਦੀ।”
ਮੈਂ ਦੀਪੇ ਨੂੰ ਛੁੱਟੀ ਤਾਂ ਦੇ ਦਿੱਤੀ, ਪਰ ਇਹ ਸੋਚਣ ਲੱਗ ਪਿਆ ਕਿ ਦੀਪੇ ਦੀ ਮੰਮੀ ਆਪਣੀ ਅਠਾਰਾਂ ਸਾਲ ਦੀ
ਜਵਾਨ ਕੁੜੀ ਨੂੰ ਕਮਜ਼ੋਰ ਤੇ ਨਿਹੱਥੀ ਕਿਉਂ ਸਮਝਦੀ ਸੀ, ਜਦ ਕਿ ਉਹ ਆਪਣੀ ਰਾਖੀ ਖ਼ੁਦ ਕਰ ਸਕਦੀ ਸੀ।ਅੱਜ ਕੱਲ੍ਹ ਕੁੜੀਆਂ ਤਾਂ ਮੁੰਡਿਆਂ ਨਾਲੋਂ ਵੱਧ ਸਾਹਸੀ ਤੇ ਹਿੰਮਤੀ ਹਨ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly