ਮੋਹਾਲੀ, (ਸਮਾਜ ਵੀਕਲੀ) ਗੁਰਭਿੰਦਰ ਗੁਰੀ:- ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਹਾਦਸੇ ਤੋਂ ਬਾਅਦ ਹੌਲੀ-ਹੌਲੀ ਸੁਧਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚ ਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਪਰਿਵਾਰ ਨੂੰ ਹੌਂਸਲਾ ਦਿੱਤਾ। ਸੀਐੱਮ ਮਾਨ ਨੇ ਡਾਕਟਰਾਂ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਬੀਤੇ ਦਿਨਾਂ ਰਾਜਵੀਰ ਦੇ ਦਿਲ ਅਤੇ ਕੁਝ ਹੋਰ ਅੰਗ ਪ੍ਰਭਾਵਿਤ ਹੋਏ ਸਨ, ਪਰ ਹੁਣ ਹਾਲਤ ਵਧੀਆ ਵੱਲ ਵੱਧ ਰਹੀ ਹੈ। ਚਾਰ ਲਾਈਫ ਸਪੋਰਟ ਸਿਸਟਮਾਂ ‘ਚੋਂ ਸਿਰਫ਼ ਇੱਕ ਹੀ ਬਚੀ ਹੈ ਅਤੇ ਹਾਰਟ ਬੀਟ ਸਥਿਰ ਹੋ ਚੁੱਕੀ ਹੈ। ਹਾਲਾਂਕਿ ਸਿਰ ਦੀ ਗੰਭੀਰ ਚੋਟ ਕਾਰਨ ਸੁਧਾਰ ਦੀ ਗਤੀ ਹੌਲੀ ਹੈ। ਐਮਆਰਆਈ ਅਤੇ ਹੋਰ ਟੈਸਟ ਜਾਰੀ ਹਨ, ਜਦਕਿ ਪੀਜੀਆਈ ਦੇ ਵਿਸ਼ੇਸ਼ਗਿਆਨਾਂ ਤੋਂ ਵੀ ਸਲਾਹ ਲਈ ਜਾ ਰਹੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਰਾਜਵੀਰ ਦੇ ਮਾਤਾ-ਪਿਤਾ ਅਤੇ ਪਤਨੀ ਨੂੰ ਹੁਣ ਉਮੀਦ ਜiਗੀ ਹੈ। ਉਨ੍ਹਾਂ ਨੇ ਕਿਹਾ, “ਪਰਿਵਾਰ ਦੀਆਂ ਦੁਆਵਾਂ ਅਤੇ ਲੋਕਾਂ ਦੀਆਂ ਅਰਦਾਸਾਂ ਨਾਲ਼ ਜਵੰਦਾ ਜ਼ਰੂਰ ਠੀਕ ਹੋ ਕੇ ਵਾਪਸ ਆਏਗਾ ਤੇ ਪੰਜਾਬੀ ਬੋਲੀ-ਸੱਭਿਆਚਾਰ ਨੂੰ ਵਿਸ਼ਵ ਪੱਧਰ ‘ਤੇ ਮਾਣ ਬਖ਼ਸ਼ੇਗਾ।” ਰਾਜਵੀਰ ਜਵੰਦਾ ਦੇ ਸਾਥੀ ਕਲਾਕਾਰ ਵੀ ਹਸਪਤਾਲ ਪਹੁੰਚ ਰਹੇ ਹਨ ਅਤੇ ਪਰਿਵਾਰ ਦਾ ਮਨੋਬਲ ਵਧਾ ਰਹੇ ਹਨ। ਇਸ ਮੌਕੇ ਸੀਐੱਮ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਝੂਠੀਆਂ ਅਫਵਾਹਾਂ ਤੋਂ ਬਚਿਆ ਜਾਵੇ, ਕਿਉਂਕਿ ਇਹ ਪਰਿਵਾਰ ਨੂੰ ਹੋਰ ਦੁੱਖੀ ਕਰਦੀਆਂ ਹਨ। ਡਾਕਟਰਾਂ ਵੱਲੋਂ ਰੋਜ਼ਾਨਾ ਅਧਿਕਾਰਕ ਬੁਲੇਟਿਨ ਜਾਰੀ ਕੀਤੇ ਜਾ ਰਹੇ ਹਨ, ਜੋ ਸਹੀ ਜਾਣਕਾਰੀ ਦਾ ਸਰੋਤ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



