(ਸਮਾਜ ਵੀਕਲੀ)
ਕੱਲ ਦੀ ਸੇਬਾਂ ਦੇ ਟਰੱਕ ਦੇ ਪਲਟਣ ਤੇ ਸੇਬ ਚੋਰੀ ਕਰਨ ਦੀ ਇੱਕ ਵੀਡੀਓ ਬਹੁਤ ਨਸ਼ਰ ਹੋ ਰਹੀ। ਇਹ ਟਰੱਕ ਰਾਜਪੁਰੇ ਤੋਂ ਥੋੜ੍ਹੀ ਦੂਰ ਸਰਹਿੰਦ ਵੱਲ ਨੂੰ ਨੈਸ਼ਨਲ ਹਾਈਵੇਅ ਤੇ ਉਲਟਿਆ ਤੇ ਆਲੇ ਦੁਆਲੇ ਦੇ ਲੋਕਾਂ ਨੇ, ਰਾਹਗੀਰਾਂ ਨੇ ਸੇਬਾਂ ਦੀਆਂ ਪੇਟੀਆਂ ਚੁੱਕ ਲਈਆਂ ਤੇ ਆਪਣੇ ਘਰਾਂ ਨੂੰ ਤੁਰਦੇ ਬਣੇ। ਅਸਲ ਚ ਇਹ ਚੋਰੀ ਵੀ ਹੈ ਤੇ ਲੁੱਟ ਵੀ ਹੈ। ਸਾਨੂੰ ਪੰਜਾਬੀ ਹੋਣ ਅਤੇ ਇਸ ਇਲਾਕੇ ਦੇ ਹੋਣ ਕਾਰਨ ਨਮੋਸ਼ੀ ਅਤੇ ਸ਼ਰਮਿੰਦਗੀ ਝੱਲਣੀ ਪੈ ਰਹੀ ਹੈ। ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਡਰਾਈਵਰ ਦਾ ਧਿਆਨ ਕੀਤਾ ਜਾਂਦਾ ਕਿ ਉਹ ਠੀਕ ਹੈ। ਜੇ ਉਹਦੇ ਸੱਟ ਲੱਗੀ ਹੁੰਦੀ ਤਾਂ ਉਸਦਾ ਇਲਾਜ ਕਰਵਾਇਆ ਜਾਂਦਾ ਤੇ ਉਹਦਾ ਹੌਸਲਾ ਵਧਾਇਆ ਜਾਂਦਾ। ਪਰ ਲੋਕਾਂ ਨੇ ਕਮੀਨਗੀ ਵਿਖਾਈ।
ਇਹ ਭੁੱਲ ਗਏ ਕਿ ਅਸੀਂ ਬਾਬੇ ਨਾਨਕ ਦੇ ਚਲਾਏ ਲੰਗਰਾਂ ਦੇ ਤੇ ਭਾਈ ਘਨੱਈਆ ਦੇ ਮੈਦਾਨੇ ਜੰਗ ਚ ਜਖਮੀ ਹੋਏ ਦੁਸ਼ਮਣਾਂ ਨੂੰ ਪਾਣੀ ਪਿਆਉਣ ਵਾਲੇ ਦੇ ਵਾਰਸ ਹਾਂ। ਜੋ ਕਿਰਦਾਰ ਸਾਡੇ ਲੋਕਾਂ ਨੇ ਅੱਜ ਸੇਬ ਚੋਰੀ ਕਰ ਕੇ ਵਿਖਾਇਆ ਹੈ ਉਹ ਨਿੰਦਣਯੋਗ ਤੇ ਸ਼ਰਮਿੰਦਗੀ ਭਰਿਆ ਹੈ। ਕੁੱਝ ਦਿਨਾਂ ਬਾਅਦ ਸਾਡੇ ਇਲਾਕੇ ਚ ਤਾਂ ਸਰਹਿੰਦ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਜਾਣਾ ਹੈ ਤੇ ਟਰੱਕ ਪਲਟਣ ਵਾਲੀ ਥਾਂਵੇਂ ਤੇ ਸਾਰੀ ਸੜਕ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਲੰਗਰ ਲਗਾਏ ਜਾਣੇ ਹਨ। ਪਰ ਲੋਕ ਪਤਾ ਨਹੀਂ ਕਿਉਂ ਕਿਸੇ ਦੁਖੀ ਦੁਖਿਆਰੇ ਦੀ ਬਾਂਹ ਛੱਡ ਕੇ ਲਾਲਚ ਦੀ ਬਾਂਹ ਫੜ ਰਹੇ ਹਨ। ਕਰੋਨਾ ਕਾਲ ਅਤੇ ਕਿਸਾਨ ਮੋਰਚੇ ਦੌਰਾਨ ਲਗਾਏ ਲੰਗਰਾਂ ਨੇ ਸਾਰੀ ਦੁਨੀਆਂ ਵਿੱਚ ਸਾਡੀ ਪੱਗ ਦੀ ਸ਼ਾਨ ਵਧਾਈ ਸੀ। ਸਾਨੂੰ ਇਨ੍ਹਾਂ ਚੰਗਿਆਈ ਵਾਲੇ ਰਸਤਿਆਂ ਤੇ ਹੀ ਚੱਲਣਾ ਚਾਹੀਦਾ ਹੈ।
ਜਿੱਥੇ ਇੱਕ ਪਾਸੇ ਟਰੱਕ ਨੂੰ ਲੁੱਟਿਆ ਗਿਆ ਤੇ ਗਰੀਬ ਟਰੱਕ ਡਰਾਈਵਰ ਕੁਰਲਾ ਉੱਠਿਆ ਕਿ ਇਸ ਨੁਕਸਾਨ ਦੀ ਭਰਪਾਈ ਉਹ ਕਿਵੇਂ ਕਰੇਗਾ? ਫਿਰ ਉਹਦੀ ਬਾਂਹ ਪਟਿਆਲੇ ਵਾਲੇ ਰਾਜ ਵਹੀਕਲਜ਼ ( ਮੋਟਰਜ਼ ) ਨੇ ਤੇ ਰਾਜਵਿੰਦਰ ਸਿੰਘ ਦੇ ਦੋਸਤ ਗੁਰਪ੍ਰੀਤ ਸਿੰਘ ਨੇ ਫੜੀ। ਰਾਜਵਿੰਦਰ ਸਿੰਘ ਤੇ ਜਸਕਰਨ ਸਿੰਘ ਮੇਰੇ ਅਤੇ ਤਿਰਲੋਕ ਜੌਹਲ ਦੇ ਕਾਲਜ ਦੇ ਜਮਾਤੀ, ਸਾਡੇ ਪਿਆਰੇ ਦੋਸਤ ਜਸਵੀਰ ਸਿੰਘ ਕੌੜਾ ਦੇ ਭਾਣਜੇ ਹਨ ਅਤੇ ਸਾਨੂੰ ਵੀ ਮਾਮਾ ਜੀ ਹੀ ਕਹਿੰਦੇ ਹਨ। ਅਸੀਂ ਸਾਰੇ ਪਰਿਵਾਰ ਆਪਸ ਵਿੱਚ ਮਿਲਦੇ ਵਰਤਦੇ ਹਾਂ। ਇਨ੍ਹਾਂ ਮੁੰਡਿਆਂ ਨੇ ਕਿਸਾਨੀ ਪਿਛੋਕੜ ਤੋਂ ਆ ਕੇ ਦਿਨ ਰਾਤ ਮਿਹਨਤ ਕਰ ਕੇ ਰਿਸਕ ਲੈ ਕੇ ਆਪਣਾ ਕੰਮਕਾਰ ਵਧਾਇਆ। ਇਹ ਮੈਂ ਆਪਣੇ ਸਾਹਮਣੇ ਵੇਖਿਆ ਹੈ ਜੋ ਹੋਰਨਾਂ ਲਈ ਇੱਕ ਉਧਾਰਨ ਹੈ।
ਅੱਜ ਕੱਲ ਇਨ੍ਹਾਂ ਕੋਲ ਮਹਿੰਦਰਾ ਐਂਡ ਮਹਿੰਦਰਾ ਦੀਆਂ ਪਟਿਆਲੇ, ਸੰਗਰੂਰ, ਰੋਪੜ ਤੇ ਮੋਹਾਲੀ ਚੰਡੀਗੜ੍ਹ ਚ ਏਜੰਸੀਆਂ ਹਨ ਅਤੇ ਸਾਡੇ ਇਲਾਕੇ ਦੇ ਵੱਡੇ ਬਿਜ਼ਨਸ ਦੇ ਮਾਲਕ ਹਨ। ਅੱਜ ਵੀ ਉਨ੍ਹਾਂ ਦੇ ਪੈਰ ਜ਼ਮੀਨ ਤੇ ਹਨ ਤੇ ਸਭ ਵੱਡੇ ਛੋਟੇ ਨੂੰ ਨਿਮਰਤਾ ਨਾਲ ਮਿਲਦੇ ਹਨ। ਆਪਣੇ ਘਰ ਦੇ ਬੱਚੇ ਜਦੋਂ ਕਿਸੇ ਚੰਗੇ ਮੁਕਾਮ ਤੇ ਪਹੁੰਚਦੇ ਹਨ ਤਾਂ ਬਹੁਤ ਸਹਾਰਾ ਹੁੰਦਾ ਹੈ। ਦੋ ਕੁ ਸਾਲ ਪਹਿਲਾਂ ਅਸੀਂ ਮੋਹਾਲੀ ਨੂੰ ਜਾ ਰਹੇ ਸਾਂ ਕਿ, ਸ਼ਾਮ ਦਾ ਵੇਲਾ ਸੀ ਤਾਂ ਰਸਤੇ ਚ ਅਚਾਨਕ ਗੱਡੀ ਦੇ ਮੋਹਰਲੇ ਪਈਏ ਤਾ ਬਾਇਰੰਗ ਟੁੱਟ ਕੇ ਗੱਡੀ ਜਾਮ ਹੋ ਗਈ। ਮੈਂ ਬਹੁਤ ਮੁਸ਼ਕਲ ਨਾਲ ਗੱਡੀ ਸਾਈਡ ਤੇ ਲਗਾ ਕੇ ਰਾਜਵਿੰਦਰ ਨੂੰ ਫੋਨ ਕੀਤਾ ਕਿ ਮਾਮੇ ਦੀ ਗੱਡੀ ਫਸ ਗਈ। ਮੈਂ ਥਾਂ ਸਮਝਾਈ ਤੇ ਸਾਡੀ ਗੱਡੀ ਚੁੱਕ ਕੇ ਲਿਜਾਣ ਦਾ ਅਤੇ ਸਾਡੇ ਲਈ ਹੋਰ ਗੱਡੀ ਦਾ ਇੰਤਜ਼ਾਮ ਹੋ ਗਿਆ।
ਜੋ ਪਿਆਰ ਸਤਿਕਾਰ ਅਤੇ ਅਪਣੈਹਤ ਭਰੀ ਗੱਲ ਸੀ। ਅੱਜ ਜਦੋਂ ਸਾਰੇ ਪਾਸਿਓਂ ਸੇਬ ਚੋਰਾਂ ਨੂੰ ਲਾਹਨਤਾਂ ਪੈ ਰਹੀਆਂ ਹਨ ਤੇ ਗਰੀਬ ਡਰਾਈਵਰ ਵਿਲਕ ਰਿਹਾ ਹੈ ਤਾਂ ਰਾਜ ਵਹੀਕਲਜ਼ ਨੇ ਉਸ ਡਰਾਈਵਰ ਦੀ ਬਾਂਹ ਫੜ ਕੇ, ਨੁਕਸਾਨ ਦੀ ਭਰਪਾਈ ਦੀ ਜ਼ਿੰਮੇਵਾਰੀ ਲੈ ਕੇ ਇਹ ਵਿਖਾ ਦਿੱਤਾ ਹੈ ਕਿ ਪੰਜਾਬ ਚ ਇਨਸਾਨੀਅਤ ਅਜੇ ਜਿਉਂਦੀ ਹੈ। ਕੁੱਝ ਲੋਕਾਂ ਕਾਰਨ ਸਮੂਹ ਪੰਜਾਬੀਆਂ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ। ਪੈਸੇ ਤਾਂ ਬਹੁਤ ਲੋਕਾਂ ਕੋਲ ਹਨ ਪਰ ਇਹੋ ਜਿਹੇ ਵੇਲੇ ਕੋਈ ਮਨ ਚ ਦੂਜੇ ਦਾ ਦਰਦ ਸਮਝਣ ਵਾਲਾ ਹੀ ਨਿੱਤਰਦਾ ਹੈ। ਰਾਜਵਿੰਦਰ ਹੁਰਾਂ ਨੇ ਇਹ ਸ਼ਲਾਘਾਯੋਗ ਕੰਮ ਕਰ ਕੇ ਆਪਣੇ ਮਾਪਿਆਂ ਦਾ, ਆਪਣੇ ਮਾਮਿਆਂ ਸ੍ਰ ਕਸ਼ਮੀਰ ਸਿੰਘ ਕੌੜਾ, ਸ੍ਰ ਜਸਵੀਰ ਸਿੰਘ ਕੌੜਾ ਦਾ, ਸਾਡਾ ਸਾਰਿਆਂ ਦਾ ਤੇ ਖਾਸ ਕਰਕੇ ਪੰਜਾਬ ਦਾ ਦੇਸ਼ ਦੁਨੀਆਂ ਚ ਮਾਣ ਵਧਾਇਆ ਹੈ। ਇਹ ਨੌਜਵਾਨ ਇਸੇ ਤਰ੍ਹਾਂ ਸੇਵਾ ਦੇ ਕੰਮ ਕਰਦੇ ਰਹਿਣ ਅਤੇ ਖੁਸ਼ੀਆਂ, ਖੁਸ਼ਹਾਲੀਆਂ ਮਾਨਣ।
ਜਸਵੰਤ ਸਿੰਘ ਪੂਨੀਆਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly