ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ) ਜਗਦੇਵ ਸ਼ਰਮਾ ਬੁਗਰਾ ਦੀ ਹਥਲੀ ਪੁਸਤਕ ‘ਗੁਆਚੀਆਂ ਜ਼ਮੀਰਾਂ’ ਪਲੇਠਾ ਕਹਾਣੀ ਸੰਗ੍ਰਹਿ ਹੈ। ਕਾਵਿ ਖੇਤਰ ਵੱਲੋਂ ਕਹਾਣੀ ਵੱਲ ਤੁਰਿਆ ਜਗਦੇਵ ਸ਼ਰਮਾ ਪਹਿਲਾ ਕਾਵਿ ਸੰਗ੍ਰਹਿ ‘ਗੁਫ਼ਤਗੂ ਬਾਕੀ ਹੈ’ ਲੈ ਕੇ ਸਾਹਿਤ ਦੇ ਪਿੜ ਅੰਦਰ ਦਾਖਲ ਹੋਇਆ ਹੈ। ਸਾਹਿਤ ਜਗਤ ਵਿੱਚ ਵਾਰਤਕ ਵਿਧਾ ਅੰਦਰ ਉਪ ਵਿਧਾਵਾਂ ਕਹਾਣੀ ਮਿੰਨੀ ਕਹਾਣੀ ਨਿੱਕੀ ਕਹਾਣੀ ਨਿਬੰਧ ਵਿਅੰਗ ਆਦਿ ਸ਼ਾਮਲ ਹਨ। ‘ਗੁਆਚੀਆਂ ਜ਼ਮੀਰਾਂ’ ਵਿੱਚ ਲੇਖਕ ਨੇ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਇਸ ਪੁਸਤਕ ਦੀ ਸਿਰਜਣਾ ਕੀਤੀ ਹੈ। ਜਿਸ ਵਿੱਚ ਉਸ ਨੇ ਪੰਚਵੰਜਾ ਕਹਾਣੀਆਂ ਦੀ ਉਸਾਰੀ ਕੀਤੀ ਹੈ। ਇਹ ਪੁਸਤਕ ਵਿਚਲੀਆਂ ਕਹਾਣੀਆਂ ਆਕਾਰ ਅਨੁਸਾਰ ਵੱਧਦੇ ਰੂਪ ਨਾਲ ਤਰਤੀਬ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਭਾਵੇਂ ਲੇਖਕ ਆਪ ਮੰਨਦਾ ਹੈ ਕਿ ਇਹ ਕਹਾਣੀਆਂ ਕਲਪਨਾ ਅਧਾਰਤ ਹਨ। ਇਸ ਪੁਸਤਕ ਦੀ ਭੂਮਿਕਾ ਪੰਜਾਬ ਰਤਨ ਅਤੇ ਪ੍ਰਸਿੱਧ ਨਾਵਲਕਾਰ ਓਮ ਪ੍ਰਕਾਸ਼ ਗਾਸੋ ਨੇ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਲੇਖਕ ਨੂੰ ‘ਜ਼ਮੀਰ’ ਕਹਾਣੀ ਦੇ ਆਧਾਰ ’ਤੇ ਪੁਸਤਕ ਦਾ ਨਾਂ ‘ਗੁਆਚੀਆਂ ਜ਼ਮੀਰਾਂ’ ਰੱਖਣ ਦਾ ਸੁਝਾਅ ਦਿੱਤਾ ਹੈ।
ਕਿਸੇ ਵੀ ਰਚਨਾ ਦਾ ਮੁੱਖ ਉਦੇਸ਼ ਸਮਾਜ ਦੀ ਪ੍ਰਤੀਨਿਧਤਾ ਕਰਦਿਆਂ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਇਸ ਢੰਗ ਨਾਲ ਪੇਸ਼ ਕਰਨਾ ਹੁੰਦਾ ਹੈ ਜਿਸ ਨਾਲ ਸਮਾਜ ਨੂੰ ਕੋਈ ਸੇਧ ਮਿਲ ਸਕੇ। ਕਹਾਣੀਆਂ ਚਾਹੇ ਯਥਾਰਥ ਨਾਲ ਸਬੰਧ ਰੱਖਦੀਆਂ ਹੋਣ ਜਾਂ ਕਲਪਨਾ ਨਾਲ। ਦੂਜੀ ਗੱਲ ਕਹਾਣੀ ਦਾ ਆਕਾਰ ਛੋਟਾ ਹੋਵੇ ਜਾਂ ਵੱਡਾ ਮੁੱਖ ਮਕਸਦ ਘਟਨਾ ਦਾ ਫੋਕਸ ਨਿਰਧਾਰਤ ਕਰਨਾ ਹੁੰਦਾ ਹੈ ਕਿ ਕਹਾਣੀ ਵਿਚਲਾ ਥੀਮ ਕੀ ਹੈ। ਇਸ ਪੁਸਤਕ ਦਾ ਪਾਠ ਕਰਦਿਆਂ ਪੁਸਤਕ ਵਿੱਚ ਲਈਆਂ ਗਈਆਂ ਵਿਸੰਗਤੀਆਂ ਗਰੀਬੀ ਰਾਜਨੀਤਕ ਵਰਤਾਰਾ ਆਰਥਿਕਤਾ ਸਮਾਜਿਕ ਧਾਰਮਿਕ ਪੱਖ ਦੇ ਨਾਲ ਬੇਰੁਜਗਾਰੀ ਧਰਨੇ ਰਸਮੋਂ-ਰਿਵਾਜ ਵਹਿਮ-ਭਰਮ ਨਸ਼ਾ ਆੰਤਕਵਾਦ ਦੀ ਪੀੜ ਤੰਗੀ ਤੁਰਸ਼ੀ ਅਤੇ ਕਿਆਮਤ ਆਦਿ ਦੇ ਅਧਾਰਤ ਸਿਰਜਣਾ ਕੀਤੀ ਗਈ ਹੈ।
‘ਬਾਪ ਦਾ ਕਤਲ’ ਕਹਾਣੀ ਸਾਡੀ ਪੂਰਤੀ ਲਈ ਕੁਝ ਕਰ ਗੁਜਰਨ ਦਾ ਦਿ੍ਰਸ਼ਟਾਂਤ ਪੇਸ਼ ਕਰਦੀ ਹੈ। ਨਸ਼ੇ ਲਈ ਪਿਓ ਦਾ ਕਤਲ ਕਰਨ ਦਸਦਾ ਹੈ ਕਿ ਨਸ਼ੇੜੀ ਬੰਦਾ ਕਿਸ ਹੱਦ ਤੱਕ ਜਾ ਸਕਦਾ ਹੈ। ਕਹਾਣੀ ‘ਰੋਟੀ’ ਅਤੇ ‘ਚੁੱਪ ਦੀ ਆਵਾਜ਼’ ਡੁੰਘੀ ਰਮਜ਼ ਪੇਸ਼ ਕਰਦੀ ਹੈ। ‘ਲਾਈਨ ਦੇ ਦੂਜੇ ਪਾਸੇ’ ਫ਼ਰਜ ਅਤੇ ਮੰਗਦੇ ਵਖਰੇਵੇਂ ਨੂੰ ਦਰਸਾਉਂਦੀ ਹੈ। ਅਮੀਰ ਅਤੇ ਪੜ੍ਹੇ-ਲਿਖੇ ਪਾਤਰਾਂ ਵਲੋਂ ਆਪਣੇ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿੱਚ ਭੇਜਣਾ ਅਤੇ ਵਿਦੇਸ਼ ਗਏ ਬੱਚਿਆਂ ਵਲੋਂ ਆਪਣੇ ਪਰਿਵਾਰ ਦੀ ਸਾਰ ਨਾ ਲੈਣਾ ਵੀ ਸਮਾਜ ਦੀ ਇੱਕ ਤਰਾਸਦੀ ਹੈ। ਜੋ ਚਲਨ ਆਮ ਹੀ ਦੇਖਣ ਵਿੱਚ ਆ ਰਿਹਾ ਹੈ। ਕਹਾਣੀ ‘ਹਲੂਣਾ’ ਏਕ ਨੂਰ ਤੋਂ ਬਹੁ-ਨੂਰ ਜਾਤ-ਪਾਤ ਦੀ ਗਾਥਾ ਸਿਰਜਦੀ ਹੈ। ‘ਅਨੂਠਾ ਪਿਆਰ’ ਵਿਚਲੇ ਪਾਤਰ ਵਲੋਂ ਪਿਆਰ ਦੀ ਪ੍ਰੀਭਾਸ਼ਾ ਦਾ ਬਖਾਨ ਕਰਦਿਆਂ ਦੱਸਿਆ ਗਿਆ ਹੈ ਕਿ ਪਿਆਰ ਸਿਰਫ ਹਕੀਕੀ ਜਾਂ ਮਿਜਾਜੀ ਨਹੀਂ ਹੁੰਦਾ ਸਗੋਂ ਭੈਣ-ਭਰਾ ਵਿੱਚ ਵੀ ਪਿਆਰ ਹੁੰਦਾ ਹੈ ਪਰ ਸਮਾਜ ਪਿਆਰ ਦੀ ਪ੍ਰੀਭਾਸ਼ਾ ਨੂੰ ਗਲਤ ਢੰਗ ਨਾਲ ਲੈਂਦਾ ਹੈ। ਜਿਵੇਂ ਪਾਤਰ ਮਨਜੀਤ ਉਰਫ਼ ਜੀਤੀ ਆਪਣੇ ਪਤੀ ਅਮਰੀਕ ਅਤੇ ਨੂਰ ਤਿ੍ਰਪਤ ਕੌਰ ਦੇ ਸਬੰਧਾਂ ਨੂੰ ਸਮਝਦੀ ਰਹੀ।
‘ਅਣਪਛਾਤੀ ਲਾਸ਼’ ਕਹਾਣੀ ਜਵਾਨੀ ਦੇ ਜੋਸ਼ ਵਿੱਚ ਲਏ ਗਏ ਫੈਸਲੇ ਅਕਸਰ ਗਲਤ ਸਾਬਤ ਕਰਨ ਦਾ ਯਤਨ ਕਰਦੀ ਹੈ। ਪਾਤਰ ਚਰਨਜੀਤ ਅਤੇ ਭੰਵਰਦੀਪ ਦੇ ਪਿਆਰ ਦੇ ਹਵਾਈ ਵਾਅਦੇ ਉਹਨਾਂ ਨੂੰ ਘਰੋਂ ਬੇਘਰ ਅਤੇ ਫਿਰ ਚਰਨਜੀਤ ਨੂੰ ਜੀ.ਬੀ ਰੋਡ ਦਿੱਲੀ ਦੇ ਕੋਠੇ ਤੱਕ ਕਿਵੇਂ ਪਹੁੰਚਾਉਂਦੇ ਹਨ ਨੌਜਵਾਨ ਪੀੜੀ ਨੂੰ ਸੁਚੇਤ ਕਰਨ ਲਈ ਸਹਾਈ ਹੋ ਸਕਦੀ ਹੈ। ਪਾਤਰ ਭੰਵਰਦੀਪ ਦੀ ਲਾਸ਼ ਅਣਪਛਾਤੀ ਕਿਵੇਂ ਸਿੱਧ ਹੁੰਦੀ ਹੈ ਇੱਕ ਦਰਦ ਨੂੰ ਜਨਮ ਦਿੰਦੀ ਹੈ। ਪੁਸਤਕ ਵਿੱਚਲੀ ਇੱਕ ਕਹਾਣੀ ‘ਗਿਰਗਟ ਦੇ ਰੰਗ’ ਆਪਣੇ ਆਪ ਵਿੱਚ ਇਕੋ ਵਿਸ਼ੇ ਨਾਲ ਸਬੰਧਤ ਪੰਜ ਕਹਾਣੀਆਂ ਸਮੋਂਦੀ ਹੈ ਜਿਹੜੀਆਂ ਰਾਜਨੀਤਕ ਸੱਚ ਬਿਆਨ ਕਰਦੀਆਂ ਹਨ। ਲੇਖਕ ਨੇ ‘ਜ਼ਮੀਰ’ ਕਹਾਣੀ ਵਿੱਚ ਭਿਖਾਰੀ ਨਸ਼ੇੜੀ ਡੇਰਾਵਾਦ ਵਰਗੀਆਂ ਅਲਾਮਤਾਂ ਨੂੰ ਪਾਠਕਾਂ ਸਾਹਮਣੇ ਧਰਦੀ ਹੈ। ਕਹਾਣੀ ‘ਤਿੰਨ ਸੌ ਸੱਤ ਇਕਵੰਜਾ ਛੱਬੀ ਤਿੰਨ ਸੌ ਦੋ’ ਪਾਠਕਾਂ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਇਹ ਭਾਰਤੀ ਕਾਨੂੰਨ ਦੀਆਂ ਭਾਰਤੀ ਦੰਡਾਵਲੀ ਦੀਆਂ ਧਾਰਵਾਂ ਹਨ ਜੋ ਤਿੰਨ ਸੌ ਸੱਤ ਸੱਤ ਇਕਵੰਜਾ ਤਿੰਨ ਸੌ ਛੱਬੀ ਅਤੇ ਤਿੰਨ ਸੌ ਦੋ ਵਜੋਂ ਜਾਣੀਆਂ ਜਾਂਦੀਆਂ ਹਨ ਪਰ ਕਹਾਣੀ ਇੱਕ ਵੱਖਰੀ ਵਿਆਖਿਆ ਕਰਦੀ ਹੈ ਜਿਸ ਵਿੱਚ ਇਹ ਪੁਲਿਸ ਇੰਸਪੈਕਟਰ ਦਾ ਮੋਬਾਇਲ ਨੰਬਰ ਦੱਸਦੀ ਹੈ ( 307-51-26302) ਕਹਾਣੀ ਦਿਲਚਸਪ ਹੈ ਪਰ ਇਹ ਡਿਫੈਂਸ ਸਰਵਿਸ ਵਿੱਚ ਆਉਂਦੀ ਹੈ। ਇਕ ਥਾਂ ਇਹ ਲਿਖਣਾ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਸਬੰਧਤ ਅਧਿਕਾਰੀਆਂ ਨੂੰ ‘ਅਗਲੇ ਹੁਕਮਾਂ ਤੱਕ’ ਅਦਾਲਤ ਬਰਖਾਸਤ ਕੀਤੀ ਜਾਂਦੀ ਹੈ ਦਾ ਕੀ ਅਰਥ ਹੋ ਸਕਦਾ ਹੈ। ਜਦੋਂ ਅਦਾਲਤ ਵਲੋਂ ਫੈਸਲਾ ਸੁਣਾਇਆ ਜਾ ਚੁੱਕਾ ਹੈ ਤਾਂ ਫਿਰ ਅਗਲੇ ਹੁਕਮ ਕਿਹੜੇ? ਇਹ ਸਮਝਣ ਦੀ ਲੋੜ ਹੈ।
ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਅਤੇ ਰਿਸ਼ਤਿਆਂ ਵਿੱਚ ਉਤਪੰਨ ਹੁੰਦੇ ਹਊਮੈ ਕਾਰਨ ਹੁੰਦੇ ਨੁਕਸਾਨਾਂ ਵੱਲ ਇਸ਼ਾਰਾ ਕਰਦੀ ਕਹਾਣੀ ਹੈ ‘ਲਹੂ ਸਫੈਦ’। ‘ਤੇ ਸ਼ਾਂਤੀ ਮਰ ਗਈ’ ਜੰਮੂ-ਕਸ਼ਮੀਰ ਦੀਆਂ ਵਾਦੀਆਂ ਵਿੱਚ ਪੈਦਾ ਹੋਏ ਆੰਤਕਵਾਦ ਵੱਲ ਤੁਰਦੀ ਹੈ। ਉੱਥੋਂ ਦੇ ਹਾਲਾਤਾਂ ਦੀ ਜਾਣਕਾਰੀ ਦਿੰਦਿਆਂ ਮਨੁੱਖਤਾ ਨੂੰ ਮਹੱਤਵ ਦੇਣ ਵਾਲੀ ਹੈ। ਇਸੇ ਤਰ੍ਹਾਂ ਧਰਮ ਦੀ ਗੱਲ ਕਰਦੀ ਕਹਾਣੀ ‘ਘੁਸਪੈਠ’ ਹੈ।
ਕਹਾਣੀਕਾਰ ਨੇ ਕਹਾਣੀ ‘ਨਜ਼ਰੀਆ’ ਵਿੱਚ ਸ਼ਬਦ ‘ਤੁੰਨ’ ਦਾ ਪ੍ਰਯੋਗ ਕੀਤਾ ਹੈ ਹਾਲਾਂ ਕਿ ਕਹਾਣੀ ਅਨੁਸਾਰ ਜੇਲ੍ਹ ਅੰਦਰ ਤੁੰਨ ਦੀ ਥਾਂ ਭੇਜਣਾ ਡਕਣਾ ਆਦਿ ਵਰਤਿਆ ਜਾ ਸਕਦਾ ਹੈ। ਨਾਲ ਵਿੱਚ ਸਿਆਸੀ ਚਾਲ ਚਲ ਕੇ ਗਰੀਬ ਨੂੰ ਛੱਡ ਕੇ ਅਮੀਰ ਕਿਵੇਂ ਜੇਲ੍ਹ ਤੋਂ ਬਾਹਰ ਆ ਜਾਂਦਾ ਹੈ। ਇੱਕ ਭੇਦ ਦੱਸਣ ਦਾ ਯਤਨ ਕੀਤਾ ਹੈ। ‘ਭਾਵੀ ਮਾਲ ਸੱਭਿਆਚਾਰ’ ਹਾਸੋ-ਹੀਣੀ ਗੱਲ ਕਰਦੀ ਹੈ। ‘ਬਾਬਾ ਤੇ ਜੰਟਾ’ ਸਿਰਲੇਖ ਹੇਠ ਤਿੰਨ ਕਹਾਣੀਆਂ ਸਿਰਜਦੀ ਹੈ। ਜਿਨ੍ਹਾਂ ਦੀ ਸ਼ੁਰੂਆਤ ਵੀ ਇੱਕੋ ਪੈਟਰਨ ਨਾਲ ਹੁੰਦੀ ਹੈ। ਕਹਾਣੀ ‘ਸਵਰਗ ਨਰਕ’ ਵਿੱਚ ਇੱਕੋ ਪਿੰਡ ਵਿਆਹੀਆਂ ਸਹੇਲੀਆਂ ਦਾ ਮਿਲਾਪ ਅਠਾਰਾਂ-ਵੀਹ ਸਾਲ ਬਾਅਦ ਦਿਖਾਉਣਾ ਅਤੇ ਪਿੰਡ ਵਿੱਚ ਬਿਸ਼ਨੀ ਦੇ ਮੁੰਡੇ ਦਾ ਬੁੱਤ ਲਗਣ ਬਾਰੇ ਲਛਮੀ ਨੂੰ ਜਾਣਕਾਰੀ ਨਾ ਹੋਣਾ ਇੱਕ ਹੈਰਾਨੀ ਭਰਿਆ ਸਵਾਲ ਪੈਦਾ ਕਰਦਾ ਹੈ। ਇਸੇ ਤਰ੍ਹਾਂ ਕਹਾਣੀ ‘ਅਣਪਛਾਤੀ ਲਾਸ਼’ ਵਿੱਚ ‘ਲੰਡੇ’ ਨੂੰ ‘ਖੁੰਡਾ’ ਲਿਖਿਆ ਗਿਆ ਹੈ ਜਦੋਂ ਕਿ ਅਸਲ ਸ਼ਬਦ ‘ਲੰਡੇ ਨੂੰ ਲੰਡਾ ਵਲ ਪਾ ਕੇ ਟਕਰਦੈ’ ਚਾਹੀਦਾ ਹੈ।
ਇਹਨਾਂ ਤੋਂ ਇਲਾਵਾ ਕਹਾਣੀਆਂ ਦੋਗਲੇ ਮੂੰਹ ਜਲੇਬੀ ਅੰਤਿਮ ਅਰਦਾਸ ਦੁੱਧ ਧੋਤਾ ਦੋਸ਼ੀ ਕੌਣ ਤੇ ਸੂਰਜ ਡੁੱਬ ਗਿਆ ਮੰਗਵੀਂ ਵਰੀ ਵੱਡ ਵਡੇਰੇ ਠੁਕਰਾਏ ਲੋਕ ਅਤੇ ਟੁੱਟਿਆ ਤਾਰਾ ਆਦਿ ਵੀ ਧਿਆਨ ਮੰਗਦੀਆਂ ਹਨ।
ਇਹ ਪੁਸਤਕ ਮਿੰਨੀ ਕਹਾਣੀ ਤੋਂ ਨਿੱਕੀ ਕਹਾਣੀ ਤੱਕ ਦਾ ਸਫ਼ਰ ਕਰਦੀ ਹੈ। ਪੁਸਤਕ ਵਿੱਚ ਬਹੁਤ ਸਾਰੇ ਮੁਹਾਵਰੇ ਆਪਣੇ ਢਕਵੇਂ ਥਾਂ ਵਰਤੇ ਗਏ ਹਨ। ਕਹਾਣੀਆਂ ਦਾ ਵਿਸ਼ਾ ਭਾਵੇਂ ਬਹੁਤਾ ਸਮਾਜਿਕ ਹੈ ਪਰ ਹੋਰ ਪਹਿਲੂਆਂ ਨੂੰ ਵੀ ਨਾਲ ਲੈ ਕੇ ਤੁਰਦੀਆਂ ਹਨ। ਭਾਸ਼ਾ ਸਰਲ ਹੈ ਪਰ ਕਈ ਥਾਂਈ ਸ਼ਬਦ ਜੋੜਾਂ ਅਤੇ ਸ਼ਬਦਾਂ ਵਿੱਚ ਸੋਧ ਦੀ ਮੰਗ ਕਰਦੀਆਂ ਹਨ। ਲੇਖਕ ਦੀ ਇਹ ਪਲੇਠੀ ਵਾਰਤਕ ਪੁਸਤਕ ਹੈ ਅਤੇ ਉਮੀਦ ਹੈ ਕਿ ਭਵਿੱਖ ਵਿੱਚ ਇਸ ਪੜਚੋਲ ਨੂੰ ਧਿਆਨ ਵਿੱਚ ਰਖਦਿਆਂ ਲੇਖਕ ਆਪਣੀ ਅਗਲੀ ਪੁਸਤਕ ਪੰਜਾਬੀ ਸਾਹਿਤ ਜਗਤ ਅਤੇ ਪਾਠਕਾਂ ਦੇ ਹਵਾਲੇ ਕਰੇਗਾ।
ਰਿਟਾਇਰਡ ਏ. ਐਸ. ਪੀ (ਨੈਸ਼ਨਲ ਐਵਾਰਡੀ) ਅਤੇ
ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ।
ਸੰਪਰਕ : 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly