ਬਰਸਾਤੀ ਡੱਡੂ

ਕਮਲਵੀਰ ਸਿੰਘ ਢਿੱਲੋਂ

(ਸਮਾਜ ਵੀਕਲੀ)

ਵੋਟਾਂ ਦਾ ਹੁਣ ਮੌਸਮ ਆਉਣਾ ਲੀਡਰਾਂ ਆਪਣਾ ਰੰਗ ਵਿਖਾਉਣਾ,
ਛੁਣਛੁਣੇ ਵੰਡਣੇ ਲੋਕਾਂ ਤਾਈ ਹਰ ਕਿਸੇ ਪੰਜਾਬ ਨੂੰ ਸਵਰਗ ਬਨਾਉਣਾ,
ਕੋਈ ਬਿਜਲੀ ਪਾਣੀ ਫਰੀ ਵੰਡੂਗਾ ਕਿਸੇ ਛੇ ਫੁੱਟੇ ਨੂੰ ਜੇਲ ਪੁਚਾਉਣਾ,
ਕੋਈ ਮਾਂ ਪਾਰਟੀ ਦਾ ਪਾਉ ਰੌਲਾ ਕਿਸੇ ਨਸ਼ਿਆਂ ਨੂੰ ਜੜੋ ਮੁਕਾਉਣਾ,
ਕੋਈ ਲਿਮਟਾਂ ਕਰਜੇ ਮਾਫ਼ ਕਰੂੰਗਾ ਕਿਸੇ ਵਿੱਚ ਕੈਨੇਡਾ ਪਲਾਟ ਦਿਵਾਉਣਾ,
ਕੋਈ ਘਪਲਿਆਂ ਦਾ ਕਰੂ ਪਿੱਟ ਸਿਆਪਾ ਕਈਆਂ ਹੁਣ ਜਮੀਰ ਜਗਾਉਣਾ,
ਇਹ ਸਭ ਬਰਸਾਤੀ ਡੱਡੂਆ ਦੀਆਂ ਕਿਸਮਾਂ ਜਿੰਨਾਂ ਤੋਂ ਪੰਜਾਬ ਬਚਾਉਣਾ।

ਚੋਣਾਂ ਦਾ ਸਮਾਂ ਜਿਓ-ਜਿਓ ਨੇੜੇ ਆ ਰਿਹਾ ਹੈ, ਉਸੇ ਤਰ੍ਹਾਂ ਹੀ ਸਿਆਸੀ ਲੀਡਰ ਆਪਣੇ ਘੁਰਨਿਆ ‘ ਚੋ ਬਾਹਰ ਆ ਰਹੇ ਹਨ। ਕੁਝ ਕੁ ਕੁੰਭਕਰਨੀ ਨੀਂਦ ਤੋਂ ਪੂਰੇ ਸਾਢੇ ਚਾਰ ਸਾਲਾਂ ਬਾਅਦ ਉੱਠੇ ਹਨ। ਹੁਣ ਸਭ ਨੂੰ ਪੰਜਾਬ ਦੇ ਮਸਲਿਆਂ, ਨੌਜਵਾਨਾਂ, ਨੌਕਰੀਆਂ ਤੇ ਪੰਜਾਬ ਨਾਲ ਪੈਰ – ਪੈਰ ਤੇ ਹੋ ਰਹੇ ਧੱਕਿਆ ਬਾਰੇ ਡੂੰਘੀ ਚਿੰਤਾ ਹੈ। ਹੁਣ ਸਭ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਾ ਕੇ ਹੱਕਾਂ ਲਈ ਤੇ ਪੰਜਾਬ ਦੀ ਬੇਹਤਰੀ ਲਈ ਹਿੱਕ ਡਾਹ ਕੇ ਖੜਨ ਦੇ ਦਮਗਜੇ ਮਾਰ ਰਹੇ ਹਨ। ਪ੍ਰੰਤੂ ਚੋਣਾਂ ਤੋਂ ਬਾਅਦ ਇਹਨਾਂ ਭਾਲਿਆ ਨਹੀਂ ਥਿਆਉਣਾ।

ਇਹ ਸਭ ਬਰਸਾਤੀ ਡੱਡੂਆ ਦੀਆਂ ਕਿਸਮਾਂ ‘ਚ ਹਨ ਜਿਵੇ ਮੀਂਹ ਆਉਣ ਤੇ ਇੱਕ ਦਮ ਹੀ ਡੱਡੂ ਦਿਖਣੇ ਸੁਰੂ ਹੋ ਜਾਂਦੇ ਹਨ ਜਾ ਫਿਰ ਝੋਨੇ ਸਮੇਂ ਡੱਡੂ ਤੇ ਡੱਡੂ ਚੜਿਆ ਪਿਆ ਹੰਦਾ ਤੇ ਸਾਰੀ ਰਾਤ ਟਰੈਂ – ਟਰੈਂ ਲਾਈ ਰੱਖਦੇ ਸੌਣ ਵੀ ਨਹੀਂ ਦਿੰਦੇ ਇੱਦਾ ਹੀ ਆਪਣੇ ਅਜੋਕੇ ਲੀਡਰ ਹਨ। ਇਹ ਚੋਣਾਂ ਸਮੇਂ ਹੀ ਬਦਾਮ ਖਾ ਕੇ ਨਿਕਲਦੇ ਹਨ ਤੇ ਫਿਰ ਟਰੈਂ-ਟਰੈਂ। ਇਹ ਪੰਜਾਬੀ ਭੋਲੇ ਭਾਲੇ ਲੋਕਾਂ ਦੀ ਫਿਤਰਤ ਨੂੰ ਸਮਝ ਚੁੱਕੇ ਹਨ ਵੀ ਇਹਨਾਂ ਨਾਲ ਜੇ ਥੋੜ੍ਹਾ ਸਮਾਂ ਵੀ ਪਿਆਰ ਨਾਲ ਬਿਤਾ ਲਵੋ ਤਾਂ ਇਹ ਬੀਤੇ ਸਮੇਂ ਨੂੰ ਭੁਲਾ ਕੇ ਗਲ ਲਾ ਲੈਂਦੇ ਨੇ ਇਸੇ ਗੱਲ ਦਾ ਫਾਇਦਾ ਚੁੱਕਦਿਆਂ ਇਹ ਚਾਰ ਸਾਲ ਤਾਂ ਲੋਕਾਂ ਨੂੰ ਪੂਰਾ ਚਾਹਟਾ ਛਕਾਉਦੇ ਆ ਤੇ ਆਖਰੀ ਸਾਲ ਪੈਰੀ ਪੈ ਕੇ ਫਿਰ ਗੱਦੀ ਤੇ ਕਬਜ਼ਾ।

ਪੰਜਾਬ ਦੇ ਮਿਹਨਤਕਸ਼ ਲੋਕ ਹਮੇਸ਼ਾ ਮਾੜੀ ਲੀਡਰਸ਼ਿਪ ਦੀ ਮਾਰ ਝੱਲਦੇ ਰਹੇ ਹਨ। ਇਸ ਵਾਰ ਮੁਕਾਬਲਾ ਥੋੜ੍ਹਾ ਸਖਤ ਹੋਣ ਦੀ ਆਸ ਹੈ ਕਿਉਂਕਿ ਤਿੰਨ ਮੂਹਰਲੀ ਕਤਾਰ ਦੀਆਂ ਪਾਰਟੀਆਂ ਦੇ ਪ੍ਰਧਾਨ ਇੱਕ ਦੂਜੇ ਤੋਂ ਵੱਧਕੇ ਕਮੇਡੀ ਕਰਨ ਦੇ ਮਾਹਿਰ ਹਨ ਤੇ ਕਿਸ ਕਮੇਡੀਅਨ ਨੂੰ ਪੰਜਾਬੀ ਸੂਬੇ ਦੀ ਵਾਗਡੋਰ ਦੇਣਗੇ ਇਹ ਵੇਖਣਾ ਦਿਲਚਸਪ ਹੋਵੇਗਾ। ਗੱਲ ਕਰਦੇ ਹਾਂ ਸੱਤਾਧਾਰੀ ਧਿਰ ਦੇ ਆਗੂਆਂ ਦੀ ਜਿੰਨਾਂ ਨੂੰ ਹੁਣ ਜਾਗ ਆਈ ਹੈ ਕਿ ਸਰਕਾਰ ਕੰਮ ਕਰਨ ਲਈ ਹੁੰਦੀ ਹੈ ਨਾ ਕਿ ਲੋਕਾਂ ਨੂੰ ਲੁੱਟਣ ਲਈ।

ਇਹਨਾਂ ਦੇ ਮੌਜੂਦਾ ਪ੍ਰਧਾਨ ਸਾਬ ਲੰਬੇ ਸਮੇਂ ਤੋਂ ਚੁੱਪ ਸੀ ਸਾਇਦ ਡਿਪਟੀ ਮੁੱਖ ਮੰਤਰੀ ਦੀ ਗੱਦੀ ਨਾ ਮਿਲਣ ਕਰਕੇ ਮਾਯੂਸ ਸੀ ਸਾਢੇ ਚਾਰ ਸਾਲਾਂ ਤੋਂ ਕੌਣ ਕਿੱਥੇ ਵਸਦਾ ? ਕੋਈ ਖਬਰ ਨਹੀਂ। ਹੁਣ ਜਦੋਂ ਕੈਪਟਨ ਸਾਹਿਬ ਵਾਲਾ ਪੱਤਾ ਕੰਮ ਆਉਦਾ ਵਿਖਾਈ ਨਾ ਦਿੱਤਾ ਤਾਂ ਪਾਰਟੀ ਨੂੰ ਇੰਨਾਂ ਦੀ ਯਾਦ ਆਈ ਤੇ ਭਾਈ ਸਾਬ ਗੱਦੀ ਲਈ ਹਾਜਰ। ਇੰਨਾਂ ਵਿੱਚ ਬੋਲਣ ਤੇ ਮੌਕਾ ਪ੍ਸਤੀ ਦੀ ਕਲਾ ਬਹੁਤ ਕੁੱਟ-ਕੁੱਟ ਕੇ ਭਰੀ ਹੋਈ ਹੈ ਪਤਾ ਨਹੀਂ ਕਿੰਨੇ ਕੁ ਸਾਧਾ ‘ਚ ਇੰਨਾਂ ਨੂੰ ਰੱਬ ਦਾ ਰੂਪ ਨਜਰੀ ਪਿਆ ਇਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਆਮ ਹੀ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ ਹਨ।

ਲਗਭਗ 62 ਵਿਧਾਇਕ ਨਾਲ ਲੈ ਕੇ ਇਹ ਪ੍ਰਧਾਨ ਜੀ ਕਹਿ ਰਹੇ ਹਨ ਕਿ ਸਾਡੀ ਸਰਕਾਰ ਆਉਣ ਤੇ ਮੈਂ ਇਹ ਕਰਦੂ ਮੈਂ ਓਹ ਕਰਦੂ। ਇਸਨੇ ਲੋਕਾਂ ਨੂੰ ਪਾਗਲ ਸਮਝ ਰੱਖਿਆ, ਲੋਕਾਂ ਨੂੰ ਨਹੀਂ ਪਤਾ ਵੀ ਮੌਜੂਦਾ ਸਰਕਾਰ ਕਿਸਦੀ ਹੈ। ਜੇ ਮੁੱਖ ਮੰਤਰੀ ਸਾਬ ਨਹੀਂ ਕੰਮ ਕਰਦੇ 62 ਵਿਧਾਇਕ ਆ ਤੁਹਾਡੇ ਕੋਲ ਪਲਟੋ ਤਖਤਾ ਤੇ ਦਿਖਾਓ ਕੰਮ ਕਰਕੇ। ਬਿਜਲੀ 3 ਰੂਪਏ ਦੇਣ ਦੇ ਗੱਲ ਕਰਦੇ ਹਨ ਜਦੋਂ ਮਹਿਕਮਾ ਮਿਲਿਆ ਸੀ ਉਸ ਸਮੇਂ ਤਾਂ ਘਰੋਂ ਨਹੀਂ ਨਿਕਲੇ ਕਰਕੇ ਵਿਖਾਉਂਦੇ ਕੰਮ ਜੇ ਸਰਕਾਰ ਵੱਲੋਂ ਸਹਿਯੋਗ ਨਾ ਮਿਲਦਾ ਲੋਕਾਂ ਨੂੰ ਤੇ ਚਾਨਣ ਹੋਣਾ ਸੀ ਵੀ ਇਹ ਪ੍ਰਧਾਨ ਸਾਬ ਪੰਜਾਬੀਆਂ ਲਈ ਦਰਦ ਰੱਖਦੇ ਆ, ਪਰ ਮਸਲਾ ਤੇ ਆਖਰ ਕੁਰਸੀ ਦਾ। ਵਾਰ ਵਾਰ ਇੱਕੋ ਰਟ ਛੇ ਫੁੱਟ ਚਾਰ ਇੰਚ ਦੇ ਬੰਦੇ ਨੂੰ ਅੰਦਰ ਸੁੱਟਣਾ, ਕੱਲਾ ਇਹੀ ਮਸਲਾ ਨਹੀਂ ਪੰਜਾਬ ਦਾ ਸਾਨੂੰ ਕੰਮ ਚਾਹੀਦਾ ਪ੍ਰਧਾਨ ਸਾਬ ਕਿਸੇ ਲਈ ਜੇਲ੍ਹ ਨਹੀਂ।

ਹੁਣ ਗੱਲ ਕਰਦੇ ਹਾਂ ਅਕਾਲੀ ਦਲ ਦੇ ਪ੍ਰਧਾਨ ਸਾਬ ਦੀ ਇਹਨਾਂ ਨੇ 10 ਸਾਲ ਪੰਜਾਬ ਨੂੰ ਕੈਲੀਫੋਰਨੀਆ ਬਨਾਉਣ ਤੇ ਹੀ ਗੁਜਾਰ ਦਿੱਤੇ ਪਰ ਨਤੀਜਾ ਸਭ ਦੇ ਸਾਹਮਣੇ ਹੈ। ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਇੰਨਾਂ ਦੇ ਸਰਕਾਰ ਸਮੇਂ ਆਮ ਜਨਤਾਂ ਦੀ ਸਰਕਾਰ ਤੱਕ ਪਹੁੰਚ ਸੀ ਭਾਵੇਂ ਕੰਮ ਘੱਟ ਹੋਇਆ। ਇਸ ਪੰਥਕ ਕਹਾਉਣ ਵਾਲੀ ਪਾਰਟੀ ਨੂੰ ਆਪਣੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਨਹੀਂ ਲੱਭੇ।ਜੋ ਆਪਣੇ ਇਸ਼ਟ ਦੀ ਰਾਖੀ ਨਹੀਂ ਕਰ ਸਕਦੇ ਆਮ ਜਨਤਾ ਫਿਰ ਉਨ੍ਹਾਂ ਲਈ ਕੀ ਮਾਇਨੇ ਰੱਖਦੀ ਹੋਵੇਗੀ ਇਸਤੇ ਲੋਕਾਂ ਨੂੰ ਸੋਚਣ ਦੀ ਲੋੜ ਹੈ। ਕਿਸਾਨੀ ਕਾਨੂੰਨਾਂ ਤੇ ਦੋਗਲਾ ਚਿਹਰਾ ਦਿਖਾ ਕੇ ਹੁਣ ਕਿਸਾਨੀ ਦੇ ਹੱਕ ‘ਚ ਬੋਲ ਕੇ ਗੰਨਾ ਦੋ ਪਾਸਿਓ ਚੂਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੇਜੇਪੀ ਛੱਡਕੇ ਆਇਆ ਨੂੰ ਗਲ ਨਾਲ ਲਾਉਣਾ ਇਸੇ ਵੱਲ ਇਸ਼ਾਰਾ ਕਰਦਾ ਹੈ।

ਸੂਬੇ ਅੰਦਰ ਤੀਜੀ ਧਿਰ ਬਣਨ ਦੇ ਦਮਗਜ਼ੇ ਮਾਰਨ ਵਾਲੀ ਆਮ ਆਦਮੀ ਪਾਰਟੀ ਦਾ ਕਾਟੋ- ਕਲੇਸ਼ ਸਿਖਰਾਂ ਤੇ ਹੈ। ਇਸ ਵਿੱਚ ਸਾਰੇ ਲੀਡਰ ਹੀ ਮੁੱਖ ਮੰਤਰੀ ਪਦ ਦੇ ਦਾਅਵੇਦਾਰ ਜਾਪਦੇ ਹਨ। ਪਾਰਟੀ ਨੂੰ ਪੈਰਾਂ ਸਿਰ ਕਰਨ ਵਾਲੇ ਪ੍ਰਧਾਨ ਸਾਬ ਦੀ ਹਾਲਤ………… ਵਾਲੀ ਹੋਈ ਪਈ ਹੈ। ਜਿਨ੍ਹਾਂ ਨੂੰ ਕੋਈ ਕੌਡੀਆਂ ਬਦਲੇ ਨਾ ਸਿਆਣੇ ਉਹ ਸਾਫ਼ ਅਕਸ ਦੀ ਲੋੜ ਆਖ ਕੇ ਪਾਰਟੀ ਦੀ ਬੇੜੀ ‘ਚ ਵੱਟੇ ਪਾਈ ਜਾ ਰਹੇ ਹਨ। ਮੌਸਮੀ ਪੱਠੇ ਪੂਰੇ ਜ਼ੋਰ-ਸੋ਼ਰ ਨਾਲ ਲੋਕਾਂ ਨੂੰ ਠੱਗਣ ਲਈ ਤਿਆਰ ਹਨ। ਅੰਤ ਵਿੱਚ ਸੌ ਹੱਥ ਰੱਸਾ ਸਿਰੇ ਤੇ ਗੰਢ ਵਾਲੀ ਗੱਲ ਇੱਕ ਵਾਰ ਫਿਰ ਪੰਜਾਬ, ਪੰਜਾਬ ਦਰਦੀ ਲੀਡਰਸ਼ਿਪ ਤੋਂ ਵਿਹੂਣਾ ਅਗਲੇ ਪੰਜ ਸਾਲਾਂ ਦੀ ਹੋਣੀ ਤੋਂ ਬੇਖਬਰ ਵੱਖ-ਵੱਖ ਪਾਰਟੀਆਂ ਲਈ ਜਿੰਦਾਬਾਦ- ਮੁਰਦਾਬਾਦ ਕਰਨ ਲਈ ਬਿਲਕੁਲ ਤਿਆਰ ਹੈ।

ਕਮਲਵੀਰ ਸਿੰਘ ਢਿੱਲੋਂ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਕੁਦਰਤ ਇੱਕ ਵਰਦਾਨ’
Next articleਸੰਯੁਕਤ ਮੋਰਚਾ ਹੁਣ ਡਾਇਮੰਡ ਮਹੀਨੇ ਵਿੱਚ ਜਿੱਤ ਦੇ ਨੇੜੇ