ਚਿਤਰਦੁਰਗ (ਸਮਾਜ ਵੀਕਲੀ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਭਾਰਤ ਜੋੜੋ ਯਾਤਰਾ ਦੌਰਾਨ ਅੰਗਦਾਨ ਕਰਨ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਪੈਦਲ ਮਾਰਚ ਕੀਤਾ। ਯਾਤਰਾ ਦੌਰਾਨ ਰਾਹੁਲ ਨੇ ਅੰਗਦਾਨ ਦਾ ਸੁਨੇਹਾ ਵੀ ਦਿੱਤਾ। ਪਾਰਟੀ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨਾਲ ਮਾਰਚ ’ਚ ਚੱਲ ਰਹੇ 33 ‘ਯਾਤਰੀਆਂ’ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਅਹਿਦ ਲਿਆ ਹੈ। ਬਿਹਤਰੀਨ ਅਦਾਕਾਰ ਦਾ ਕੌਮੀ ਫਿਲਮ ਪੁਰਸਕਾਰ ਜਿੱਤਣ ਵਾਲੇ ਸਵਰਗੀ ਸੰਚਾਰੀ ਵਿਜੈ, ਹਾਦਸਿਆਂ ’ਚ ਜਾਨ ਗੁਆਉਣ ਵਾਲਿਆਂ ’ਚ ਸ਼ਾਮਲ ਵਿਦਿਆਰਥਣ ਰਕਸ਼ਿਤਾ ਅਤੇ ਵੇਦਾ ਮੰਜੂਨਾਥ ਦੇ ਪਰਿਵਾਰਾਂ ਨੇ ਰਾਹੁਲ ਗਾਂਧੀ ਨਾਲ ਮਾਰਚ ਕੀਤਾ।
ਬਾਅਦ ’ਚ ਫੇਸਬੁੱਕ ਪੇਜ ’ਤੇ ਪੋਸਟ ਪਾ ਕੇ ਰਾਹੁਲ ਗਾਂਧੀ ਨੇ ਕਿਹਾ ਕਿ ਉਸ ਨੂੰ ਇਨ੍ਹਾਂ ਅੰਗਦਾਨੀਆਂ ਦੇ ਬਹਾਦਰ ਪਰਿਵਾਰਾਂ ਨਾਲ ਚੱਲਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਛੋਟੀ ਉਮਰ ’ਚ ਇਸ ਜਹਾਨ ਤੋਂ ਤੁਰ ਗਏ ਪਰ ਉਹ ਅੰਗਦਾਨ ਕਰਕੇ ਅਰਥਭਰਪੂਰ ਅਤੇ ਖੁਸ਼ਹਾਲੀ ਦਾ ਹੋਰਾਂ ਨੂੰ ਤੋਹਫਾ ਦੇ ਗਏ ਹਨ। ਕੰਨੜ ਅਦਾਕਾਰ ਡਾਕਟਰ ਰਾਜਕੁਮਾਰ ਅਤੇ ਪੁੱਤਰ ਪੁਨੀਤ ਰਾਜਕੁਮਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੋਹਾਂ ਦੇ ਦੇਹਾਂਤ ਮਗਰੋਂ ਅੱਖਾਂ ਦਾਨ ਕਰਨ ਦੇ ਫ਼ੈਸਲੇ ਨੇ ਲੱਖਾਂ ਕਰਨਾਟਕ ਵਾਸੀਆਂ ਨੂੰ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੰਗਦਾਨ ਦੀ ਭਾਵਨਾ ਤੋਂ ਉਤਸ਼ਾਹਿਤ ਹੋ ਕੇ 33 ਭਾਰਤ ਯਾਤਰੀਆਂ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਅਹਿਦ ਲਿਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly