ਭਾਰਤ ਜੋੜੋ ਯਾਤਰਾ ’ਚ ਰਾਹੁਲ ਨਾਲ ਚੱਲੇ ਰਘੂਰਾਮ ਰਾਜਨ

ਜੈਪੁਰ (ਸਮਾਜ ਵੀਕਲੀ) : ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅੱਜ ਰਾਹੁਲ ਗਾਂਧੀ ਦੀ ਅਗਵਾਈ ਵਿਚ ਚੱਲ ਰਹੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਵਿਚ ਹਿੱਸਾ ਲਿਆ। ਯਾਤਰਾ ਫ਼ਿਲਹਾਲ ਰਾਜਸਥਾਨ ਵਿਚੋਂ ਗੁਜ਼ਰ ਰਹੀ ਹੈ ਤੇ ਸ਼ੁੱਕਰਵਾਰ ਨੂੰ 100 ਦਿਨ ਪੂਰੇ ਕਰੇਗੀ। ਜ਼ਿਕਰਯੋਗ ਹੈ ਕਿ ਇਹ ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ ਸੀ। ਯਾਤਰਾ ਅੱਜ ਸਵੇਰੇ ਸਵਾਈ ਮਾਧੋਪੁਰ ਦੇ ਭੜੋਤੀ ਇਲਾਕੇ ਤੋਂ ਸ਼ੁਰੂ ਹੋਈ ਤੇ ਕੁਝ ਸਮੇਂ ਲਈ ਬਧਸ਼ਾਪੁਰਾ ਵਿਚ ਰੁਕੀ। ਰਾਜਨ ਅੱਜ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਨਾਲ-ਨਾਲ ਪੈਦਲ ਚੱਲੇ।

ਕਾਂਗਰਸ ਨੇ ਟਵੀਟ ਕਰਦਿਆਂ ਆਰਬੀਆਈ ਦੇ ਸਾਬਕਾ ਗਵਰਨਰ ਦੀ ਫੋਟੋ ਸਾਂਝੀ ਕੀਤੀ ਜਿਸ ਵਿਚ ਉਹ ਰਾਹੁਲ ਦੇ ਨਾਲ ਚੱਲ ਰਹੇ ਹਨ। ਕਾਂਗਰਸ ਨੇ ਲਿਖਿਆ, ‘ਨਫ਼ਰਤ ਖ਼ਿਲਾਫ਼ ਦੇਸ਼ ਨੂੰ ਜੋੜਨ ਲਈ ਖੜ੍ਹ ਰਹੇ ਲੋਕਾਂ ਦੀ ਵਧਦੀ ਗਿਣਤੀ ਦਰਸਾਉਂਦੀ ਹੈ ਕਿ ਅਸੀਂ ਕਾਮਯਾਬ ਹੋਵਾਂਗੇ।’ ਜ਼ਿਕਰਯੋਗ ਹੈ ਕਿ ਰਾਜਨ ਸਤੰਬਰ 2013 ਤੋਂ ਸਤੰਬਰ 2016 ਤੱਕ ਰਿਜ਼ਰਵ ਬੈਂਕ ਦੇ 23ਵੇਂ ਗਵਰਨਰ ਸਨ। ਸੰਨ 2003-2006 ਤੱਕ ਉਹ ਕੌਮਾਂਤਰੀ ਮੁਦਰਾ ਫੰਡ ਵਿਚ ਖੋਜ ਡਾਇਰੈਕਟਰ ਤੇ ਮੁੱਖ ਅਰਥਸ਼ਾਸਤਰੀ ਰਹਿ ਚੁੱਕੇ ਹਨ। ਇਸੇ ਦੌਰਾਨ ਭਾਜਪਾ ਨੇ ਯਾਤਰਾ ’ਚ ਸ਼ਾਮਲ ਹੋਏ ਰਾਜਨ ’ਤੇ ਵਿਅੰਗ ਕਸਦਿਆਂ ਕਿਹਾ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ।

ਭਾਜਪਾ ਨੇ ਕਿਹਾ ਕਿ ਭਾਰਤ ਦੇ ਅਰਥਚਾਰੇ ਉਤੇ ਉਨ੍ਹਾਂ ਦੇ ਵਿਚਾਰ ‘ਸਤਿਕਾਰ ਦੇ ਹੱਕਦਾਰ ਨਹੀਂ ਹਨ’ ਕਿਉਂਕਿ ਇਹ ‘ਮੌਕਾਪ੍ਰਸਤ ਤੇ ਕਿਸੇ ਦੇ ਰੰਗ ਵਿਚ ਰੰਗੇ ਹੋਏ ਸਨ।’ ਭਾਜਪਾ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ, ‘ਕਾਂਗਰਸ ਵੱਲੋਂ ਗਵਰਨਰ ਲਾਏ ਗਏ ਰਘੂਰਾਮ ਰਾਜਨ ਦਾ ਯਾਤਰਾ ਵਿਚ ਸ਼ਾਮਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਉਹ ਖ਼ੁਦ ਨੂੰ ਅਗਲੇ ਮਨਮੋਹਨ ਸਿੰਘ ਵਜੋਂ ਦੇਖਦੇ ਹਨ।’ ਜ਼ਿਕਰਯੋਗ ਹੈ ਕਿ ਕਾਂਗਰਸ ਦੀ ਯੂਪੀਏ ਸਰਕਾਰ ਵੇਲੇ ਆਰਬੀਆਈ ਗਵਰਨਰ ਬਣੇ ਰਾਜਨ ਭਾਜਪਾ ਦੀਆਂ ਆਰਥਿਕ ਨੀਤੀਆਂ ਦੇ ਆਲੋਚਕ ਰਹੇ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਜਨ ਦੇ ਯਾਤਰਾ ਵਿਚ ਸ਼ਾਮਲ ਹੋਣ ਦਾ ਸਵਾਗਤ ਕੀਤਾ।

ਭਾਜਪਾ ਵੱਲੋਂ ਰਾਜਨ ’ਤੇ ਕੀਤੇ ਵਿਅੰਗ ਉਤੇ ਕਾਂਗਰਸ ਨੇ ਮੋੜਵਾਂ ਹੱਲਾ ਬੋਲਦਿਆਂ ਕਿਹਾ ਕਿ ਪੂਰੀ ਕੈਬਨਿਟ ਵੀ ਮਿਲ ਕੇ ਇਸ ਅਰਥਸ਼ਾਸਤਰੀ ਦੀਆਂ ਯੋਗਤਾਵਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ ਕਿ ਜਿਸ ਪਾਰਟੀ ਨੇ ਅੱਠ ਸਾਲਾਂ ਵਿਚ ਅਰਥਵਿਵਸਥਾ ਤਬਾਹ ਕਰ ਦਿੱਤੀ, ਉਹ ਰਾਜਨ ਨੂੰ ਸਵਾਲ ਕਰ ਰਹੀ ਹੈ। ਖੇੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਖ਼ੁਦ ਕਈ ਵਾਰ ਰਾਜਨ ਦੀ ਸਿਫ਼ਤ ਕਰ ਚੁੱਕੇ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਵਿੱਚ ਵਿਦਿਆਰਥਣ ’ਤੇ ਤੇਜ਼ਾਬ ਸੁੱਟਿਆ, ਗੰਭੀਰ ਜ਼ਖ਼ਮੀ
Next articleਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦੇ ਮਾਮਲੇ ’ਤੇ ਨਿਤੀਸ਼ ਤੇ ਭਾਜਪਾ ਆਹਮੋ-ਸਾਹਮਣੇ