ਨਵੀਂ ਦਿੱਲੀ (ਸਮਾਜ ਵੀਕਲੀ): ਫਰਾਂਸ ਨੇ ਭਾਰਤ ਨਾਲ 59 ਹਜ਼ਾਰ ਕਰੋੜ ਰੁਪਏ ਦੇ ਰਾਫ਼ਾਲ ਲੜਾਕੂ ਜੈੱਟ ਸੌਦੇ ’ਚ ਕਥਿਤ ‘ਭ੍ਰਿਸ਼ਟਾਚਾਰ ਅਤੇ ਲਿਹਾਜ ਪੂਰਨ’ ਦੇ ਲੱਗੇ ਦੋਸ਼ਾਂ ਦੀ ‘ਉੱਚ ਸੰਵੇਦਨਸ਼ੀਲ’ ਜੁਡੀਸ਼ਲ ਜਾਂਚ ਲਈ ਜੱਜ ਨਿਯੁਕਤ ਕੀਤਾ ਹੈ। ਫਰਾਂਸੀਸੀ ਖੋਜੀ ਵੈੱਬਸਾਈਟ ਮੀਡੀਆਪਾਰਟ ਨੇ ਇਸ ਦਾ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ 2016 ’ਚ ਹੋਏ ਅੰਤਰ-ਸਰਕਾਰੀ ਕਰਾਰ ਦੀ ਜਾਂਚ ਰਸਮੀ ਤੌਰ ’ਤੇ 14 ਜੂਨ ਤੋਂ ਸ਼ੁਰੂ ਕੀਤੀ ਗਈ ਹੈ।
ਮੀਡੀਆਪਾਰਟ ਨੇ ਕਿਹਾ,‘‘ਦਾਸੋ ਵੱਲੋਂ ਬਣਾਏ ਗਏ 36 ਰਾਫ਼ਾਲ ਜੈੱਟ ਭਾਰਤ ਨੂੰ 7.8 ਅਰਬ ਯੂਰੋ ’ਚ ਵੇਚੇ ਜਾਣ ’ਚ ਸ਼ੱਕੀ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਨਿਆਂਇਕ ਜਾਂਚ ਫਰਾਂਸ ’ਚ ਸ਼ੁਰੂ ਹੋ ਗਈ ਹੈ।’’ ਉਨ੍ਹਾਂ ਦੱਸਿਆ ਕਿ ਇਹ ਜਾਂਚ ਨੈਸ਼ਨਲ ਫਾਇਨਾਂਸ਼ੀਅਲ ਪ੍ਰੋਸੀਕਿਊਟਰ (ਪੀਐੱਨਐੱਫ) ਦੇ ਦਫ਼ਤਰ ਵੱਲੋਂ ਸ਼ੁਰੂ ਕੀਤੀ ਗਈ ਹੈ। ਮੀਡੀਆਪਾਰਟ ਵੱਲੋਂ ਅਪਰੈਲ ’ਚ ਸੌਦੇ ’ਚ ਕਥਿਤ ਹੇਰਾ-ਫੇਰੀ ਦੀਆਂ ਨਵੀਆਂ ਰਿਪੋਰਟਾਂ ਦੇ ਖ਼ੁਲਾਸੇ ਅਤੇ ਫਰਾਂਸੀਸੀ ਐੱਨਜੀਓ ਸ਼ੇਰਪਾ (ਵਿੱਤੀ ਅਪਰਾਧਾਂ ’ਤੇ ਨਜ਼ਰ ਰੱਖਣ ਵਾਲੀ ਸੰਸਥਾ) ਵੱਲੋਂ ਦਾਖ਼ਲ ਸ਼ਿਕਾਇਤ ਦੇ ਆਧਾਰ ’ਤੇ ਪੀਐੱਨਐੱਫ ਨੇ ਜੁਡੀਸ਼ਲ ਜਾਂਚ ਦੇ ਹੁਕਮ ਦਿੱਤੇ ਹਨ।
ਸੌਦੇ ਦੀਆਂ ਲੜੀਵਾਰ ਰਿਪੋਰਟਾਂ ’ਤੇ ਕੰਮ ਕਰਨ ਵਾਲੇ ਮੀਡੀਆਪਾਰਟ ਦੇ ਪੱਤਰਕਾਰ ਯਾਨ ਫਿਲਿਪਿਨ ਨੇ ਟਵੀਟ ਕਰਕੇ ਕਿਹਾ ਕਿ 2019 ’ਚ ਕੀਤੀ ਗਈ ਪਹਿਲੀ ਸ਼ਿਕਾਇਤ ਨੂੰ ਪੀਐੱਨਐੱਫ ਦੇ ਸਾਬਕਾ ਮੁਖੀ ੲੇਲਿਆਨੇ ਹੌਲੇਟ ਨੇ ‘ਦਫ਼ਨ’ ਕਰ ਦਿੱਤਾ ਸੀ। ਅਪਰੈਲ ’ਚ ਮੀਡੀਆਪਾਰਟ ਨੇ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਵੱਲੋਂ ਕੀਤੀ ਗਈ ਜਾਂਚ ਦੇ ਹਵਾਲੇ ਨਾਲ ਕਿਹਾ ਸੀ ਕਿ ਦਾਸੋ ਏਵੀਏਸ਼ਨ ਨੇ ਭਾਰਤੀ ਵਿਚੋਲੇ ਨੂੰ 10 ਅਰਬ ਯੂਰੋ ਅਦਾ ਕੀਤੇ ਸਨ। ਦਾਸੋ ਏਵੀਏਸ਼ਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸੀ ਕਿ ਸੌਦੇ ’ਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੋਈ ਹੈ। ਐੱਨਡੀਏ ਸਰਕਾਰ ਨੇ 23 ਸਤੰਬਰ, 2016 ਨੂੰ 59 ਹਜ਼ਾਰ ਕਰੋੜ ਰੁਪਏ ’ਚ ਦਾਸੋ ਏਵੀਏਸ਼ਨ ਤੋਂ 36 ਰਾਫ਼ਾਲ ਜੈੱਟ ਖ਼ਰੀਦਣ ਦਾ ਸੌਦਾ ਕੀਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly