ਰੈਡੀਕਲ ਦੇਸੀ ਵੱਲੋਂ ਕਿਸਾਨ ਘੋਲ ਨੂੰ ਸਮਰਪਿਤ ਕੈਲੰਡਰ ਜਾਰੀ

ਸਰੀ (ਸਮਾਜ ਵੀਕਲੀ) : ਕੈਨੇਡਾ ਆਧਾਰਿਤ ਆਨਲਾਈਨ ਮੈਗਜ਼ੀਨ ‘ਰੈਡੀਕਲ ਦੇਸੀ’ ਨੇ 27 ਨਵੰਬਰ ਨੂੰ ਸਰੀ ਵਿੱਚ ਆਪਣਾ ਸਾਲਾਨਾ ਕੈਲੰਡਰ ਰਿਲੀਜ਼ ਕੀਤਾ ਜੋ ਭਾਰਤ ਦੇ ਕਿਸਾਨ ਅੰਦੋਲਨ ਨੂੰ ਸਮਰਪਿਤ ਹੈ। ਸਾਲ 2022 ਦੇ ਕੈਲੰਡਰ ਵਿੱਚ ਸੰਘਰਸ਼ ਨਾਲ ਸਬੰਧਤ ਮਹੱਤਵਪੂਰਨ ਤਰੀਕਾਂ ਦਰਜ ਹਨ ਜਿਨ੍ਹਾਂ ਫਾਸ਼ੀਵਾਦੀ ਸਰਕਾਰ ਨੂੰ ਵਿਵਾਦਗ੍ਰਸਤ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ। ਕੈਲੰਡਰ ਦਾ ਲੋਗੋ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਹੈ।

ਸਮਾਗਮ ਦਾ ਆਗਾਜ਼ ਅੰਦੋਲਨ ਵਿੱਚ ਜਾਨਾਂ ਕੁਰਬਾਨ ਕਰਨ ਵਾਲੇ 700 ਤੋਂ ਵੱਧ ਕਿਸਾਨਾਂ ਅਤੇ ਰੂਸ ਵਿੱਚ ਹਾਲ ਹੀ ’ਚ ਕੋਲੇ ਦੀ ਖਾਣ ਤਬਾਹ ਹੋਣ ਨਾਲ ਮਾਰੇ ਗਏ ਦਰਜਨਾਂ ਮਜ਼ਦੂਰਾਂ ਨੂੰ ਸ਼ਰਧਾਂਜਲੀ ਦੇਣ ਨਾਲ ਕੀਤਾ ਗਿਆ। ਉਦਘਾਟਨੀ ਸਮਾਗਮ ਸ਼ਾਹੀ ਕੈਟਰਿੰਗ ਰੈਸਟੋਰੈਂਟ ਵਿੱਚ ਕੀਤਾ ਗਿਆ, ਜਿਸ ਦੇ ਮਾਲਕ ਕੁਲਵਿੰਦਰ ਸਿੰਘ ਪਿਛਲੇ ਇੱਕ ਸਾਲ ਤੋਂ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕਰ ਰਹੇ ਹਨ। ਕੈਲੰਡਰ ਰਿਲੀਜ਼ ਕਰਨ ਵਾਲਿਆਂ ਵਿੱਚ ਸਾਹਿਬ ਸਿੰਘ ਥਿੰਦ, ਦੁਪਿੰਦਰ ਕੌਰ ਸਰਾਂ, ਇਮਤਿਆਜ਼ ਪੋਪਟ, ਤੇਜਿੰਦਰ ਸ਼ਰਮਾ, ਕਹਾਣੀਕਾਰ ਹਰਪ੍ਰੀਤ ਸੇਖਾ ਅਤੇ ਪਰਸ਼ੋਤਮ ਦੁਸਾਂਝ ਸ਼ਾਮਲ ਸਨ। ਇਸ ਮੌਕੇ ਸਰੀ-ਨਿਊਟਨ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਅਤੇ ਸਰੀ-ਗ੍ਰੀਨਟਿੰਬਰਜ਼ ਦੀ ਵਿਧਾਇਕ ਰਚਨਾ ਸਿੰਘ ਤੇ ਬਰਨਬੀ ਸਕੂਲ ਦੀ ਸਾਬਕਾ ਟਰੱਸਟੀ ਬਲਜਿੰਦਰ ਕੌਰ ਨਾਰੰਗ ਵੀ ਹਾਜ਼ਰ ਸਨ। ਇਸ ਮੌਕੇ ਪੰਜਾਬੀ ਕਵੀ ਅੰਮ੍ਰਿਤ ਦੀਵਾਨਾ ਨੇ ਕਿਸਾਨ ਸੰਘਰਸ਼ ਨੂੰ ਸਮਰਪਿਤ ਨਜ਼ਮ ਪੜ੍ਹੀ ਤੇ ਨੋਨੀ ਕੌਰ ਨੇ ਅੰਦੋਲਨ ਨੂੰ ਸਮਰਪਿਤ ਗੀਤ ਗਾਇਆ ਜਦਕਿ ਹਰਸ਼ਰਨ ਸਿੰਘ ਪੂਨੀਆ ਤੇ ਡਾ. ਰਘਬੀਰ ਸਿੰਘ ਸਿਰਜਣਾ ਨੇ ਕਿਸਾਨ ਅੰਦੋਲਨ ਦੇ ਪਿਛੋਕੜ ਬਾਰੇ ਦੱਸਿਆ। ਇਸ ਦੌਰਾਨ ਚਿੱਤਰਕਾਰ ਜਰਨੈਲ ਸਿੰਘ ਅਤੇ ਫ਼ਿਲਮ ਅਦਾਕਾਰ ਭਵਖੰਡਨ ਸਿੰਘ ਰੱਖੜਾ, ਕਮਲਜੀਤ ਸਿੰਘ ਥਿੰਦ ਅਤੇ ਗੁਰਵਿੰਦਰ ਸਿੰਘ ਧਾਲੀਵਾਲ, ਸਪਾਈਸ ਰੇਡੀਓ, ਪੀਪਲਜ਼ ਵੁਆਇਸ, ਮਹਿਕ ਪੰਜਾਬ ਦੀ ਟੀਵੀ, ਚੈਨਲ ਪੰਜਾਬੀ ਹਾਜ਼ਰ ਸਨ। ਪ੍ਰੋਗਰਾਮ ਦਾ ਸੰਚਾਲਨ ਗੁਰਪ੍ਰੀਤ ਸਿੰਘ ਨੇ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤ੍ਰਿਪੁਰਾ ਹਿੰਸਾ: ਸੁਪਰੀਮ ਕੋਰਟ ਨਿਰਪੱਖ ਜਾਂਚ ਦੀ ਅਰਜ਼ੀ ’ਤੇ ਕਰੇਗਾ ਸੁਣਵਾਈ
Next articleਸਭ ਤੋਂ ਵੱਧ ਸਮਾਂ ਪਟਿਆਲਾ ਜ਼ਿਲ੍ਹੇ ਕੋਲ ਰਹੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ