ਪੰਜਾਬੀ ਯੂਨੀਵਰਸਿਟੀ ਵਿਖੇ ’12ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ’ ਆਰੰਭ
ਪਟਿਆਲਾ, (ਸਮਾਜ ਵੀਕਲੀ) (ਅੰਗਰੇਜ ਸਿੰਘ ਵਿੱਕੀ) ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਕਰਵਾਇਆ ਜਾ ਰਿਹਾ ’12ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ’ ਕਲਾ ਭਵਨ ਵਿਖੇ ਆਰੰਭ ਹੋ ਗਿਆ ਹੈ। ਉਪ-ਕੁਲਪਤੀ ਡਾ.ਜਗਦੀਪ ਸਿੰਘ ਨੇ ਸਮਾਰੋਹ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਇਹ ਸੰਮੇਲਨ ਸਾਡੀ ਗੁਰਮਤਿ ਸੰਗੀਤ ਅਤੇ ਰਬਾਬੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਰਬਾਬੀ ਪਰੰਪਰਾ ਅਤੇ ਸ਼ਾਸਤਰੀ ਸੰਗੀਤ ਦੇ ਸੁਮੇਲ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਪਹਿਲੇ ਦਿਨ ਦਿੱਲੀ ਤੋਂ ਵਿਸ਼ੇਸ਼ ਰੂਪ ਵਿੱਚ ਪਧਾਰੇ ਉਸਤਾਦ ਅਦਨਾਨ ਖ਼ਾਨ ਨੇ ਸਿਤਾਰ ਵਾਦਨ ਨਾਲ਼ ਦਰਸ਼ਕਾਂ ਦਾ ਮਨ ਮੋਹਿਆ। ਸੰਮੇਲਨ ਦਾ ਆਰੰਭ ਸੰਗੀਤ ਵਿਭਾਗ ਦੇ ਵਿਦਿਆਰਥੀ ਗੁਰਸਿਮਰ ਸਿੰਘ ਦੇ ਰਬਾਬ ਵਾਦਨ ਤੋਂ ਹੋਇਆ। ਸੰਗੀਤ ਵਿਭਾਗ ਦੇ ਨਰਿੰਦਰ ਪਾਲ ਸਿੰਘ ਦੁਆਰਾ ਤਬਲਾ ਏਕਲ ਵਾਦਨ ਦੀ ਪੇਸ਼ਕਾਰੀ ਦਿੱਤੀ ਗਈ।ਇਸ ਮੌਕੇ ਡੀਨ ਖੋਜ ਪ੍ਰੋ.ਰਿਤੂ ਲਹਿਲ, ਛੱਤੀਸਗੜ੍ਹ ਤੋਂ ਦੇਵਿੰਦਰ ਸਿੰਘ ਸਿੱਬਲ ਅਤੇ ਡਾ.ਜਗਮੋਹਨ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਗਵਾਈ।ਚੇਅਰ ਇੰਚਾਰਜ ਡਾ.ਅਲੰਕਾਰ ਸਿੰਘ ਨੇ ਦੱਸਿਆ ਕਿ ਸਾਲ 2008 ਤੋਂ ਕਰਵਾਇਆ ਜਾ ਰਿਹਾ ਇਹ ਸੰਮੇਲਨ ਪੰਜਾਬੀ ਯੂਨੀਵਰਸਿਟੀ ਦੁਆਰਾ ਆਯੋਜਿਤ ਸੰਗੀਤਕ ਸਮਾਗਮਾਂ ਵਿਚੋਂ ਪ੍ਰਮੁੱਖ ਹੈ। ਇਸ ਸੰਮੇਲਨ ਵਿਚ ਰਾਸ਼ਟਰੀ ਅਤੇ ਖੇਤਰੀ ਪ੍ਰਸਿੱਧੀ ਪ੍ਰਾਪਤ ਸੰਗੀਤਕਾਰ ਭਾਗ ਲੈ ਰਹੇ ਹਨ। ਇਸ ਮੌਕੇ ਜ਼ਿਕਰਯੋਗ ਹੈ ਕਿ ਸਮਾਰੋਹ ਦਾ ਦੂਜਾ ਦਿਨ ਪਦਮ ਸ਼੍ਰੀ ਉਸਤਾਦ ਸੋਹਣ ਸਿੰਘ ਜੀ ਨੂੰ ਸਮਰਪਿਤ ਰਹੇਗਾ। ਇਸ ਦਿਨ ਪੰਜਾਬੀ ਯੂਨੀਵਰਸਿਟੀ ਵਿੱਚ ਕਾਰਜਰਤ ਹਰਪ੍ਰੀਤ ਸਿੰਘ ਸਾਹਨੀ ਜੋੜੀ ਏਕਲ ਵਾਦਨ ਕਰਨਗੇ। ਉਪਰੰਤ ਪ੍ਰਸਿੱਧ ਸ਼ਾਸਤਰੀ ਗਾਇਕਾ ਅਤੇ ਸੰਗੀਤ ਵਿਭਾਗ ਦੇ ਪ੍ਰੋਫ਼ੈਸਰ ਡਾ.ਨਿਵੇਦਿਤਾ ਸਿੰਘ ਗਾਇਨ ਦੀ ਪ੍ਰਸਤੁਤੀ ਦੇਣਗੇ। ਇਸ ਦਿਨ ਪਦਮ ਸ਼੍ਰੀ ਉਸਤਾਦ ਸੋਹਣ ਸਿੰਘ ਸਿਮ੍ਰਤੀ ਐਵਾਰਡ ਪੰਜਾਬ ਘਰਾਣਾ ਦੇ ਉੱਘੇ ਤਬਲਾ ਨਵਾਜ਼ ਅਤੇ ਗੁਰੂ ਪੰਡਿਤ ਸੁਸ਼ੀਲ ਕੁਮਾਰ ਜੈਨ ਨੂੰ ਵਾਈਸ-ਚਾਂਸਲਰ ਡਾ.ਜਗਦੀਪ ਸਿੰਘ ਦੁਆਰਾ ਪ੍ਰਦਾਨ ਕੀਤਾ ਜਾਵੇਗਾ। ਸਮਾਰੋਹ ਦਾ ਤੀਸਰਾ ਦਿਨ ਪਟਿਆਲਾ ਦੇ ਵਿਖਿਆਤ ਸੰਗੀਤਕਾਰ ਸਵਰਗੀ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਨੂੰ ਸਮਰਪਿਤ ਰਹੇਗਾ। ਇਸ ਦਿਨ ਫ਼ਰੀਦਕੋਟ ਤੋਂ ਸ੍ਰੀ ਮਾਧਵ ਅਰੋੜਾ ਸ਼ਾਸਤਰੀ ਗਾਇਨ ਪ੍ਰਸਤੁਤ ਕਰਨਗੇ। ਆਲ ਇੰਡੀਆ ਰੇਡੀਓ, ਜਲੰਧਰ ਦੇ ਟੌਪ ਗਰੇਡ ਕਲਾਕਾਰ ਉਸਤਾਦ ਸ਼ਮਿੰਦਰਪਾਲ ਸਿੰਘ ਆਪਣੀ ਸਪੁੱਤਰੀ ਸ੍ਰੀਮਤੀ ਪਰਮਿੰਦਰ ਕੌਰ ਨਾਲ ਸਾਰੰਗੀ ਜੁਗਲਬੰਦੀ ਦੀ ਪੇਸ਼ਕਾਰੀ ਦੇਣਗੇ। ਸਹਿਯੋਗੀ ਕਲਾਕਾਰਾਂ ਵਜੋਂ ਤਬਲੇ ’ਤੇ ਜੈਦੇਵ ਅਤੇ ਮਧੁਰੇਸ਼ ਭੱਟ, ਹਾਰਮੋਨੀਅਮ ’ਤੇ ਅਲੀ ਅਕਬਰ, ਰਾਕੇਸ਼ ਕੁਮਾਰ, ਲਖਵਿੰਦਰ ਸਿੰਘ ਤੋਂ ਇਲਾਵਾ ਦਿਲਰੁਬਾ ’ਤੇ ਗੁਰਪ੍ਰੀਤ ਸਿੰਘ ਸਾਥ ਦੇਣਗੇ। ਇਸੇ ਦਿਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਅਵਾਰਡ ਵੀ ਉਸਤਾਦ ਸ਼ਮਿੰਦਰਪਾਲ ਸਿੰਘ ਨੂੰ ਪ੍ਰਦਾਨ ਕੀਤਾ ਜਾਵੇਗਾ। ਇਹਨਾਂ ਸਮਾਗਮਾਂ ਵਿਚ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ, ਚੇਅਰਮੈਨ ਪੰਜਾਬ ਕਲਾ ਪਰਿਸ਼ਦ ਸਵਰਨਜੀਤ ਸਿੰਘ ਸਵੀ ਅਤੇ ਰਾਏਪੁਰ, ਛੱਤੀਸਗੜ੍ਹ ਤੋਂ ਦੇਵਿੰਦਰ ਸਿੰਘ ਸਿੱਬਲ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੇ। ਇਸ ਦੇ ਨਾਲ ਹੀ ਪਟਿਆਲਾ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗੀਤ ਦੇ ਰਸੀਏ ਸ਼ਾਮਲ ਰਹਿਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



