ਕੁਤਬਮੀਨਾਰ/ਸਰਹੰਦ ਦੀ ਦੀਵਾਰ

ਮਾਸਟਰ ਲਹਿਲਵੀ

(ਸਮਾਜ ਵੀਕਲੀ)

ਤੁਸੀਂ ਸਦਾ ਦੇਖਦੇ ਓ ਕੁਤਬਮੀਨਾਰ ਨੂੰ,
ਕਿਉਂ ਦੇਖਦੇ ਨੀਂ ਸਰਹੰਦ ਦੀ ਦੀਵਾਰ ਨੂੰ।

ਸੱਤ ਅਤੇ ਨੌਂ ਸਾਲੇ ਇਹ ਗੋਬਿੰਦ ਦੇ ਸਪੂਤ ਨੇ,
ਉਮਰਾਂ ਨੀਂ ਵੱਡੀਆਂ ਇਹ ਅਣਖਾਂ ਦੇ ਸਬੂਤ ਨੇ,
ਅਣਖਾਂ ਦੀ ਵਾਰਤਾ ਪੜ੍ਹਾਉਂਦੀ ਮਾਂ ਗੁਜ਼ਰੀ,
ਤੁਸੀਂ ਪੜ੍ਹਦੇ ਓ ਹੀਰ ਸਾਹਿਬਾ ਦੇ ਪਿਆਰ ਨੂੰ ,
ਤੁਸੀਂ ਸਦਾ ਦੇਖਦੇ ਓ ਕੁਤਬਮੀਨਾਰ ਨੂੰ,
ਕਿਉਂ ਦੇਖਦੇ ਨੀਂ ਸਰਹੰਦ ਦੀ ਦੀਵਾਰ ਨੂੰ ।

ਬੁਰਜਖਲੀਫ਼ੇ ਦੀਆਂ ਓ ਕਰਦੇ ਤਾਰੀਫਾਂ ਨੇ,
ਦਿਸਦੀਆਂ ਨਾ ਅੰਮ੍ਰਿਤਸਰ ਦੀਆਂ ਚੀਸਾਂ ਨੇ,
ਵੇਖਦੇ ਨੀਂ ਖੂਹ ਦੇ ਅਣਸੁਲਝੇ ਸਵਾਲਾਂ ਨੂੰ,
ਨਿਹਾਰਦੇ ਓ ਤਾਜ ਮਹਿਲ ਦੇ ਨਿਖਾਰ ਨੂੰ,
ਤੁਸੀਂ ਸਦਾ ਵੇਖਦੇ ਓ ਕੁਤਬਮੀਨਾਰ ਨੂੰ,
ਕਿਉਂ ਦੇਖਦੇ ਨੀਂ ਸਰਹੰਦ ਦੀ ਦੀਵਾਰ ਨੂੰ।

ਦਿੱਲੀਏ ਨੀ ਤੈਨੂੰ ਕਿਉਂ ਨੀਂ ਦਿਸਦਾ ਪੰਜਾਬ ਨੀ,
ਤੂੰ ਕਿੱਥੋਂ ਟਿਕਣਾ ਸੀ ਜੇ ਨਾ ਟਿਕਦਾ ਪੰਜਾਬ ਨੀ,
ਅਸੀਂ ਸਦਾ ਪਹਿਲੇ ਪੰਨੇ ਰੱਖੀਏ ਪਿਆਰ ਨੂੰ,
‘ਲਹਿਲਵੀ ‘ ਓ ਪਹਿਲ ਦਿੰਦੇ ਤਕਰਾਰ ਨੂੰ,
ਤੁਸੀਂ ਸਦਾ ਦੇਖਦੇ ਓ ਕੁਤਬਮੀਨਾਰ ਨੂੰ,
ਕਿਉਂ ਦੇਖਦੇ ਨੀਂ ਸਰਹੰਦ ਦੀ ਦੀਵਾਰ ਨੂੰ।

ਮਾਸਟਰ ਲਹਿਲਵੀ
9501007333

Previous articleਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਪਾਸ ਅਪਰਾਜਿਤਾ ਵੋਮੈਨ ਚਾਈਲਡ ਬਿੱਲ ਨੂੰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਸਮਰਥਨ
Next articleਸਰਦਾਰਨੀ ਹਰਦੀਪ ਕੌਰ ਚੰਡਿਹੋਕ ਯਾਦਗਾਰੀ ਸਨਮਾਨ ਦਾ ਐਲਾਨ