ਨਵੀਂ ਦਿੱਲੀ (ਸਮਾਜ ਵੀਕਲੀ): ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੇ ਮੁੱਦੇ ’ਤੇ ਕਿਸਾਨ ਯੂਨੀਅਨਾਂ ਵੱਲੋਂ ਸਰਕਾਰ ਨੂੰ ਅਲਟੀਮੇਟਮ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਕਾਂਗਰਸ ਨੇ ਵੀ ਇਸ ਮੁੱਦੇ ’ਤੇ ਸਰਕਰਾ ਨੂੰ ਸਵਾਲ ਕੀਤਾ ਹੈ।
ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਸਵਾਲ ਕੀਤਾ, ‘‘ਐੱਮਐੱਸਪੀ ਕਾਨੂੰਨ ਪਾਸ ਕਿਉਂ ਨਹੀਂ ਕੀਤਾ ਗਿਆ ਹੈ? ਲਖੀਮਪੁਰ ਖੀਰੀ ਮਾਮਲੇ ਵਿਚ ਮੰਤਰੀ ਨੂੰ ਬਰਖ਼ਾਸਤ ਕਿਉਂ ਨਹੀਂ ਕੀਤਾ ਗਿਆ? ਕਿਸਾਨ ਯੂਨੀਅਨਾਂ ਨੂੰ ਮੀਟਿੰਗ ਲਈ ਕਿਉਂ ਨਹੀਂ ਸੱਦਿਆ ਗਿਆ? ਕੀ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਮਹਿਜ਼ ਇਕ ਚੋਣ ਸਟੰਟ ਵਿਚ ਤਬਦੀਲ ਹੋ ਰਹੀ ਹੈ? ਕੀ 19 ਨਵੰਬਰ 2021 ਦਾ ਦਿਨ ਜਦੋਂ ਖੇਤੀ ਕਾਨੂੰਨ ਵਾਪਸ ਲਏ ਗਏ ਸਨ, ‘ਧੋਖਾ ਦਿਵਸ’ ਵਿਚ ਤਬਦੀਲ ਹੋ ਜਾਵੇਗਾ?’’
ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਦੋਸ਼ ਲਗਾਇਆ ਸੀ ਕਿ ਐੱਮਐੱਸਪੀ ਦੇ ਮੁੱਦੇ ’ਤੇ ਅੱਗੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਯੁਧਵੀਰ ਸਿੰਘ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਸੀ, ‘‘ਐੱਮਐੱਸਪੀ ਦੇ ਮੁੱਦੇ ’ਤੇ ਕੋਈ ਪ੍ਰਗਤੀ ਨਹੀਂ ਹੋਈ ਹੈ। ਐੱਮਐੱਸਪੀ ਸਬੰਧੀ ਕੋਈ ਕਮੇਟੀ ਨਹੀਂ ਬਣਾਈ ਗਈ ਹੈ। ਸਿਰਫ਼ ਹਰਿਆਣਾ ਵਿਚ ਕਿਸਾਨਾਂ ’ਤੇ ਦਰਜ ਕੇਸ ਵਾਪਸ ਲੈਣ ਲਈ ਕੁਝ ਕਾਰਵਾਈ ਹੋਈ ਹੈ, ਪਰ ਦਿੱਲੀ ਸਣੇ ਹੋਰ ਸੂਬਿਆਂ ਵਿਚ ਇਸ ਸਬੰਧੀ ਜ਼ਿਆਦਾ ਪ੍ਰਗਤੀ ਨਹੀਂ ਹੋਈ ਹੈ। ਬਿਜਲੀ ਬਿੱਲਾਂ ਸਬੰਧੀ ਸਾਡੀ ਮੰਗ ’ਤੇ ਵੀ ਕੋਈ ਚਰਚਾ ਨਹੀਂ ਕੀਤੀ ਗਈ।’’ ਸੰਯੁਕਤ ਕਿਸਾਨ ਮੋਰਚਾ ਜੋ ਕਿ 40 ਕਿਸਾਨ ਜਥੇਬੰਦੀਆਂ ਦਾ ਇਕ ਪਲੈਟਫਾਰਮ ਹੈ, ਨੇ 9 ਦਸੰਬਰ 2021 ਨੂੰ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਆਰੰਭਿਆ ਆਪਣਾ 15 ਮਹੀਨੇ ਲੰਬਾ ਸੰਘਰਸ਼ ਖ਼ਤਮ ਕਰਨ ਦਾ ਐਲਾਨ ਕੀਤਾ ਸੀ।
ਲਖੀਮਪੁਰ ਖੀਰੀ ਉਹ ਜਗ੍ਹਾ ਹੈ ਜਿੱਥੇ ਲੰਘੀ 4 ਅਕਤੂਬਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਦੇ ਇਕ ਤੇਜ਼ ਰਫ਼ਤਾਰ ਵਾਹਨ ਨੇ ਕਿਸਾਨਾਂ ਅਤੇ ਇਕ ਪੱਤਰਕਾਰ ਸਣੇ ਛੇ ਜਣਿਆਂ ਨੂੰ ਦਰੜ ਦਿੱਤਾ ਸੀ। ਕਿਸਾਨਾਂ ਨੇ ਟੈਨੀ ਅਤੇ ਉਸ ਦੇ ਪੁੱਤਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ, ਪਰ ਅਜੇ ਤੱਕ ਇਸ ਸਬੰਧੀ ਕੋਈ ਕਦਮ ਨਹੀਂ ਉਠਾਇਆ ਗਿਆ ਹੈ।ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਤੇ 24 ਫਰਵਰੀ ਨੂੰ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਦੇਸ਼ਵਿਆਪੀ ਹੜਤਾਲ ਨੂੰ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਗਿਆ ਕਿਉਂ ਕਿ ਉਨ੍ਹਾਂ ਦੀਆਂ ਮੰਗਾਂ ਵਿਚ ਐੱਮਐੱਸਪੀ ਦਾ ਮੁੱਦ ਸ਼ਾਮਲ ਹੈ ਅਤੇ ਇਸ ਤੋਂ ਇਲਾਵਾ ਮਜ਼ਦੂਰ ਜਥੇਬੰਦੀਆਂ ਨੇ ਵੀ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly