(ਸਮਾਜ ਵੀਕਲੀ)
ਆਪਣੀ ਬੇਕਦਰੀ ਤੋਂ ਖ਼ਫ਼ਾ ਹੋ
ਓਸ ਨੇ ਧਾਰ ਲਿਆ ਏ,
ਹੁਣ ਚੁੱਪ ਰਵੇਗਾ
ਕੁਝ ਨਹੀਂ ਬੋਲੇਗਾ
ਕੁਝ ਨਹੀਂ ਪੁੱਛੇਗਾ
ਤੇ ਨਾ ਹੀ ਕਿਸੇ ਨੂੰ ਦੇਵੇਗਾ ਇਜਾਜ਼ਤ
ਓਸ ਵਲੋਂ ਕੁਝ ਵੀ ਪੁੱਛਣ ਦੀ,
ਕਿਸੇ ਕੋਲੋਂ
ਕੁਝ ਵੀ ਜਾਨਣ ਦੀ
ਉਹ ਸ਼ਰਮਿੰਦਾ ਤਾਂ ਨਹੀਂ
ਪਰ ਅੰਦਰੋਂ ਤਕਲੀਫ਼ ਵਿੱਚ ਏ
ਦੋਸ਼ੀ ਮੰਨਦਾ ਏ ਆਪਣੇ ਆਪ ਨੂੰ
ਕਿ ਉਸ ਦੇ ਕਾਰਨ
ਕਈਆਂ ਨੂੰ ਗਰਦਾਨਿਆ ਗਿਆ ਏ
ਦੇਸ਼ਧ੍ਰੋਹੀ
ਟੁਕੜੇ ਟੁਕੜੇ ਗੈਂਗ ਦਾ ਹਿੱਸਾ
ਘੱਟ ਗਿਣਤੀਆਂ ਦਾ ਹਿਮਾਇਤੀ
ਬਹੁ ਗਿਣਤੀ ਦਾ ਵਿਰੋਧੀ
ਅਜਿਹੇ ਮਾਹੌਲ ਵਿੱਚ ਜਦ
ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ
ਉਸ ਦੀ ਹੋਂਦ ਨੂੰ ਹੀ ਰੱਦ ਕਰਦਿਆਂ
ਪਤਾ ਨਹੀਂ
ਕੀ ਕੀ ਕਹਾਣੀਆਂ ਘੜੀਆਂ ਜਾਂਦੀਆਂ
ਜੁਮਲਿਆਂ ਵਿੱਚ ਉਸ ਨੂੰ ਉਡਾ ਦਿੱਤਾ ਜਾਂਦਾ ਏ
ਸ਼ੋਰ ਸ਼ਰਾਬੇ ਵਿੱਚ ਰੋਲ ਦਿੱਤਾ ਜਾਂਦਾ ਏ
ਤੇ ਅਜਿਹੇ ਵਿੱਚ
ਉਸਦਾ ਫੈਸਲਾ ਦਰੁਸਤ ਲਗਦਾ ਏ
ਪਰ ਕੀ ਸੱਚਮੁੱਚ
ਉਹ ਪਾਸਾ ਵਟ ਬੈਠ ਜਾਵੇਗਾ ?
ਹਰਗਿਜ਼ ਨਹੀਂ
ਮੈਂ ਆਪਣੀ, ਤੁਹਾਡੀ
ਜਾਂ ਕਿਸੇ ਦੀ ਗੱਲ ਨਹੀਂ ਕਰ ਰਿਹਾ
ਮੈਂ ਗੱਲ ਕਰ ਰਿਹਾ ਹਾਂ ਸਵਾਲ ਦੀ
ਜੋ ਪੁੱਛਣਾ ਹਕੂਮਤ ਨੂੰ ਰਾਸ ਨਹੀਂ ਆ ਰਿਹਾ
ਪਰ ਸਵਾਲ ਤਾਂ
ਕਿਸੇ ਹਾਕਮ ਦੇ ਗੁਲਾਮ ਨਹੀਂ ਹੁੰਦੇ
ਤੇ ਨਾ ਹੀ
ਮੋਹਤਾਜ ਹੁੰਦੇ ਜਵਾਬਾਂ ਦੇ
ਜਵਾਬ ਮਿਲੇ ਭਾਵੇਂ ਨਾ ਮਿਲੇ
ਸਵਾਲ ਤਾਂ ਉਠਦੇ ਰਹੇ ਨੇ
ਉਠ ਰਹੇ ਨੇ
ਉਠਦੇ ਰਹਿਣਗੇ
ਸਵਾਲ ਤਾਂ ਅਮਰ ਹੁੰਦੇ
ਸਵਾਲ ਕਦੇ ਡਰਦੇ ਨਹੀਂ
ਸਵਾਲ ਕਦੇ ਵੀ ਮਰਦੇ ਨਹੀਂ
ਬਲਵਿੰਦਰ ਸਿੰਘ ਅੱਤਰੀ
ਸੰਪਰਕ -0988898 2232
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly