“ਮਸਲਾ ਰਾਸ਼ਟਰੀ ਝੰਡੇ ਅਤੇ ਧਾਰਮਿਕ ਮਰਿਆਦਾ ਦਾ”

ਜੋਰਾ ਸਿੰਘ ਬਨੂੜ

(ਸਮਾਜ ਵੀਕਲੀ)

ਜਿਹੜੇ ਦਿਨ ਸ੍ਰੀ ਦਰਬਾਰ ਸਾਹਿਬ ਤੇ ਟੈਂਕ ਚੜਕੇ ਆਏ ਸੀ ਉਸ ਵੇਲੇ ਰੱਬ ਵੀ ਉਨ੍ਹਾਂ ਟੈਂਕਾਂ ਨੂੰ ਰੋਕ ਨਾ ਸਕਿਆ !

ਜਦੋਂ ਔਰੰਗਜ਼ੇਬ ਮੰਦਰਾਂ ਨੂੰ ਢਾਹ ਕੇ ਹਿੰਦੂਆਂ ਤੇ ਅੱਤਿਆਚਾਰ ਕਰ ਰਿਹਾ ਸੀ ਉਦੋਂ ਵੀ ਕਿਸੇ ਭਗਵਾਨ ਨੇ ਆਕੇ ਉਸ ਨੂੰ ਰੋਕਿਆ ਨਹੀਂ !
ਜਦੋਂ ਮਸਜਿਦਾਂ ਢਾਹੀਆਂ ਗਈਆਂ ਉਦੋਂ ਵੀ ਕਿਸੇ ਅੱਲ੍ਹਾ ਨੇ ਆਕੇ ਮਸਜਿਦਾਂ ਨੂੰ ਬਚਾਇਆ ਨਹੀਂ !

ਇਸ ਸਭ ਵਿੱਚ ਨੁਕਸਾਨ ਸ਼ੁਰੂ ਤੋਂ ਮਨੁੱਖਤਾ ਦਾ ਹੀ ਹੁੰਦਾ ਆਇਆ ਹੈ, ਭਾਵਨਾਵਾਂ ਨੂੰ ਠੇਸ ਹਮੇਸ਼ਾ ਇਨਸਾਨਾਂ ਦੇ ਮਨਾਂ ਨੂੰ ਹੀ ਪਹੁੰਚਦੀ ਹੈ, ਖ਼ੂਨ ਵੀ ਸ਼ੁਰੂ ਤੋਂ ਇਨਸਾਨਾਂ ਦਾ ਹੀ ਡੁੱਲਦਾ ਆਇਆ ਹੈ !

ਅੱਜ ਜੋ ਇਹ ਮਸਲਾ ਭਖ ਰਿਹਾ ਹੈ ਇਸ ਨੂੰ ਸਮੁੱਚਤਾ ਵਿੱਚ ਵਿਚਾਰਨ ਦੀ ਲੋੜ ਹੈ, ਇਸਤੇ ਭਾਵਨਾਵਾਂ ਭੜਕਾਉਣ ਵਾਲੇ ਅਤੇ ਇਸਨੂੰ Controversy ‘ਚ ਲੈਣ ਵਾਲਿਆਂ ਦੀਆਂ ਦਲੀਲਾਂ ਬਚਕਾਨੀਆਂ ਨਜ਼ਰ ਆ ਰਹੀਆਂ ਹਨ !

ਜਿਹੜੇ ਇਹ ਕਹਿ ਰਹੇ ਹਨ ਕਿ ਮੰਦਰਾਂ ਵਿੱਚ ਤਿਰੰਗਾ ਲੈਕੇ ਚਲੇ ਜਾਓ, ਮੰਦਰਾਂ ਵਿੱਚ ਏਦਾਂ ਮੂੰਹ ਤੇ ਤਿਰੰਗੇ ਵਾਲੀ ਪੇਂਟਿੰਗ ਕਰਕੇ ਚਲੇ ਜਾਓ ਤੁਹਾਨੂੰ ਕੋਈ ਨਹੀਂ ਰੋਕੇਗਾ … ਉਨ੍ਹਾਂ ਨੂੰ ਕੱਲ ਨੂੰ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਣ ਸਮੇਂ ਉਨ੍ਹਾਂ ਦੇ ਮੂੰਹ ਤੇ ਤਿਰੰਗੇ ਵਾਲੀ ਪੇਂਟਿੰਗ ਕਰਕੇ ਭੇਜਣਾ ਚਾਹੀਦਾ ਹੈ ਅਤੇ ਜਿੱਥੇ ਆਪ ਕਿਸੇ ਦਫ਼ਤਰ ਵਿੱਚ ਡਿਊਟੀ ਕਰਦੇ ਹੋ ਉੱਥੇ ਵੀ ਤਿਰੰਗੇ ਵਾਲੀ ਪੇਂਟਿੰਗ ਆਪਣੇ ਮੂੰਹ ਤੇ ਕਰਕੇ ਜਾਣ… ਇਸਦੇ ਨਾਲ ਕਾਫ਼ੀ ਹੱਦ ਤੱਕ ਗੱਲ ਸਮਝ ਵਿੱਚ ਆ ਜਾਵੇਗੀ !

(ਸਕੂਲਾਂ ਵਿੱਚ ਹਰ ਰੋਜ਼ ਰਾਸ਼ਟਰੀ ਗੀਤ ਗਵਾਇਆ ਜਾਂਦਾ ਹੈ, ਦੇਸ਼ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਜਦੋਂ 26 ਜਨਵਰੀ ਨੂੰ ਗਣਤੰਤਰ ਦਿਵਸ ਅਤੇ 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ ਉਸ ਦਿਨ ਸਪੈਸ਼ਲ ਹੀ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਤਿਰੰਗੇ ਨਾਲ ਸਬੰਧਤ ਪੇਂਟਿੰਗ ਕਰਕੇ ਆਇਓ, ਆਪਣੇ ਚਿਹਰੇ ਤੇ ਲੋਗੋ ਬਣਾਏ ਆਇਓ ਪਰ ਉਹ ਬਾਕੀ ਦੇ ਦਿਨਾਂ ਵਿੱਚ ਪ੍ਰਵਾਨ ਨਹੀਂ ਕੀਤਾ ਜਾਂਦਾ ਕਿਉਂ ਕਿ ਉਸ ਸਭ ਦਾ ਇੱਕ ਸਮਾਂ ਹੁੰਦਾ ਹੈ, ਜਾਂ ਉਸ ਅਦਾਰੇ ਨੇ ਉਹ ਪ੍ਰੋਗਰਾਮ ਤੈਅ ਕੀਤਾ ਹੁੰਦਾ ਹੈ)

ਤਿਰੰਗੇ ਝੰਡੇ ਨੂੰ, ਰਾਸ਼ਟਰੀ ਚਿੰਨਾਂ ਨੂੰ, ਜਾਂ ਦੇਸ਼ ਨਾਲ ਜੁੜੇ ਕਿਸੇ ਪ੍ਰਿੰਟ ਜਾਂ ਪੇਂਟਿੰਗ ਨੂੰ ਅਜਿਹੀ ਥਾਂ ਤੇ ਕਰਨਾ ਜਾਂ ਲਿਜਾਣਾ ਹੀ ਨਹੀਂ ਚਾਹੀਦਾ ਜਿੱਥੇ ਉਨਾਂ ਦਾ ਅਪਮਾਨ ਹੋਣ ਦਾ ਖਦਸ਼ਾ ਹੋਵੇ !

ਹਰ ਇੱਕ ਅਸਥਾਨ ਦੀ, ਸੰਸਥਾ ਦੀ, ਦਫ਼ਤਰ ਦੀ, ਕਿਸੇ ਅਦਾਰੇ ਦੀ ਇੱਕ ਆਪਣੀ ਮਰਿਯਾਦਾ ਹੁੰਦੀ ਹੈ … ਜਿਵੇਂ ਬੱਚੇ ਸਕੂਲ ਵਿੱਚ ਇੱਕੋ ਤਰਾਂ ਦੀ ਵਰਦੀ ਪਾਕੇ ਸਕੂਲ ਵਿੱਚ ਜਾਂਦੇ ਹਨ ਪਰ ਪੜਾਈ ਬਿਨਾਂ ਵਰਦੀ ਤੋਂ ਵੀ ਹੋ ਸਕਦੀ ਹੈ, ਪੜਨ ਦਾ ਕੱਪੜਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਉਸ ਸਿੱਖਿਆ ਅਦਾਰੇ ਨੇ ਇੱਕ ਆਪਣੀ ਮਰਿਆਦਾ ਬਣਾਈ ਹੁੰਦੀ ਹੈ ਜਿਸ ਜ਼ਰੀਏ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਪੈਂਦਾ ਹੈ, ਇਹੋ ਅਨੁਸ਼ਾਸਨ ਇੱਕ ਦਿਨ ਚੰਗਾ ਨਾਗਰਿਕ ਬਣਨ ਲਈ ਸਹਾਇਕ ਹੁੰਦਾ ਹੈ !

ਕਹਿਣ ਤੋਂ ਭਾਵ ਹੈ ਰੱਬ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਤਿਰੰਗੇ ਝੰਡੇ ਨਾਲ ਜਾਂ ਪੇਂਟਿੰਗ ਨਾਲ ਕੋਈ ਫ਼ਰਕ ਨਹੀਂ ਪੈਂਦਾ ਪਰ ਗੱਲ ਹੈ ਸਿਰਫ਼ ਅਨੁਸ਼ਾਸਨ ਵਿੱਚ ਰਹਿਣ ਦੀ ਅਤੇ ਜਿੱਥੇ ਅਸੀਂ ਜਾਂਦੇ ਹਾਂ ਉਸ ਥਾਂ ਦੀ ਮਰਿਆਦਾ ਵਿੱਚ ਰਹਿਣ ਦੀ !

ਬਾਹਰਲੇ ਮੁਲਕਾਂ ਵਿੱਚ ਉੱਥੇ ਦੇ ਝੰਡੇ ਦੇ ਪ੍ਰਿੰਟ ਦੀਆਂ ਚੱਪਲਾਂ, ਬੂਟ, ਨਿੱਕਰਾਂ ਲੋਕ ਆਮ ਹੀ ਪਾ ਲੈਂਦੇ ਹਨ … ਅਗਰ ਕੋਈ ਭਾਰਤ ਦੇ ਤਿਰੰਗੇ ਝੰਡੇ ਦੀ ਪ੍ਰਿੰਟ ਵਾਲੀ ਚੱਪਲ, ਬੂਟ ਜਾਂ ਨਿੱਕਰ ਪਾ ਲਵੇ ਤਾਂ ਲੋਕਾਂ ਵਿੱਚ ਰੋਸ ਪੈਦਾ ਹੁੰਦਾ ਹੈ, ਕੁਝ ਲੋਕ ਸੜਕਾਂ ਤੇ ਉੱਤਰ ਆਉਂਦੇ ਹਨ ਜਿਸ ਸਭ ਨੂੰ ਦੇਖਦਿਆਂ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ ਸਭ ਨੂੰ ਤਿਰੰਗੇ ਝੰਡੇ ਦਾ ਮਾਣ ਸਤਿਕਾਰ ਸਦਾ ਕਾਇਮ ਰੱਖਣਾ ਬਣਦਾ ਹੈ !

ਕੁੱਲ ਮਿਲਾਕੇ ਕਹਾਂਗਾ … ਕਨੂੰਨ ‘ਚ ਰਹਿਣਾ, ਕਿਸੇ ਅਦਾਰੇ ਦੀ ਮਰਿਆਦਾ ‘ਚ ਰਹਿਣਾ ਇੱਕ ਚੰਗੇ ਮਨੁੱਖ ਦੀ ਨਿਸ਼ਾਨੀ ਹੈ !

(ਹੋ ਸਕਦਾ ਕਿਸੇ ਅਸਥਾਨ, ਅਦਾਰੇ ਦੀ ਮਰਿਆਦਾ ‘ਚ ਬਦਲਦੇ ਸਮੇਂ ਅਨੁਸਾਰ ਸੋਧ ਕਰਨ ਦੀ ਹੋਵੇ ਪਰ ਉਹ ਸਭ ਕੌਮ ਦੇ, ਅਦਾਰੇ ਦੇ, ਸੰਸਥਾ ਦੇ ਸਮੂਹਿਕ ਫ਼ੈਸਲੇ ਹੁੰਦੇ ਹਨ)

ਦੇਸ਼ ਦੇ ਝੰਡੇ, ਤਿੰਨ ਅਤੇ ਹੋਰ ਰਾਸ਼ਟਰ ਨਾਲ ਜੁੜੀਆਂ ਸ਼ਖ਼ਸੀਅਤਾਂ ਦਾ ਸਤਿਕਾਰ ਕਰੀਏ ਅਤੇ ਅਨੁਸ਼ਾਸ਼ਨ ਵਿੱਚ ਰਹਿਣਾ ਸਿੱਖੀਏ !

ਜੋਰਾ ਸਿੰਘ ਬਨੂੜ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੋਟੇ ਵਾਲੀ ਆਦਤ
Next articleਗੀਤ