ਜਸਵੀਰ ਸਿੰਘ ਪਾਬਲਾ
(ਸਮਾਜ ਵੀਕਲੀ) ਕੋਈ ਸਮਾਂ ਸੀ ਜਦੋਂ ਦੋ ਅਤੇ ਚਾਰ ਦੀ ਗਿਣਤੀ ਨਾਲ਼ ਸੰਬੰਧਿਤ ਸ਼ਬਦਾਂ: ਦੋਂਹ/ਦੋਂਹਾਂ/ਚਹੁੰ/ਚਹੁੰਆਂ ਆਦਿ ਸ਼ਬਦ ਅਕਸਰ ਇਹਨਾਂ ਹੀ ਸ਼ਬਦ-ਜੋੜਾਂ ਨਾਲ਼ ਵਿਦਿਆਰਥੀਆਂ ਦੀਆਂ ਪਾਠ-ਪੁਸਤਕਾਂ, ਅਖ਼ਬਾਰਾਂ ਅਤੇ ਰਿਸਾਲਿਆਂ ਆਦਿ ਵਿੱਚ ਲਗ-ਪਗ ਹੂ-ਬਹੂ ਇਸੇ ਤਰ੍ਹਾਂ ਹੀ ਲਿਖੇ ਹੋਏ ਮਿਲ਼ਦੇ ਸਨ ਪਰ ਅਜੋਕੇ ਸਮੇਂ ਵਿੱਚ ਤਾਂ ਕਦੇ-ਕਦਾਈਂ ਵੀ ਇਹਨਾਂ ਸ਼ਬਦਾਂ ਦੇ ਸ਼ੁੱਧ ਸ਼ਬਦ-ਰੂਪ ਦੇਖਣ ਵਿੱਚ ਆਉਂਦੇ ਹਨ। ਇਹਨਾਂ ਸ਼ਬਦਾ਼ਂ ਵਿਚਲਾ ‘ਦੋਂਹਾਂ’ ਸ਼ਬਦ ਭਾਵੇਂ ਪੁਰਾਤਨ ਪਰੰਪਰਾ ਅਨੁਸਾਰ ਪਹਿਲੀ ਬਿੰਦੀ ਤੋਂ ਬਿਨਾਂ (ਦੋਹਾਂ) ਹੀ ਲਿਖਿਆ ਜਾਂਦਾ ਸੀ ਪਰ ਵਰਤਿਆ ਜ਼ਰੂਰ ਇਸ ਦਾ ਇਹੋ ਰੂਪ ਹੀ ਜਾਂਦਾ ਸੀ। ‘ਦੋਂਹਾਂ’ ਸ਼ਬਦ ਦੇ ‘ਦ’ ਅੱਖਰ ਉੱਤੇ ਬਿੰਦੀ ਦਾ ਚਲਣ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਦੇ ਆਉਣ ਤੋਂ ਬਾਅਦ ਅਰਥਾਤ ਨਵੇਂ ਸ਼ਬਦ-ਜੋੜਾਂ ਦੇ ਨਿਯਮ ਲਾਗੂ ਹੋਣ ਉਪਰੰਤ ਹੀ ਸ਼ੁਰੂ ਹੋਇਆ ਹੈ।
ਪੰਜਾਬੀ-ਪ੍ਰੇਮੀਆਂ ਅਤੇ ਇਸ ਦੇ ਸ਼ੁੱਭਚਿੰਤਕਾਂ ਦਾ ਇਸ ਗੱਲ ਵੱਲ ਧਿਆਨ ਦੇਣਾ ਬਣਦਾ ਹੈ ਕਿ ਅਜਿਹੇ ਵਰਤਾਰੇ ਦਾ ਅਸਲ ਕਾਰਨ ਕੀ ਹੋ ਸਕਦਾ ਹੈ? ਮੇਰੀ ਜਾਚੇ ਇਸ ਦਾ ਇੱਕ ਕਾਰਨ ਤਾਂ ਸ਼ਾਇਦ ਇਹ ਹੋ ਸਕਦਾ ਹੈ ਕਿ ਸ਼ਬਦ-ਜੋੜਾਂ ਪੱਖੋਂ ਅਸੀਂ ਪਹਿਲੇ ਸਮਿਆਂ ਨਾਲ਼ੋਂ ਵਧੇਰੇ ਅਵੇਸਲੇ ਹੋ ਗਏ ਹਾਂ। ਦੂਜੀ ਗੱਲ ਇਹ ਵੀ ਹੋ ਸਕਦੀ ਹੈ ਕਿ ਸ਼ਬਦ-ਜੋਡ਼ਾਂ ਦੀਆਂ ਬਰੀਕੀਆਂ ਵਿੱਚ ਪੈਣ ਤੋਂ ਬਚਣ ਲਈ ਵੀ ਸ਼ਾਇਦ ਕੁਝ ਲੋਕ ਅਜਿਹਾ ਕਰਦੇ ਹੋਣ। ਇਸ ਦੇ ਨਾਲ਼-ਨਾਲ਼ ਇਹ ਗੱਲ ਵੀ ਦੇਖਣ ਵਿਚ ਆਈ ਹੈ ਕਿ ਅਜਿਹੇ ਹੋਰ ਵੀ ਬਹੁਤ ਸਾਰੇ ਸ਼ਬਦ ਅੱਜ ਬੀਤੇ ਸਮੇਂ ਦੀ ਹੀ ਗੱਲ ਬਣ ਕੇ ਰਹਿ ਗਏ ਹਨ ਭਾਵ ਜਿਨ੍ਹਾਂ ਦੀ ਵਰਤੋਂ ਅੱਜ ਲਗ-ਪਗ ਅਲੋਪ ਹੀ ਹੋ ਚੁੱਕੀ ਹੈ। ਕਿਤੇ ਅਜਿਹਾ ਨਾ ਹੋਵੇ ਕਿ ਹੁਣ ਦੋ ਅਤੇ ਚਾਰ ਸ਼ਬਦਾਂ ਤੋਂ ਬਣੇ ਵਿਚਾਰ-ਅਧੀਨ ਉਪਰੋਕਤ ਸ਼ਬਦ ਵੀ ਵਰਤੋਂ ਤੋਂ ਵਾਂਝਿਆਂ ਰਹਿਣ ਕਾਰਨ ਕਿਤੇ ਬੀਤੇ ਸਮੇਂ ਦੀ ਬੁੱਕਲ ਵਿੱਚ ਹੀ ਨਾ ਸਮਾ ਜਾਣ।
‘ਦੋ’ ਦੇ ਅੰਕ ਨਾਲ਼ ਸੰਬੰਧਿਤ ਕੁਝ ਸ਼ਬਦ:
“”””””””””””””””””””””””””””””
ਦੋ ਦੇ ਅੰਕ ਨਾਲ਼ ਸੰਬੰਧਿਤ ਸਭ ਤੋਂ ਪਹਿਲਾ ਸ਼ਬਦ ਜੋ ਦੋ ਤੋਂ ਬਣਦਾ ਹੈ, ਉਹ ਹੈ: ਦੋਂਹ, ਜਿਵੇਂ:
੧. ਇਹ ਚੀਜ਼ ਮੈਂ ਦੋਂਹ ਰੁਪਈਆਂ ਵਿੱਚ ਖ਼ਰੀਦੀ ਹੈ।
੨. ਇਹ ਕੰਮ ਅਸੀਂ ਦੋਂਹ ਜਣਿਆਂ ਨੇ ਰਲ਼ ਕੇ ਕੀਤਾ ਹੈ।
੩. ਇਹ ਕੰਮ ਅਸੀਂ ਦੋਂਹਾਂ ਨੇ ਰਲ਼ ਕੇ ਕੀਤਾ ਹੈ।
ਅਸਲ ਸੰਕਟ ਇਹ ਹੈ ਕਿ ਪਹਿਲੇ ਵਾਕ ਵਿੱਚ ਅਸੀਂ ਉਪਰੋਕਤ ਸ਼ਬਦ ‘ਦੋਂਹ’ ਦੀ ਥਾਂ ਮੂਲ ਸ਼ਬਦ ‘ਦੋ’ ਲਿਖ ਕੇ ਸਾਰ ਲੈਂਦੇ ਹਾਂ ਅਰਥਾਤ ਅਸੀਂ ‘ਦੋਂਹ’ ਸ਼ਬਦ ਜਾਂ ਉਸ ਦੇ ਸ਼ਬਦ-ਜੋੜਾਂ ਦੇ ਚੱਕਰ ਵਿੱਚ ਹੀ ਨਹੀਂ ਪੈਂਦੇ ਤੇ ਉਪਰੋਕਤ ਵਾਕ ਦੀ ਥਾਂ ਕੇਵਲ ਇਹ ਲਿਖ ਕੇ ਹੀ ਬੁੱਤਾ ਸਾਰ ਲੈਂਦੇ ਹਾਂ ਕਿ ਇਹ ਚੀਜ਼ ਮੈਂ ਦੋ ਰੁਪਈਆਂ ਦੀ ਖ਼ਰੀਦੀ ਹੈ।
ਤੀਜੇ ਵਾਕ ਵਿੱਚ ਅਸੀਂ ‘ਦੋਂਹ’ ਦੀ ਥਾਂ ਅਕਸਰ ‘ਦੋਵਾਂ’ ਜਾਂ ‘ਦੋਨਾਂ’ ਸ਼ਬਦ ਹੀ ਵਰਤ ਲੈਂਦੇ ਹਾਂ, ਜਿਵੇਂ:
੧. ਇਹ ਕੰਮ ਅਸੀਂ ‘ਦੋਨਾਂ’ ਨੇ ਰਲ ਕੇ ਕੀਤਾ ਹੈ।
੨. ਇਹ ਕੰਮ ਅਸੀਂ ‘ਦੋਵਾਂ’ ਨੇ ਰਲ਼ ਕੇ ਕੀਤਾ ਹੈ।
ਅਜਿਹਾ ਕਰਨਾ ਵੀ ਪੂਰੀ ਤਰ੍ਹਾਂ ਗ਼ਲਤ ਹੈ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਦੋਂਹਾਂ ਸ਼ਬਦਾਂ (ਦੋਨਾਂ/ਦੋਵਾਂ) ਦੀ ਪੰਜਾਬੀ ਦੀ ਲਿਖਤੀ ਜਾਂ ਟਕਸਾਲੀ ਭਾਸ਼ਾ ਵਿੱਚ ਕੋਈ ਹੋਂਦ ਹੀ ਨਹੀਂ ਹੈ। ‘ਦੋਨਾਂ’ ਸ਼ਬਦ ਹਿੰਦੀ ਦੇ ‘ਦੋਨੋਂ’ ਸ਼ਬਦ ਦਾ ਵਿਗੜਿਆ ਹੋਇਆ ਰੂਪ ਹੈ।
ਸੋ, ਜੇਕਰ ਅਸੀਂ ਅਜਿਹੀਆਂ ਗ਼ਲਤੀਆਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਇਹਨਾਂ ਦੋਹਾਂ ਸ਼ਬਦਾਂ (ਦੋਵਾਂ/ਦੋਨਾਂ) ਦੀ ਥਾਂ ਸਾਨੂੰ ‘ਦੋਂਹ’ ਜਾਂ ‘ਦੋਂਹਾਂ’ ਸ਼ਬਦ ਹੀ ਵਰਤਣੇ ਚਾਹੀਦੇ ਹਨ। ਇਹਨਾਂ ਤੋਂ ਬਿਨਾਂ ‘ਦੋਨੋਂ’ ਸ਼ਬਦ-ਰੂਪ ਦੀ ਵਰਤੋਂ ਕਰਨਾ ਵੀ ਗ਼ਲਤ ਹੈ ਕਿਉਂਕਿ ਇਹ ਸ਼ਬਦ ਤਾਂ ਸਿੱਧਾ ਹੀ ਹਿੰਦੀ ਭਾਸ਼ਾ ਨਾਲ਼ ਸੰਬੰਧ ਰੱਖਦਾ ਹੈ। ਪੰਜਾਬੀ ਵਿੱਚ ਇਸ ਸ਼ਬਦ ਲਈ ‘ਦੋਵੇਂ’ ਸ਼ਬਦ ਉਪਲਬਧ ਹੈ। ਇਸ ਸੰਬੰਧ ਵਿੱਚ ਸਾਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ‘ਦੋ’ ਤੋਂ ‘ਦੋਂਹ’ ਸ਼ਬਦ ਬਣਿਆ ਹੈ ਅਤੇ ਅੱਗੋਂ ‘ਦੋਂਹ’ ਤੋਂ ‘ਦੋਂਹਾਂ’ ਤੇ ‘ਦੋ’ ਤੋਂ ‘ਦੋਵੇਂ’ ਆਦਿ। ਇਸ ਲਈ ਸਾਨੂੰ ਦੋਨਾਂ, ਦੋਨੋਂ ਜਾਂ ਦੋਵਾਂ ਆਦਿ ਸ਼ਬਦਾਂ ਦੀ ਥਾਂ ‘ਦੋਵੇਂ’ ਸ਼ਬਦ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ, ਜਿਵੇਂ:
੧. ਉਹ ਦੋਵੇਂ ਜਣੇ ਅਾਪਸ ਵਿੱਚ ਸਕੇ ਭਰਾ ਹਨ।
੨. ਅਸੀਂ ਦੋਵੇਂ ਰਲ ਕੇ ਇਹ ਕੰਮ ਕਰ ਸਕਦੇ ਹਾਂ।
ਜਿਵੇਂਕਿ ਉੱਪਰ ਦੱਸਿਆ ਗਿਆ ਹੈ ਕਿ ਦੋ ਤੋਂ ਬਣੇ ‘ਦੋਂਹਾਂ’ ਸ਼ਬਦ ਨੂੰ ਲਿਖਣ ਸਮੇਂ ਇਸ ਵਿਚਲੇ ਦੋਂਹਾਂ ਅੱਖਰਾਂ ਦੀਆਂ ਲਗਾਂ ਨਾਲ਼ ਹੀ ਬਿੰਦੀਆਂ ਲੱਗਣੀਆਂ ਹਨ ਪਰ ਅਸੀਂ ਪੁਰਾਣੇ ਨਿਯਮਾਂ ਅਨੁਸਾਰ ‘ਦ’ ਅੱਖਰ ਉੱਤੇ ਬਿੰਦੀ ਨਹੀਂ ਪਾਉਂਦੇ ਜੋਕਿ ਵਿਆਕਰਨਿਕ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਹੈ। ਸਾਨੂੰ ਇਸ ਸੰਬੰਧ ਵਿੱਚ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ‘ਦੋਂਹਾਂ’ ਸ਼ਬਦ ਸਿੱਧਾ ‘ਦੋ’ ਤੋਂ ਨਹੀਂ ਬਣਿਆ ਹੋਇਆ ਸਗੋਂ ਇਹ ਸ਼ਬਦ ਦੋ ਤੋਂ ਬਣੇ ‘ਦੋਂਹ’ ਸ਼ਬਦ ਤੋਂ ਬਣਿਆ ਹੈ ਜਿਸ ਕਾਰਨ ਇਸ ਦੇ ਲਿਖਤੀ ਰੂਪ ਵਿੱਚ ਬਿੰਦੀ ਹਰ ਹਾਲ ਵਿੱਚ ਕਾਇਮ ਰਹਿਣੀ ਹੈ। ਸ਼ਾਇਦ ਬਹੁਤੇ ਲੋਕ ਇਸ ਵਿਆਕਰਨਿਕ ਨਿਯਮ ਤੋਂ ਜਾਣੂ ਨਹੀਂ ਹਨ ਜਾਂ ਇਸ ਸੰਬੰਧ ਵਿੱਚ ਕਿਸੇ ਭੰਬਲ਼ਭੂਸੇ ਦਾ ਸ਼ਿਕਾਰ ਹਨ ਜਿਸ ਕਾਰਨ ਅੱਜ ਇਸ ਸ਼ਬਦ ਦਾ ਸ਼ੁੱਧ ਸ਼ਬਦ-ਰੂਪ ‘ਦੋਂਹਾਂ’ ਲਗ-ਪਗ ਖ਼ਤਮ ਹੀ ਹੁੰਦਾ ਜਾ ਰਿਹਾ ਹੈ।
‘ਚਾਰ’ ਦੇ ਅੰਕ ਨਾਲ਼ ਸੰਬੰਧਿਤ ਸ਼ਬਦ:
“”””””””””””””””””””””””””””””
ਇਸੇ ਤਰ੍ਹਾਂ ਚਾਰ ਦੀ ਗਿਣਤੀ ਨਾਲ਼ ਸੰਬੰਧਿਤ ਸ਼ਬਦ ਹਨ: .ਚਹੁੰ ਜਾਂ ਚਹੁੰਆਂ ਆਦਿ, ਜਿਵੇਂ
੧. ਇਹ ਪੱਥਰ ਅਸੀਂ ਚਹੁੰ .ਜਣਿਆਂ ਨੇ ਰਲ਼ ਕੇ ਪਾਸੇ ਕੀਤਾ ਹੈ।
੨.ਇਹ ਕੰਮ ਅਸੀਂ ਚਹੁੰਆਂ ਨੇ ਰਲ਼ ਕੇ ਕੀਤਾ ਹੈ।
੩. ਮੀਂਹ ਪੈਣ ਨਾਲ ਚਾਰੇ ਪਾਸੇ ਜਲ-ਥਲ ਹੋ ਗਿਆ।
ਚਾਰ ਸ਼ਬਦ ਦੀ ਉਪਰੋਕਤ ਸ਼ਬਦ-ਰੂਪਾਂ ਅਨੁਸਾਰ ਵਰਤੋਂ ਕਰਨ ਦੀ ਥਾਂ ਅਸੀਂ ਆਮ ਤੌਰ ‘ਤੇ ਪਹਿਲੇ ਦੋਂਹਾਂ ਵਾਕਾਂ ਵਿਚਲੇ ਚਹੁੰ ਜਾਂ ਚਹੁੰਆਂ ਸ਼ਬਦਾਂ ਦੀ ਥਾਂ ਅਕਸਰ ‘ਚਾਰਾਂ’ ਸ਼ਬਦ ਦੀ ਵਰਤੋਂ ਕਰ ਲੈਂਦੇ ਹਾਂ ਜੋਕਿ ਸਰਾਸਰ ਗ਼ਲਤ ਹੈ, ਜਿਵੇਂ:
ਇਹ ਪੱਥਰ ਅਸੀਂ ਚਾਰਾਂ ਜਣਿਆਂ ਨੇ ਰਲ਼ ਕੇ ਪਾਸੇ ਕੀਤਾ ਹੈ। ਜਾਂ
ਇਹ ਕੰਮ ਅਸੀਂ ਚਾਰਾਂ ਨੇ ਰਲ਼ ਕੇ ਕੀਤਾ ਹੈ।
ਸੋ, ਇਸ ਸਮੇਂ ਲੋੜ ਹੈ ਕਿ ਭਾਸ਼ਾ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਸਾਨੂੰ ਇਹੋ-ਜਿਹੇ ਛੋਟੇ-ਛੋਟੇ ਵਿਆਕਰਨਿਕ ਨਿਯਮਾਂ ਨੂੰ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ ਬਲਕਿ ਇਹਨਾਂ ਨੂੰ ਸਮਝਣ ਅਤੇ ਇਹਨਾਂ ਉੱਤੇ ਸਖ਼ਤੀ ਨਾਲ਼ ਅਮਲ ਕਰਨ ਦੀ ਕੋਸ਼ਸ਼ ਕਰਨੀ ਚਾਹੀਦੀ ਹੈ ਤਾਂਕਿ ਭਾਸ਼ਾ ਦੇ ਲਿਖਤੀ ਰੂਪ ਵਿੱਚ ਕਿਸੇ ਵੀ ਕਿਸਮ ਦਾ ਕੋਈ ਵਿਗਾੜ ਨਾ ਪਵੇ ਅਤੇ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਵੀ ਇਹਨਾਂ ਸ਼ਬਦਾਂ ਦੇ ਸ਼ੁੱਧ ਸ਼ਬਦ-ਰੂਪਾਂ ਤੋਂ ਜਾਣੂ ਕਰਵਾ ਸਕੀਏ।
…………………..
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਸੰ.ਨੰ. 9888403052
https://play.google.com/store/apps/details?id=in.yourhost.samajweekly