(ਸਮਾਜ ਵੀਕਲੀ)
ਸੂਰਜਾਂ ਦੇ ਵਾਰਿਸ ਪਬਲੀਕੇਸ਼ਨ ” ਵਲੋਂ ਪ੍ਕਾਸ਼ਿਤ “ਨਿਰਾ ਇਸ਼ਕ” ਕਾਵਿ-ਸੰਗ੍ਰਹਿ ਦੇ ਨਾਲ਼ ਕਵਿੱਤਰੀ ਲਵਪ੍ਰੀਤ ਜਵੰਧਾ ਉਰਫ਼ ਡਾ.ਬਲਵੀਰ ਕੌਰ ਜਵੰਧਾ ਨੇ ਪੰਜਾਬੀ ਸਾਹਿਤ ਦੇ ਵਿੱਚ ਪਲੇਠਾ ਕਦਮ ਰੱਖਿਆ ਹੈ। ਸੋਹਣੀ ਦਿੱਖ ਵਾਲੀਆਂ ਤਸਵੀਰਾਂ ਨਾਲ਼ ਸ਼ਿੰਗ਼ਾਰੀ 117 ਪੰਨਿਆਂ ਦੀ ਇਸ ਪੁਸਤਕ ਦੀ ਹਰ ਕਵਿਤਾ ਆਪਣੇ ਕਾਵਿ ਰੂਪ ਨਾਲ਼ ਪਾਠਕ ਦੇ ਦਿਲ ਵਿੱਚ ਉੱਤਰ ਜਾਂਦੀ ਹੈ। ਕਵਿੱਤਰੀ ਜਵੰਦਾ ਦਾ ਕਲਮ ਦਾ ਸੂਫ਼ੀਆਨਾ ਰੰਗ ਪਾਠਕ ਦੇ ਸਾਹਮਣੇ ਆਉਂਦਾ ਹੈ। ਇਕ ਕਵਿਤਾ ਵਿੱਚ :–
ਓਹਦੀ ਸੋਹਬਤ ਮਿਲੀ ਜਦ ਨੇਤਰਾਂ ਨੂੰ
ਸਾਹਾਂ, ਸੁਰਤਾਂ ‘ਚ ਇਸ਼ਕ ਦੇ ਨਾਦ ਗੂੰਜੇ”।
ਕਵਿਤਾ ਨਿੱਜ ਤੋਂ ਹੁੰਦੀ ਹੋਈ ਸਮਾਜ ਦੇ ਪਰ ਰੂਪ ਨੂੰ ਵੀ ਸਪੱਰਸ਼ ਕਰ ਜਾਂਦੀ ਹੈ। ਕਵਿੱਤਰੀ ਔਰਤਾਂ ਦੀ ਪ੍ਤੀਨਿੱਧਤਾ ਕਰਦੀ ਹੋਈ ਆਪਣੀ ਵਿਆਕਤੀਗਤ ਹੋਂਦ ਤੇ ਮਾਨ-ਸਨਮਾਨ ਨੂੰ ਸਮਾਜ ਅੰਦਰਲ਼ੇ ਚਿੱਕੜ ਤੋਂ ਕਮਲ ਦੇ ਫੁੱਲ ਦੀ ਤਰ੍ਹਾਂ ਨਿਰਲੇਪ ਰੱਖਣ ਲਈ ਬਹੁਤ ਸੁਚੇਤ ਹੈ, ਕੁੱਝ ਸਤਰਾਂ ਆਪ ਜੀ ਦੀ ਨਜ਼ਰ:–
“ਅਣਜਾਣ ਨਾ ਕਿਤੇ ਸਮਝ ਲਿਓ
ਹਰ ਇਕ ਦੀ ਪਹਿਚਾਣ ਰੱਖਦੀ ਹਾਂ
ਕਿਸ ਨੇ ਕਿਸ ਜਗ੍ਹਾ ‘ਤੇ ਮੈਨੂੰ ਰੱਖਿਆ ਏ
ਇਸ ਸਭ ਦੀ ਜਾਣਕਾਰੀ ਰੱਖਦੀ ਹਾਂ” ।
ਇਸ਼ਕ ਦੀ ਤੜਫ ਤੇ ਮਹਿਬੂਬ ਦੀਆਂ ਯਾਦਾਂ ਨੂੰ ਬਿਆਨਦੇ ਠੇਠ ਪੰਜਾਬੀ ਸ਼ਬਦ ਦੇਖੋ:–
ਅੱਜ ਫੇਰ ਕੁੰਡਾ ਖੜਕਾ ਦਿੱਤਾ
ਕੁੱਝ ਯਾਦਾਂ ਪੁਰਾਣੀਆਂ ਨੇ
ਖੜ ਦਿਲ ਦੇ ਦਰਵਾਜ਼ੇ
ਬੜਾ ਸਿਰ ਖਾਧਾ ਮਰਜਾਣੀਆਂ ਨੇ” ।
ਹਰ ਕਵਿਤਾ ਵਿੱਚ ਉਸ ਦੀ ਸ਼ਬਦਾਵਲੀ ਦਾ ਨਿਵੇਕਲਾ ਰੰਗ ਸਾਹਮਣੇ ਆਉਂਦਾ ਹੈ। ਉਸਦੀ ਕਵਿਤਾ ਦੀ ਰਵਾਨਗੀ ਆਪ ਮੁਹਾਰੀ ਨਦੀ ਦੇ ਵਹਿਣ ਵਰਗੀ ਹੈ। ਕਵਿਤਾ ਦੀਆਂ ਸਤਰਾਂ ਦਾ ਵਹਾਅ ਆਪਣੀ ਲੈਅ ਆਪ ਹੀ ਤਹਿ ਕਰ ਜਾਂਦਾ ਹੈ।
“ਇਸ਼ਕ ਤੇਰੇ ਦਾ ਦਰਦ ਵੇ ਅੜਿਆ
ਮੇਰੀ ਨਾੜੀ ਨਾੜੀ ਟੋਹ ਜਾਂਦਾ
ਜਿੰਦ ਇਕੱਲੀ ਹੌਂਕੇ ਭਰਦੀ
ਸੁੰਨਾ ਚਾਰ-ਚੁਫ਼ੇਰਾ ਹੋ ਜਾਂਦਾ”
ਕਿਸ ਤਰ੍ਹਾਂ ਸਹਿਜ-ਸੁਭਾਅ ਚਸਮਿਆਂ ਦੀ ਕਲ- ਕਲ ਵਰਗੀ ਹਰ ਕਵਿਤਾ ਇਸ਼ਕ ਮਜ਼ਾਜ਼ੀ ਦਿਆਂ ਜ਼ਜਵਾਤੀ ਵੇਗ਼ਾਂ ਨੂੰ ਛੂੰਹਦੀ ਇਸ਼ਕ ਹਕੀਕੀ ਦਾ ਰੂਪ ਹੋ ਬਹਿੰਦੀ ਹੈ। ਸੂਫੀ ਰੰਗਤ ਦੀਆਂ ਕਵਿਤਾਵਾਂ ਖੁਦਾਈ ਇਸ਼ਕ ਨੂੰ ਸਿੱਜਦਾ ਕਰਦੀਆਂ ਹਨ। ਕਵਿਤਾਵਾਂ ਦਾ ਵਿਸ਼ਾ ਹਿਜਰ ਦੀਆਂ ਪੀੜਾਂ, ਵਿਛੜੇ ਸੱਜਣ ਦੇ ਵਸਲ ਦੀਆਂ ਤਾਂਘਾਂ, ਸੁੱਚੇ-ਸੁੱਚੇ ਇਬਾਦਤ ਜਿਹੇ ਪਿਆਰ ਦਾ ਦਿਲੀ ਮੋਹ ਭਿੱਜਿਆ ਪ੍ਗਟਾਵਾ ਹੈ। ਕਾਵਿ ਰੂਪ ਪੱਖੋਂ ਕਦੇ ਨਜ਼ਮ ਕਦੇ ਗੀਤ ਰੂਪ ਲੈਂਦੀਆਂ ਸਿਰਲੇਖੋਂ ਸੱਖਣੀਆਂ ਤੋਲ ਤੁਕਾਂਤ ਦੇ ਵਿੱਚ ਆਪਣਾ ਵਹਾਅ ਆਪ ਤਹਿ ਕਰਦੀਆਂ ਹਨ । ਅੰਲਕਾਰਾਂ ਦੀ ਸੁਚੱਜੀ ਜੜੵਤ ਪਾਠਕ ਨੂੰ ਕਵਿਤਾਵਾਂ ਦੇ ਨਾਲ਼ -ਨਾਲ਼ ਤੁਰਨ ਲਈ ਆਖਦੀ ਹੈ। ਕਵਿਤਾਵਾਂ ਵਿੱਚ ਕਵਿੱਤਰੀ ਨੇ ਠੇਠ ਪੰਜਾਬੀ ਸ਼ਬਦਾਂ ਦੀ ਸੁਚੱਜੀ ਵਰਤੋਂ ਕਰਕੇ ਆਪਣੇ ਅਤੇ ਪਾਠਕ ਦੇ ਰਿਸ਼ਤੇ ਦੇ ਓਪਰੇਪਣ ਨੂੰ ਨਿਖੇੜਿਆ ਹੈ। “ਆਦਮ ਤੇ ਹਵਾ” ਜਿਹੀਆਂ ਸੰਜੀਦਾ ਕਵਿਤਾਵਾਂ ਵਿੱਚ ਕਾਵਿਕ ਸ਼ੈਲ਼ੀ ਵਿਅੰਗਮਈ ਹੈ।
” ਤੂੰ ਆਦਮ
ਕਿੰਨਾਂ ਸੌਖਾ ਏ ਤੇਰੇ ਲਈ
ਆਈ ਲਵ ਯੂ ਕਹਿਣਾ
ਮੈਂ ਹਵਾ, ਮੇਰਾ ਕੰਮ ਏ ਰੋਮ ਰੋਮ ‘ਚ
ਬਣ ਮਹਿਕ, ਵਹਿਣਾ”
ਇਸਤਰੀ ਪੱਖ ਦੇ ਵਿੱਚ ਖੜਦੀ ਸਮਾਜ ਅੰਦਰ ਇਸਤਰੀ ਜਾਤ ਪ੍ਤੀ ਸਮਾਜਿਕ ਨਜ਼ਰੀਏ ਤੇ ਕਟਾਕਸ਼ ਕਰਦੀ ਨਜ਼ਰ ਆਉਂਦੀ ਹੈ। ਲਵਪ੍ਰੀਤ ਜਵੰਧਾ ਸਿਰਫ਼ ਕਲਪਨਾ ਦੇ ਚੱਕਰਵਿਊ ਵਿੱਚ ਨਹੀ ਘੁੰਮਦੀ ਸਗੋਂ ਮਨੁੱਖੀ ਜਿੰਦਗ਼ੀ ਦਾ ਯਥਾਰਥ ਪੇਸ਼ ਕਰਦੀ ਹੈ। ਕਵਿਤਾ “ਘਰ ਦੀ ਵਿਰਾਨੀ ਤੋਂ ਪੁੱਛਦੀ ਹਾਂ” ਕਵਿੱਤਰੀ ਦੀ ਨਿਵੇਕਲੀ ਰਚਨਾ ਹੈ।
“ਘਰ ਦੀ ਵਿਰਾਨੀ ਤੋਂ ਪੁੱਛਦੀ ਹਾਂ
ਅਧੂਰੀ ਕਹਾਣੀ ਤੋਂ ਪੁੱਛਦੀ ਹਾਂ
ਜਖਮ ਹਾਲ਼ੇ ਵੀ ਹਰੇ ਕਿਉਂ ਨੇ
ਹਕੀਮ ਦੀ ਨਦਾਨੀ ਤੋਂ ਪੁੱਛਦੀ ਹਾਂ”
ਹਕੀਕੀ ਇਸ਼ਕ ਨੂੰ ਬਿਆਨਦੀਆਂ ਸਤਰਾਂ
ਪੰਨਾ 72 “ਤੇਰਾ ਇਸ਼ਕ ਮੁਵ ਮੁਕਲਾਵੇ ਆਈ,
ਖੁਆਬਾਂ ਨਾਲ ਸਜਾਈ
ਰੰਗ-ਰੱਤੜੀ ਸੇਜ ਦੇ ਰੰਗ ਵਰਗਾ”
ਸਫ਼ਾ 74— ਤੂੰ ਵਾਰ ਦੇ ਹਰ ਸ਼ੈਅ ਯਾਰ ਆਪਣੇ ਤੋਂ
ਜੇ ਜਿੱਤਣੀ ਇਸ਼ਕ ਦੀ ਬਾਜ਼ੀ
ਬੁੱਲੇ ਸ਼ਾਹ ਜੱਗ ਰੁੱਸ ਜਾਵੇ ਪਰ
ਯਾਰ ਨੂੰ ਰੱਖਣਾ ਰਾਜ਼ੀ”।
ਰੂਹਾਨੀ ਇਸ਼ਕ ਹੀ ਖੁਦਾਈ ਇਬਾਦਤ ਹੈ। ਕਵਿੱਤਰੀ ਜਵੰਧਾ ਇਸ਼ਕ ਹਕੀਕੀ ਵਿੱਚ ਮੰਤਰ-ਮੁਗਧ ਹੁੰਦੀ ਜੋ ਸਤਰਾਂ ਕਲਮ-ਬੱਧ ਕਰਦੀ ਹੈ,ਉਸ ਕਾਬਿਲ -ਏ-ਤਾਰੀਫ਼ ਹਨ:-
ਸਫ਼ਾ 75–ਤੈਨੂੰ ਛੋਹ ਕੇ ਮੁਕਤੀ ਪਾਵਣੀ
ਜਦ ਬਖਸ਼ਿਆ ਆਪ ਸਬੱਬ
ਸਾਡੇ ਕੌਣ ਸੰਭਾਲ਼ੂ ਹੋਸ਼ੜੇ
ਤੁਸਾਂ ਨੈਣ ਮਿਲਾਏ ਜਬ
ਮੈਂ ਆਪਣਾ ਆਪ ਸੰਵਾਰਦੀ
ਤੇਰੀ ਅੱਖ ਨੂੰ ਜਾਵਾਂ ਫੱਬ
ਇਕ ਤੈਨੂੰ ਯਾਦ ਕਰੇਂਦਿਆਂ
ਮੈਂ ਹੋ ਜਾਣਾ ਰੱਬ” ।
ਪੰਨਾ–76—-ਤੂੰ ਰੋਮ ਰੋਮ ਵਿੱਚ ਰਮਿਆਂ ਏਂ
ਤੈਨੂੰ ਹੱਦ ਤੋਂ ਵੱਧ ਕੇ ਚਾਹ ਬੈਠੀ
ਤੇਰੇ ਪਾਕਿ ਪਵਿੱਤਰ ਅਹਿਸਾਸਾਂ ਨੂੰ
ਮੈਂ ਰੂਹ ਦੇ ਵਿੱਚ ਵਸਾ ਬੈਠੀ”।
ਭਵਿੱਖ ਵਿੱਚ ਜਵੰਧਾ ਤੋਂ ਹੋਰ ਉਚ ਪੱਧਰ ਦੀ ਸਾਹਿਤਕ ਰਚਨਾਵਾਂ ਦੀ ਉਮੀਦ ਦਿਖਾਈ ਦਿੰਦੀ ਹੈ। ਪ੍ਕਾਸ਼ਿਕ ਵਲੋਂ ਸ਼ਬਦ ਜੋੜ ਵੱਲ ਧਿਆਨ ਨਹੀਂ ਦਿੱਤਾ ਗਿਆ ਜੋ ਹਰ ਕਿਤਾਬ ਦਾ ਅਹਿਮ ਕਾਰਜ ਹੁੰਦਾ ਹੈ। ਮੈਂ ਆਪਣੇ ਵਲੋਂ ਕਵਿੱਤਰੀ ਲਵਪ੍ਰੀਤ ਜਵੰਧਾ ਦਾ ਸਾਹਤਿ ਦੀ ਫੁਲਵਾੜੀ ਅੰਦਰ ਧਰੇ ਪਹਿਲੇ ਕਦਮ ਦਾ ਹਾਰਦਿਕ ਸਵਾਗਤ ਕਰਦਾ ਹਾਂ। ਅੱਗਿਓ ਲੋਕ-ਹਿੱਤ ਨੂੰ ਪਰਨਾਏ ਸਾਹਿਤ ਦੀ ਸਿਰਜਣਾ ਦੀ ਉਮੀਦ ਕਰਦਾ ਆਮੀਨ ਕਹਿੰਦਾ ਹਾਂ।
ਬਲਜਿੰਦਰ ਸਿੰਘ “ਬਾਲੀ ਰੇਤਗੜੵ “
9465129168 ਵਟਸਐਪ
7087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly