“ਮਨੁੱਖਤਾ ਦੀ ਸੇਵਾ ਦੇ ਸੱਚੇ ਸੇਵਕ ਭਗਤ ਪੂਰਨ ਸਿੰਘ ਪਿੰਗਲਵਾੜਾ “

(ਸਮਾਜ ਵੀਕਲੀ)

ਛੋਟੇ ਹੁੰਦਿਆਂ ਅਸੀਂ ਇੱਕ ਮਾਨਵਤਾ ਦੀ ਸੇਵਾ ਕਰਨ ਵਾਲੇ ਭੱਦਰ ਪੁਰਸ਼ ਦੀ ਕਹਾਣੀ ਪੜਦੇ ਹੁੰਦੇ ਸੀ ਕਿ ਸੁਪਨੇ ਚ ਉਸਨੂੰ ਨੂੰ ਕੋਈ ਮਹਾਤਮਾ ਨਜ਼ਰ ਆਉਂਦਾ ਹੈ ਜੋ ਬਹੀ ਵਿੱਚ ਕੁੱਝ ਲਿਖ ਰਿਹਾ ਸੀ ਉਸ ਵਿਅਕਤੀ ਨੇ ਮਹਾਤਮਾ ਨੂੰ ਪੁਛਿਆ ਕਿ ਤੁਸੀਂ ਕੀ ਲਿਖ ਰਹੇ ਹੋ ਤਾਂ ਮਹਾਤਮਾ ਨੇ ਜਵਾਬ ਦਿੱਤਾ ਕਿ ਮੈਂ ਉਨ੍ਹਾਂ ਲੋਕਾਂ ਦੀ ਲਿਸਟ ਬਣਾ ਰਿਹਾ ਹਾਂ ਜੋ ਰੱਬ ਦੀ ਪੂਜਾ ਕਰਦੇ ਹਨ ਅਤੇ ਰੱਬ ਨੂੰ ਪਿਆਰ ਕਰਦੇ ਹਨ ਪਰ ਅਫਸੋਸ ਕਿ ਤੁਹਾਡਾ ਇਸ ਲਿਸਟ ਵਿੱਚ ਨਾ ਨਹੀਂ ਹੈ। ਦੂਜੀ ਰਾਤ ਫਿਰ ਇਸੇ ਤਰ੍ਹਾਂ ਹੁੰਦਾ ਹੈ ਉਹ ਵਿਆਕਤੀ ਫਿਰ ਮਹਾਤਮਾ ਨੂੰ ਪੁਛਦਾ ਹੈ ਕਿ ਅੱਜ ਤੁਸੀਂ ਕਿਹਨਾ ਲੋਕਾਂ ਦੀ ਲਿਸਟ ਬਣਾ ਰਹੇ ਹੋ ਤਾਂ ਮਹਾਤਮਾ ਜਵਾਬ ਦਿੰਦਾ ਹੈ ਕਿ ਅੱਜ ਮੈਂ ਉਨ੍ਹਾਂ ਲੋਕਾਂ ਦੀ ਲਿਸਟ ਬਣਾ ਰਿਹਾ ਹਾਂ ਜਿਨ੍ਹਾਂ ਨੂੰ ਰੱਬ ਪਿਆਰ ਕਰਦਾ ਹੈ ਇਹ ਲੋਕ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਅਤੇ ਸੇਵਾ ਕਰਨ ਵਾਲੇ ਹਨ ਲੋਕ ਵੀ ਇਨਾ ਨੂੰ ਪਿਆਰ ਕਰਦੇ ਹਨ ਇਸ ਲਿਸਟ ਵਿੱਚ ਤੁਹਾਡਾ ਨਾਂ ਸਭ ਤੋਂ ਪਹਿਲੇ ਨੰਬਰ ਤੇ ਹੈ।

ਇਸ ਕਹਾਣੀ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਹੈ ਰੱਬ ਦੀ ਖੋਜ ਵਿੱਚ ਜੰਗਲਾਂ ਅਤੇ ਥਾਂ ਥਾਂ ਭੜਕਣਾ ਵਿਅਰਥ ਹੈ ਰੱਬ ਮਨੁੱਖਤਾ ਅਤੇ ਕੁਦਰਤ ਦੇ ਵਿੱਚ ਹੀ ਵਸਦਾ ਹੈ ਇਸ ਗੱਲ ਨੂੰ 20ਵੀਂ ਸਦੀ ਵਿੱਚ ਮਾਨਵਤਾ ਦੇ ਭਲੇ ਹਿੱਤ, ਬੇਸਹਾਰਿਆਂ ਦੇ ਸਹਾਰਾ ਬਣਕੇ ਮਨੱਖਤਾ ਦੀ ਸੇਵਾ ਕਰਨ ਵਾਲੇ ਮਸੀਹਾ ਭਗਤ ਪੂਰਨ ਸਿੰਘ ਪਿੰਗਲਵਾੜਾ ਜੀ ਨੇ ਸਿਧ ਕਰਕੇ ਦੁਨੀਆ ਭਰ ਵਿੱਚ ਇੱਕ ਮਿਸਾਲ ਪੈਦਾ ਕੀਤੀ ਉਨ੍ਹਾਂ ਦਾ ਜਨਮ 4 ਜੂਨ 1904 ਵਿੱਚ ਰਾਜੇਵਾਲ ਰੋਹਣੋਂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ਼੍ਰੀ. ਸ਼ਿੱਬੂ ਮੱਲ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਸੇਵਾ ਕਰਨ ਦਾ ਸ਼ੌਂਕ ਸੀ। ਘਰ ‘ਚ ਗਰੀਬੀ ਕਰਕੇ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ ਅਤੇ ਨੌਕਰੀ ਦੀ ਭਾਲ ਵਿੱਚ ਮਾਤਾ ਨਾਲ ਲਾਹੌਰ ਜਾਣਾ ਪਿਆ। ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਭਗਤ ਪੂਰਨ ਸਿੰਘ ਬਿਨ੍ਹਾਂ ਤਨਖਾਹ ਤੋਂ ਸੇਵਾ ਕਰਨ ਲੱਗੇ। ਭਗਤ ਪੂਰਨ ਸਿੰਘ ਦਾ ਬਚਪਨ ਦਾ ਨਾਂ ‘ਰਾਮ ਜੀ ਦਾਸ’ ਸੀ। ਗੁਰਦੁਆਰਾ ਡੇਹਰਾ ਸਾਹਿਬ ਵਿਖੇ ਕੀਤੀ ਨਿਸ਼ਕਾਮ ਸੇਵਾ ਅਤੇ ਲਾਚਾਰ ਤੇ ਲਾਵਾਰਸ ਰੋਗੀਆਂ ਦੀ ਸੇਵਾ ਸੰਭਾਲ ਨੇ ਉਨ੍ਹਾਂ ਨੂੰ ਰਾਮ ਜੀ ਦਾਸ ਤੋਂ ‘ਪੂਰਨ ਸਿੰਘ’ ਬਣਾ ਦਿੱਤਾ।

ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਸੇਵਾ ਦਾ ਮੁੱਢ ਸੰਨ 1934 ਈ: ਵਿੱਚ ਇੱਕ ਚਾਰ ਸਾਲ ਦੇ ਬੱਚੇ (ਪਿਆਰਾ ਸਿੰਘ) ਦੀ ਸੇਵਾ ਤੋਂ ਸ਼ੁਰੂ ਕੀਤਾ। ਇਸ ਅਪਾਹਜ ਬੱਚੇ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਡਿਓੜ੍ਹੀ ਅੱਗੇ ਕੋਈ ਚੋਰੀ ਛੱਡ ਗਿਆ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰਕੇ ਆਖਿਆ, ”ਪੂਰਨ ਸਿੰਘ! ਤੂੰ ਹੀ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ।” ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿੱਬੜਿਆ ਜਿਸ ਕਰਕੇ ਉਸ ਦਾ ਨਾਂ ਪਿਆਰਾ ਸਿੰਘ ਹੋ ਗਿਆ।ਜਦੋਂ ਦੇਸ਼ ਦੀ ਵੰਡ ਹੋਈ ਤਾਂ ਭਗਤ ਪੂਰਨ ਸਿੰਘ ਉਸ ਅਪਾਹਜ ਬੱਚੇ ਨੂੰ 18 ਅਗਸਤ 1947 ਈ: ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਲੈ ਕੇ ਪਹੁੰਚੇ। ਉਸ ਕੈਂਪ ਵਿੱਚ ਹਜ਼ਾਰਾਂ ਮਰਦ, ਔਰਤਾਂ ਬੱਚੇ ਸਨ।

ਅਪਾਹਜਾਂ ਦੀ ਸੇਵਾ-ਸੰਭਾਲ, ਕੱਪੜੇ ਧੋਣ ਅਤੇ ਉਨਾਂ ਲਈ ਪ੍ਰਸ਼ਾਦੇ ਮੰਗ ਕੇ ਲਿਆਉਂਦੇ ਸਨ ਤੇ ਸਭ ਨੂੰ ਵਰਤਾਉਂਦੇ। ਇੱਥੋਂ ਤੱਕ ਕਿ ਆਪਣੇ ਹੱਥਾਂ ਨਾਲ ਉਨ੍ਹਾਂ ਦੇ ਮੂੰਹ ਵਿੱਚ ਬੁਰਕੀਆਂ ਵੀ ਪਾਉਂਦੇ ਸਨ। ਇਕੱਲੇ ਭਗਤ ਪੂਰਨ ਸਿੰਘ ਨੇ ਇਹ ਸੇਵਾ ਨਿਭਾਈ।1949 ਤੋਂ 1958 ਈ: ਤੱਕ ਫੁੱਟਪਾਥਾਂ, ਰੁੱਖਾਂ ਦੀ ਛਾਂਵੇਂ ਅਤੇ ਲਵਾਰਿਸਾਂ ਅਤੇ ਪੀੜਤ ਲੋਕਾਂ ਦੀ ਸੇਵਾ-ਸੰਭਾਲ ਕੀਤੀ। 1958 ਵਿੱਚ ਅੰਮ੍ਰਿਤਸਰ ਵਿਖੇ ਥਾਂ ਮੁੱਲ ਖ਼ਰੀਦ ਕੇ ਭਗਤ ਜੀ ਨੇ ਪਿੰਗਲਵਾੜੇ ਦੀ ਨੀਂਹ ਰੱਖੀ, ਜਿੱਥੇ ਮਾਨਸਿਕ ਅਤੇ ਲਵਾਰਿਸ ਰੋਗੀਆਂ, ਅਪਾਹਜਾਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਕੀਤੀ ਜਾਣ ਲੱਗ ਪਈ। ਇਹ ਆਸ਼ਰਮ ਜੋ ਕੁਝ ਕੁ ਮਰੀਜ਼ਾਂ ਨੂੰ ਲੈ ਕੇ ਭਗਤ ਪੂਰਨ ਸਿੰਘ ਜੀ ਨੇ ਬੀਜ ਰੂਪ ਵਿੱਚ ਸ਼ੁਰੂ ਕੀਤਾ, ਅੱਜ 1700 ਤੋਂ ਵੱਧ ਮਰੀਜ਼ ਜਿਨ੍ਹਾਂ ਵਿੱਚ ਔਰਤਾਂ, ਬੱਚੇ ਤੇ ਬੁੱਢੇ ਸ਼ਾਮਲ ਹਨ, ਲਈ ਘਰ ਵਰਗੇ ਸੁੱਖਾਂ ਦਾ ਸਾਧਨ ਬਣਿਆ ਹੋਇਆ ਹੈ।

ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਇਹ ਪਿੰਗਲਵਾੜਾ ਬੱਸ ਸਟੈਂਡ ਦੇ ਨਜ਼ਦੀਕ ਚੱਲ ਰਿਹਾ ਹੈ। ਇਸ ਦੇ ਬਾਨੀ ਭਗਤ ਪੂਰਨ ਸਿੰਘ ਨੂੰ ਭਾਵੇਂ ਬਹੁਤ ਮੁਸ਼ਕਲਾਂ ਆਈਆਂ ਪਰ ਉਹ ਆਪਣੇ ਮਿਸ਼ਨ ਵਿੱਚ ਸਫਲ ਹੋਏ। ਪਿੰਗਲਵਾੜੇ ਸੰਸਥਾ ਵੱਲੋਂ ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਆਦਰਸ਼ ਸਕੂਲ ਬੁੱਟਰ ਕਲਾਂ ਕਾਦੀਆਂ, ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ, ਭਗਤ ਪੂਰਨ ਸਿੰਘ ਗੂੰਗੇ-ਬੋਲੇ ਬੱਚਿਆਂ ਦਾ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਮਾਨਾਂਵਾਲਾ ਆਦਿ ਵਿਖੇ ਮੁਫ਼ਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

ਭਗਤ ਪੂਰਨ ਸਿੰਘ ਦੀਆਂ ਜੀਵਨ ਘਾਲਨਾਵਾਂ ਸੰਬੰਧੀ ਤਸਵੀਰਾਂ ਦਾ ਸੰਗ੍ਰਹਿ ਅਜਾਇਬ ਘਰ ਪਿੰਗਲਵਾੜਾ ਵਿਖੇ ਸਥਾਪਿਤ ਕੀਤਾ ਗਿਆ ਹੈ। ਭਗਤ ਪੂਰਨ ਸਿੰਘ ਜੀ ਦੇ ਜਨਮ ਸਥਾਨ ਤੇ ਪਿੰਡ ਰਾਜੇਵਾਲ ਵਿਖੇ ‘ਭਗਤ ਪੂਰਨ ਸਿੰਘ ਸਮਾਰਕ’ ਦਾ ਨਿਰਮਾਣ ਹੋ ਚੁੱਕਾ ਹੈ।ਪਿੰਗਲਵਾੜਾ (ਅੰਮ੍ਰਿਤਸਰ) ਦੇ ਨਜ਼ਦੀਕ ‘ਭਗਤ ਪੂਰਨ ਸਿੰਘ ਯਾਦਗਾਰੀ ਗੇਟ’ ਉਸਾਰਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ‘ਭਗਤ ਪੂਰਨ ਸਿੰਘ ਚੇਅਰ’ ਦੀ ਸਥਾਪਨਾ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ 10 ਦਸੰਬਰ 2004 ਨੂੰ ਭਗਤ ਪੂਰਨ ਸਿੰਘ ਜੀ ਦੀ ਇੱਕ ਡਾਕ-ਟਿਕਟ ਦਿੱਲੀ ਵਿਖੇ ਰਿਲੀਜ਼ ਕੀਤੀ ਗਈ ਹੈ।ਭਗਤ ਪੂਰਨ ਸਿੰਘ ਨੇ ਬੇਸਹਾਰੇ ਅਤੇ ਅਪਾਹਜਾਂ ਤੇ ਕੋਹੜ ਰੋਗੀਆਂ ਦੀ ਭਲਾਈ ਲਈ ਜੋ ਉੱਦਮ ਕੀਤਾ ਉਹ ਮਦਰ ਟੈਰੇਸਾ ਦੇ ਭਲਾਈ ਦੇ ਕੰਮਾਂ ਤੋਂ ਘੱਟ ਨਹੀਂ ਹੈ। ਭਗਤ ਪੂਰਨ ਸਿੰਘ ਨੂੰ 1981 ‘ਚ ਪਦਮਸ਼੍ਰੀ ਐਵਾਰਡ, 1990 ‘ਚ ਹਾਰਮਨੀ ਐਵਾਰਡ, 1991 ‘ਚ ਲੋਕ ਰਤਨ ਐਵਾਰਡ ਪ੍ਰਾਪਤ ਹੋਏ। ਉਨ੍ਹਾਂ ਦੇ ਜਨਮ ਦਿਨ ਤੇ ਅਸੀਂ ਵੀ ਮਨੁੱਖਤਾ ਨਾਲ ਨਫ਼ਰਤ ਛੱਡ ਕੇ ਪਿਆਰ ਅਤੇ ਸੇਵਾ ਕਰਨ ਦੇ ਰਸਤੇ ਤੇ ਚੱਲਣ ਦੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਕੋਸ਼ਿਸ਼ ਕਰੀਏ।

ਕੁਲਦੀਪ ਸਿੰਘ ਸਾਹਿਲ
9417990040

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS, global markets relieved as Congress raises govt borrowing limit, Biden had ‘Plan B’
Next articleਤਾਨਾਸ਼ਾਹੀ