ਦੁਬਿਧਾ ‘ਚ ਫਸੇ ਪੰਜਾਬੀ, ਕਿਤੇ ਆਪਣੀ ਬੇੜੀ ‘ਚ ਵੱਟੇ ਤਾਂ ਨਹੀਂ ਪਾ ਲੈਣਗੇ?

ਕਮਲਵੀਰ ਸਿੰਘ ਢਿੱਲੋਂ

(ਸਮਾਜ ਵੀਕਲੀ)

ਕਿਸਾਨ ਸੰਘਰਸ਼ ਪੂਰੇ ਜੋਸ਼ ਨਾਲ ਦਿੱਲੀ ਦੀਆਂ ਜੂਹਾਂ ਤੇ ਕੇਂਦਰ ਸਰਕਾਰ ਨੂੰ ਜਗਾਉਣ ਲਈ ਹਲੂਣੇ ਦੇ ਰਿਹਾ ਹੈ। ਕੇਂਦਰ ਸਰਕਾਰ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੜੀ ਬੇਸ਼ਰਮੀ ਨਾਲ ਚੁੱਪ-ਚਾਪ ਮੂੰਹ ਬੰਦ ਕਰ ਬੈਠੀ ਹੋਈ ਹੈ। ਮੋਦੀ ਕੰਪਨੀ ਨੂੰ ਬੰਗਾਲ ਵਿੱਚ ਮਿਲੀ ਹਾਰ ਤੋਂ ਕਿਸਾਨ ਮੋਰਚਾ ਚੜਦੀ ਕਲਾ ਵਿੱਚ ਹੈ ਤੇ ਹੁਣ ਯੂਪੀ ਫਤਿਹ ਦੀ ਗੱਲ ਵੀ ਹੋਣ ਲੱਗੀ ਹੈ। ਚੋਣਾਂ ਦਾ ਬਿਗਲ ਪੰਜਾਬ ‘ਚ ਵੀ ਵੱਜਣ ਵਾਲਾ ਹੈ ਤੇ ਪਾਰਟੀਆਂ ਨੇ ਚੋਣਾਂ ਜਿੱਤਣ ਲਈ ਵਰਕਰਾਂ ਦੀ ਭੰਨ- ਤੋੜ ਤੇ ਨਵੀਆਂ – ਨਵੀਆਂ ਤਿੱਕੜਮਬਾਜੀਆਂ ਖੇਡਣੀਆਂ ਸੁਰੂ ਕਰ ਦਿੱਤੀਆਂ ਹਨ। ਨਵਜੋਤ ਸਿੱਧੂ ਵਾਲੀ ਸੁਰਲੀ ਵੀ ਵੋਟਾਂ ਦੇ ਮੌਸਮ ਨੂੰ ਰੰਗੀਨ ਬਨਾਉਣ ਲਈ ਛੱਡੀ ਗਈ ਹੈ ਜੋ ਕੀ ਕੈਪਟਨ ਸਾਹਿਬ ਕਰਕੇ ਕਾਂਗਰਸ ਨੂੰ ਬਲੈਕ ਐੰਡ ਵਾਈਟ ਦਿਖਾਈ ਦੇ ਰਿਹਾ ਸੀ।

ਦੂਸਰੀ ਤਰਫ ਅਕਾਲੀ ਆਪਣੀ ਸਾਖ ਬਚਾਉਣ ਲਈ ਪੂਰੇ ਜੋਰ ਸ਼ੋਰ ਨਾਲ ਲੱਗੇ ਹੋਏ ਹਨ ਜਿਹੜੇ ਕਦੀ ਧਰਨੇ ਤੇ ਬੈਠਣ ਵਾਲਿਆਂ ਨੂੰ ਘਰੋਂ ਨਕਾਰੇ ਦੱਸਦੇ ਸੀ ਉਹੀ ਪ੍ਰਧਾਨ ਸਾਬ ਅੱਜ ਕੱਲ ਮਟਕਾ ਚੌਕ ਵਾਲੇ ਬਾਬਾ ਜੀ ਨੂੰ ਜਾ ਕੇ ਜੱਫੀਆਂ ਪਾਉਂਦੇ ਹਨ। ਇਸ ਸਾਰੇ ਘਟਨਾਕ੍ਰਮ ਨੂੰ ਵੇਖਦਿਆਂ ਅਜੇ ਤੱਕ ਕਿਸਾਨ ਮੋਰਚੇ ਦੇ ਆਗੂਆਂ ਦੀ ਚੋਣਾਂ ਪ੍ਰਤੀ ਕੋਈ ਪ੍ਰਪੱਕ ਨੀਤੀ ਦੇਖਣ ਨੂੰ ਨਹੀਂ ਮਿਲ ਰਹੀ। ਪੰਜਾਬ ਵੱਲੋਂ ਵਿੱਢੇ ਗਏ ਸੰਘਰਸ਼ ਵਿੱਚ ਜੇ ਪੰਜਾਬੀ ਪੰਜਾਬ ਹੀ ਨਾ ਸੰਭਾਲ ਸਕੇ ਦਿੱਲੀ ਤਾ ਫਿਰ ਬੇਗਾਨੀ ਹੈ। ਇਹ ਚੋਣਾਂ ਪਹਿਲਾਂ ਵਾਂਗ ਆਮ ਚੋਣਾਂ ਨਹੀਂ ਕਿ ਕੋਈ ਗੱਲ ਨਹੀਂ ਜੋ ਆਉਂਦਾ ਅਉਣ ਦਿਓ ਇਹਨਾਂ ਚੋਣਾਂ ਨੇ ਕਿਸਾਨ ਮੋਰਚੇ ਦੀ ਦਿਸ਼ਾ ਤੈਅ ਕਰਨੀ ਹੈ ਜਿਸ ਬਾਰੇ ਕਿਸਾਨ ਲੀਡਰਸ਼ਿਪ ਸੰਜੀਦਾ ਨਹੀਂ ਲੱਗ ਰਹੀ।

ਪਿੰਡਾਂ ਵਿੱਚ ਰਾਜਨੀਤਿਕ ਪਾਰਟੀਆਂ ਦੇ ਬਾਈਕਾਟ ਦੇ ਬੋਰਡ ਨਿੱਤ ਅਖਬਾਰ ਦੀਆਂ ਸੁਰਖੀਆਂ ਬਣਦੇ ਹਨ ਬਹੁਤ ਵਧੀਆ ਗੱਲ ਹੈ ਜੋ ਲੋਕਾਂ ਨੂੰ ਜਾਗ ਆਈ। ਪ੍ਰੰਤੂ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਬਾਈਕਾਟ ਕਰਨ ਨਾਲ ਚੋਣਾਂ ਰੱਦ ਹੋ ਜਾਣਗੀਆਂ ਕੋਈ ਪਾਰਟੀ ਸਰਕਾਰ ਨਹੀਂ ਬਣਾਏਗੀ। ਕੀ ਤੁਹਾਡੇ ਬਾਈਕਾਟ ਨਾਲ ਇਹ ਸਿਸਟਮ ਖਤਮ ਹੋ ਕੇ ਜਨਤਾ ਲਈ ਖੁਸ਼ਹਾਲੀ ਦੇ ਰਾਹ ਖੁੱਲ੍ਹ ਜਾਣਗੇ, ਇਹ ਕਦੇ ਵੀ ਨਹੀਂ ਹੋਣਾ ਇਹ ਚੋਣਾਂ ਵਾਲਾ ਸੰਤਾਪ ਤਾਂ ਭੋਗਣਾ ਹੀ ਪੈਣਾ ਪਰ ਇਸਦੇ ਸਿੱਟੇ ਆਪਣੇ ਪੱਖ ‘ਚ ਮੋੜੇ ਜਾ ਸਕਦੇ ਹਨ। ਮੈਨੂੰ ਯਾਦ ਨੇ ਉਹ ਚੋਣਾਂ ਜਦੋਂ ਪੰਜਾਬ ਦੇ ਲੋਕਾਂ ਨੇ ਤੇ ਅਕਾਲੀਆਂ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ ਤੇ ਕੁਝ ਪਰਸੈਟ ਵੋਟਾਂ ਨਾਲ ਕਾਂਗਰਸ ਨੂੰ ਗੱਦੀ ਮਿਲੀ ਸੀ।

ਜਾਗਦੇ ਲੋਕਾਂ ਲਈ ਬੀਤੇ ਤੋਂ ਸਬਕ ਲੈਣਾ ਆਉਣ ਵਾਲੇ ਕੱਲ ਨੂੰ ਚੰਗਾ ਬਨਾਉਣ ਲਈ ਜਰੂਰੀ ਹੈ। ਇਸ ਸਮੇਂ ਰਾਜਨੀਤਿਕ ਰਣਨੀਤੀ ਦੀ ਸਖ਼ਤ ਲੋੜ ਹੈ। ਪਿਛਲੇ 74 ਸਾਲਾਂ ਵਿੱਚ ਜਿਨ੍ਹਾਂ ਪਾਰਟੀਆਂ ਨੇ ਰਾਜ ਕੀਤਾ ਆਉਣ ਦਿਓ ਤੁਹਾਡੇ ਸਾਹਮਣੇ ਤੇ ਫਿਰ ਉਨ੍ਹਾਂ ਨੂੰ 74 ਸਾਲਾਂ ਦਾ ਹਿਸਾਬ ਪੁੱਛੋ ਦੱਸੋ ਉਨ੍ਹਾਂ ਨੂੰ ਵੀ ਅੱਜ ਅਸੀਂ ਗੂੜੀ ਨੀਦਰ ‘ਚ ਜਾਗ ਗਏ ਹਾ। ਉਨ੍ਹਾਂ ਨੂੰ ਪੁੱਛੋ ਸਾਨੂੰ ਸਬਸਿਡੀਆਂ ਤੇ ਲਾ ਕੇ, ਫਰੀ ਰਾਸ਼ਨ ਦੇ ਕੇ, ਝੂਠੇ ਲਾਰਿਆਂ ‘ਚ ਫਸਾ ਕੇ ਸਾਡੇ ਹੱਕਾਂ ਨੂੰ ਕਿਉ ਬੇਗਾਨੇ ਹੱਥ ਵੇਚਿਆ। ਕਿਉ ਆਪਣੇ ਪੰਜਾਬ ਨਾਲ ਗਦਾਰੀਆਂ ਕੀਤੀਆਂ।ਆਪਾ ਬਾਈਕਾਟ ਕਰ ਦਿਆਂਗੇ ਵੋਟ ਵੀ ਨਹੀਂ ਦੇਵਾਂਗੇ ਪਰ ਕੀ ਸਾਰਾ ਪੰਜਾਬ ਇੱਦਾ ਕਰੇਗਾ, ਨਹੀਂ ਕਦੀ ਨਹੀਂ ਬਹੁਤ ਸਾਰੀਆਂ ਤਾਕਤਾਂ ਪੰਜਾਬ ਦਾ ਖਾ ਕੇ ਲੂਣ ਹਰਾਮ ਪਹਿਲਾਂ ਵੀ ਕਰਦੀਆਂ ਰਹੀਆਂ ਤੇ ਹੁਣ ਵੀ ਕਰਨ ਤੋਂ ਪਿੱਛੇ ਨਹੀਂ ਹੱਟਣਗੀਆਂ।

ਜੇਕਰ ਫਿਰ ਉਹੀ ਜੋਕਾਂ ਕੁਝ ਪਰਸੈਟ ਨਾਲ ਫਿਰ ਸੱਤਾ ਤੇ ਕਾਬਜ਼ ਹੋ ਗਈਆਂ ਫਿਰ ਪੰਜ ਸਾਲਾਂ ਲਈ ਧੋਬੀ ਦਾ ਕੁੱਤਾ ਘਰ ਦਾ ਨਾ ਘਾਟ ਦਾ ਵਾਲੀ ਗੱਲ ਹੋ ਜਾਣੀ ਏ। ਕਿਉ ਨਹੀਂ ਅਸੀਂ ਵਰਤੇ ਹੋਏ ਬੇਗੈਰਤੇ ਲੀਡਰਾਂ ਨੂੰ ਪਰਾ ਕਰਕੇ ਨਵੇਂ ਨੌਜਵਾਨ ਜੋ ਧਰਤੀ ਨਾਲ ਜੁੜੇ ਹੋਣ ਉਨ੍ਹਾਂ ਨੂੰ ਅੱਗੇ ਲਿਆਉਣ ਲਈ ਹੰਭਲਾ ਮਾਰਦੇ ਆਖਰ ਸਰਕਾਰ ਤਾ ਵੋਟਾਂ ਨਾਲ ਹੀ ਬਣਨੀ ਹੈ ਛੱਡੋ ਰਿਵਾਇਤੀ ਪਾਰਟੀਆਂ ਦੇ ਪੱਲੇ, ਵੋਟ ਕੰਮ ਨੂੰ ਪਾਓ। ਆਪਣੇ ਕਿਸਾਨ, ਮਜਦੂਰਾਂ ਦੇ ਧੀਆਂ ਪੁੱਤਾਂ ਨੂੰ ਅੱਗੇ ਲੈ ਕੇ ਆਉ ਕੁਝ ਤਾਂ ਭਲਾ ਹੋਵੇਗਾ। ਇੱਕ ਕਹਾਵਤ ਹੈ ਕਿ ਜੇ ਆਪਣਾ ਵੱਢੂ ਤਾਂ ਵੱਡਕੇ ਛਾਵੇਂ ਹੀ ਸਿੱਟੂ ਬਿਗਾਨੇ ਨੇ ਕਿਉ ਤਰਸ ਕਰਨਾ।

ਸਮੇਂ ਦੀ ਨਜਾਕਤ ਨੂੰ ਸਮਝਕੇ ਕਿਸੇ ਤੀਜੀ ਧਿਰ ਨੂੰ ਖੜੀ ਕਰਨਾ ਪਵੇਗਾ ਉਹ ਧਿਰ ਕੋਈ ਕਿਸਾਨੀ ਪਾਰਟੀ ਵੀ ਹੋ ਸਕਦੀ ਹੈ ਲੋੜ ਹੈ ਇੱਕ ਦ੍ਰਿੜ ਸੋਚ ਬਨਾਉਣ ਦੀ ਹਵਾ ਦਾ ਰੁੱਖ ਪੜਨਾ ਬਹੁਤ ਜਰੂਰੀ ਹੁੰਦਾ ਕਾਮਯਾਬੀ ਹਾਸਲ ਕਰਨ ਲਈ। ਬਾਈਕਾਟ ਮਸਲੇ ਦਾ ਹੱਲ ਨਹੀਂ ਲੋੜ ਹੈ ਉਸਾਰੂ ਸੇਧ ਦੇਣ ਦੀ, ਜਿਸ ਤਰ੍ਹਾਂ ਪੰਜਾਬੀ ਕਿਸਾਨ ਤੇ ਮਜਦੂਰ ਮੌਜੂਦਾ ਸਮੇਂ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਹਨ ਸਦੀਆਂ ਬੀਤ ਜਾਂਦੀਆਂ ਹਨ ਇਸ ਤਰ੍ਹਾਂ ਲੋਕਾਂ ਨੂੰ ਜੋੜਨ ਲਈ ਜੇ ਹੁਣ ਸਮੀਕਰਨ ਨਾ ਬਦਲੇ ਫਿਰ ਰੱਬ ਰਾਖਾ। ਇਤਿਹਾਸ ਗਵਾਹ ਹੈ ਕਿ ਪੰਜਾਬੀ ਹਮੇਸ਼ਾ ਵਧੀਆ ਲੀਡਰਸ਼ਿਪ ਦੀ ਘਾਟ ਕਾਰਨ ਹੀ ਹਾਰੇ ਹਨ। ਹੁਣ ਦੁਬਿਧਾ ਛੱਡ ਕੇ ਲੋੜ ਹੈ ਮੌਕਾ ਸਾਂਭਣ ਦੀ ਕਿਤੇ ਦੁਬਾਰਾ ਪੰਜਾਬੀਆਂ ਦਾ ਹਾਲ ਇਹਨਾਂ ਸਤਰਾ ਵਾਂਗ ਨਾ ਹੋ ਜਾਵੇ :

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।

ਕਮਲਵੀਰ ਸਿੰਘ ਢਿੱਲੋਂ
ਮੋਬਾਇਲ : 8872391910

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨਾ ਲਓ ਜੀ ਮਨਾ ਲਓ ਜੀ
Next article*ਮੇਰਾ ਸੋਹਣਾ ਸਕੂਲ ਪਿਆਰਾ*