ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਦੇ ਫੌਜੀ ਅਫ਼ਸਰਾਂ ਨੇ ਰੱਖਿਆ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਸਿੱਖ ਰੈਜੀਮੈਂਟ ਵਿੱਚ ਸਿੱਖਾਂ ਤੋਂ ਇਲਾਵਾ ਹੋਰਨਾਂ ਵਰਗਾਂ ਦੇ ਫੌਜੀਆਂ ਦੀ ਭਰਤੀ ਦੀ ਆਗਿਆ ਦਿੱਤੀ ਜਾਵੇ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਸਿੱਖ ਰੈਜੀਮੈਂਟ ਦੇ ਅਫ਼ਸਰਾਂ ਮੁਤਾਬਕ ਪੰਜਾਬ ਤੋਂ ਸਿੱਖ ਨੌਜਵਾਨਾਂ ਦੀ ਕਮੀ ਹੋਣ ਕਾਰਨ ਫੌਜੀ ਅਫ਼ਸਰ ਇਹ ਮੰਗ ਮੰਨਣ ਲਈ ਮਜਬੂਰ ਹੋਏ ਹਨ ਕਿਉਂਕਿ ਪੰਜਾਬ ਦਾ ਯੂਥ ਨਸ਼ਿਆਂ ਦਾ ਸ਼ਿਕਾਰ ਹੈ ਜੋ ਫੌਜ ’ਚ ਭਰਤੀ ਦੇ ਮਾਪਦੰਡਾਂ ’ਤੇ ਖਰਾ ਨਹੀਂ ਉਤਰਦਾ।
ਭਾਜਪਾ ਨੇ ਰੋਸ ਵਜੋਂ ਵਾਕਆਊਟ ਕੀਤਾ
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਵਿੱਚ ਚੰਡੀਗੜ੍ਹ ਦੇ ਮੁੱਦੇ ’ਤੇ ਲਿਆਂਦੇ ਮਤੇ ਦਾ ਵਿਰੋਧ ਕੀਤਾ। ਪਾਰਟੀ ਦੇ ਸੂਬਾ ਪ੍ਰਧਾਨ ਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਲਿਆਂਦੇ ਮਤੇ ਦੀ ਮਨਸ਼ਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ 1966 ਤੋਂ 1985 ਤੱਕ ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰੀ ਸੇਵਾ ਨਿਯਮ ਹੀ ਲਾਗੂ ਹੁੰਦੇ ਸਨ ਤੇ 1986 ਤੋਂ ਲੈ ਕੇ 1991 ਤੱਕ ਤਨਖਾਹ ਕਮਿਸ਼ਨ ਦੇ ਲਾਭ ਵੀ ਕੇਂਦਰੀ ਕਮਿਸ਼ਨ ਵਾਲੇ ਹੀ ਮਿਲਦੇ ਸਨ ਪਰ ਪੰਜਾਬ ’ਚ ਤਨਖਾਹਾਂ ਕੇਂਦਰ ਦੇ ਮੁਲਾਜ਼ਮਾਂ ਨਾਲੋਂ ਜ਼ਿਆਦਾ ਹੋਣ ਕਾਰਨ ਪੰਜਾਬ ਦੇ ਨਿਯਮ ਲਾਗੂ ਹੋਏ ਤੇ ਤਨਖਾਹ ਕਮਿਸ਼ਨ ਦੇ ਲਾਭ ਵੀ ਪੰਜਾਬ ਦੇ ਕਮਿਸ਼ਨ ਮੁਤਾਬਕ ਮਿਲਣ ਲੱਗੇ। ਭਾਜਪਾ ਆਗੂ ਨੇ ਕਿਹਾ ਕਿ ਹੁਣ ਜਦੋਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਤੀ ਸੰਕਟ ਵਿੱਚ ਘਿਰਿਆ ਹੈ ਤਾਂ ਚੰਡੀਗੜ੍ਹ ਦੇ ਮੁਲਾਜ਼ਮ ਕੇਂਦਰੀ ਸੇਵਾ ਨਿਯਮ ਲਾਗੂ ਕਰਨ ਅਤੇ ਤਨਖਾਹ ਕਮਿਸ਼ਨ ਵੀ ਕੇਂਦਰ ਵਾਲਾ ਮੰਗਦੇ ਸਨ। ਇਸ ਲਈ ਕੇਂਦਰ ਸਰਕਾਰ ਨੇ ਤਾਂ ਮੁਲਾਜ਼ਮਾਂ ਦੀ ਮੰਗ ਪੂਰੀ ਕੀਤੀ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਦੋਂ ਸ੍ਰੀ ਸ਼ਰਮਾ ਨੂੰ ਬੋਲਣ ਤੋਂ ਟੋਕਿਆ ਤਾਂ ਉਨ੍ਹਾਂ ਤੇ ਮੁਕੇਰੀਆਂ ਤੋਂ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly