(ਸਮਾਜ ਵੀਕਲੀ) ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਅੰਤ ਵਿੱਚ ‘ਵ’ (व) ਅੱਖਰ ਪਾਏ ਜਾਣ ਨਾਲ਼ ਉਹ ਨਾਂਵ-ਸ਼ਬਦ ਦਾ ਰੂਪ ਧਾਰ ਲੈਂਦੇ ਹਨ, ਜਿਵੇਂ: ਬਦਲਾਵ (बदलाव), ਛਿੜਕਾਵ (छिड़काव), ਦਬਾਵ (दबाव), ਬਚਾਵ (बचाव) ਆਦਿ। ਪੰਜਾਬੀ ਵਿੱਚ ਪਹਿਲਾਂ ਅਜਿਹੇ ਸ਼ਬਦਾਂ ਨੂੰ ‘ਵਾਵੇ’ ਦੀ ਥਾਂ ਊੜੇ ਨੂੰ ਔਂਕੜ ਪਾ ਕੇ, ਜਿਵੇਂ: ਬਦਲਾਵ ਨੂੰ ਬਦਲਾਉ, ਛਿੜਕਾਵ ਨੂੰ ਛਿੜਕਾਉ, ਦਬਾਵ ਨੂੰ ਦਬਾਉ, ਬਚਾਵ ਨੂੰ ਬਚਾਉ ਜਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਕੰਮ ਸਾਰ ਲਿਆ ਜਾਂਦਾ ਸੀ। ਕਈ ਤਾਂ ਅਜਿਹੇ ਸ਼ਬਦਾਂ ਨੂੰ ਹਿੰਦੀ ਵਾਂਗ ਅੰਤ ਵਿੱਚ ਵ ਅੱਖਰ ਪਾ ਕੇ ਵੀ ਲਿਖ ਦਿਆ ਕਰਦੇ ਸਨ।
ਪਰ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਦੇ ਆ ਜਾਣ ਉਪਰੰਤ ਇਹ ਪਿਰਤ ਹੁਣ ਬੰਦ ਹੋ ਗਈ ਹੈ। ਇਸ ਕੋਸ਼ ਨੇ ਸਾਨੂੰ ਦੱਸਿਆ ਹੈ ਕਿ ਜਿੱਥੇ ਵੀ ਅਜਿਹੇ ਢੰਗ ਨਾਲ਼ ਬਣੇ ਕਿਸੇ ਨਾਂਵ-ਸ਼ਬਦ ਨੂੰ ਲਿਖਣਾ ਪਵੇ, ਉੱਥੇ ਨਾ ਤਾਂ ਸ਼ਬਦ ਦੇ ਅੰਤ ਵਿੱਚ ‘ਵ’ ਅੱਖਰ ਹੀ ਪਾਇਆ ਜਾਣਾ ਹੈ, ਨਾ ਊੜੇ ਦਾ ਮੂੰਹ ਖੁੱਲ੍ਹਾ ਰੱਖਿਆ ਜਾਣਾ ਹੈ ਅਤੇ ਨਾ ਊੜੇ ਨੂੰ ਔਂਕੜ ਹੀ ਪਾਇਆ ਜਾਣਾ ਹੈ। ਅਜਿਹੇ ਹਾਲਾਤ ਵਿੱਚ ਸ਼ਬਦ ਦੇ ਅੰਤ ਵਿੱਚ ਹਮੇਸ਼ਾਂ ‘ਐੜਾ’ ਮੁਕਤਾ (ਅ) ਅੱਖਰ ਹੀ ਪਾਉਣਾ ਹੈ, ਜਿਵੇਂ ਬਦਲਾਉਣਾ ਤੋਂ ਬਦਲਾਅ, ਛਿੜਕਾਉਣਾ ਤੋਂ ਛਿੜਕਾਅ, ਦਬਾਉਣਾ ਤੋਂ ਦਬਾਅ ਅਤੇ ਬਚਾਉਣਾ ਤੋਂ ਬਚਾਅ ਆਦਿ।
ਪਰ ਤ੍ਰਾਸਦੀ ਇਹ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਇਹਨਾਂ ਸ਼ਬਦਾਂ ਦੇ ਅੰਤ ਵਿੱਚ ਊੜੇ ਨੂੰ ਔਂਕੜ (ਉ) ਪਾ ਕੇ ਜਾਂ ਹਿੰਦੀ ਭਾਸ਼ਾ ਦੇ ਵਿਆਕਰਨਿਕ ਨਿਯਮਾਂ ਅਨੁਸਾਰ ‘ਵ’ ਅੱਖਰ ਪਾ ਕੇ ਹੀ ਲਿਖੀ ਜਾ ਰਹੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਭਾਸ਼ਾ ਦੇ ਵਿਆਕਰਨਿਕ ਨਿਯਮ ਉਸ ਦੇ ਆਪਣੇ ਉਚਾਰਨ, ਮੁਹਾਂਦਰੇ ਅਤੇ ਮੁਹਾਵਰੇ ਅਨੁਸਾਰ ਹੀ ਘੜੇ ਗਏ ਹੁੰਦੇ ਹਨ। ਇਹਨਾਂ ਨਿਯਮਾਂ ਉੱਤੇ ਅਮਲ ਕਰਕੇ ਹੀ ਅਸੀਂ ਕਿਸੇ ਭਾਸ਼ਾ ਦੇ ਲਿਖਤੀ ਰੂਪ ਵਿੱਚ ਇਕਸਾਰਤਾ ਲਿਆ ਸਕਦੇ ਹਾਂ। ਸੋ, ਪੰਜਾਬੀ ਭਾਸ਼ਾ ਵਿੱਚ ਇਕਸਾਰਤਾ ਅਤੇ ਸੁਚੱਜਤਾ ਲਿਆਉਣ ਲਈ ਸਾਨੂੰ ਪੰਜਾਬੀ ਭਾਸ਼ਾ ਦੇ ਵਿਆਕਰਨਿਕ ਨਿਯਮਾਂ ਉੱਤੇ ਪੂਰੀ ਤਨਦੇਹੀ ਨਾਲ਼ ਚੱਲਣ ਅਤੇ ਕੰਮ ਕਰਨ ਦੀ ਲੋੜ ਹੈ।
ਇਸ ਨਿਯਮ ਸੰਬੰਧੀ ਯਾਦ ਰੱਖਣ ਵਾਲ਼ੀ ਪਹਿਲੀ ਗੱਲ ਤਾਂ ਉੱਪਰ ਲਿਖੀ ਹੀ ਜਾ ਚੁੱਕੀ ਹੈ ਕਿ ਅਜਿਹੇ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਵਿਚਲੇ ਨਾਂਵ-ਸ਼ਬਦਾਂ ਦੇ ਪਿੱਛੇ ਲੱਗਿਆ ‘ਵ’ ਅੱਖਰ ਪੰਜਾਬੀ ਵਿੱਚ ‘ਐੜਾ’ ਮੁਕਤਾ ਵਿੱਚ ਬਦਲ ਜਾਣਾ ਹੈ। ਦੂਜੀ ਗੱਲ ਇਹ ਹੈ ਕਿ ਜੇਕਰ ਅਸੀਂ ਊੜੇ ਅੱਖਰ ਦਾ ਮੂੰਹ ਖੁੱਲ੍ਹਾ ਰੱਖਦੇ ਹਾਂ ਤਾਂ ਇਹਨਾਂ ਨਾਂਵ-ਸ਼ਬਦਾਂ ਦੇ ਕਿਰਿਆ-ਸ਼ਬਦਾਂ ਵਿੱਚ ਬਦਲ ਜਾਣ ਦਾ ਡਰ ਹੈ, ਜਿਵੇਂ: ਦਬਾਓ (ਕਿਸੇ ਚੀਜ਼ ਨੂੰ ਦਬਾਉਣ ਦੀ ਕਿਰਿਆ), ਬਚਾਓ (ਬੱਚਤ ਕਰਨ ਲਈ ਕਹਿਣਾ ਜਾਂ ਕਿਸੇ ਖ਼ਤਰੇ ਆਦਿ ਤੋਂ ਬਚਾਉਣ ਦੀ ਗੁਹਾਰ) ਅਤੇ ਛਿੜਕਾਓ (ਪਾਣੀ ਜਾਂ ਕੋਈ ਦਵਾਈ ਆਦਿ ਛਿੜਕਾਉਣ ਲਈ ਕਹਿਣਾ)। ਤੀਜੀ ਗੱਲ ਇਹ ਹੈ ਕਿ ਜੇਕਰ ਅਸੀਂ ਆਖ਼ਰ ਵਿੱਚ ਆਏ ਊੜੇ ਅੱਖਰ ਨੂੰ ਔਂਕੜ (ਉ) ਪਾ ਕੇ ਲਿਖਦੇ ਹਾਂ ਤਾਂ ਇਸ ਸੰਬੰਧੀ ਅਸੀਂ ਇਸ ਲੇਖ-ਲੜੀ ਦੇ ਸ਼ੁਰੂ ਵਿੱਚ ਹੀ ਇੱਕ ਲੇਖ ਵਿੱਚ ਦੇਖ ਚੁੱਕੇ ਹਾਂ ਕਿ ਇੰਞ ਲਿਖਣਾ ਪੰਜਾਬੀ ਦੇ ਵਿਆਕਰਨਿਕ ਨਿਯਮਾਂ ਦੀ ਉਲੰਘਣਾ ਹੈ ਕਿਉਂਕਿ ਇਸ ਨਿਯਮ ਅਨੁਸਾਰ ਪੰਜਾਬੀ ਸ਼ਬਦਾਂ ਦੇ ਅਖੀਰ ਵਿਚ ਆਏ ਕੇਵਲ “ਇਉਂ, ਜਿਉਂ, ਕਿਉਂ, ਤਿਉਂ” ਚਾਰ ਸ਼ਬਦਾਂ ਨੂੰ ਹੀ ਊੜੇ ਨੂੰ ਔਂਕੜ ਪਾ ਕੇ ਲਿਖ ਸਕਦੇ ਹਾਂ, ਬਾਕੀ ਸਾਰੇ ਸ਼ਬਦ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਲਿਖਣੇ ਹਨ। ਸੋ, ਜਦੋਂ ਵੀ ਅਜਿਹੇ ਨਾਂਵ-ਸ਼ਬਦਾਂ ਨੂੰ ਲਿਖਣਾ ਹੋਵੇ ਤਾਂ ਕਦੇ ਵੀ ਇਹਨਾਂ ਸ਼ਬਦਾਂ ਨੂੰ ਹਿੰਦੀ ਭਾਸ਼ਾ ਦੀ ਰੀਸੇ ਅੰਤ ਵਿੱਚ ‘ਵ’ ਅੱਖਰ ਪਾ ਕੇ ਜਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਨਹੀਂ ਲਿਖਿਆ ਜਾਣਾ ਚਾਹੀਦਾ ਸਗੋਂ ਅਜਿਹੇ ਸ਼ਬਦਾਂ ਦੇ ਅੰਤ ਵਿੱਚ ਐੜਾ (ਅ) ਅੱਖਰ ਪਾ ਕੇ ਹੀ ਲਿਖਣਾ ਹੈ।, ਇਸ ਸੰਬੰਧ ਵਿਚ ਹੁਣ ਤੱਕ ਇੱਕ ਅਪਵਾਦ ਦੇਖਣ ਨੂੰ ਜ਼ਰੂਰ ਮਿਲ਼ਿਆ ਹੈ ਕਿ “ਘਿਰਾਓ” ਸ਼ਬਦ ਨੂੰ ਉਪਰੋਕਤ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ। ਉਹ ਵੀ ਸ਼ਾਇਦ ਇਸ ਕਾਰਨ ਕਿ ਇਸ ਸ਼ਬਦ ਦੇ ਸ਼ਬਦ-ਜੋੜ ਇਸੇ ਤਰ੍ਹਾਂ ਸਥਾਪਿਤ ਹੋਏ ਮੰਨ ਲਏ ਗਏ ਹਨ। ਇਸ ਦੇ ਕਿਰਿਆ-ਰੂਪ ਘੇਰੋ, ਘੇਰਨਾ, ਘੇਰਿਆ ਆਦਿ ਹਨ। ਹੋ ਸਕਦਾ ਹੈ ਕਿ ਇਹੋ-ਜਿਹੇ ਇੱਕਾ-ਦੁੱਕਾ ਕੁਝ ਹੋਰ ਸ਼ਬਦ ਵੀ ਹੋਣ ਪਰ ਅਜਿਹੀ ਸੰਭਾਵਨਾ ਬਹੁਤ ਘੱਟ ਹੈ।
ਸ਼ਬਦਾਂ ਦੇ ਅੰਤ ਵਿੱਚ ਅ ਮੁਕਤਾ ਨਾਲ਼ ਲਿਖੇ ਜਾਣ ਵਾਲ਼ੇ ਨਾਂਵ-ਸ਼ਬਦਾਂ ਦੀਆਂ ਕੁਝ ਹੋਰ ਉਦਾਹਰਨਾਂ ਹੇਠ ਲਿਖੇ ਅਨੁਸਾਰ ਹਨ:
ਉਪਾਅ, ਝੁਕਾਅ, ਢੁਕਾਅ, ਨਿਭਾਅ, ਸੁਭਾਅ, ਟਿਕਾਅ, ਰੱਖ-ਰਖਾਅ, ਫੜ-ਫੜਾਅ, ਠਹਿਰਾਅ, ਰਿਸਾਅ, ਲੁਕਾਅ, ਛਿਪਾਅ, ਵਹਾਅ, ਪ੍ਰਗਟਾਅ, ਚਾਅ, ਜੀਅ, ਲੋਅ, ਉਤਰਾਅ, ਚੜ੍ਹਾਅ,ਅਕੜਾਅ, ਅਟਕਾਅ, ਸੁਝਾਅ, ਸਰਾਂਅ (ਬਹੁਵਚਨ ਸਰਾਵਾਂ), ਵਧਾਅ-ਘਟਾਅ, ਕੰਬੋਅ (ਕੰਬੋਜ), ਫੈਲਾਅ, ਲਮਕਾਅ, ਲਿਖ-ਲਿਖਾਅ, ਖਿਚਾਅ, ਘੁਮਾਅ, ਘਾਅ (ਘਾਵ), ਸੋਅ (ਭਿਣਕ), ਪਘਰਾਅ (ਪੱਘਰ ਤੋਂ ਬਣਿਆ: ਪਿਘਲ ਜਾਂ ਪੰਘਰ ਆਦਿ ਨਹੀਂ), ਜਮਾਅ, ਗਰਾਂਅ (ਪਿੰਡ), ਲਗਾਅ ਆਦਿ।
ਉਪਰੋਕਤ ਉਦਾਹਰਨਾਂ ਅਨੁਸਾਰ ਅਸੀਂ ਦੇਖਦੇ ਹਾਂ ਕਿ ਕਈ ਵਾਰ ਸ਼ਬਦਾਂ ਦੇ ਅੰਤ ਵਿਚ ਲੱਗੀਆਂ ਵ ਤੋਂ ਬਿਨਾਂ ਜ ਜਾਂ ਯ ਆਦਿ ਧੁਨੀਆਂ ਵੀ ਅ ਧੁਨੀ ਵਿੱਚ ਬਦਲ ਜਾਂਦੀਆਂ ਹਨ, ਜਿਵੇਂ: ਸਰਾਯ (सराय), ਗਰਾਂਅ (गांव ਜਾਂ ग्राम), ਕੰਬੋਅ (ਕੰਬੋਜ) ਆਦਿ।
ਕਈ ਵਾਰ ਦੇਖਣ ਵਿੱਚ ਇਹ ਵੀ ਆਇਆ ਹੈ ਕਿ ਕੁਝ ਲੋਕ ਉਪਰੋਕਤ ਅ-ਅੰਤਿਕ ਨਾਂਵ-ਸ਼ਬਦਾਂ ਨੂੰ ਕਿਰਿਆ-ਸ਼ਬਦਾਂ ਦੀ ਥਾਂ ‘ਤੇ ਵਰਤਣਾ ਸ਼ੁਰੂ ਕਰ ਦਿੰਦੇ ਹਨ ਜੋਕਿ ਸਰਾਸਰ ਗ਼ਲਤ ਹੈ । ਉਦਾਹਰਨ ਦੇ ਤੌਰ ‘ਤੇ “ਨਿਭਾ ਰਿਹਾ” ਨੂੰ “ਨਿਭਾਅ ਰਿਹਾ”, “ਫੈਲਾ ਰਿਹਾ” ਨੂੰ “ਫੈਲਾਅ ਰਿਹਾ” ਅਤੇ “ਬਚਾ ਰਿਹਾ” ਨੂੰ “ਬਚਾਅ ਰਿਹਾ” ਦੇ ਤੌਰ ‘ਤੇ ਲਿਖਣਾ ਪੂਰੀ ਤਰ੍ਹਾਂ ਗ਼ਲਤ ਹੈ। ਪੰਜਾਬੀ ਵਿੱਚ ਲਿਖਣ ਵੇਲ਼ੇ ਸਾਨੂੰ ਅਜਿਹੀਆਂ ਕੁਤਾਹੀਆਂ ਤੋਂ ਵੀ ਬਚਣ ਦੀ ਲੋੜ ਹੈ।
ਜਿਨ੍ਹਾਂ ਸ਼ਬਦਾਂ ਪਿੱਛੇ ‘ਅ’ ਮੁਕਤਾ ਪਾਉਣ ਦੀ ਲੋੜ ਨਹੀਂ ਹੈ:
“””””””””””””””””””””””””””””” “””””””””””””””””””””””””””””” “””””””
ਉਪਰੋਕਤ ਤੋਂ ਬਿਨਾਂ ਪੰਜਾਬੀ ਦੇ ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਦੇ ਅੰਤ ਵਿਚ ਅ ਮੁਕਤਾ ਪਾ ਕੇ ਲਿਖਣ ਦੀ ਲੋੜ ਨਹੀਂ ਹੈ ਪਰ ਅਸੀਂ ਖ਼ਾਹ-ਮਖ਼ਾਹ ਉਹਨਾਂ ਸ਼ਬਦਾਂ ਦੇ ਅੰਤ ਵਿੱਚ ਵੀ ‘ਅ’ ਮੁਕਤਾ ਪਾ ਕੇ ਲਿਖੀ ਜਾ ਰਹੇ ਹਾਂ, ਜਿਵੇਂ: ਤੈ (ਮਸਲਾ ਤੈ ਹੋਣਾ), ਖੌ (ਹੱਡਾਂ ਦਾ ਖੌ), ਭੈ (ਡਰ), ਭੌਂ (ਜ਼ਮੀਨ ਨੂੰ ਭੋਂ ਜਾਂ ਭੋਇੰ ਲਿਖਣਾ ਗ਼ਲਤ ਹੈ), ਕਨਸੋ (ਬਹੁਵਚਨ= ਕਨਸੋਆਂ), ਚੋ (ਕਿਰਿਆ ਅਤੇ ਨਾਂਵ; ਬਹੁਵਚਨ=ਚੋਆਂ), ਢੋ (ਢਾਸਣਾ), ਲੈ (ਸੁਰ-ਤਾਲ; ਬਹੁਵਚਨ= ਲੈਆਂ), ਰੌ (ਰੌਆਂ), ਕੈ (ਕੈਆਂ), ਸ਼ੈ (ਸ਼ੈਆਂ), ਸ਼ੋ (ਬਹੁਵਚਨ=ਸ਼ੋਆਂ; ਸ਼ੋ-ਕੇਸ, ਸ਼ੋ-ਰੂਮ, ਸ਼ੋ-ਪੀਸ ਆਦਿ), ਗੌਂ (ਗੌਂਆਂ), ਜੋ (ਹਲ਼ ਜੋਣਾ), ਢੋ (ਢੋ ਲਾਉਣੀ), ਬੈ (ਵੇਚਣ ਦਾ ਭਾਵ), ਬੋ, ਖ਼ੁੁਸ਼ਬੋ (ਖ਼ੁਸ਼ਬੂ ਲਿਖਣਾ ਗ਼ਲਤ ਹੈ) ਆਦਿ।
ਦਾ,ਦੇ ਅਤੇ ਦਾਅ,ਦੇਅ ਸ਼ਬਦਾਂ ਵਿੱਚ ਵਖਰੇਵਾਂ ਪਾਉਣ ਲਈ ‘ਅ’ ਦੀ ਵਰਤੋਂ:
ਉਪਰੋਕਤ ਤੋਂ ਬਿਨਾਂ ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਨੂੰ ਉਹਨਾਂ ਨਾਲ ਰਲਦੇ-ਮਿਲਦੇ ਕੁਝ ਸ਼ਬਦਾਂ ਤੋਂ ਵਖਰਿਆਉਣ ਲਈ ਸ਼ਬਦਾਂ ਦੇ ਅੰਤ ਵਿੱਚ ‘ਐੜਾ’ ਅੱਖਰ ਲਾਇਆ ਗਿਆ ਹੈ, ਜਿਵੇਂ: ਦਾਅ (ਢੰਗ, ਚਾਲ) ਅਤੇ ਦੇਅ (ਰਾਖਸ਼) ਸ਼ਬਦਾਂ ਨੂੰ ਦਾ ਅਤੇ ਦੇ ਸੰਬੰਧਕ-ਸ਼ਬਦਾਂ ਤੋਂ ਵਖਰਿਆਉਣ ਲਈ ਉਪਰੋਕਤ ਸ਼ਬਦਾਂ (ਦਾਅ ਅਤੇ ਦੇਅ) ਦੇ ਪਿੱਛੇ ਅ ਮੁਕਤਾ ਲਾਇਆ ਗਿਆ ਹੈ। ਭਰਾ ਸ਼ਬਦ ਨੂੰ ਰਜਾਈਆਂ “ਭਰਵਾਉਣ” ਵਾਲ਼ੇ ਸ਼ਬਦ ਤੋਂ ਵਖਰਿਆਉਣ ਲਈ “ਭਰਾਅ” (ਪਿੱਛੇ ‘ਅ’ ਪਾ ਕੇ, ਜਿਵੇਂ: ਰਜਾਈਆਂ ਭਰਾਅ ਲਈਆਂ ਹਨ) ਦੇ ਤੌਰ ‘ਤੇ ਲਿਖਿਆ ਜਾਂਦਾ ਹੈ।
“ਨਾਂ” (ਨਾਮ) ਅਤੇ “ਭਾ ਜੀ” (ਭਰਾ ਲਈ) ਸ਼ਬਦ ਕਿਵੇਂ ਲਿਖੀਏ?
ਪੰਜਾਬੀ ਦੇ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਪਿੱਛੇ ਇੱਕ -ਦੂਜੇ ਦੀ ਦੇਖਾ-ਦੇਖੀ, ਬਿਨਾਂ ਲੋੜ ਤੋਂ ਹੀ ‘ਅ’ ਅੱਖਰ ਪਾਉਣ ਦਾ ਰਿਵਾਜ ਚੱਲ ਪਿਆ ਹੈ। ਅਜਿਹੇ ਸ਼ਬਦਾਂ ਵਿੱਚੋਂ ਇੱਕ ਸ਼ਬਦ ਹੈ: “ਨਾਂ”। ਇਹ ਸ਼ਬਦ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ “ਨਾਮ” ਸ਼ਬਦ ਤੋਂ ਬਣਿਆ ਹੈ। ਇਹ ਸ਼ਬਦ “ਨਾਂ” ਸ਼ਬਦ “ਨਾਮ” ਸ਼ਬਦ ਦਾ ਹੀ ਤਦਭਵ ਰੂਪ ਹੈ। ਤਦਭਵ ਸ਼ਬਦ ਬਣਨ ਵਾਲ਼ੀ ਪ੍ਰਕਿਰਿਆ ਦੌਰਾਨ ਕੇਵਲ ਨਾਮ ਸ਼ਬਦ ਵਿਚਲਾ ਮ ਅੱਖਰ “ਨਾਂ” ਦੇ ਕੰਨੇ ਉੱਤੇ ਬਿੰਦੀ ਦੇ ਤੌਰ ‘ਤੇ ਹੀ ਬਿਰਾਜਮਾਨ ਹੋਇਆ ਹੈ। ਦੂਜੀ ਗੱਲ ਇਹ ਹੈ ਕਿ ਨਾਂ (ਨਾਮ) ਸ਼ਬਦ ਦੇ ਸਮਾਨਾਰਥਕ ਹੋਰ ਕੋਈ ਵੀ ਸ਼ਬਦ ਨਹੀਂ ਹੈ। ਇਸ ਨਾਲ਼ ਰਲ਼ਦੇ-ਮਿਲ਼ਦੇ ਸ਼ਬਦ “ਨਾ” (“ਨਹੀਂ” ਦੇ ਅਰਥਾਂ ਵਾਲ਼ੇ) ਸ਼ਬਦ ਉੱਤੇ ਵੀ ਬਿੰਦੀ ਨਹੀਂ ਪੈਂਦੀ। ਫਿਰ ਇਸ (ਨਾਂ) ਸ਼ਬਦ ਪਿੱਛੇ ਅ ਅੱਖਰ ਵਾਧੂ ਪਾਉਣ ਦੀ ਖੇਚਲ਼ ਕਿਉਂ? ਅਜਿਹੇ ਫ਼ਾਲਤੂ ਦੇ ਬੋਝ ਤੋਂ ਬਚਣ ਦੀ ਲੋੜ ਹੈ। ਵਿਆਕਰਨ ਵਿੱਚ ਵਰਤੇ ਜਾਣ ਵਾਲ਼ੇ ਨਾਂਵ (ਨਾਂਵ/ਪੜਨਾਂਵ ਵਾਲ਼ੇ) ਸ਼ਬਦ ਨੂੰ ਵੀ ਇਸੇ ਤਰ੍ਹਾਂ ਵ ਅੱਖਰ ਨਾਲ਼ ਲਿਖਣਾ ਹੀ ਸਹੀ ਮੰਨ ਲਿਆ ਗਿਆ ਹੈ।
ਇਸ ਤੋਂ ਬਿਨਾਂ ਇੱਕ ਹੋਰ ਸ਼ਬਦ “ਭਾ ਜੀ” ਹੈ ਜਿਹੜਾ ਕਿ ਆਮ ਬੋਲ-ਚਾਲ ਦੀ ਬੋਲੀ ਵਿੱਚ “ਭਰਾ ਜੀ” ਦੀ ਥਾਂ ਵਰਤਿਆ ਜਾਂਦਾ ਹੈ। ਇਸ ਨੂੰ ਇਸੇ ਤਰ੍ਹਾਂ “ਭਾ ਜੀ” (ਤੋੜ ਕੇ) ਹੀ ਲਿਖਿਆ ਜਾਣਾ ਚਾਹੀਦਾ ਹੈ ਕਿਉਂਕਿ ਜੇਕਰ ਇਸ ਨੂੰ ਜੋੜ ਕੇ ਲਿਖਾਂਗੇ ਤਾਂ ਇਹ “ਭਾਜੀ” (ਸਬਜ਼ੀ ਜਾਂ ਵਿਆਹ ਸਮੇਂ ਵੰਡੀ ਜਾਣ ਵਾਲ਼ੀ ਭਾਜੀ) ਬਣ ਜਾਵੇਗਾ। ਜੇਕਰ “ਭਾ” ਪਿੱਛੇ ਅ ਲਾ ਕੇ “ਭਾਅ ਜੀ” ਲਿਖਾਂਗੇ ਤਾਂ “ਭਾਅ ਜੀ” ਬਣ ਜਾਵੇਗਾ ਜਿਸ ਵਿੱਚ “ਭਾਅ” ਦੇ ਅਰਥ ਹੋ ਜਾਣਗੇ: ਕਿਸੇ ਚੀਜ਼ ਦਾ ਮੁੱਲ ਜਾਂ ਕੀਮਤ। ਇਸ ਲਈ ਅਜਿਹੇ ਝਮੇਲਿਆਂ ਤੋਂ ਬਚਣ ਲਈ ਸਾਨੂੰ ਭਰਾ ਜੀ ਸ਼ਬਦ ਦੇ ਬਦਲ ਵਜੋਂ “ਭਾ ਜੀ” ਸ਼ਬਦ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ, “ਭਾਜੀ” ਜਾਂ “ਭਾਅ ਜੀ” ਆਦਿ ਦੀ ਨਹੀਂ।
ਸ਼ਬਦਾਂ ਦੇ ਅੰਤ ਵਿੱਚ ਆਈ ‘ਈੜੀ’ (ੲ) ਨੂੰ ਲਾਂ ਜਾਂ ਸਿਹਾਰੀ ਕਦੋਂ ਪਾਈਏ?
ਪੰਜਾਬੀ ਸ਼ਬਦਾਂ ਦੇ ਅੰਤ ਵਿੱਚ ਆਉਣ ਵਾਲ਼ੀ ੲ ਬਾਰੇ ਗੱਲ ਕਰ ਲੈਣੀ ਵੀ ਸ਼ਾਇਦ ਇੱਥੇ ਕੁਥਾਂ ਨਹੀਂ ਹੋਵੇਗੀ। ਪਹਿਲੇ ਸਮਿਆਂ ਵਿੱਚ ਆਮ ਤੌਰ ‘ਤੇ ਸ਼ਬਦਾਂ ਦੇ ਅੰਤ ਵਿੱਚ ਲੱਗੀ ਈੜੀ ਨਾਲ਼ ਬਣੇ ਸ਼ਬਦਾਂ: ਰਾਏ (ਬਹੁਵਚਨ=ਰਾਵਾਂ), ਬਜਾਏ, ਬਰਾਏ (ਬਰਾਏ ਮਿਹਰਬਾਨੀ) ਆਦਿ ਨੂੰ ਸਿਹਾਰੀ ਪਾ ਕੇ ਅਰਥਾਤ ਰਾਇ, ਬਜਾਇ, ਬਰਾਇ ਆਦਿ ਹੀ ਲਿਖਿਆ ਜਾਂਦਾ ਸੀ ਪਰ ਹੁਣ ਇਹ ਨਿਯਮ ਬਦਲ ਚੁੱਕੇ ਹਨ ਅਤੇ ਅਜਿਹੇ ਸ਼ਬਦਾਂ ਦੇ ਅੰਤ ਵਿੱਚ ਆਈ ਈੜੀ ਨੂੰ ਲਾਂ ਦੀ ਮਾਤਰਾ ਪਾ ਕੇ ਹੀ ਲਿਖਿਆ ਜਾਣਾ ਹੈ। ਹਾਏ, ਓਏ ਆਦਿ ਸ਼ਬਦ ਵੀ ਈੜੀ ਨੂੰ ‘ਲਾਂ’ ਪਾ ਕੇ ਹੀ ਲਿਖਣੇ ਹਨ, ਸਿਹਾਰੀ ਨਾਲ਼ ਨਹੀਂ। ਹਾਂ, ਅਧਿਆਇ, ਪਰਿਆਇ (ਪਰਿਆਇਵਾਚੀ) ਆਦਿ ਕੁਝ ਸ਼ਬਦਾਂ ਨੂੰ ਪਰੰਪਰਾਗਤ ਢੰਗ ਅਨੁਸਾਰ ਲਿਖਣ ਦੀ ਜ਼ਰੂਰ ਛੋਟ ਹੈ।
……………………..
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ