ਦੁਕਾਨਾਂ ਦੇ ਬੋਰਡਾਂ ਉੱਤੇ ਸਭ ਤੋਂ ਉੱਪਰ ਪਹਿਲਾਂ ਪੰਜਾਬੀ ਲਿਖੀ ਜਾਵੇ -ਦੁਸਾਂਝ
ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )-ਪੰਜਾਬੀ ਸਾਹਿਤ ਸਭਾ ਬਲਾਚੌਰ ਵਲੋਂ ਜ਼ਿਲ੍ਹਾ ਭਰ ਦੀਆਂ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ਼ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਲੇਖਕ ਮਹਿੰਦਰ ਸਿੰਘ ਦੁਸਾਂਝ, ਬਾਬਾ ਦਲਜੀਤ ਸਿੰਘ ਸ਼ਿਕਾਗੋਂ ਵਾਲੇ, ਪ੍ਰੋ਼. ਇਕਬਾਲ ਸਿੰਘ ਚੀਮਾ, ਸੰਧੂ ਵਰਿਆਣਵੀ ਅਤੇ ਸਭਾ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਵਾਲੇ ਸੁਸ਼ੋਭਿਤ ਸਨ।ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮਾਂ ਬੋਲੀ ਨੂੰ ਦਰਪੇਸ਼ ਸਮਸਿਆਵਾਂ, ਸਰਕਾਰਾਂ ਦੀ ਇਸ ਵਿਸ਼ੇ ਸਬੰਧੀ ਅਪਣਾਈ ਜਾਂਦੀ ਰਹੀ ਗੈਰ ਜਿੰਮੇਵਾਰਾਨਾ ਪਹੁੰਚ ਨੂੰ ਆਪਣੇ ਵਿਚਾਰਾਂ ਦਾ ਧੁਰਾ ਬਣਾ ਕੇ ਮਾਂ ਬੋਲੀ ਬਾਰੇ ਪੰਜਾਬੀ ਚਿੰਤਕਾਂ ਵਲੋਂ ਨਿਭਾਈ ਜਾਣ ਵਾਲੀ ਅਹਿਮ ਭੂਮਿਕਾ ਦੀ ਗੱਲ ਕੀਤੀ।ਇਸ ਵੇਲੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬਾਬਾ ਦਲਜੀਤ ਸਿੰਘ ਸ਼ਿਕਾਗੋਂਂ ਵਾਲਿਆਂ ਨੇ ਕਿਹਾ ਕਿ ਜਦੋਂ ਤੱਕ ਲੋਕ ਨਹੀਂ ਜਾਗਦੇ ਮਸਲੇ ਦਾ ਹੱਲ ਨਹੀਂ ਹੋ ਸਕਦੇ। ਪੰਜਾਬੀ ਮਾਂ ਬੋਲੀ ਦੇ ਵਿਰਾਸਤੀ ਸ਼ਬਦਾਂ ਦਾਦਾ, ਬਾਬਾ, ਨਾਨਾ ਨੂੰ ਗ੍ਰੈਂਡ ਡੈਡ, ਚਾਚੇ, ਤਾਇਆਂ, ਮਾਮਿਆਂ, ਮਾਸੜਾਂ ਨੂੰ ਸ਼ਬਦ ਅੰਕਲ, ਚਾਚੀ, ਤਾਈ, ਭੂਆ, ਮਾਸੀ ਨੂੰ ਆਂਟੀ ਸ਼ਬਦ ਨਿਗਲ਼ ਗਏ ਹਨ। ਉਹਨਾਂ ਮੰਗ ਕੀਤੀ ਕਿ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਾਂ ਬੋਲੀ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਕੀਤੇ ਜਾਣ ਦੀ ਲੋੜ ਹੈ। ਪ੍ਰਸਿੱਧ ਪੰਜਾਬੀ ਲੇਖਕ ਮਹਿੰਦਰ ਸਿੰਘ ਦੁਸਾਂਝ ਨੇ ਕਿਹਾ ਇਸ ਵੇਲੇ ਦੁਨੀਆਂ ਭਰ ਵਿੱਚ 7100 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪੰਜਾਬੀ ਬੋਲਣ ਵਾਲੇ ਦੁਨੀਆਂ ਭਰ ਵਿੱਚ ਵੱਸਦੇ 15 ਕਰੋੜ ਪੰਜਾਬੀਆਂ ਵਿੱਚੋਂ ਪੰਜਾਬੀ ਬੋਲਣ ਵਾਲੇ ਸਭ ਤੋਂ ਵੱਧ ਲਹਿੰਦੇ ਪੰਜਾਬ (ਪਾਕਿਸਤਾਨ) ਦੀ 37 ਫ਼ੀਸਦੀ ਵਸੋਂ ਪੰਜਾਬੀ ਬੋਲਦੀ ਹੈ। ਉਹਨਾਂ ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਸ਼ਕਰਗੰਜ ਦੀ ਸਿੱਕੇਬੰਦ ਪੰਜਾਬੀ ਸ਼ਲੋਕਾਂ ਦਾ ਹਵਾਲਾ ਦਿੰਦੇ ਹੋਇਆਂ ਕਿਹਾ ਕਿ ਇਹ ਵਖਰੀ ਗੱਲ ਹੈ ਕਿ ਲਹਿੰਦੇ ਪੰਜਾਬ ਦੇ ਲੋਕ ਪੰਜਾਬੀ ਲਈ ਸ਼ਾਹਮੁਖੀ ਲਿੱਪੀ ਦੀ ਵਰਤੋਂ ਕਰਦੇ ਹਨ ਅਤੇ ਚੜ੍ਹਦੇ ਪੰਜਾਬ ਦੇ ਲੋਕ ਗੁਰਮੁਖੀ ਲਿੱਪੀ ਦੀ ਵਰਤੋਂ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਈਆਂ ਹੁਣ ਤੱਕ ਦੀਆਂ ਸਰਕਾਰਾਂ ਪੰਜਾਬ ਵਿੱਚ ਹੀ ਦੁਕਾਨਾਂ ਦੇ ਬੋਰਡ ਵੀ ਆਪਣੀ ਮਾਂ ਬੋਲੀ ਵਿੱਚ ਨਹੀਂ ਲਿਖਵਾ ਸਕੀਆਂ ਹਨ। ਉਹਨਾਂ ਮੰਗ ਕੀਤੀ ਕਿ ਇੱਕ ਲੋਕ ਲਹਿਰ ਉਸਾਰੀ ਜਾਵੇ ਕਿ ਪੰਜਾਬ ਵਿੱਚ ਹਰ ਦੁਕਾਨ ਦੇ ਬੋਰਡ ਉੱਪਰ ਗੁਰਮੁਖੀ ਵਿੱਚ ਲਿਖਵਾਏ ਜਾਣ, ਜਿਸ ਲਈ ਸਰਕਾਰ ‘ਤੇ ਦਬਾਅ ਬਣਾਇਆ ਜਾਵੇ। ਪ੍ਰੋ. ਇਕਬਾਲ ਸਿੰਘ ਚੀਮਾ ਨੇ ਹਰਿਆਣਾ ਦਾ ਜੰਮਪਲ੍ਹ ਹੋਣ ਦੀ ਗੱਲ ਕਰਦਿਆਂ ਪੰਜਾਬੀ ਦੀਆਂ ਉਪ ਭਾਸ਼ਾਵਾਂ ਵੱਲ ਇਸ਼ਾਰਾ ਕਰਦਿਆਂ ਹੋਇਆਂ ਪੰਜਾਬੀ ਬੋਲੀ ਦੇ ਹੋਏ ਨੁਕਸਾਨ ਨੂੰ ਕੇਂਦਰ ਬਿੰਦੂ ਬਣਾਇਆ। ਪ੍ਰੋ. ਸੰਧੂ ਵਰਿਆਣਵੀ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਵਲੋਂ ਕੀਤੇ ਜਾ ਰਹੇ ਯਤਨਾਂ ‘ਤੇ ਚਾਨਣਾ ਪਾਇਆ।ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਗੁਰਨੇਕ ਸਿੰਘ ਸ਼ੇਰ, ਅਮਰੀਕ ਸਿੰਘ ਰਾਏ ਬੇਗਮਪੁਰੀ, ਹਰੀ ਕ੍ਰਿਸ਼ਨ ਪਟਵਾਰੀ, ਕੇਵਲ ਕ੍ਰਿਸ਼ਨ ਕਿਸ਼ਨਪੁਰੀ ਚੰਡੀਗੜ੍ਹ, ਮੋਹਣ ਲਾਲ ਰਾਹੀ ਚੰਡੀਗੜ੍ਹ, ਕਸ਼ਮੀਰ ਸਿੰਘ ਢਿਲੋਂ, ਨਰੇਸ਼ ਧੌਲ ਬਲਾਚੌਰ, ਮਾਸਟਰ ਹਰਿੰਦਰ ਸਿੰਘ ਨਵਾਂਸ਼ਹਿਰ ਲੰਗੜੋਆ ਵਾਲੇ, ਨਰਿੰਦਰ ਭੂੰਬਲਾ ਬਲਾਚੌਰ, ਰਵਿੰਦਰ ਸਿੰਘ ਮੱਲ੍ਹਾ ਬੇਦੀਆਂ, ਡਾ. ਗੁਰਮੀਤ ਸਿੰਘ ਸਰਾਂ ਮਜਾਰਾ ਕਲਾਂ, ਹਰਭਜਨ ਸਿੰਘ ਹੀਰ, ਪ੍ਰਿੰਸੀਪਲ ਜਸਪਾਲ ਸਿੰਘ ਗਿੱਦਾ, ਕਹਾਣੀਕਾਰ ਜੋਗੇ ਭੰਗਲ, ਪ੍ਰਸਿੱਧ ਕਵੀ ਦੀਪ ਕਲੇਰ, ਕਾਲਮ ਨਵੀਸ ਅਤੇ ਲੇਖ਼ਕ ਗੁਰਜਿੰਦਰ ਸਿੰਘ ਸਾਹਦੜਾ, ਦੇਸ ਰਾਜ ਬਾਲੀ ਪ੍ਰਧਾਨ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ, ਦਵਿੰਦਰ ਸਕੋਹਪੁਰੀ ਪ੍ਰਧਾਨ ਨਵਜੋਤ ਸਾਹਿਤ ਸਭਾ ਔੜ, ਨੂਰ ਕਮਲ ਲਿਖਾਰੀ ਸਭਾ ਜਗਤਪੁਰ, ਅਮਰਜੀਤ ਸਿੰਘ ਸ੍ਰੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ, ਜਸਵਿੰਦਰ ਸਿੰਘ ਨਵਾਂਸ਼ਹਿਰ, ਦੀਪ ਜਗਤਪੁਰੀ, ਜਸਵਿੰਦਰ ਸਿੰਘ ਅਤੇ ਮੰਚ ਸੰਚਾਲਨ ਕਰਦਿਆਂ ਸਭਾ ਦੇ ਸੀਨੀਅਰ ਸਕੱਤਰ ਹਰਦੀਪ ਸਿੰਘ ਕਲਮ ਗਹੂੰਣ ਨੇ ਮਾਂ ਬੋਲੀ ਦਾ ਮਨੁੱਖੀ ਜੀਵਨ ਵਿੱਚ ਮਹੱਤਵ ‘ਤੇ ਚਾਨਣਾ ਪਾਉਂਦਿਆਂ ਹਾਜ਼ਰ ਕਵੀਆਂ ਦੇ ਗੀਤਾਂ, ਕਵਿਤਾਵਾਂ ਰਾਹੀਂ ਮਾਹੌਲ ਨੂੰ ਸਾਹਿਤਕ ਰੰਗਤ ਬਖਸ਼ੀ। ਇਸ ਮੌਕੇ ਮਨਮੋਹਨ ਸਿੰਘ ਖੇਲਾ ਸਿਡਨੀ ਵਾਲਿਆਂ ਵੀ ਪਹੁੰਚ ਕੇ ਸਭਾ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ਼ ਦਵਾਇਆ ਅਤੇ ਕਿਹਾ ਕਿ ਆਓ ਅਸੀਂ ਸਾਰੇ ਮਾਂ ਬੋਲੀ ਪੰਜਾਬੀ ਨੂੰ ਸਤਿਕਾਰ ਦੇਣ ਲਈ ਦੁਨੀਆਂ ਭਰ ਚ ਵੱਸਦੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀ ਬੁੱਧੀਜੀਵੀ ਇੱਕਠੇ ਹੋ ਕੇ ਸਰਕਾਰਾਂ ਤੇ ਦਬਾਓ ਬਣਾਈਏ ਕਿ ਸਰਕਾਰੀ ਦਫਤਰਾਂ, ਸਕੂਲਾਂ, ਕਾਲਜਾਂ ਵਿੱਚ ਮਾਂ ਬੋਲੀ ਪੰਜਾਬੀ ਨੂੰ ਪਹਿਲ ਦੇ ਤੌਰ ਤੇ ਹਰ ਹਾਲਤ ਵਿੱਚ ਲਾਗੂ ਕੀਤਾ ਜਾਵੇ। ਸਭਾ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਵਾਲ੍ਹਿਆਂ ਨੇ ਇਸ ਮਹੱਤਵਪੂਰਨ ਵਿਸ਼ੇ ‘ਤੇ ਰੱਖੇ ਗਏ ਵਿਚਾਰਾਂ ‘ਤੇ ਵੱਖ-ਵੱਖ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਰਿਸ ਸ਼ਾਹ, ਪੀਲੂ ਕਾਦਰਯਾਰ,ਧਨੀ ਰਾਮ ਚਾਤ੍ਰਿਕ, ਸ਼ਰਧਾ ਰਾਮ ਫਿਲੌਰੀ, ਸ਼ਿਵ ਕੁਮਾਰ ਬਟਾਲਵੀ, ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅਮ੍ਰਿਤਾ ਪ੍ਰੀਤਮ, ਪਾਤਰ, ਪਾਸ਼, ਸੰਤ ਰਾਮ ਉਦਾਸੀ ਦੀ ਮਾਂ ਬੋਲੀ ਪੰਜਾਬੀ, ਕਿਸੇ ਫਿਰਕੇ ਵਿਸ਼ੇਸ਼ ਦੀ ਬੋਲੀ ਨਾ ਹੋ ਕੇ ਪੰਜਾਂ ਪਾਣੀਆਂ ਦੀ ਇਸ ਧਰਤੀ ਦੇ ਜਾਇਆਂ ਦੀ ਬੋਲੀ ਹੈ। ਉਹਨਾਂ ਹੋਏ ਇਸ ਯਾਦਗਾਰੀ ਸੈਮੀਨਾਰ ਵਿੱਚ ਦਿੱਤੇ ਗਏ ਸਹਿਯੋਗ ਲਈ ਸਾਰੀਆਂ ਸਾਹਿਤ ਸਭਾਵਾਂ ਅਤੇ ਲੇਖਕਾਂ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



