ਵੈਨਕੂਵਰ (ਸਮਾਜ ਵੀਕਲੀ) (ਪੱਤਰ ਪ੍ਰੇਰਕ)- ਪੰਜਾਬੀ ਸੱਭਿਆਚਾਰ, ਸਾਹਿਤ, ਵਿਰਸੇ, ਵਿਰਾਸਤ ਦੀ ਬਾਤ ਪਾਉਂਦਿਆਂ ਵੱਖ ਵੱਖ ਪੰਜਾਬੀ ਸੰਗੀਤ ਆਲਮ ਨਾਲ ਸੰਬੰਧਿਤ ਗਾਇਕਾਂ, ਪੱਤਰਕਾਰਾਂ, ਲੇਖਕਾਂ ਬੁਲਾਰਿਆਂ ਵਲੋਂ ਕੈਨੇਡਾ ਬੀ ਸੀ ਦੇ ਸ਼ਹਿਰ ਸਕੌਮਿਸ਼ ਵਿੱਚ ਇੱਕ ਸੰਗੀਤਕ ਮਹਿਫ਼ਲ ਸਜਾਈ ਗਈ । ਇਸ ਸ਼ਾਨਦਾਰ ਮਹਿਫਲ ਵਿੱਚ ਸਭ ਤੋਂ ਪਹਿਲਾਂ ਮੁੱਖ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਸੰਪਾਦਕ ‘ਦੋਆਬਾ ਐਕਸਪ੍ਰੈਸ’ ਸ਼੍ਰੀਮਾਨ ਸਤੀਸ਼ ਜੌੜਾ ਅਤੇ ਉੱਘੇ ਮੰਚ ਸੰਚਾਲਕ, ਸ਼ਬਦਾਂ ਦੇ ਜਾਦੂਗਰ ਸ੍ਰੀਮਾਨ ਬਲਦੇਵ ਰਾਹੀ ਦਾ ਰਸਮੀਂ ਤੌਰ ਤੇ ਸਾਰੇ ਆਰਟਿਸਟ ਭਾਈਚਾਰੇ ਵਲੋਂ ਸਵਾਗਤ ਕੀਤਾ ਗਿਆ। ਉਪਰੰਤ ਸੰਗੀਤਕ ਮਹਿਫਲ ਦਾ ਆਗਾਜ ਹੋਇਆ , ਜਿਸ ਵਿੱਚ ਲੋਕ ਗਾਇਕ ਐਸ ਰਿਸ਼ੀ ਨੇ ਆਪਣੇ ਗੀਤਾਂ ਦੀ ਛਹਿਬਰ ਲਗਾ ਕੇ ਸੁਰ ਕਲਾਮ ਦਾ ਜਾਦੂ ਬਿਖੇਰਿਆ। ਇਸ ਉਪਰੰਤ ਮੰਚ ਸੰਚਾਲਕ ਬਲਦੇਵ ਰਾਹੀ ਵਲੋਂ ਕਲਾਕਾਰ ਕੁਲਦੀਪ ਚੁੰਬਰ ਨੂੰ ਪੇਸ਼ ਕੀਤਾ, ਜਿਨਾਂ ਨੇ ਉੱਘੇ ਗੀਤਕਾਰ ਲਾਲ ਪਧਿਆਣਵੀ ਕਨੇਡਾ ਦੀ ਕਲਮ ਤੋਂ ਲਿਖਿਆ ਗੀਤ ‘ਨਜ਼ਰਾਂ ਲੱਗ ਜਾਂਦੀਆਂ ਚੰਨਾ’ ਗਾ ਕੇ ਮਾਹੌਲ ਨੂੰ ਹੋਰ ਵੀ ਸੰਗੀਤਮਈ ਬਣਾਇਆ । ਇਸ ਦੇ ਬਾਅਦ ਰੰਮੀ ਉਦੇਸੀਆਂ ਨੇ ਲੋਕ ਤੱਥ ਨਾਲ ਆਪਣੀ ਭਰਵੀਂ ਹਾਜ਼ਰੀ ਲਗਵਾਈ । ਇਸ ਮੌਕੇ ਸ੍ਰੀਮਾਨ ਸਤੀਸ਼ ਜੌੜਾ ਨੇ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਸਾਨੂੰ ਪੰਜਾਬੀ ਸੱਭਿਆਚਾਰ ਦੀ ਦੇਖ ਰੇਖ, ਬੁਲੰਦੀ ਅਤੇ ਚੜ੍ਹਦੀ ਕਲਾ ਲਈ ਹਮੇਸ਼ਾ ਸਾਰਥਿਕ ਯਤਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਵਿਦੇਸ਼ ਦੀ ਧਰਤੀ ਤੇ ਪੰਜਾਬੀ ਮਾਂ ਬੋਲੀ ਦਾ ਝੰਡਾ ਹਮੇਸ਼ਾ ਬੁਲੰਦ ਰਹਿ ਸਕੇ । ਮੰਚ ਸੰਚਾਲਕ ਬਲਦੇਵ ਰਾਹੀ ਨੇ ਸਾਰੇ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਕਲਾਕਾਰ ਵਿਦੇਸ਼ ਵਿੱਚ ਰਹਿੰਦਿਆਂ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਨਾਲ ਨਾਲ ਸੱਭਿਆਚਾਰ ਦੀ ਸੇਵਾ ਕਰਦੇ ਹਨ ਉਹ ਵੀ ਲਾਜਵਾਬ ਭੂਮਿਕਾ ਨਿਭਾ ਰਹੇ ਹਨ । ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਲਈ ਹਮੇਸ਼ਾ ਹਾਂ ਪੱਖੀ ਰਹਿਣਾ ਚਾਹੀਦਾ ਹੈ । ਅੰਤ ਵਿੱਚ ਕਲਾਕਾਰ ਭਾਈਚਾਰੇ ਵਲੋਂ ਐਸ ਰਿਸ਼ੀ, ਕੁਲਦੀਪ ਚੁੰਬਰ ,ਰੰਮੀ ਉਦੇਸੀਆਂ, ਸੁਖਜੀਤ ਸੁੱਖ, ਗੈਰੀ ਬਿਲਗਾ, ਹੈਰੀ ਮਡਾਰ, ਸੁਖਵਿੰਦਰ ਮੰਡ ਦੀ ਟੀਮ ਨੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ । ਹਾਜ਼ਰੀਨ ਅਤੇ ਮਹਿਮਾਨ ਕਲਾਕਾਰਾਂ ਲਈ ਇਹ ਸੰਗੀਤਕ ਮਹਿਫ਼ਲ ਯਾਦਗਾਰ ਹੋ ਨਿਬੜੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly