(ਸਮਾਜ ਵੀਕਲੀ) ਜੇਕਰ ਦੁਨੀਆਂ ਤੇ ਭਾਸ਼ਾ ਨਾ ਹੁੰਦੀ ਅਤੇ ਅੱਖਰ ਨਾ ਹੁੰਦੇ ਤਾਂ ਅੱਜ ਵੀ ਇਨਸਾਨ ਨੇ ਜੰਗਲੀ ਬਿਰਤੀ ਵਾਲਾ ਹੋਣਾ ਸੀ ਉਹ ਸ਼ਾਇਦ ਖਾਣ ਪੀਣ ਅਤੇ ਸੌਣ ਤੋਂ ਇਲਾਵਾ ਕੁਝ ਹੋਰ ਸੋਚ ਹੀ ਨਾ ਸਕਦਾ ਇਹ ਅੱਖਰ ਅਤੇ ਭਾਸ਼ਾ ਦਾ ਹੀ ਕਮਾਲ ਹੈ ਕਿ ਮਨੁੱਖ ਪੱਥਰ ਯੁੱਗ ਤੋਂ ਚੰਨ ਤੱਕ ਪਹੁੰਚ ਚੁੱਕਾ ਹੈ। ਜੇਕਰ ਵਿਸ਼ਵ ਮਾਤ ਭਾਸ਼ਾ ਦਿਵਸ਼ ਦੀ ਗੱਲ ਕਰੀਏ ਤਾਂ ਪਤਾ ਚਲਦਾ ਹੈ ਕਿ ਸਾਲ 1952 ਵਿੱਚ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਮਾਜ ਸੇਵੀਆਂ ਵੱਲੋਂ ਆਪਣੀ ਮਾਂ ਬੋਲੀ ਦੀ ਹੋਂਦ ਨੂੰ ਕਾਇਮ ਰੱਖਣ ਲਈ 21 ਫਰਵਰੀ ਨੂੰ ਇੱਕ ਅੰਦੋਲਨ ਚਲਾਇਆ ਗਿਆ। ਇਸ ਵਿੱਚ ਸ਼ਹੀਦ ਹੋਏ ਨੌਜਵਾਨਾਂ ਦੀ ਯਾਦ ਵਿੱਚ ਯੂਨੈਸਕੋ ਨੇ ਸਾਲ 1999 ਵਿੱਚ ਪਹਿਲੀ ਵਾਰ 21 ਫਰਵਰੀ ਨੂੰ ਮਾਂ ਬੋਲੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਇਸ ਦਿਨ ਨੂੰ ਪਹਿਲੀ ਵਾਰ ਸਾਲ 2000 ਵਿੱਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਗਿਆ ਸੀ। ਇਸ ਦਿਨ ਨੂੰ ਮਨਾਉਣ ਦਾ ਮਕਸਦ ਹਰ ਨਾਗਰਿਕ ਨੂੰ ਆਪਣੀ ਮਾਤ ਭਾਸ਼ਾ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਹੈ। ਭਾਸ਼ਾ ਸ਼ਬਦ ਸੰਸਕ੍ਰਿਤ ਦੇ ਭਾਸ਼ ਧਾਤੁ ਤੋਂ ਬਣਿਆ ਹੈ ਜਿਸਦਾ ਮਤਲਬ ਹੈ ਬੋਲਣਾ ਜਾਂ ਕਹਿਣਾ ਅਰਥਾਤ ਭਾਸ਼ਾ ਉਹ ਹੈ ਜਿਸ ਨੂੰ ਬੋਲਿਆ ਜਾਵੇ। ਭਾਸ਼ਾ ਸੰਚਾਰ ਦਾ ਮਾਧਿਅਮ ਹੈ ਜਿਸ ਦੁਆਰਾ ਅਸੀਂ ਆਪਣੇ ਮਨ ਦੇ ਵਿਚਾਰਾਂ, ਭਾਵਾਂ ਨੂੰ ਇੱਕ ਦੂਜੇ ਦੇ ਸਾਹਮਣੇ ਲਿਖ ਕੇ ਜਾਂ ਬੋਲ ਕੇ ਪ੍ਰਕਟ ਕਰਦੇ ਹਾਂ। ਬੋਲੀ ਜਾਂ ਭਾਸ਼ਾ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਆਪਣੇ ਮਨੋਭਾਵਾਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਦਾ ਹੈ। ਹਰ ਦੇਸ਼ ਦੀਆਂ ਆਪਣੀਆਂ ਆਪਣੀਆਂ ਭਾਸ਼ਾਵਾਂ ਹਨ ਅਤੇ ਦੇਸ਼ ਦੇ ਅਲੱਗ ਅਲੱਗ ਰਾਜਾਂ ਦੀਆਂ ਆਪਣੀਆਂ ਆਪਣੀਆਂ ਮਾਤ ਭਾਸ਼ਾਵਾਂ ਹਨ ਹਰ ਕੋਈ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਦਾ ਹਾਂ। ਅਸਲ ਵਿੱਚ ਮਾਤ-ਭਾਸ਼ਾ ਮਨੁੱਖ ਦੀ ਪਛਾਣ ਹੈ ਅਤੇ ਉਸ ਦੀ ਹੋਂਦ ਅਤੇ ਉਸ ਦੇ ਜੀਉਂਦੇ ਰਹਿਣ ਦੀ ਗਵਾਹੀ ਹੈ। ਬੰਦੇ ਦਾ ਸਭ ਤੋਂ ਨੇੜਲਾ ਰਿਸ਼ਤਾ ਮਾਂ ਨਾਲ ਹੁੰਦਾ ਹੈ। ਜੇਕਰ ਮਾਂ ਮਨੁੱਖ ਨੂੰ ਜਨਮ ਦਿੰਦੀ ਹੈ, ਤਾਂ ਮਾਂ ਬੋਲੀ ਉਸਨੂੰ ਜ਼ਿੰਦਗੀ ਦੇ ਅਰਥ ਦੱਸਦੀ ਹੈ, ਜਿਉਣ ਦਾ ਢੰਗ ਸਮਝਾਉਂਦੀ ਹੈ। ਇਸੇ ਗੁੜ੍ਹੇ ਰਿਸ਼ਤੇ ਕਰਕੇ ਮਨੁੱਖ ਨੇ ਬੋਲੀ ਨਾਲ ‘ਮਾਂ’ ਦਾ ਰਿਸਤਾ ਜੋੜ ਲਿਆ ਹੈ । ਮਾਂ ਬੋਲੀ ਉਹ ਬੋਲੀ ਹੈ, ਜਿਸਨੂੰ ਬੱਚਾ ਜਨਮ ਤੋਂ ਬਾਅਦ ਸਿੱਖਣਾ ਸ਼ੁਰੂ ਕਰ ਦਿੰਦਾ ਹੈ । ਇਸ ਤਰ੍ਹਾਂ ਮਾਂ ਵਾਂਗ ਹੀ ਬੋਲੀ ਨਾਲ ਵੀ ਉਸਦਾ ਨਾਤਾ ਜਨਮ ਤੋਂ ਹੀ ਜੁੜ ਜਾਂਦਾ ਹੈ ਜੋ ਮਰਨ ਤੱਕ ਕਾਇਮ ਰਹਿੰਦਾ ਹੈ ਇਹੀ ਕਾਰਨ ਹੈ ਕਿ ਇਸ ਨੂੰ ਮਾਂ ਬੋਲੀ ਕਿਹਾ ਜਾਂਦਾ ਹੈ। ਮਾਂ-ਬੋਲੀ ਰੱਬੀ ਤੇ ਕੁਦਰਤੀ ਦਾਤ ਹੁੰਦੀ ਹੈ,ਜਿਸਦੇ ਸ਼ੀਸ਼ੇ ਵਿਚੋਂ ਆਪਣੀ ਹੋਂਦ ਅਤੇ ਵਿਰਸੇ ਦੇ ਝਲਕਾਰੇ ਪੈਂਦੇ ਰਹਿੰਦੇ ਹਨ । ਜਿਸ ਭਾਸ਼ਾ ਰਾਹੀਂ ਸਾਡੀ ਸੋਚਣੀ ਗਤੀਸ਼ੀਲ ਹੁੰਦੀ ਹੈ ਅਤੇ ਜਿਸ ਭਾਸ਼ਾ ਵਿੱਚ ਅਸੀਂ ਸੁਪਨੇ ਲੈਂਦੇ ਹਾਂ, ਉਹ ਹੀ ਮੂਲ ਰੂਪ ਵਿੱਚ ਸਾਡੀ ਮਾਤ ਭਾਸ਼ਾ ਬਣ ਜਾਂਦੀ ਹੈ ਅਤੇ ਇਹੋ ਮਾਤ ਭਾਸ਼ਾ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਨਾਲ ਵਿਚਰਦੀ ਹੈ ਅਤੇ ਮਨੁੱਖ ਮਾਤ ਭਾਸ਼ਾ ਵਿੱਚ ਹੀ ਆਪਣੇ ਅਤਿ ਸੂਖਮ, ਮੁੱਢਲੇ, ਹਾਰਦਿਕ ਵਲਵਲਿਆਂ ਜ਼ਜ਼ਬਾਤਾਂ ਅਤੇ ਅਹਿਸਾਸਾਂ ਦਾ ਪ੍ਰਗਟਾਵਾ ਕਰਦਾ ਰਹਿੰਦਾ ਹੈ। ਮਾਂ-ਬੋਲੀ ਸਾਡੀ ਅਸਲ ਪਛਾਣ ਹੈ ਤੇ ਇਹ ਸਾਡੀ ਹੋਂਦ ਤੇ ਸਾਡੇ ਜਿਉਂਦੇ ਰਹਿਣ ਦੀ ਗਵਾਹੀ ਭਰਦੀ ਹੈ। ਜੇਕਰ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਇੱਕ ਅੰਦਾਜ਼ੇ ਮੁਤਾਬਿਕ ਇਥੇ 7200 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਜੇਕਰ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਇਥੇ ਤਕਰੀਬਨ 22 ਅਧਿਕਾਰਤ ਭਾਸ਼ਾਵਾਂ ਹਨ ਅਤੇ 19569 ਦੇ ਕਰੀਬ ਮਾਤ ਭਾਸ਼ਾਵਾਂ ਹਨ ਜਿਨ੍ਹਾਂ ਵਿੱਚੋ ਪੰਜਾਬੀ ਮਾਂ ਬੋਲੀ ਦਾ ਆਪਣਾ ਰੁਤਬਾ ਹੈ। ਪੰਜਾਬੀ ਭਾਸ਼ਾ ਦੇ ਮੂਲ ਨੂੰ ਲੈ ਕੇ ਵੱਖ ਵੱਖ ਮਾਹਿਰਾਂ ਦੇ ਵੱਖ-ਵੱਖ ਤਰਕ ਹਨ। ਕੁਝ ਦਾ ਕਹਿਣਾ ਹੈ ਕਿ ਪੰਜਾਬੀ ਇੱਕ ਇੰਡੋ-ਆਰੀਅਨ ਭਾਸ਼ਾ ਹੈ, ਜਦਕਿ ਕੁਝ ਪੰਜਾਬੀ ਬੋਲੀ ਦਾ ਮੂਲ ਸੰਸਕ੍ਰਿਤੀ ਨੂੰ ਨਹੀਂ ਮੰਨਦੇ। ਮਾਹਰਾਂ ਮੁਤਾਬਕ ਪੰਜਾਬੀ ਦਾ ਜਨਮ ਸਪਤਸਿੰਧੂ ਦੇ ਇਲਾਕੇ ਤੋਂ ਹੋਇਆ, ਉਸ ਵੇਲੇ ਇਸ ਬੋਲੀ ਨੂੰ ਸਪਤਸਿੰਧ ਵੀ ਕਿਹਾ ਜਾਂਦਾ ਸੀ। ਪੰਜਾਬੀ ਦੀਆਂ ਦੋ ਲਿਪੀਆਂ ਹਨ ਸ਼ਾਹਮੁਖੀ ਅਤੇ ਗੁਰਮੁਖੀ। ਸ਼ਾਹਮੁਖੀ ਲਹਿੰਦੇ ਪੰਜਾਬ ਦੀ ਪੰਜਾਬੀ ਲਿਪੀ ਹੈ, ਜਦਕਿ ਗੁਰਮੁਖੀ ਚੜ੍ਹਦੇ ਪੰਜਾਬ ਦੀ ਲਿਪੀ। ਇਨ੍ਹਾਂ ਦੋਵਾਂ ‘ਚ ਅੱਖਰਾਂ ਦੀ ਬਣਤਰ ਦਾ ਫ਼ਰਕ ਹੈ। ਸ਼ਾਹਮੁਖੀ ਵਿੱਚ ਬਾਬਾ ਸ਼ੇਖ ਫਰੀਦ ਦੀਆਂ ਰਚਨਾਵਾਂ ਅਤੇ ਗੁਰਮੁਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੱਟੀ ਹੈ। ਮਾਹਿਰਾਂ ਮੁਤਾਬਕ “ਪੈਂਤੀ ਅੱਖਰੀ’’ ਦਾ ਸਭ ਤੋਂ ਪਹਿਲਾ ਸਬੂਤ ਨਾਨਕ ਦੀ ਪੱਟੀ ਵਿੱਚ ਮਿਲਦਾ ਹੈ। ਉਸ ਵਿੱਚ ਪੈਂਤੀ ਹੀ ਅੱਖਰ ਹਨ। ਉਝ ਸਾਡੀ ਮਾਂ-ਬੋਲੀ ਪੰਜਾਬੀ ਮਹਾਨ ਗੁਰੂਆਂ, ਸੂਫ਼ੀਆਂ, ਪੀਰਾਂ, ਫਕੀਰਾਂ ਤੇ ਸੰਤਾਂ ਦੀ ਬੋਲੀ ਹੈ। ਇਸ ਨੂੰ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਹੋਣ ਦਾ ਮਾਣ ਵੀ ਪ੍ਰਾਪਤ ਹੈ। ਸੰਸਾਰ ਭਰ ਦੀਆਂ ਬੋਲੀਆਂ ਦੀ ਜਾਣਕਾਰੀ ਦੇਣ ਵਾਲੇ ਵਿਸ਼ਵ ਗਿਆਨਕੋਸ਼ ਐਥਨੋਲੋਗ ਅਨੁਸਾਰ ਪੂਰੀ ਦੁਨੀਆ ਵਿੱਚ ਤਕਰੀਬਨ 8.8 ਕਰੋੜ ਵਿਅਕਤੀ ਪੰਜਾਬੀ ਬੋਲੀ ਬੋਲਦੇ ਹਨ। ਇਸੇ ਕਰਕੇ ਪੰਜਾਬੀ ਨੂੰ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦਸਵੀਂ ਬੋਲੀ ਮੰਨਿਆ ਗਿਆ ਹੈ । ਭਾਰਤ ਦੀ 2011 ਦੀ ਮਰਦਮਸ਼ੁਮਾਰੀ ਅਨੁਸਾਰ ਸਮੁੱਚੇ ਭਾਰਤ ਵਿੱਚ 3,11,44,095 ਲੋਕ ਪੰਜਾਬੀ ਬੋਲਦੇ ਹਨ ਅਤੇ ਪਾਕਿਸਤਾਨ ਦੀ 2008 ਦੀ ਮਰਦੁਮ ਸ਼ਮਾਰੀ ਅਨੁਸਾਰ ਪੂਰੇ ਪਾਕਿਸਤਾਨ ਵਿੱਚ 76,334,300 ਲੋਕ ਪੰਜਾਬੀ ਬੋਲਦੇ ਹਨ। ਪੰਜਾਬੀ ਬੋਲੀ ਦੀਆਂ ਵੀ ਕਈ ਉਪ ਭਾਸ਼ਾਵਾਂ ਹਨ, ਜੋ ਵੱਖ-ਵੱਖ ਇਲਾਕਿਆਂ ‘ਚ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ‘ਚੋਂ ਮੁੱਖ ਮਾਝੀ, ਦੁਆਬੀ, ਮਲਵਈ, ਪੁਆਧੀ, ਪੋਠੋਹਾਰੀ, ਮੁਲਤਾਨੀ ਤੇ ਡੋਗਰੀ, ਜਿਸਨੂੰ ਪਹਾੜੀ ਬੋਲੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ’ਚੋਂ ਮਾਝੀ ਬੋਲੀ ਨੂੰ ਪੰਜਾਬੀ ਦੀ ਟਕਸਾਲੀ ਬੋਲੀ ਮੰਨਿਆ ਗਿਆ ਹੈ। । ਬਿਨਾਂ ਸ਼ੱਕ ਗੁਰੂਆਂ ਦੀ ਇਹ ਬੋਲੀ ਕਦੇ ਖ਼ਤਮ ਨਹੀਂ ਹੋ ਸਕਦੀ ਪਰ ਅੱਜ ਬਹੁਤ ਸਾਰੇ ਪੰਜਾਬੀ ਲੋਕ ਆਪਣੀ ਮਾਂ ਬੋਲੀ ਪੰਜਾਬੀ ਬੋਲਣ ਵੇਲੇ ਝਿਜਕ ਮਹਿਸੂਸ ਕਰਦੇ ਹਨ, ਜੋ ਕਿ ਚੰਗੀ ਗੱਲ ਨਹੀਂ। ਲਹਿੰਦੇ ਪੰਜਾਬ ਦੇ ਕਵੀ ਪੰਜਾਬੀ ਬੋਲੀ ਨੂੰ ਕਿਨ੍ਹਾਂ ਪਿਆਰ ਕਰਦੇ ਹਨ ਉਨ੍ਹਾਂ ਦੀਆਂ ਕਵਿਤਾਵਾਂ ਤੋਂ ਸਹਿਜੇ ਪਤਾ ਲੱਗ ਜਾਂਦਾ ਹੈ।
ਉਰਦੂ ਦਾ ਮੈਂ ਦੋਖੀ ਨਾਹੀਂ
ਤੇ ਦੁਸ਼ਮਣ ਨਹੀਂ ਅੰਗ੍ਰੇਜ਼ੀ ਦਾ।
ਪੁੱਛਦੇ ਓ ਮੇਰੇ ਦਿਲ ਦੀ ਬੋਲੀ,
ਹਾਂ ਜੀ ਹਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।
ਅੱਜ ਪੰਜਾਬ ਵਿੱਚ ਹੀ ਪੰਜਾਬੀ ਮਾਂ ਬੋਲੀ ਨੂੰ ਗਿਲਾ ਹੈ ਕਿ ਉਸਨੂੰ ਰਾਜ ਭਾਸ਼ਾ ਹੋਣ ਦੇ ਬਾਵਜੂਦ ਵੀ ਆਪਣੇ ਹੀ ਘਰ ਪੰਜਾਬ ਵਿਚ ਬਣਦਾ ਮਾਣ-ਸਨਮਾਨ ਨਹੀਂ ਮਿਲਿਆ, ਜਿਸ ਦੀ ਸਾਡੀ ਮਾਂ ਬੋਲੀ ਪੰਜਾਬੀ ਹੱਕਦਾਰ ਹੈ। ਸਾਡੇ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਨੂੰ ਵਿਸਾਰਿਆਂ ਜਾ ਰਿਹਾ ਹੈ। ਪੰਜਾਬ ਰਾਜ ਦੀਆਂ ਸੜਕਾਂ ਤੇ ਲੱਗੇ ਸੰਕੇਤਕ ਬੋਰਡਾਂ `ਤੇ ਵੀ ਪੰਜਾਬੀ ਨੂੰ ਪਹਿਲ ਨਹੀਂ ਦਿੱਤੀ ਜਾਂਦੀ। ਇੱਥੋਂ ਤਕ ਕਿ ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਬਣਾਏ ਗਏ ਚੰਡੀਗੜ੍ਹ, ਜੋ ਕਿ ਪੰਜਾਬ ਦੀ ਰਾਜਧਾਨੀ ਵੀ ਹੈ, ਵਿੱਚ ਪੰਜਾਬੀ ਮਾਂ ਬੋਲੀ ਗੁਆਚਦੀ ਜਾ ਰਹੀ ਹੈ। ਪੰਜਾਬ ਦੇ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਦੇ ਪੰਜਾਬੀ ਬੋਲਣ `ਤੇ ਪਾਬੰਦੀ ਲਗਾਈ ਜਾਂਦੀ ਹੈ। ਆਪਣੀ ਮਾਂ ਬੋਲੀ ਵਿਚ ਗੱਲਬਾਤ ਕਰਨ ਵਾਲਿਆਂ ਨੂੰ ਅਨਪੜ੍ਹ ਜਾਂ ਗਵਾਰ ਸਮਝਿਆ ਜਾਂਦਾ ਹੈ। ਮਾਤਾ-ਪਿਤਾ ਬੜੇ ਫ਼ਖ਼ਰ ਨਾਲ ਦੱਸਦੇ ਹਨ ਕਿ ਉਨ੍ਹਾਂ ਦਾ ਬੱਚਾ ਅੰਗਰੇਜ਼ੀ ਵਧੀਆ ਬੋਲਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਉਸ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਬੱਚੇ ਹੌਲੀ ਹੌਲੀ ਆਪਣੀ ਮਾਂ ਬੋਲੀ ਪੰਜਾਬੀ ਦੀ ਗੋਦ ਦੀ ਨਿੱਘ ਤੋਂ ਵਾਂਝੇ ਹੁੰਦੇ ਜਾ ਰਹੇ ਹਨ । ਆਪਣੀ ਮਾਂ ਬੋਲੀ ਪੰਜਾਬੀ ਤੋਂ ਦੂਰ ਹੁੰਦੇ ਲੋਕ ਇੱਕ ਤਰ੍ਹਾਂ ਦੀ ਹੀਣ-ਭਾਵਨਾ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ‘ਕੀ ਅਸੀਂ ਕਦੇ ਇਹ ਹੀਣਤਾ ਦਾ ਭਾਵ ਤਿਆਗ ਸਕਾਂਗੇ? ਕੀ ਕਦੇ ਆਪਣੀ ਮਾਂ-ਬੋਲੀ ਦੇ ਸੱਚੇ ਕਦਰਦਾਨ ਬਣ ਕੇ ਇਹਦੀ ਰੂਹ ਨੂੰ ਆਪਣੇ ਅੰਦਰ ਵਸਾ ਸਕਾਂਗੇ? ਅਜਿਹੇ ਬਹੁਤ ਸਾਰੇ ਸਵਾਲ ਨੇ, ਜਿਨ੍ਹਾਂ ਦਾ ਜਵਾਬ ਇਕ ਪੰਜਾਬੀ ਨੂੰ ਆਪਣੇ ਅੰਦਰੋਂ ਹੀ ਲੱਭਣਾ ਪਵੇਗਾ। ਸੋ ਅੱਜ ਲੋੜ ਹੈ ਉਹ ਹਰ ਸੰਭਵ ਕੋਸ਼ਿਸ਼ ਕਰਨ ਦੀ ਜਿਸ ਨਾਲ ਸਾਡੀ ਮਾਂ-ਬੋਲੀ ਉਚਾਈਆਂ ਦੇ ਸਿਖਰ ਤੇ ਪਹੁੰਚ ਸਕੇ। ਸਭ ਤੋਂ ਪਹਿਲਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਰੇਕ ਭਾਸ਼ਾ ਦਾ ਆਪਣਾ ਮਹੱਤਵ ਅਤੇ ਇਤਿਹਾਸ ਹੈ। ਇਸ ਲਈ ਇਕ ਤੋਂ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਮਾਂ-ਬੋਲੀ ਨੂੰ ਵਿਸਾਰ ਕੇ ਦੂਜੀਆਂ ਭਾਸ਼ਾਵਾਂ ਨੂੰ ਅਪਣਾਉਣ ਵਾਲੇ ਲੋਕ ਆਪਣਾ ਵਿਰਸਾ ਗਵਾ ਬੈਠਦੇ ਹਨ। ਅੱਜ ਲੋੜ ਹੈ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾਵੇ ਅਤੇ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਨੂੰ ਪੰਜਾਬ ਵਿੱਚ ਪੰਜਾਬੀ ਭਾਸ਼ਾ ਵਿੱਚ ਲਾਜ਼ਮੀ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਰੁਝਾਨ ਪੰਜਾਬੀ ਭਾਸ਼ਾ ਦੀ ਪੜ੍ਹਾਈ ਵੱਲ ਮੁੜ ਕੇਂਦਰਿਤ ਹੋਵੇ। ਸਾਨੂੰ ਵੀ ਆਪਣੀ ਮਾਂ-ਬੋਲੀ ਪ੍ਰਤੀ ਸੋਚ ਬਦਲਣ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਵੱਧ ਤੋਂ ਵੱਧ ਪੰਜਾਬੀ ਬੋਲੀ ਦੀ ਵਰਤੋਂ ਕਰਨ ਦੀ ਲੋੜ ਹੈ ਜਿਸ ਵਿੱਚ ਖੁਸ਼ੀ ਅਤੇ ਗਮੀ ਦੇ ਸਮਾਗਮਾਂ ਦੇ ਸੱਦੇ ਪੱਤਰ ਪੰਜਾਬੀ ਵਿਚ ਛਪਵਾਉਣੇ, ਆਪਣੀਆਂ ਦੁਕਾਨਾਂ ਦੇ ਨਾਮ ਦੇ ਫਲੈਕਸ ਬੋਰਡ ਆਪਣੀ ਮਾਤ ਭਾਸ਼ਾ ਵਿਚ ਲਿਖਵਾਉਣੇ, ਆਪਣੇ ਘਰਾਂ ਦੇ ਅੱਗੇ ਲੱਗੀਆਂ ਤਖ਼ਤੀਆਂ ਆਪਣੀ ਮਾਂ-ਬੋਲੀ ਵਿੱਚ ਲਿਖਵਾਉਣੀਆ ਅਤੇ ਆਪਣੇ ਹਸਤਾਖਰ ਆਪਣੀ ਮਾਤ ਭਾਸ਼ਾ ਵਿੱਚ ਕਰਨੇ ਅਦਿ। ਜਦੋਂ ਤਕ ਅਸੀਂ ਆਪਣੇ ਆਪ ਨੂੰ ਮਾਨਸਿਕ ਤੌਰ `ਤੇ ਅੰਗ੍ਰੇਜ਼ੀ ਭਾਸ਼ਾ ਤੋਂ ਅਜ਼ਾਦ ਨਹੀਂ ਕਰਦੇ, ਉਦੋਂ ਤੱਕ ਪੰਜਾਬੀ ਦੀ ਹੋਂਦ ਨੂੰ ਖ਼ਤਰਾ ਬਣਿਆ ਰਹੇਗਾ। ਸਰਕਾਰਾਂ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਪੰਜਾਬ ਦੇ ਸਾਰੇ ਦਫ਼ਤਰਾਂ, ਸਕੂਲਾਂ, ਕਾਲਜਾਂ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕਰਨਾ ਚਾਹੀਦਾ ਹੈ। ਸਾਰੀਆਂ ਸਰਕਾਰੀ ਅਤੇ ਨਿੱਜੀ ਇਮਾਰਤਾਂ ਤੇ ਲੱਗੇ ਫਲੈਕਸ ਬੋਰਡਾਂ ਤੇ ਪੰਜਾਬੀ ਭਾਸ਼ਾ ਨੂੰ ਪਹਿਲ ਦੇਣੀ ਚਾਹੀਦੀ ਹੈ। ਪੰਜਾਬੀ ਮਾਂ ਬੋਲੀ ਦੇ ਸੱਚੇ ਕਦਰਦਾਨ ਬਾਰੇ ਪਾਕਿਸਤਾਨ ਸ਼ਾਇਰ ਉਸਤਾਦ ਦਾਮਨ ਨੇ ਬੜਾ ਵਧੀਆ ਲਿਖਿਆ ਹੈ।
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ।
ਗੋਦੀ ਜਿਦ੍ਹੀ ‘ਚ ਪਲਕੇ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,
ਜਿਥੇ ਖਲਾ ਖਲੋਤਾ ਉਹ ਥਾਂ ਛੱਡ ਦੇ ।
ਮੈਨੂੰ ਇੰਝ ਲੱਗਦਾ, ਲੋਕੀਂ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ।
ਸਾਨੂੰ ਵਿਸ਼ਵ ਮਾਂ ਬੋਲੀ ਦਿਵਸ ਮਨਾਉਣ ਦਾ ਤਾਂ ਹੀਂ ਫਾਇਦਾ ਹੈ ਜੇਕਰ ਪੰਜਾਬ ਦੇ ਲੋਕ, ਬੁੱਧੀਜੀਵੀ ,ਸਾਹਿਤਕਾਰ, ਭਾਸ਼ਾ ਵਿਭਾਗ ਅਤੇ ਪੰਜਾਬ ਸਰਕਾਰ ਮਿਲਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਹੋਰ ਮਿਹਨਤ ਕਰਨ। ਪੰਜਾਬੀ ਮਾਂ ਬੋਲੀ ਨੂੰ ਸੰਭਾਲਣਾ ਅੱਜ ਸਮੇਂ ਦੀ ਲੋੜ ਹੈ।
ਕੁਲਦੀਪ ਸਿੰਘ ਸਾਹਿਲ
9417990040



