(ਸਮਾਜ ਵੀਕਲੀ)
ਅੱਜ ਪੰਜਾਬੀ ਮਾਂ-ਬੋਲੀ ਦਿਵਸ ਹੈ। ਪੰਜਾਬੀ ਸਾਡੀ ਪਿਆਰੀ ਮਾਂ- ਬੋਲੀ ਹੈ। ਅਸੀਂ ਇਹ ਬੋਲੀ ਸੱਭ ਤੋਂ ਪਹਿਲਾਂ ਆਪਣੀ ਮਾਂ ਦੇ ਮੂੰਹੋਂ ਸੁਣਦੇ ਹਾਂ। ਇਸ ਬੋਲੀ ਨੂੰ ਬਿਨਾਂ ਪੜ੍ਹੇ ਵੀ ਅਸੀਂ ਚੰਗੀ ਤਰ੍ਹਾਂ ਬੋਲਣਾ ਅਤੇ ਸਮਝਣਾ ਸ਼ੁਰੂ ਕਰ ਦਿੰਦੇ ਹਾਂ।ਫ਼ਿਰ ਇਹ ਬੋਲੀ ਸਾਡੀ ਪਹਿਚਾਣ ਬਣ ਜਾਂਦੀ ਹੈ। ਅਸੀਂ ਪੰਜਾਬੀ ਭਾਸ਼ਾ ਬੋਲਣ ਵਾਲੇ ਪੰਜਾਬੀ ਅਖਵਾਉਂਦੇ ਹਾਂ।
ਪਰ ਇੰਨਾ ਸੱਭ ਕੁੱਝ ਹੋਣ ਦੇ ਬਾਵਜੂਦ ਵੀ ਅਸੀਂ ਅੱਜ ਪੰਜਾਬੀ ਦੀ ਥਾਂ ਅੰਗਰੇਜ਼ੀ ਬੋਲਣਾ ਤੇ ਪੜ੍ਹਨਾ ਪਸੰਦ ਕਰਦੇ ਹਾਂ। ਬੇਸ਼ੱਕ ਅੰਗਰੇਜ਼ੀ ਸਿੱਖਣੀ, ਪੜ੍ਹਨੀ ਜ਼ਰੂਰੀ ਹੈ ਪਰ ਆਪਣੇ ਲੋਕਾਂ ਨਾਲ਼ ਅਸੀਂ ਜਦੋਂ ਆਪਣੀ ਭਾਸ਼ਾ ਵਿੱਚ ਗੱਲ ਕਰ ਸਕਦੇ ਹਾਂ ਤੇ ਚੰਗੀ ਤਰ੍ਹਾਂ ਇੱਕ ਦੂਜੇ ਦੀਆਂ ਗੱਲਾਂ ਤੇ ਭਾਵਨਾਵਾਂ ਨੂੰ ਸਮਝ ਸੱਕਦੇ ਹਾਂ ਫਿਰ ਕਿਉਂ ਅੰਗਰੇਜ਼ੀ ਹੀ ਸਾਡਾ ਉੱਚਾ ਰੁਤਬਾ ( ਸਟੇਟਸ) ਦਿਖਾਉਣ ਲਈ ਜ਼ਰੂਰੀ ਬਣ ਗਈ ਹੈ। ਹਰ ਕੋਈ ਅੰਗਰੇਜ਼ੀ ਬੋਲਣ ‘ਚ ਆਪਣੀ ਸ਼ਾਨ ਸਮਝਦਾ ਹੈ।
ਬੱਚਿਆਂ ਨੂੰ ਮਾਂ ਬੋਲੀ ਤੋਂ ਦੂਰ ਕਰਕੇ ਅੰਗਰੇਜ਼ੀ ਦੇ ਲੜ ਲਾਇਆ ਜਾ ਰਿਹਾ ਹੈ। ਘਰ ਵਿੱਚ ਵੀ ਉਹਨਾਂ ਨੂੰ ਅੰਗਰੇਜ਼ੀ ਬੋਲਣ ਦੀ ਹਿਦਾਇਤ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਸਾਡੇ ਆਪਣੇ ਹੀ ਪੰਜਾਬ ਵਿੱਚ ਪੰਜਾਬੀ ਅਧਿਆਪਕ ਦੀ ਕੋਈ ਖ਼ਾਸ ਇੱਜ਼ਤ ਨਹੀਂ ਕੀਤੀ ਜਾਂਦੀ। ਬੜੇ-ਬੜੇ ਸਕੂਲਾਂ ਵਿੱਚ ਬੱਚਿਆਂ ਤੋਂ ਪਹਿਲਾਂ ਮਾਪਿਆਂ ਦੀ ਪ੍ਰੀਖਿਆ ਹੁੰਦੀ ਹੈ ਕਿ ਉਹ ਬੱਚੇ ਨੂੰ ਅੰਗਰੇਜ਼ੀ ਪੜ੍ਹਾਉਣ ਵਿੱਚ ਮਦਦ ਕਰ ਸਕਦੇ ਹਨ ਕਿ ਨਹੀਂ। ਕੋਈ ਇਨਸਾਨ ਜੇਕਰ ਪੰਜਾਬੀ ਅਧਿਆਪਕ ਦੇ ਅਹੁਦੇ ਲਈ ਜਾਂਦਾ ਹੈ ਤਾਂ ਉਸਨੂੰ ਅੰਗਰੇਜ਼ੀ ਵਿਚ ਸਵਾਲ ਪੁੱਛੇ ਜਾਂਦੇ ਹਨ ਜੇ ਉਸਨੂੰ ਚੰਗੀ ਫਰਾਟੇਦਾਰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਤਾਂ ਉਸਨੂੰ ਪੰਜਾਬੀ ਪੜਾਉਣ ਦੇ ਯੋਗ ਨਹੀਂ ਸਮਝਿਆ ਜਾਂਦਾ।
ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀਰ ਤੇ ਭੈਣਾਂ ਪੰਜਾਬੀ ਬੋਲੀ ਲਈ ਬਹੁਤ ਚਿੰਤਤ ਹਨ। ਉਹ ਕਵੀ ਦਰਬਾਰ ਕਰਵਾ ਕੇ, ਪੰਜਾਬੀ ਵਿੱਚ ਕਿਤਾਬਾਂ ਛੱਪਵਾ ਕੇ ਜਾਂ ਹੋਰ ਸਮਾਰੋਹ ਕਰਵਾ ਕੇ ਪੰਜਾਬੀ ਬੋਲੀ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਪਰ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ ਆਪਣੀ ਪਿਆਰੀ ਜ਼ਬਾਨ ਨੂੰ ਇੱਕ ਤਰ੍ਹਾਂ ਦਾ ਦੇਸ਼ ਨਿਕਾਲ਼ਾ ਹੀ ਦੇ ਚੁੱਕੇ ਹਨ। ਉਹਨਾਂ ਨੂੰ ਕੋਈ ਦੂਜੀ ਭਾਸ਼ਾ ਬੋਲਣ ਵਾਲਾ ਕੋਈ ਮਿਲ਼ੇ ਸਹੀ, ਝੱਟ ਤੋਤੇ ਵਾਂਗਰ ਓਸਦੀ ਭਾਸ਼ਾ ਬੋਲਣ ਲੱਗ ਜਾਣਗੇ। ਅਗਲਾ ਤੁਹਾਡੀ ਭਾਸ਼ਾ ਸਮਝਦਾ ਵੀ ਹੋਵੇ ਤਾਂ ਵੀ ਤੁਸੀਂ ਓਹਦੀ ਭਾਸ਼ਾ ਵਿੱਚ ਹੀ ਗੱਲ ਕਰਨੀ ਹੈ। ਦੂਜੀਆਂ ਭਾਸ਼ਾਵਾਂ ਸਿੱਖਣ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਆਪਣੀ ਭਾਸ਼ਾ ਨੂੰ ਇੰਝ ਪਰਾਇਆ ਕਰ ਦੇਣਾ ਵੀ ਕਿੱਥੋਂ ਦੀ ਸਿਆਣਪ ਹੈ?
ਆਓ ਆਪਾਂ ਆਪਣੀ ਪਿਆਰੀ ਤੇ ਮਹਾਨ ਬੋਲ਼ੀ ਨੂੰ ਸੰਭਾਲੀਏ। ਆਪਣਾ ਵਿਰਸਾ ਬਚਾਈਏ। ਆਪਣੇ ਬੱਚਿਆਂ ਨੂੰ ਮਾਂ-ਬੋਲੀ ਨਾਲ਼ ਜੋੜੀਏ। ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਸੱਚੇ ਦਿਲੋਂ ਕਰੀਏ। ਤਾਂ ਹੀ ਸਾਡਾ ਪੰਜਾਬੀ ਮਾਂ-ਬੋਲੀ ਦਿਵਸ ਮਨਾਉਣਾ ਸਫ਼ਲ ਹੋਵੇਗਾ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly