ਯੂ ਕੇ ਗਲਾਸਗੋ, ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਦੀ ਸਕਾਟਲੈਂਡ ਦੀ ਇੱਕੋ ਇੱਕ ਵੱਕਾਰੀ ਸਾਹਿਤਕ ਸੰਸਥਾ ‘ਪੰਜਾਬੀ ਸਾਹਿਤ ਸਭਾ ਗਲਾਸਗੋ’ ਦੀ ਸਲਾਨਾ ਜਨਰਲ ਮੀਟਿੰਗ ਗਲਾਸਗੋ ਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਲਬਰਟ ਡਰਾਈਵ ਪੌਲਕਸ਼ੀਲਡ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਸਰਦਾਰ ਦਿਲਾਵਰ ਸਿੰਘ ਨੇ ਕੀਤੀ। ਮੀਟਿੰਗ ਵਿੱਚ ਜਨਰਲ ਸਕੱਤਰ ਦਲਜੀਤ ਸਿੰਘ ਦਿਲਬਰ ਨੇ ਸਾਹਿਤ ਸਭਾ ਵੱਲੋਂ ਬੀਤੇ ਸਮੇਂ ਵਿੱਚ ਕੀਤੇ ਗਏ ਕਾਰਜਾਂ ਅਤੇ ਵਿੱਤੀ ਲੇਖੇ ਜੋਖੇ ਦਾ ਵੇਰਵਾ ਪੇਸ਼ ਕੀਤਾ। ਜਿਸ ਤੇ ਸਭਾ ਦੇ ਸਾਰੇ ਮੈਬਰਾਂ ਨੇ ਸਹਿਮਤੀ ਪ੍ਰਗਟ ਕੀਤੀ। ਜੁਲਾਈ ਮਹੀਨੇ ਦੌਰਾਨ ਸਾਹਿਤ ਸਭਾ ਵੱਲੋਂ ਕਰਵਾਏ ਗਏ ਨਾਟਕ ‘ਛੱਲਾ’ ਦੀ ਕਾਮਯਾਬੀ ਲਈ ਤਰਲੋਚਨ ਮੁਠੱਡਾ ਵੱਲੋਂ ਜੋ ਸਿਰਤੋੜ ਯਤਨ ਕੀਤੇ ਗਏ, ਉਸ ਲਈ ਸਭ ਮੈਬਰਾਂ ਨੇ ਉਹਨਾਂ ਨੂੰ ਸ਼ਾਬਾਸ਼ ਦਿੱਤੀ। ਭਵਿੱਖ ਵਿੱਚ ਸਾਹਿਤ ਸਭਾ ਹੋਰ ਵੀ ਵੱਡੇ ਕਾਰਜ ਸ਼ੁਰੂ ਕਰਨ ਜਾ ਰਹੀ ਹੈ, ਉਸਨੂੰ ਧਿਆਨ ਵਿੱਚ ਰੱਖਦੇ ਹੋਏ ਪਰਧਾਨ ਦਿਲਾਵਰ ਸਿੰਘ ਨੇ ਆਪਣਾ ਤਿਆਗ ਪੱਤਰ ਪੇਸ਼ ਕੀਤਾ ਤਾਂ ਜੋ ਨਵੀਂ ਕਮੇਟੀ ਚੁਣੀ ਜਾ ਸਕੇ । ਉਪਰੰਤ ਅਗਲੇ ਦੋ ਸਾਲ ਲਈ ਨਵੀਂ ਕਮੇਟੀ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ। ਸਭਾ ਦੇ ਮੈਬਰਾਂ ਵੱਲੋਂ ਸਰਬਸੰਮਤੀ ਨਾਲ ਪਰਧਾਨ ਦੀ ਜ਼ਿੰਮੇਵਾਰੀ ਦਿਲਜੀਤ ਸਿੰਘ ਦਿਲਬਰ, ਮੀਤ ਪ੍ਰਧਾਨ ਕਮਲਜੀਤ ਕੌਰ ਮਿਨਹਾਸ, ਜਨਰਲ ਸਕੱਤਰ ਅਮਨਦੀਪ ਸਿੰਘ ਅਮਨ, ਸਹਾਇਕ ਜਨਰਲ ਸਕੱਤਰ ਕਰਮਜੀਤ ਸਿੰਘ ਮੀਨੀਆਂ, ਖਜ਼ਾਨਚੀ ਜਗਦੀਸ਼ ਸਿੰਘ, ਮੀਡੀਆ ਸਕੱਤਰ ਹਰਜੀਤ ਸਿੰਘ ਅਤੇ ਟੀਮ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਤਰਲੋਚਨ ਮੁਠੱਡਾ ਨੂੰ ਸੌਂਪੀ ਗਈ। ਸਭ ਤੋਂ ਪਿਆਰੀ ਤੇ ਨਿਆਰੀ ਗੱਲ ਇਹ ਸੀ ਕਿ ਇਸ ਚੋਣ ਦੀ ਸਾਰੀ ਕਾਰਵਾਈ ਸਾਬਕਾ ਪਰਧਾਨ ਦਿਲਾਵਰ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਉਪਰੰਤ ਨਵੀਂ ਕਮੇਟੀ ਨੇ ਪੁਰਾਣੀ ਕਮੇਟੀ ਅਤੇ ਆਏ ਹੋਏ ਸਭ ਮੈਬਰਾਂ ਨੂੰ ਇਹ ਯਕੀਨ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ, ਅਤੇ ਸਾਹਿਤ ਸਭਾ ਨੂੰ ਹੋਰ ਬੁਲੰਦੀ ਤੱਕ ਲੈ ਕੇ ਜਾਣਗੇ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਮੈਂਬਰਾਂ ਤੋਂ ਇਲਾਵਾ ਡਾ ਇੰਦਰਜੀਤ ਸਿੰਘ, ਦਿਲਬਾਗ ਸੰਧੂ, ਮਾਸਟਰ ਗੁਰਦੇਵ ਸਿੰਘ, ਹਰਜੀਤ ਦੁਸਾਂਝ, ਅਮਰ ਮੀਨੀਆਂ, ਸੁਖਦੇਵ ਰਾਹੀ, ਸਰਬਜੀਤ ਸਿੰਘ ਮਿਨਹਾਸ, ਜਤਿੰਦਰ ਸੰਧੂ ਅਤੇ ਦੁਪਿੰਦਰ ਕੌਰ ਵੀ ਹਾਜ਼ਰ ਸਨ।



