ਯੂ ਕੇ ਗਲਾਸਗੋ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਕਾਟਲੈਂਡ ਵਿੱਚ ਰਾਜਧਾਨੀ ਐਡਨਬਰਾ ਵਿੱਚ ਭਾਰਤੀ ਦੂਤਾਵਾਸ ਸਥਿਤ ਹੈ। ਸਕਾਟਲੈਂਡ ਦਾ ਸੱਭ ਤੋਂ ਵੱਡਾ ਸ਼ਹਿਰ ਗਲਾਸਗੋ ਹੈ ਅਤੇ ਇਹ ਐਡਨਬਰਾ ਤੋਂ ਲੱਗਭੱਗ 80 ਕਿੱਲੋਮੀਟਰ ਦੀ ਦੂਰੀ ‘ਤੇ ਹੈ । ਭਾਰਤੀ ਭਾਈਚਾਰੇ ਦੇ ਸੱਭ ਤੋਂ ਵੱਧ ਲੋਕ ਗਲਾਸਗੋ ਵਿੱਚ ਹੀ ਵੱਸਦੇ ਹਨ । ਸਕਾਟਲੈਂਡ ਵਿੱਚ ਭਾਰਤ ਦੇ ਕੌਂਸਲ ਜਨਰਲ ਸ਼੍ਰੀ ਸਿਧਾਰਥ ਮਲਿਕ ਨੇ ਅੱਜ ਗਲਾਸਗੋ ਵਿੱਚ ਨਵੇਂ ਭਾਰਤੀ ਵੀਜ਼ਾ ਅਤੇ ਪਾਸਪੋਰਟ ਐਪਲੀਕੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਇਹ ਨਵੀਂ ਸਹੂਲਤ ਨਾਲ ਗਲਾਸਗੋ ਜਾਂ ਆਸ ਪਾਸ ਵੱਸਦੇ ਲੋਕ ਭਾਰਤੀ ਦੂਤਾਵਾਸ ਦੀ ਲੰਬੀ ਯਾਤਰਾ ਤੋਂ ਬਚ ਸਕਦੇ ਹਨ । ਇਹ ਦਫਤਰ ਗਲਾਸਗੋ ਸ਼ਹਿਰ ਦੀ 177 ਵੈਸਟ ਜਾਰਜ ਸਟ੍ਰੀਟ ਵਿੱਚ ਖੋਲ੍ਹਿਆ ਗਿਆ ਹੈ । ਨਵਾਂ ਦਫ਼ਤਰ ਭਾਰਤੀ ਬੈਂਕ ਛੁੱਟੀਆਂ ਨੂੰ ਛੱਡ ਕੇ, ਸਾਰੇ ਕੰਮਕਾਜੀ ਦਿਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਖੁੱਲਿਆ ਕਰੇਗਾ । ਕੋਈ ਵੀ ਵਿਅਕਤੀ ਪਹਿਲਾਂ ਤੋਂ ਮੁਲਾਕਾਤ(ਅਪਾਇੰਟਮਿੰਟ) ਨਾਲ ਗਲਾਸਗੋ ਦਫਤਰ ਵਿਖੇ ਪਾਸਪੋਰਟ, ਵੀਜ਼ਾ, ਓ.ਸੀ.ਆਈ. ਕਾਰਡ, ਭਾਰਤੀ ਦਸਤਾਵੇਜ਼ਾਂ ਦੀ ਤਸਦੀਕ, ਜਨਮ ਰਜਿਸਟ੍ਰੇਸ਼ਨ, ਅਸਥੀਆਂ ਭੇਜਣ , ਭਾਰਤੀ ਪਾਸਪੋਰਟਾਂ ਦੇ ਸਮਰਪਣ, ਪੁਲਿਸ ਕਲੀਅਰੈਂਸ ਸਰਟੀਫਿਕੇਟ ਲਈ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦਾ ਹੈ। ਮੁਲਾਕਾਤ ਆਨਲਾਇਨ ਵੀ https://www.hcilondon.gov.in/appointment_home/ ਵੈਬਸਾਇਟ ‘ਤੇ ਬੁੱਕ ਕੀਤੀ ਜਾ ਸਕਦੀ ਹੈ।



