ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ ) ਪੰਜਾਬੀ ਅਦਬ ਕਲਾ ਕੇਂਦਰ ਮਾਲੇਰਕੋਟਲਾ ਅਤੇ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਵੱਲੋਂ ਜ਼ਿਲ੍ਹਾ ਬੰਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਵਿਖੇ ‘ਸਾਵਣ ਕਵੀ ਦਰਬਾਰ’ ਕਰਵਾਇਆ ਗਿਆ ਅਤੇ ਤੀਆਂ ਦੇ ਪਿੜ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਪੰਜਾਬੀ ਅਦਬ ਕਲਾ ਕੇਂਦਰ ਮਾਲੇਰਕੋਟਲਾ ਮੁੱਖ ਪ੍ਰਬੰਧਕ ਅਤੇ ਅਵਾਮੀ ਕਵੀ ਜਨਾਬ ਜਮੀਲ ਅਬਦਾਲੀ ਨੇ ਅਪਣੇ ਵੱਲੋਂ ਉਚੇਚੇ ਤੌਰ ‘ਤੇ ਭੇਜੇ ਗਏ ਸੁਨੇਹੇ ‘ਚ ਕਿਹਾ ਕਿ ਤਿਓਹਾਰ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਉਹਨਾਂ ਕਿਹਾ ਕਿ ਤਿੱਥ-ਤਿਓਹਾਰ ਕਿਸੇ ਵੀ ਸਮਾਜ ਦੇ ਸਿਹਤਮੰਦ ਹੋਣ ਦੀ ਨਿਸ਼ਾਨੀ ਹੁੰਦੇ ਹਨ। ਇਸ ਮੌਕੇ ਉਹਨਾਂ ਅਪਣੇ ਕੁੰਜੀਵਤ ਸੁਨੇਹੇ ‘ਚ ਇਲਾਕੇ ਭਰ ‘ਚੋਂ ਇਸ ਕਵੀ ਦਰਬਾਰ ਅਤੇ ਤੀਆਂ ਦੇ ਪਿੜ ‘ਚ ਪਹੁੰਚਣ ਵਾਲੀਆਂ ਬੀਬੀਆਂ ਨੂੰ ਵਧਾਈ ਦਿੰਦਿਆਂ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਦੀ ਪ੍ਰਬੰਧਕ ਮਾਨਯੋਗ ਪਰਮ ‘ਪ੍ਰੀਤ’ ਬਠਿੰਡਾ ਦੀ ਮਿਹਨਤ ਦੀ ਭਰਪੂਰ ਸਲਾਘਾ ਕੀਤੀ।
ਨਿਰੋਲ ਔਰਤਾਂ ਦਾ ਸਾਵਣ ਕਵੀ ਦਰਬਾਰ ਅਤੇ ਤੀਆਂ ਦੇ ਸਮਾਗਮ ਵਿੱਚ ਬਹੁਤ ਹੀ ਸਤਿਕਾਰਯੋਗ ਡਾ. ਕਮਲਪ੍ਰੀਤ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗ਼ਰਲਜ ਕਾਲਜ ਤਲਵੰਡੀ ਸਾਬੋ ਦੇ ਪ੍ਰਿੰਸੀਪਲ ਮੁੱਖ ਮਹਿਮਾਨ ਵਜੋਂ ਪਹੁੰਚ ਕੀਤੀ। ਇਸ ਦੇ ਨਾਲ ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਪ੍ਰਫੈਸਰ ਗੁਰੂ ਨਾਨਕ ਕਾਲਜ਼ ਕਿਲਿਆਂ ਵਾਲੀ, ਡਾ. ਸਰਬਜੀਤ ਕੌਰ ਬਰਾੜ, ਅਤੇ ਇਸ ਸਮਾਗਮ ਦੀ ਮੁੱਖ ਪ੍ਰਬੰਧਕ ਮਾਨਯੋਗ ਪਰਮ ਪ੍ਰੀਤ’ ਬਠਿੰਡਾ ਨੇ ਪ੍ਰਧਾਨਗੀ ਕਤਾਰ ਦੀ ਸ਼ੋਭਾ ਵਧਾਈ।
ਇਸ ਸਾਵਣ ਕਵੀ ਦਰਬਾਰ ਵਿੱਚ ਹਰਜਿੰਦਰ ਕੌਰ ਜੱਜ ਦੁਆਰਾ ਹੱਥੀਂ ਬਣੀ ਸਮੱਗਰੀ ਦੀ ਪ੍ਰਦਰਸ਼ਨੀ ਲਾਈ ਗਈ। ਭੁਪਿੰਦਰ ਕੌਰ ਆਰਟਿਸਟ ਵੱਲੋਂ ਆਪਣੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਤੋਂ ਇਲਾਵਾ ਉਪਰੋਕਤ ਦੋਵਾਂ ਸੰਸਥਾਵਾਂ ਵੱਲੋਂ ਹੁਣ ਤੱਕ ਪ੍ਰਕਾਸ਼ਿਤ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਸਮਾਗਮ ਵਿੱਚ ਪਹੁੰਚੀਆਂ ਭੈਣਾਂ ਲਈ ਸਾਵਣ ਸੈਲਫੀ਼ ਫੋਟੋ ਸ਼ੂਟ ਕਰਨ ਲਈ ਵਿਸ਼ੇਸ਼ ਕਾਰਨਰ ਤਿਆਰ ਕਰਵਾਇਆ ਗਿਆ ਜੋ ਖਿੱਚ ਦਾ ਕੇਂਦਰ ਬਣੀ ਰਹੀ।
ਪਰਮ ‘ਪ੍ਰੀਤ’ ਬਠਿੰਡਾ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਨੂੰ ਆਖਦਿਆਂ ਇਸ ਸਮਾਗਮ ਦਾ ਅਰੰਭ ਕੀਤਾ। ਜੀ ਆਇਆਂ ਨੂੰ ਕਹਿਣ ਉਪਰੰਤ ਪਰਮ ਪ੍ਰੀਤ ਬਠਿੰਡਾ ਨੇ ਅਪਣੇ ਸਾਹਿਤਿਕ ਗੁਰੂ ਸ੍ਰੀ ਮਾਨ ਜਮੀਲ ‘ਅਬਦਾਲੀ’ ਅਤੇ ਅਪਣੀ ਸਰਪਰਸਤ ਸੰਸਥਾ ‘ਪੰਜਾਬੀ ਅਦਬ ਕਲਾ ਕੇਂਦਰ’ ਮਾਲੇਰਕੋਟਲਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸਾਰੀਆਂ ਭੈਣਾਂ ਨੂੰ ਤੀਜ ਦੀ ਮੁਬਾਰਕਬਾਦ ਦਿੱਤੀ। ਇਸ ਕਵੀ ਦਰਬਾਰ ਵਿੱਚ ਹੁੰਮ-ਹੁਮਾ ਕੇ ਪੁੱਜੀਆਂ ਸਾਰੀਆਂ ਭੈਣਾਂ ਨੇ ਆਪੋ-ਆਪਣੀਆਂ ਰਚਨਾਵਾਂ, ਕਵਿਤਾਵਾਂ ਅਤੇ ਗੀਤਾਂ ਨਾਲ ਸਾਵਣ ਕਵੀ ਦਰਬਾਰ ਨੂੰ ਯਾਦਗਾਰੀ ਬਣਾ ਦਿੱਤਾ।
ਡਾ.ਕਮਲਪ੍ਰੀਤ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗ਼ਰਲਜ਼ ਕਾਲਜ ਤਲਵੰਡੀ ਸਾਬੋ ਨੇ ਇਸ ਪ੍ਰੋਗਰਾਮ ਨੂੰ ਖ਼ੂਬ ਸਲਾਹਿਆ। ਉਹਨਾਂ ਇਸ ਖ਼ੂਬਸੂਰਤ ਉਪਰਾਲੇ ਲਈ ਪਰਮ ‘ਪ੍ਰੀਤ’ ਬਠਿੰਡਾ ਨੂੰ ਵਧਾਈ ਦਿੱਤੀ। ਉਹਨਾਂ ਭਵਿੱਖ ਵਿੱਚ ਵੀ।ਅਜਿਹੇ ਸਾਹਿਤਿਕ ਤੇ ਸੱਭਿਆਚਾਰਕ ਸਮਾਗਮ ਕਰਵਾਉਂਦੇ ਰਹਿਣ ਦਾ ਅਸ਼ੀਰਵਾਦ ਵੀ ਦਿੱਤਾ। ਉਹਨਾਂ ਵੱਲੋਂ ਖ਼ੂਬਸੂਰਤ ਕਵਿਤਾਵਾਂ ਦੇ ਨਾਲ-ਨਾਲ ਪੰਜਾਬੀ ਮਾਂ ਬੋਲੀ ਦੀ ਅਨਮੋਲ ਧਰੋਹਰ ਦੀਆਂ ਬੋਲੀਆਂ ਦੇ ਨਾਲ ਭਰਪੂਰ ਹਾਜ਼ਰੀ ਲਗਵਾਉਂਦਿਆਂ ਸਾਰੀਆਂ ਭੈਣਾਂ ਨੂੰ ਉੱਠ ਕੇ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਸਮਾਗਮ ਦੀ ਸੂਤਰਧਾਰ ਵਜੋਂ ਸਟੇਜ ਸਕੱਤਰ ਦੀ ਭੂਮਿਕਾ ‘ਸਾਹਿਤ ਸਭਾ’ ਭਗਤਾ ਦੀ ਜਨ. ਸਕੱਤਰ , ਕਹਾਣੀਕਾਰ ਅਤੇ ਕਵਿੱਤਰੀ ਅੰਮ੍ਰਿਤਪਾਲ ਕੌਰ ਕਲੇਰ ਨੇ ਬਾਖ਼ੂਬੀ ਨਿਭਾਈ।
ਇਸ ਕਵੀ ਦਰਬਾਰ ਵਿੱਚ ਹੋਰਨਾਂ ਤੋਂ ਇਲਾਵਾ ਹਰਜਿੰਦਰ ਕੌਰ ਜੱਜ, ਨਵਜੀਤ ਕੌਰ, ਕੁਲਵਿੰਦਰ ਕੌਰ, ਕਮਲ ਰਾਣੀ, ਲਖਵੀਰ ਕੌਰ, ਰਜਨੀ ਰਾਣੀ, ਪ੍ਰਭਜੋਤ ਕੌਰ ਬਾਗਵਾਨੀ ਵਿਭਾਗ, ਵੀਰਪਾਲ ਕੌਰ ਸਿੱਧੂ ਮੋੜ, ਡਾ. ਵੀਰਪਾਲ ਕੌਰ ਕਮਲ, ਸੁਖਜਿੰਦਰ ਕੌਰ, ਗੁਰਬਿੰਦਰ ਕੌਰ ਗਿੱਲ, ਕਰਮਜੀਤ ਕੌਰ ਭੈਣੀ ਬਾਘਾ, ਵੀਰਪਾਲ ਕੌਰ ਮਾਨ, ਭੁਪਿੰਦਰ ਕੌਰ, ਕਰਮਜੀਤ ਕੌਰ, ਪਰਮਿੰਦਰ ਕੌਰ ਪੈਮ, ਅਤੇ ਵੀਰਪਾਲ ਕੌਰ ਮੋਹਲ ਨੇ ਆਪੋ- ਆਪਣੀਆਂ ਖ਼ੂਬਸੂਰਤ ਰਚਨਾਵਾਂ ਦੀ ਸਾਂਝ ਪਾ ਕੇ ਕਵੀ ਦਰਬਾਰ ਰੌਣਕ ਭਰਪੂਰ ਬਣਾ ਦਿੱਤਾ। ਸਮਾਗਮ ‘ਚ ਆਏ ਸਾਰੇ ਮਹਿਮਾਨਾਂ ਲਈ ਚਾਹ, ਪਾਣੀ ਤੋਂ ਇਲਾਵਾ ਸੁਆਦੀ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਸਾਰੀਆਂ ਭੈਣਾਂ ਨੇ ਸ਼ੈਲਫ਼ੀਜ਼ ਕਰਵਾ ਕੇ ਸਾਵਨ ਕਵੀ ਦਰਬਾਰ ਦਾ ਖ਼ੂਬ ਅਨੰਦ ਮਾਣਿਆ।
‘ਪੰਜਾਬੀ ਅਦਬ ਕਲਾ ਕੇਂਦਰ’ ਮਾਲੇਰਕੋਟਲਾ ਅਤੇ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਦੇ ਇਸ ਖ਼ੂਬਸੂਰਤ ਉਪਰਾਲੇ ਅਤੇ ਠੋਸ ਪ੍ਰਬੰਧਾਂ ਦੀ ਸਭ ਨੇ ਰੱਜ ਕੇ ਸਿਫ਼ਤ-ਸਲਾਹੀ ਕੀਤੀ। ਅਖ਼ੀਰ ਵਿੱਚ ਮੁੱਖ ਮਹਿਮਾਨ, ਪਰਮ ਪ੍ਰੀਤ ਬਠਿੰਡਾ ਅਤੇ ਖ਼ਾਸ ਮਹਿਮਾਨਾਂ ਵੱਲੋਂ ਭੈਣਾਂ ਨੂੰ ਸਨਮਾਨ ਚਿੰਨ੍ਹ, ਸਰਟੀਫਿਕੇਟਸ ਅਤੇ ਢੇਰ ਸਾਰੇ ਪਿਆਰ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਵਿੱਚ ਭੈਣਾਂ ਨੇ ਆਪਣੀਆਂ ਭਾਵਨਾਵਾਂ ਉਜਾਗਰ ਕਰਦੀਆਂ ਖ਼ੂਬਸੂਰਤ ਬੋਲੀਆਂ ਪਾ ਕੇ, ਨੱਚ-ਨੱਚ ਤੀਆਂ ਦੇ ਪਿੜ ਦੀ ਧੂੜ ਪੁੱਟ ਦਿੱਤੀ। ਉਪਰੋਕਤ ਦੋਨੋਂ ਸੰਸਥਾਵਾਂ ਵੱਲੋਂ ਕਰਵਾਇਆ ਗਿਆ ਇਹ ‘ਸਾਵਣ ਕਵੀ ਦਰਬਾਰ’ ਅਤੇ ਤੀਆਂ ਦਾ ਸਮਾਗਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਸਾਰੀਆਂ ਭੈਣਾਂ ਨੂੰ ਫੇਰ ਛੇਤੀ ਹੀ ਮਿਲਣ ਦੀ ਆਸ ਨਾਲ ਬੜੇ ਪਿਆਰ ਅਤੇ ਸਤਿਕਾਰ ਨਾਲ ਪਰਮ ‘ਪ੍ਰੀਤ’ ਬਠਿੰਡਾ ਵੱਲੋਂ ਵਿਦਾ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly