ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ’ਤੇ ਚਰਚਾ ਕਰਨ ਅਤੇ ਇਸਦੇ ਢੁੱਕਵੇਂ ਹੱਲ ਲਈ,ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਵੱਲੋਂ ਸਰੀ ’ਚ ਕਰਵਾਇਆ ਗਿਆ ਖੁੱਲ੍ਹਾ ਵਿਚਾਰ ਵਟਾਂਦਰਾ

ਡੀ ਗਿਣਤੀ ’ਚ ਪੁੱਜੇ ਪੰਜਾਬੀ ਹਿਤੈਸ਼ੀਆਂ ਨੇ ਵਿਦਵਾਨਾਂ ਦੇ ਵਿਚਾਰ ਸੁਣੇ

ਸਾਂਝ ਜੌੜਾਂ ਵੱਲੋਂ ਕਲਾਸੀਕਲ ਸੰਗੀਤ ਦੀ ਪੇਸ਼ਕਾਰੀ ਨਾਲ ਸਰੋਤੇ ਹੋਏ ਗਦਗਦ

ਵੈਨਕੂਵਰ,  (ਸਮਾਜ ਵੀਕਲੀ) (ਮਲਕੀਤ ਸਿੰਘ)-ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਢੁੱਕਵੇਂ ਹੱਲ ਅਤੇ ਇਸਦੇ ਲੋੜੀਂਦੇ ਪ੍ਰਸਾਰ ਲਈ ਚਰਚਾ ਕਰਵਾਉਣ ਹਿੱਤ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਦੀ 8388-128 ਸਟਰੀਟ ’ਤੇ ਸਥਿਤ ਗ੍ਰੈਂਡ ਤਾਜ ਬੈਂਕੁਇੰਟ ਹਾਲ ’ਚ ਇਕ ਰੋਜ਼ਾ ‘ਵਿਚਾਰ ਵਟਾਂਦਰਾ’ ਆਯੋਜਿਤ ਕਰਵਾਇਆ ਗਿਆ। ਜਿਸ ’ਚ ਵੱਡੀ ਗਿਣਤੀ ’ਚ ਪਹੁੰਚੇ ਪੰਜਾਬੀ ਹਿਤੈਸ਼ੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ’ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉੱਘੇ ਵਿਦਵਾਨ ਡਾ. ਪਿਆਰਾ ਲਾਲ ਗਰਗ, ਸ੍ਰੀ ਮਿੱਤਰ ਸੈਨ ਮੀਤ, ਡਾ. ਬਾਵਾ ਸਿੰਘ, ਹਰਿੰਦਰ ਸਿੰਘ (ਟੈਕਸਾਸ) ਅਤੇ ਡਾ. ਪ੍ਰਿਥੀਪਾਲ ਸੋਹੀ ਵੱਲੋਂ ਪੇਸ਼ ਕੀਤੀਆਂ ਆਪਣੀਆਂ ਦਲੀਲਪੂਰਵਕ ਅਤੇ ਤਰਕਮਈ ਤਕਰੀਰਾਂ ਰਾਹੀਂ ਪੰਜਾਬੀ ਬੋਲੀ ਪ੍ਰਤੀ ਅਜੋਕੀ ਸਥਿਤੀ ’ਚ ਆ ਰਹੀਆਂ ਚੁਣੌਤੀਆਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਸਦੇ ਢੁੱਕਵੇਂ ਹੱਲ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਿਦੇਸ਼ਾਂ ’ਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਸਾਰਿਆਂ ਨੂੰ ਇਕਜੁਟ ਹੋ ਕੇ ਸਾਂਝੇ ਤੌਰ ’ਤੇ ਹੰਭਲਾ ਮਾਰਨ ਦਾ ਸੱਦਾ ਵੀ ਦਿੱਤਾ ਗਿਆ।
ਇਸ ਮੌਕੇ ’ਤੇ ਉਭਰਦੀ ਪੰਜਾਬੀ ਗਾਇਕ ਸਾਂਝ ਜੌੜਾ ਅਤੇ ਤਬਲਾ ਉਸਤਾਦ ਅਮਰਜੀਤ ਸਿੰਘ ਵੱਲੋਂ ਕਲਾਸੀਕਲ ਸੰਗੀਤ ਦੀਆਂ ਕੁਝ ਵੰਨਗੀਆਂ ਦੀ ਕੀਤੀ ਗਈ ਸੰਖੇਪਿਕ ਪੇਸ਼ਕਾਰੀ ਤੋਂ ਹਾਲ ’ਚ ਮੌਜ਼ੂਦ ਕੋਈ ਵੀ ਸਰੋਤਾ ਪ੍ਰਭਾਵਿਤ ਹੋਣੋ ਨਾ ਰਹਿ ਸਕਿਆ। ਸਾਂਝ ਜੌੜਾ ਵੱਲੋਂ ਬਿਨ੍ਹਾਂ ਸਾਜਾਂ ਤੋਂ ਬੜੀ ਹੀ ਮਨਮੋਹਕ ਅਤੇ ਦਿਲਕਸ਼ ਆਵਾਜ਼ ਗਾਏ ਗਏ ਅੰਮ੍ਰਿਤਾ ਪ੍ਰੀਤਮ ਦੀ ਰਚਨਾ ਦੇ ਬੋਲ ‘ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੇ ਕਬਰਾਂ ’ਵਿਚੋਂ ਬੋਲ, ਤੇ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ……….!’ ਤੋਂ ਗਦਗਦ ਹੋਏ ਸਰੋਤਿਆਂ ਦੀਆਂ ਤਾੜੀਆਂ ਨਾਲ ਸਾਰਾ ਹਾਲ ਗੂੰਜਦਾ ਮਹਿਸੂਸ ਹੋਇਆ।
ਇਸ ਮੌਕੇ ’ਤੇ ਪੇਸ਼ ਕੀਤੇ ਕੁਝ ਮਤਿਆਂ ਨੂੰ ਹਾਲ ’ਚ ਮੌਜ਼ੂਦ ਪਤਵੰਤਿਆਂ ਵੱਲੋਂ ਹੱਥ ਖੜ੍ਹੇ ਕਰਕੇ ਆਪਣੀ ਸਹਿਮਤੀ ਪ੍ਰਗਟਾਈ ਗਈ। ਮੰਚ ਸੰਚਾਲਨ ਦੀ ਭੂਮਿਕਾ ਉੱਘੇ ਟੀ. ਵੀ. ਹੋਸਟ ਕੁਲਦੀਪ ਸਿੰਘ ਵੱਲੋਂ ਬਾਖੂਬੀ ਢੰਗ ਨਾਲ ਨਿਭਾਈ ਗਈ। ਇਸ ਦੌਰਾਨ ਆਏ ਹੋਏ ਮਹਿਮਾਨਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ ਅਤੇ ਪਹੁੰਚੇ ਬਾਕੀ ਸਮੂੰਹ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਹੋਰਨਾਂ ਸਖ਼ਸ਼ੀਅਤਾਂ ਤੋਂ ਇਲਾਵਾ ਇਸ ਮੌਕੇ ’ਤੇ ਭੁਪਿੰਦਰ ਸਿੰਘ ਮੱਲ੍ਹੀ, ਰਿਕੀ ਬਾਜਵਾ, ਡਾ. ਜਗਜੀਤ ਸਿੰਘ, ਕ੍ਰਿਪਾਲ ਸਿੰਘ ਗਰਚਾ, ਮੋਤਾ ਸਿੰਘ ਝੀਤਾ, ਦਵਿੰਦਰ ਸਿੰਘ ਘਟੌੜਾ, ਸਤਨਾਮ ਸਿੰਘ ਜੌਹਲ, ਨਵਰੂਪ ਸਿੰਘ, ਐੱਨ. ਆਰ. ਕਮਿਸ਼ਨ ਦੇ ਮੈਂਬਰ ਸੁਖਜਿੰਦਰ ਸਿੰਘ ਸੰਧੂ ਆਦਿ ਮੌਜ਼ੂਦ ਸਨ। ਸਰੀ ਬੁੱਕ ਵੱਲੋਂ ਲਗਾਈ ਗਈ ਪੰਜਾਬੀ ਸਾਹਿਤਕ ਕਿਤਾਬਾਂ ਦੇ ਸਟਾਲ ’ਤੇ ਪਾਠਕਾਂ ਦੀ ਹਾਜ਼ਰੀ ਵੇਖਣ ਨੂੰ ਮਿਲੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਰੀ ’ਚ ਆਯੋਜਿਤ ਵਿਸ਼ਵ ਪੰਜਾਬੀ ਸੈਮੀਨਾਰ ’ਚ ਵੱਡੀ ਗਿਣਤੀ ਪੰਜਾਬੀ ਹਿਤੈਸ਼ੀਆਂ ਨੇ ਸ਼ਿਰਕਤ ਕੀਤੀ
Next articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਹੋਈ