(ਸਮਾਜ ਵੀਕਲੀ)
ਜਸਵਿੰਦਰ ਪੰਜਾਬੀ
(ਰੋਸਾ ਤੇ ਹਾਸਾ)
ਓਹਨੂੰ ਰੁੱਸਣ ਦਾ ਬਹਾਨਾ ਚਾਹੀਦਾ ਹੁੰਦਾ ਸੀ,…ਬਸ। ਪਰ ਰੁੱਸਣਾ ਪਕੇਰਾ ਨਹੀਂ ਸੀ ਆਉਂਦਾ। ਮੈੰ ਕੁਝ ਸਤਰਾਂ ਬਾਅਦ ਵਿੱਚ ਓਸੇ ਸਮੇਂ ਨੂੰ ਯਾਦ ਕਰ ਲਿਖੀਆਂ ਸੀ;
ਆਪਾਂ ਦੋਵੇਂ,
ਕਿੰਨੇ ਝੱਲੇ ਆਂ ਮਾਹੀਆ,
…ਮੈਨੂੰ,
ਰੁੱਸਣਾ ਨ੍ਹੀਂ ਆਉਂਦਾ,
…ਤੇ ਤੈਨੂੰ,
ਮਨਾਉਣਾ ਨ੍ਹੀਂ ਆਉਂਦਾ।
ਆਈ.ਟੀ.ਆਈ. ਤੋੰ ਬਾਅਦ ਐਪਰੈਂਟਸ਼ਿਪ ਕਰ ਰਿਹਾ ਸੀ। ਹਰ ਤਿੰਨ ਮਹੀਨਿਆਂ ਬਾਅਦ, ਮੁਹਾਲੀ ਗਿਆਰਾਂ ਦਿਨਾਂ ਦੀ ਟਰੇਨਿੰਗ ਲਗਦੀ ਹੁੰਦੀ ਸੀ। ਓਧਰ ਗੁੱਗਾ ਮਾੜੀ ਦਾ ਮੇਲਾ ਸੀ,ਜਿੱਥੇ ਓਹਨੇ ਤੇ ਮੈਂ ਹੋਰਨਾਂ ਵਾਂਗ ਸਜ-ਧਜ ਕੇ ਜਾਣਾ ਸੀ…ਤੇ ਐਧਰ ਮੇਰੀ ਟਰੇਨਿੰਗ ਆ ਗਈ।
ਮੇਰੇ ਜਾਣ ਤੋੰ ਤਿੰਨ ਦਿਨ ਪਹਿਲਾਂ ਇੱਕ ਛੋਟੀ ਜਿਹੀ ਪਰਚੀ ਆ ਗਈ। ਲਿਖਿਆ ਸੀ,
“ਮੈੰ ਗੁੱਸੇ ਹਾਂ।” ਤੇ ਓਹ ਰਹੀ ਵੀ ਗੁੱਸੇ,ਮਨਾਇਆ ਆਪਾਂ ਵੀ ਨ੍ਹੀਂ। ਕਿਉਂਕਿ ਮਨਾਉਣ ਦਾ ਵੱਲ ਵੀ ਨ੍ਹੀਂ ਸੀ ਤੇ ਮਰਦਾਂ ਵਾਲ਼ੀ ਹੈਂਕੜ ਵੀ।
ਸਵੇਰ ਦੇ ਅੱਠ ਕੁ ਵੱਜੇ ਸੀ। ਓਹ ਤੇ ਓਹਦੀ ਰਾਜਦਾਰ ਭਾਬੀ ਪਾਥੀਆਂ ਦੇ ਟੋਕਰੇ ਭਰੀਂ ਆ ਰਹੀਆਂ ਸੀ। ਦਸ ਕੁ ਕਦਮਾਂ ਦੀ ਮਸੀਂ ਵਿੱਥ ਸੀ। ਵੈਰਨ ਨੇ ਗੁੱਸੇ ਵਿੱਚ ਖੱਬਾ ਪੈਰ ਮਾਰਿਆ ਧਰਤੀ ‘ਤੇ। ਬੈਲੇਂਸ ਵਿਗੜ ਗਿਆ ਤੇ ਟੋਕਰੇ ‘ਚੋਂ ਤਿੰਨ-ਚਾਰ ਪਾਥੀਆਂ ਹੇਠਾਂ ਆ ਡਿੱਗੀਆਂ। ਮੇਰਾ ਤੇ ਓਹਦੀ ਭਾਬੀ ਦਾ ਹਾਸਾ ਨਿੱਕਲ ਗਿਆ। ਪਲ ਕੁ ਗੁੱਸਾ ਵਿਖਾ,ਓਹ ਵੀ ਹੱਸ ਪਈ।
…..ਚੰਡੀਗੜ੍ਹ ਤੱਕ ਦਾ ਲੰਮਾ ਸਫਰ ਉਕਾਊ ਨਹੀਂ ਸੀ ਉਸ ਦਿਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj