ਪੰਜਾਬੀ ਬੋਲੀ

(ਸਮਾਜ ਵੀਕਲੀ)

ਦੇਖੀ ਇੰਝ ਦੀ ਸੁਹਣੀ ਮੁਟਿਆਰ ਇੱਕ ਦਿਨ,
ਸਾਲੂ ਜਿਸਦਾ ਸੀ ਲੀਰੋ – ਲੀਰ ਹੋਇਆ ।
ਹਾਲਤ ਵੇਖ ਕੇ ਓਸ ਦੀ ਉੱਜੜੀ ਜਿਹੀ,
ਮੇਰੇ ਨੈਣੋਂ ਸੀ ਬਹੁਤ ਨੀਰ ਚੋਇਆ ।

ਨਜ਼ਰ ਭਰ ਕੇ ਵੇਖਿਆ ਜਦ ਉਸ ਨੂੰ,
ਉਹ ਹੁਬਕੋ – ਹੁਬਕੀ ਰੋ ਰਹੀ ਸੀ ।
ਪਾਣੀ – ਪਾਣੀ ਸ਼ਰਮ ਦੇ ਨਾਲ਼ ਹੋਈ,
ਤਨ ਲੀਰਾਂ ਦੇ ਨਾਲ਼ ਲਕੋ ਰਹੀ ਸੀ ।

ਉਹਦੇ ਚਿਹਰੇ ‘ਤੇ ਝਲਕਦਾ ਨੂਰ ਤੱਕ ਕੇ,
ਮੈਂ ਡੂੰਘੀਆਂ ਸੋਚਾਂ ਵਿੱਚ ਪੈ ਗਿਆ ਸੀ ।
ਨਹੀਂ ਪਲਕ ਮੇਰੇ ਤੋਂ ਸੀ ਬੰਦ ਹੋਈ,
ਉਹਦਾ ਮੁੱਖੜਾ ਵੇਖਦਾ ਰਹਿ ਗਿਆ ਸੀ ।

ਫਿਰ ਕੋਲ਼ ਜਾ ਕੇ ਉਸ ਦੇ ਪੁੱਛਿਆ ਮੈਂ,
ਬੜੀ ਲੱਗਦੀਂ ਸੁਘੜ ਸਿਆਣੀ ਏਂ ਤੂੰ ?
ਕਿਸ ਰਾਜ ‘ਚੋਂ ਤੈਨੂੰ ਦੁਰਕਾਰਿਆ ਏ,
ਕਿਹੜੇ ਰਾਜ ਦੀ ਦੱਸ ਪਟਰਾਣੀ ਏਂ ਤੂੰ ?

ਕਿਸ ਨੇ ਘਰ ਵਿੱਚੋਂ ਤੈਨੂੰ ਕੱਢਿਆ ਏ,
ਕਿਸ ਕੀਤਾ ਹੈ ਹਾਲੋਂ ਬੇਹਾਲ ਤੈਨੂੰ ?
ਕਿਸ ਨੇ ਸਭ ਕੁਝ ਤੇਰਾ ਲੁੱਟਿਆ ਏ,
ਕਿਸ ਕੀਤਾ ਹੈ ਦੱਸ ਕੰਗਾਲ ਤੈਨੂੰ ?

ਅੱਖਾਂ ਚੁੱਕ ਕੇ ਮੇਰੇ ਵੱਲ ਵੇਖਿਆ ਉਸ,
ਮੁੜ ਨੀਵੀਂ ਪਾ ਕੇ ਬਹਿ ਗ‌ਈ ਸੀ ।
ਕਹਿੰਦੀ ਤੂੰ ਵੀ ਨਹੀਂ ਮੈਨੂੰ ਪਛਾਣ ਸਕਿਆਂ,
ਫਿਰ ਧਾਹਾਂ ਮਾਰ ਕੁਰਲਾ ਪ‌ਈ ਸੀ।

ਉਹ ਕਹਿਣ ਲੱਗੀ ਮੈਨੂੰ ਪੁੱਤਰਾ ਵੇ,
ਤੇਰੇ ਰਾਜ ਦੀ ਹੀ ਪਟਰਾਣੀ ਹਾਂ ਮੈਂ !
ਮਾਂ ਬੋਲੀ ਪੰਜਾਬੀ ਹੈ ਨਾਂ ਮੇਰਾ,
ਇੱਥੇ ਵਸਦੀ ਬੜੀ ਪੁਰਾਣੀ ਹਾਂ ਮੈਂ !

ਓਸ ਕਿਹਾ ਸੀ ਪੰਜ ਦਰਿਆ ਮੇਰੇ,
ਹੁਣ ਤਿੰਨ ਵੀ ਪੂਰੇ ਕੋਲ਼ ਹੈ ਨ‌ਈਂ !
ਕੀ ਬੀਤੀ ਮੇਰੇ ‘ਤੇ ਕੀ ਦੱਸਾਂ,
ਇਹ ਦੱਸਣ ਲਈ ਮੇਰੇ ਕੋਲ਼ ਬੋਲ ਹੈ ਨ‌ਈਂ !

ਪਹਿਲਾਂ ਕੱਟਿਆ ਮੈਨੂੰ ਫਰੰਗੀਆਂ ਨੇ,
ਉਨ੍ਹਾਂ ਡਾਢ੍ਹਾ ਹੀ ਜ਼ੁਲਮ ਕਮਾ ਦਿੱਤਾ !
ਮੇਰਾ ਆਪਣਾ ਇੱਕ ਅੰਗ ਵੱਖ ਕਰ ਕੇ,
ਉਹਦਾ ਪਾਕਿਸਤਾਨ ਬਣਾ ਦਿੱਤਾ !

ਮੇਰੇ ਆਪਣੇ ਹੀ ਜਾਏ ਲੀਡਰਾਂ ਨੇ,
ਟੋਟੇ – ਟੋਟੇ ਕਰ ਮੈਨੂੰ ਖਿੰਡਾ ਦਿੱਤਾ !
ਜੰਮੂ – ਕਸ਼ਮੀਰ – ਹਿਮਾਚਲ – ਹਰਿਆਣਾ,
ਤੇ ਕਿਤੇ ਰਾਜਸਥਾਨ ਬਣਾ ਦਿੱਤਾ !

ਮੇਰੇ ਆਪਣੇ ਹੀ ਜਾਏ ਪੁੱਤਰਾਂ ਨੇ,
ਮੈਨੂੰ ਗੱਦੀ ‘ਤੋਂ ਹੇਠਾਂ ਲਾਹਿਆ ਏ !
ਮੇਰੀ ਥਾਂ ਤੇ ਭਾਸ਼ਾ ਪ੍ਰਦੇਸ ਦੀ ਨੂੰ,
ਰਾਜ ਗੱਦੀ ਤੇ ਉਨ੍ਹਾਂ ਬਿਠਾਇਆ ਏ !

ਕੁਝ ਗਾਇਕਾਂ ਨੇ ਕੁਝ ਲੇਖ਼ਕਾਂ ਨੇ,
ਮੈਨੂੰ ਉੱਕਾ ਹੀ ਮਾਰ ਮੁਕਾ ਦਿੱਤਾ !
ਦੋ ਅਰਥਾਂ ਵਿੱਚ ਕਹਿ ਕਹਿ ਗੱਲਾਂ,
ਮੈਨੂੰ ਕੱਖਾਂ ਦੇ ਵਾਂਗ ਰੁਲਾ ਦਿੱਤਾ !

ਕਹਿੰਦੀ “ਜੱਸੀ” ਪੁੱਤਰਾ ਗੱਲ ਸੁਣ ਲੈ,
ਇਸ ਜਗ ‘ਚ ਮੇਰਾ ਸਤਿਕਾਰ ਰੱਖੀਂ !
ਮੇਰੀ ਰੁਲ਼ਦੀ ਪੱਤ ਬਚਾ ਕੇ ਤੂੰ,
ਮੇਰੀ ਹੋਂਦ ਨੂੰ ਬਰਕਰਾਰ ਰੱਖੀਂ !

ਜਸਵਿੰਦਰ ਸਿੰਘ ‘ਜੱਸੀ’
ਮੋਬਾਈਲ ਨੰ: 98143 96472

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਿਵਾਰ ਵਿੱਚ ਬਜ਼ੁਰਗਾਂ ਦੀ ਮਹੱਤਤਾ
Next articleਧਰਵਾਸੇ