*ਡਾ: ਜਸਵਿੰਦਰ ਕੌਰ ਨੇ ਵਰਲਡ ਰਿਕਾਰਡ ਹੋਲਡਰ ਬਣ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ- ਖਾਲਸਾ*
ਪੰਜਾਬ ਦੀ ਬੇਟੀ ਨੇ ਛਤਰਪਤੀ ਸ਼ਿਵਾ ਜੀ ਦੀ ਵੱਡ ਅਕਾਰੀ ਬਣਾਈ ਤਸਵੀਰ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੰਤਰਰਾਸ਼ਟਰੀ ਚਿੱਤਰਕਲਾ ਦੇ ਮੁਕਾਬਲਿਆਂ ‘ਚ ਆਪਣੀਆਂ ਸ਼ਾਨਾਮੱਤੀ ਪ੍ਰਾਪਤੀਆਂ ਰਾਹੀਂ ਇੱਕ ਅਲੱਗ ਪਹਿਚਾਣ ਬਣਾਉਣ ਵਾਲੀ ਪੰਜਾਬ ਦੀ ਅੰਤਰਰਾਸ਼ਟਰੀ ਕਲਾਕਾਰ ਡਾ: ਜਸਵਿੰਦਰ ਕੌਰ ਨੇ ਮੁੜ ਇੱਕ ਨਵੇ ਇਤਿਹਾਸ ਦੀ ਸਿਰਜਨਾ ਕਰਦਿਆਂ ਪੰਜਾਬ ਦਾ ਨਾਮ ਸਾਰੇ ਦੇਸ਼ ਵਿੱਚ ਰੋਸ਼ਨ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਵਿਰਸਾ ਫਾਊਂਡੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਖ਼ਾਲਸਾ ਨੇ ਅੱਜ ਪੀ.ਵੀ.ਐਫ ਵੱਲੋਂ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਉੱਘੀ ਕਲਾਕਾਰ ਡਾ: ਜਸਵਿੰਦਰ ਕੌਰ ਨੂੰ ਸਨਮਾਨਿਤ ਕਰਨ ਮੌਕੇ ਇਕੱਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਸ੍ਰ: ਰਣਜੀਤ ਸਿੰਘ ਖ਼ਾਲਸਾ ਨੇ ਜਾਣਕਾਰੀ ਦੇਂਦਿਆਂ ਹੋਇਆਂ ਕਿਹਾ ਕਿ ਬੁਲੰਦ ਹੌਸਲੇ ਵਾਲੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਾਕਾਰ ਡਾ: ਜਸਵਿੰਦਰ ਕੌਰ ਨੇ ਪਿਛਲੇ ਦਿਨੀਂ ਪੂਣੇ (ਮਹਾਂਰਾਸ਼ਟਰ) ਵਿਖੇ ਆਯੋਜਿਤ ਕੀਤੀ ਗਈ ਵਰਲਡ ਰਿਕਾਰਡ ਪ੍ਰਤੀਯੋਗਤਾ 2024 ਵਿੱਚ ਆਪਣੀ ਪੁਖਤਾ ਚਿੱਤਰਕਲਾ ਦਾ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਛਤਰਪਤੀ ਸ਼ਿਵਾ ਜੀ ਮਹਾਰਾਜ ਦੀ 15 ਫੁੱਟ ਉੱਚੀ ਤੇ 14 ਫੁੱਟ ਚੌੜੀ ਪੇਟਿੰਗ ਬਣਾ ਕੇ ਇੱਕ ਨਵਾਂ ਇਤਿਹਾਸ ਕਾਇਮ ਕਰਦਿਆਂ ਹੋਇਆ ਵਰਲਡ ਰਿਕਾਰਡ ਹੋਲਡਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਬੇਟੀ ਵਜੋਂ ਮਹਾਂਰਾਸ਼ਟਰਾ ਅੰਦਰ ਜਾਣੀ ਜਾਂਦੀ ਡਾ: ਜਸਵਿੰਦਰ ਕੌਰ ਨੇ ਇਸ ਵੱਡ ਅਕਾਰੀ( 210 ਸੁਕੇਅਰ ਫੀਟ ) ਪੇਂਟਿੰਗ ਨੂੰ ਪੰਜ ਦਿਨਾਂ ਵਿੱਚ ਮੁਕੰਮਲ ਕਰਕੇ ਆਪਣੀ ਉੱਤਮ ਚਿੱਤਰਕਲਾ ਦਾ ਪ੍ਰਦਰਸ਼ਨ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 2021ਵਿੱਚ ਆਯੋਜਿਤ ਕੀਤੇ ਗਏ ਪੂਣੇ ਫੈਸਟੀਵਲ ਮੁਕਾਬਲੇ ਅੰਦਰ ਦੁਰਗਾ ਮਾਤਾ ਦੀ ਅਲੌਕਿਕ ਤਸਵੀਰ ਬਣਾ ਕੇ ਆਪਣੀ ਕਲਾ ਦਾ ਸੁੰਦਰ ਪ੍ਰਦਰਸ਼ਨ ਕੀਤਾ ਸੀ ਤੇ 2023 ਵਿੱਚ ਆਪਣੇ ਬੁਰਸ਼ ਤੇ ਰੰਗਾਂ ਰਾਹੀਂ ਪ੍ਰਮੁੱਖ ਫਿਲਮੀ ਅਦਾਕਾਰਾ ਹੇਮਾ ਮਾਲਨੀ ਦੇ ਥੀਮ ਤੇ ਅਧਾਰਿਤ ਡਰੀਮ ਗਰਲ ਦੀ ਤਸਵੀਰ ਬਣਾ ਕੇ ਵਾਹ-ਵਾਹ ਖੱਟੀ ਸੀ। ਇਸੇ ਤਰ੍ਹਾਂ ਪੰਜਾਬ ਦੀ ਬੇਟੀ ਡਾ: ਜਸਵਿੰਦਰ ਕੌਰ ਨੇ ਆਪਣੀ ਅਧਿਆਤਮਕ ਤੇ ਰੂਹਾਨੀਅਤ ਸੋਚ ਵਾਲੀ ਕਲਾ ਦਾ ਦਾ ਉੱਤਮ ਨਮੂਨਾ ਪੇਸ਼ ਕਰਦਿਆਂ ਹੋਇਆਂ 2023 ਵਿੱਚ ਮੀਰਾਂ ਭਾਈ ਦੇ ਜੀਵਨ ਤੇ ਅਧਾਰਿਤ 66ਮੀਟਰ ਲੰਬੀ ਤੇ 20 ਇੰਚ ਚੌੜੀ ਤਸਵੀਰ ਬਣਾ ਕੇ ਇੱਕ ਨਵਾਂ ਵਰਲਡ ਰਿਕਾਰਡ ਬਣਾਇਆ ਤੇ ਕੌਮਾਂਤਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਵਿਰਸਾ ਦੇ ਸਮੂਹ ਮੈਂਬਰਾਂ ਵੱਲੋਂ ਚਿੱਤਰਕਲਾ ਨੂੰ ਸਮਰਪਿਤ ਪੰਜਾਬ ਦੀ ਬੇਟੀ ਡਾ: ਜਸਵਿੰਦਰ ਕੌਰ ਵੱਲੋਂ ( ਵਰਲਡ ਰਿਕਾਰਡ ਹੋਲਡਰ) ਨੂੰ ਵੱਡੇ ਸਨਮਾਨ ਦੀ ਪ੍ਰਾਪਤੀ ਲਈ ਆਪਣੀ ਦਿਲੀ ਮੁਬਾਰਕਬਾਦ ਦਿੱਤੀ, ਉੱਥੇ ਨਾਲ ਹੀ ਪੀ.ਵੀ.ਐਫ ਵੱਲੋਂ ਸਨਮਾਨ ਚਿੱਤਰ ਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬੀ ਵਿਰਸਾ ਫਾਊਂਡੇਸ਼ਨ ਦੇ ਸਰਪ੍ਰਸਤ ਕਮਾਂਡੋਜ਼ ( ਰਿਟਾ.) ਗੁਰਨਾਮ ਸਿੰਘ, ਡਾ: ਮਨਜੀਤ ਕੌਰ, ਸ੍ਰ: ਗੁਰਚਰਨ ਸਿੰਘ ਖੁਰਾਣਾ, ਪੀ.ਪੀ ਸਿੰਘ ਧਮੀਜਾ, ਕੁਲਦੀਪ ਸਿੰਘ, ਸਮੇਤ ਕਈ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly