

(ਸਮਾਜ ਵੀਕਲੀ) ਫ਼ਿਲਮ ਇੰਡਸਟਰੀ ਦਾ ਹਰ ਸਿਤਾਰਾ ਆਪੋ ਆਪਣੇ ਕਿਰਦਾਰ ਤੋਂ ਜਾਣਿਆ ਜਾਂਦਾ ਹੈ। ਫਿਲਮਾਂ ਦਾ ਹੀਰੋ ਹੋਵੇ ਜਾਂ ਖਲਨਾਇਕ, ਸਾਰੇ ਹੀ ਆਪਣੇ-ਆਪਣੇ ਕਿਰਦਾਰਾਂ ਨਾਲ ਹੀ ਦੁਨੀਆ ਭਰ ਦੇ ਦਰਸ਼ਕਾਂ ‘ਚ ਮਕਬੂਲ ਹਨ। ਪੰਜਾਬੀ ਸਿਨੇਮਾ ਜਗਤ ‘ਚ ਕਈ ਅਜਿਹੇ ਕਿਰਦਾਰ ਹੋਏ,ਜਿਨ੍ਹਾਂ ਨੂੰ ਲੋਕ ਅੱਜ ਵੀ ਨਹੀਂ ਭੁੱਲੇ,ਨਾ ਭੁੱਲਣ ਵਾਲੇ ਇਹਨਾਂ ਕਿਰਦਾਰਾਂ ਵਿੱਚੋ ਇੱਕ ਕਿਰਦਾਰ ਹੈ ਗੁਲਾਬੋ ਮਾਸੀ ਦਾ। ਜਿਹਨਾਂ ਦਾ ਅਸਲ ਨਾਮ ਨਿਰਮਲ ਰਿਸ਼ੀ ਹੈ, ਪਰ ਫਿਲਮ ਇਡਸਟਰੀ ‘ਚ ਅਤੇ ਦਰਸ਼ਕ ਅੱਜ ਵੀ ਉਸ ਨੂੰ ਗੁਲਾਬੋ ਮਾਸੀ ਨਾਲ ਹੀ ਜਾਣਦੇ ਹਨ। ਪੰਜਾਬੀ ਸਿਨੇਮਾ ਜਗਤ ਦੀ ਇਸ ਜਾਣੀ ਪਛਾਣੀ ਸ਼ਖ਼ਸੀਅਤ ਨਿਰਮਲ ਰਿਸ਼ੀ ਜੀ ਦਾ ਜਨਮ ਉੱਚੇ ਟਿੱਬਿਆਂ ਦੇ ਸਭ ਤੋਂ ਪਿੱਛੜੇ ਇਲਾਕੇ ਮਾਨਸਾ ਦੇ ਪਿੰਡ ਖੀਵਾ ਵਿਖੇ ਪਿਤਾ ਬਲਦੇਵ ਕ੍ਰਿਸ਼ਨ ਰਿਸ਼ੀ (ਸਰਪਚ) ਅਤੇ ਮਾਤਾ ਬਚਨੀ ਦੇਵੀ ਦੇ ਘਰ 27 ਅਗਸਤ 1943 ਨੂੰ ਹੋਇਆ। ਉਸਨੇ ਮੁੱਢਲੀ ਸਿੱਖਿਆ ਮਾਨਸਾ ਤੋਂ ਹੀ ਹਾਸਿਲ ਕੀਤੀ। ਅਦਾਕਾਰੀ ਅਤੇ ਖੇਡਾਂ ਦਾ ਸ਼ੌਕ ਰੱਖਣ ਵਾਲੀ ਨਿਰਮਲ ਰਿਸ਼ੀ ਜੀ ਸਕੂਲ ਅਤੇ ਕਾਲਜ ਦੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਖੇਡਾਂ ਦੇ ਪ੍ਰੋਗਰਾਮ ਵਿਚ ਹਮੇਸ਼ਾਂ ਮਹੱਤਵਪੂਰਨ ਯੋਗਦਾਨ ਪਾਉਂਦੀ ਰਹੀ। ਰਿਸ਼ੀ ਜੀ ਨੇ 1966 ਵਿਚ ਰਾਜਸਥਾਨ ਯੂਨੀਵਰਸਿਟੀ, ਜੈਪੁਰ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਕਰਨ ਤੋਂ ਬਾਅਦ ਸਰੀਰਿਕ ਸਿੱਖਿਆ ਦੇ ਵਿਸ਼ੇ ਵਿਚ ਐੱਮ.ਫਿਲ ਸਰਕਾਰੀ ਸਰੀਰਿਕ ਸਿੱਖਿਆ ਕਾਲਜ, ਪਟਿਆਲਾ ਤੋਂ ਕੀਤੀ। ਕਿਉਕਿ ਨਿਰਮਲ ਰਿਸ਼ੀ ਜੀ ਦਾ ਸਭ ਤੋਂ ਮਨਭਾਉਂਦਾ ਵਿਸ਼ਾ ਸਰੀਰਿਕ ਸਿੱਖਿਆ ਹੀ ਸੀ। ਇਸ ਲਈ ਉਹਨਾਂ ਨੇ ਐੱਮ.ਐੱਡ ਵੀ ਸਰੀਰਿਕ ਸਿੱਖਿਆ ਵਿੱਚ ਹੀ ਕੀਤੀ। ਨਿਰਮਲ ਰਿਸ਼ੀ ਜੀ ਲੁਧਿਆਣੇ ਦੇ ਖਾਲਸਾ ਕਾਲਜ ਵਿਚ ਸਰੀਰਿਕ ਸਿੱਖਿਆ ਦੇ ਲੈਕਚਰਾਰ ਅਹੁਦੇ ਤੋਂ 2003 ਵਿਚ ਸੇਵਾ ਮੁਕਤ ਵੀ ਹੋਏ ਹਨ। ਗੱਲ ਕਰੀਏ ਨਿਰਮਲ ਰਿਸ਼ੀ ਜੀ ਦੇ ਅਦਾਕਾਰੀ ਦੇ ਕੈਰੀਅਰ ਦੀ, ਤਾਂ ਓਹਨਾਂ ਨੇ 17 ਸਾਲ ਦੀ ਉਮਰ ਵਿਚ ਹੀ ਪੰਜਾਬੀ ਰੰਗਮੰਚ ਨਾਲ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ। ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵਲ ਸਫ਼ਰ ਨਿਰਮਲ ਰਿਸ਼ੀ ਜੀ 1983 ਵਿੱਚ ਕੀਤਾ। ਰਿਸ਼ੀ ਜੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਨਾਟਕਕਾਰ ਹਰਪਾਲ ਟਿਵਾਣਾ ਦੀ ਪੰਜਾਬੀ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ ਤੋਂ ਕੀਤੀ। ਜਿਸ ਵਿਚ ਓਹਨਾਂ ਨੇ ਗੁਲਾਬੋ ਮਾਸੀ ਦਾ ਰੋਹਬ ਵਾਲਾ ਐਸਾ ਰੋਲ ਅਦਾ ਕੀਤਾ, ਜਿਸ ਨਾਲ ਦਰਸ਼ਕ ਉਹਨਾਂ ਨੂੰ ਗੁਲਾਬੋ ਮਾਸੀ ਦੇ ਨਾਂ ਨਾਲ ਹੀ ਜਾਨਣ ਲੱਗ ਪਏ। ਆਪਣੇ ਚਾਰ ਦਹਾਕਿਆਂ ਦੇ ਫਿਲਮੀ ਕੈਰੀਅਰ ਚ ਰਿਸ਼ੀ ਜੀ ਨੇ ਅਣਗਿਣਤ ਪੰਜਾਬੀ ਫ਼ਿਲਮਾਂ ਦਰਸ਼ਕਾਂ ਦੀ ਝੌਲੀ ਪਾਈਆਂ। ਜਿੰਨ੍ਹਾ ਵਿੱਚ ਨੀਂ ਮੈਂ ਸੱਸ ਕੁੱਟਣੀ,ਗੋਡੇ ਗੋਡੇ ਚਾਅ, ਅੰਗਰੇਜ਼, ਲਵ ਪੰਜਾਬ, ਨਿੱਕਾ ਜ਼ੈਲਦਾਰ, ਰੱਬ ਦਾ ਰੇਡੀਓ , ਬੰਬੂਕਾਟ , ਗੁੱਡੀਆਂ ਪਟੋਲੇ , ਕਾਲਾ ਸ਼ਾਹ ਕਾਲਾ , ਲਹੌਰੀਏ , ਦਾਣਾਂ ਪਾਣੀ , ਸੌਂਕਣ ਸੌਂਕਣੇ , ਕੁੜਮਾਈਆਂ , ਹਨੀਮੂਨ , ਸ਼ੰਕਰ ਪਾਰੇ , ਪਾਣੀ ਚ ਮਧਾਣੀ , ਸ਼ੇਰ ਬੱਗਾ , ਕਾਕੇ ਦਾ ਵਿਆਹ , ਮੈਰਿਜ ਪੈਲਿਸ , ਆਟੇ ਦੀ ਚਿੜੀ , ਅਫਸਰ , ਵੱਡਾ ਕਲਾਕਾਰ’ ਆਦਿ ਫਿਲਮਾਂ ਹਨ। ਨਿਰਮਲ ਰਿਸ਼ੀ ਨੂੰ ਬਹੁਤ ਸਾਰੇ ਐਵਾਰਡ ਅਤੇ ਮਾਨ ਸਨਮਾਨ ਵੀ ਮਿਲੇ।ਭਾਰਤ ਸਰਕਾਰ ਵਲੋਂ ਪਦਮਸ਼੍ਰੀ ਪੁਰਸਕਾਰ,ਪੀ.ਟੀ.ਸੀ.ਬੈਸਟ ਆਰਟਿਸਟ ਐਵਾਰਡ, ਸੰਗੀਤ ਨਾਟਕ ਅਕਾਦਮੀ ਐਵਾਰਡ ਅੱਤੇ ਸਮਿਤਾ ਪਾਟਿਲ ਐਵਾਰਡ ਦੇ ਨਾਲ ਹੋਰ ਵੀ ਬਹੁਤ ਸਾਰੇ ਐਵਾਰਡ ਮਿਲੇ। ਇਸ ਤੋਂ ਇਲਾਵਾ ਨਿਰਮਲ ਰਿਸ਼ੀ ਜੀ ਨੂੰ ਆਪਣੀ ਪਹਿਲੀ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ ਵਿਚ ਅਦਾਕਾਰੀ ਲਈ ਪੰਜਾਬ ਫ਼ਿਲਮ ਰੀਵਿਊ ਐਸੋਸੀਏਸ਼ਨ ਮੁੰਬਈ ਨੇ ਵੀ ਸਨਮਾਨਿਤ ਕੀਤਾ। ਫ਼ਿਲਮ ‘ਨਿੱਕਾ ਜੈਲਦਾਰ’ ਵਿੱਚ ਚਾਹੇ ਉਹ ਐਮੀ ਵਿਰਕ ਦੀ ਦਾਦੀ ਹੋਣ ਜਾਂ ਫੇਰ ‘ਉੱਚਾ ਦਰ ਬਾਬੇ ਨਾਨਕ ਦਾ’ ਫ਼ਿਲਮ ‘ਚ ਗੁਰਦਾਸ ਮਾਨ ਦੀ ਭੂਆ ਹੋਣ ,ਕਿਰਦਾਰ ਵਜੋਂ ਓਹਨਾਂ ਨੂੰ ਇੱਕ ਰੋਹਬ ਵਾਲੀ ਔਰਤ ਨਾਲ ਹੀ ਜਾਣਿਆ ਜਾਂਦਾ ਹੈ, ਕਿਓਕਿ ਓਹਨਾਂ ਤੇ ਇਹ ਕਿਰਦਾਰ ਫਬਦੇ ਵੀ ਬਹੁਤ ਹਨ। ਪਰ ਅਸਲ ਜਿੰਦਗੀ ‘ਚ ਉਹ ਬਹੁਤ ਹੀ ਮਿੱਠੇ ਅਤੇ ਸਹਿਜ ਸੁਭਾਅ ਦੇ ਮਾਲਿਕ ਹਨ। ਪੰਜਾਬੀ ਫਿਲ਼ਮ ਇੰਡਟਰੀ ਦੀ ਇਹ ਬੇਬੇ, ਜਿਨ੍ਹਾਂ ਦੀ ਅਦਾਕਾਰੀ ਅੱਜ ਵੀ ਬਰਕਰਾਰ ਹੈ ਅਤੇ ਨੌਜਵਾਨ ਕਲਾਕਾਰਾਂ ਲਈ ਪ੍ਰੇਰਨਾ ਸਰੋਤ ਬਣੀ ਹੋਈ ਹੈ। ਉਹ ਆਪਣੇ ਲੁਧਿਆਣੇ ਵਿੱਖੇ ਥੀਏਟਰ ਗਰੁੱਪ ‘ਅਲਾਈਵ ਆਰਟਿਸਟਸ’ ‘ਚ ਅਦਾਕਰੀ ਦੇ ਸ਼ੌਕੀਨਾਂ ਨੂੰ ਐਕਟਿੰਗ ਵੀ ਸਿੱਖਾ ਰਹੇ ਹਨ।
ਬਲਦੇਵ ਸਿੰਘ ਬੇਦੀ ਜਲੰਧਰ



