“ਪੰਜਾਬੀ ਦੀਆਂ ਯੱਭਲੀਆਂ”

ਜਸਵਿੰਦਰ ਪੰਜਾਬੀ
ਜਸਵਿੰਦਰ ਪੰਜਾਬੀ
(ਮਾਸਟਰ ਤੇ ਬਾਪੂ)
(ਸਮਾਜ ਵੀਕਲੀ)   ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਕਤਲ ਤੋਂ ਬਾਅਦ ਤੇ ਪੰਜਾਬ ਵਿੱਚ ਚੱਲੇ ਕਾਲ਼ੇ ਦੌਰ ਦੇ ਖਾਤਮੇ ਉਪਰੰਤ,ਇਕੋ ਦਮ ਹੜ੍ਹ ਜਿਹਾ ਆ ਗਿਆ ਸੀ ਪੰਜਾਬੀ ਡਿਊਟ ਗੀਤਾਂ ਦਾ। ਕਈਆਂ ਨੇ ਆਪਣੇ ਨਾਂ ਪਿੱਛੇ ਚਮਕੀਲਾ ਜਾਂ ਇਸੇ ਸ਼ਬਦ ਨਾਲ ਮੇਲ ਖਾਂਦੇ ਤਖੱਲਸ ਲਾ ਲਏ ਸੀ। ਇਹ ਗੀਤ ਪੂਰੇ ਦੋ ਅਰਥੀ ਸਨ।
     ਉਦੋੰ ਹੀ ਭੰਗੜਾ ਪਾਉਂਦੇ ਇੱਕ ਸਰਕਾਰੀ ਡੀ ਪੀ ਮਾਸਟਰ …….ਸੁਨਾਮੀ,ਜੋ ਸੁਨਾਮ ਦਾ ਰਹਿਣ ਵਾਲ਼ਾ ਸੀ,ਨੇ ਦੋ ਅਰਥੀ ਗੀਤਾਂ ਦੀ ਇੱਕ ਰੀਲ ਪਹਿਲਾਂ ਇੱਕ ਸਹਿ ਗਾਇਕਾ ਨਾਲ਼ ਕੱਢੀ ਤੇ ਬਾਅਦ ਵਿੱਚ ਆਪਣੀ ਪਤਨੀ ਨਾਲ਼ ਜੋੜੀ ਬਣਾ ਲਈ। ਗਾਉਣਾ-ਗੂਣਾ ਦੋਵਾਂ ਈ ਪਤੀ-ਪਤਨੀ ਨੂੰ ਨਹੀਂ ਸੀ ਆਉਂਦਾ…ਸਾਜ਼ ਕਿਤੇ ਅਵਾਜ਼ ਕਿਤੇ। ਖੈਰ ਜਿਹੜੀ ਗੱਲ ਲਿਖਣੀ ਆ,ਓਹ ਗੱਲ ਈ ਅਲੱਗ ਆ ਗਾਇਕੀ ਤੋਂ।
      ਮੇਰਾ …..ਸੁਨਾਮੀ ਨਾਲ਼ ਕਾਫੀ ਮੇਲ-ਮਿਲਾਪ ਸੀ,ਜੋ ਇਸ ਘਟਨਾ ਤੋੰ ਬਾਅਦ ਖਤਮ ਹੋ ਗਿਆ। ਹੋਇਆ ਕੀ ਕਿ ਮੈੰ ਤੇ ਮੇਰਾ ਇੱਕ ਹੋਰ ਦੋਸਤ ਅਮਰੀਕ ਬੰਗੇ, ਜੋ ਪਿਛਲੇ ਦਿਨੀਂ ਦਿਲ ਦੇ ਦੌਰੇ ਕਾਰਨ ਚੱਲ ਵਸਿਆ। ਓਹ ਵੀ ਕਿਸੇ ਵੇਲ਼ੇ ਗਾਇਕ ਰਿਹਾ ਸੀ।……ਸੁਨਾਮੀ ਦੇ ਘਰ ਸੁਨਾਮ ਵਿਖੇ ਰਾਤ ਰੁਕੇ। ਸਵੇਰੇ ਅੱਠ ਕੁ ਵਜੇ ਓਹ ਸਾਨੂੰ ਆਪਣਾ ਬਣਾਇਆ ਪ੍ਰੋਗਰਾਮ ਬੁਕਿੰਗ ਦਫ਼ਤਰ ਵਿਖਾਉਣ ਲੈ ਗਿਆ। ਉਸਦਾ ਦਫਤਰ ਸੁਨਾਮ ਬੱਸ ਅੱਡੇ ਦੇ ਸਾਹਮਣੇ ਦੂਸਰੀ ਮੰਜਲ ਉੱਤੇ ਰੇਲਵੇ ਲਾਈਨ ਦੇ ਫਾਟਕਾਂ ਕੋਲ ਸੀ। ਪੌੜੀਆਂ ਚੜ੍ਹੇ। ਦਫਤਰ ਨੂੰ ਬਾਹਰੋਂ ਜਿੰਦਰਾ ਮਾਰਿਆ ਹੋਇਆ ਸੀ। ….ਸੁਨਾਮੀ ਨੇ ਜਿੰਦਾ ਖੋਹਲ ਕੇ ਦਰਵਾਜ਼ਾ ਧੱਕਿਆ ਤਾਂ ਸਾਹਮਣੇ ਫਰਸ਼ ਉੱਤੇ ਗਦੈਲਾ ਸੁੱਟ ਕੇ ਰਜਾਈ ਲਈੰ (ਸਰਦੀ ਦੇ ਦਿਨ ਸਨ)ਓਹਦਾ ਬਜੁਰਗ ਪਿਉ ਪਿਆ ਸੀ। ਸੱਚ ਲਿਖਦਾਂ ਜਮ੍ਹਾਂ,ਇੱਕ ਪ੍ਰਤੀਸ਼ਤ ਝੂਠ ਨਹੀਂ ਲਿਖ ਰਿਹਾ। ਓਸ ਗਾਇਕ ਮਾਸਟਰ ਨੇ ਸਾਡੇ ਸਾਹਮਣੇ ਆਪਣੇ ਬਜੁਰਗ ਪਿਉ ਨੂੰ ਠੁੱਡਾ ਮਾਰਿਆ ਤੇ ਗੁੱਸੇ ‘ਚ ਬੋਲਿਆ,”ਉੱਠ ਖੜ੍ਹ ਹੁਣ। ਭੈਂ….ਦਿਨ ਚੜ੍ਹ ਗਿਆ ਗੋਡੇ-ਗੋਡੇ। ਸਾਫ ਸਫਾਈ ਤੇਰਾ ਪਿਉ ਕਰੂ।”
ਉਸਦਾ ਬਜੁਰਗ ਪਿਉ ਪੱਗ ਸੰਭਾਲਦਾ ਉੱਠ ਬੈਠਿਆ। ਗਾਇਕ ਮਾਸਟਰ ਸਾਨੂੰ ਲੱਗੇ ਪ੍ਰੋਗਰਾਮਾਂ ਦੀਆਂ ਤਸਵੀਰਾਂ ਵਿਖਾਉਣ ਲੱਗ ਪਿਆ। ਆਹ ਫਲਾਣੇ ਪ੍ਰੋਗਰਾਮ ਦੀ,ਆਹ ਓਥੋਂ ਸਨਮਾਨ ਦੀ,….ਪਰ ਮੇਰੀ ਨਜ਼ਰ ਬਿਸਤਰਾ ਸਮੇਟ ਰਹੇ ਓਸਦੇ ਲਾਚਾਰ ਤੇ ਬੇਵੱਸ ਪਿਉ ਦੇ ਵੱਲੋੰ ਨਹੀਂ ਸੀ ਹਟ ਰਹੀ। ਓਹ ਆਖਰੀ ਮਿਲਣੀ ਸੀ,ਮੇਰੇ ਦਿਲ ਵਿੱਚ ਓਸ ਗਾਇਕ ਮਾਸਟਰ….ਸੁਨਾਮੀ ਪ੍ਰਤੀ, ਜੋ ਸਿਰਜੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਟੋ ਨਾਲ ਕਾਰ ਦੀ ਟੱਕਰ, ਲਾੜਾ-ਲਾੜੀ ਸਮੇਤ ਪਰਿਵਾਰ ਦੇ 7 ਮੈਂਬਰਾਂ ਦੀ ਮੌਤ
Next articleਅੰਦਰਲਾ ਸੱਚ