
ਗੜ੍ਹਸ਼ੰਕਰ /ਮਾਹਿਲਪੁਰ,(ਸਮਾਜ ਵੀਕਲੀ)(ਬਲਵੀਰ ਚੌਪੜਾ ) ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਪੈਟਰਨ ਡਾ ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ ਅਤੇ ਸਕੱਤਰ ਪ੍ਰੋ ਅਪਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਪ੍ਰਯੋਗਵਾਦੀ ਕਵਿਤਾ ਦੇ ਬਾਨੀ ਮਰਹੂਮ ਅਜਾਇਬ ਕਮਲ ਦੇ ਪਰਿਵਾਰਕ ਮੈਂਬਰਾਂ ਦੇ ਵਿੱਤੀ ਸਹਿਯੋਗ ਨਾਲ ਸ਼ੁਰੂ ਹੋਏ ਅਜਾਇਬ ਕਮਲ ਸਾਲਾਨਾ ਯਾਦਗਾਰੀ ਐਵਾਰਡ ਅਤੇ ਸਾਲਾਨਾ ਸਾਹਿਤਕ ਵਜ਼ੀਫ਼ਾ ਰਾਸ਼ੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪਹਿਲਾ ਅਜਾਇਬ ਕਮਲ ਸਾਲਾਨਾ ਯਾਦਗਾਰੀ ਐਵਾਰਡ-2025 ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਤੇ ਇਤਿਹਾਸ ਲੇਖਕ ਸ੍ਰੀ ਅਜਮੇਰ ਸਿੱਧੂ ਨੂੰ ਪ੍ਰਦਾਨ ਕੀਤਾ ਗਿਆ। ਇਸ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਲਖਵਿੰਦਰ ਜੌਹਲ, ਕਮਲਜੀਤ ਸਿੰਘ ਕੈਨੇਡਾ, ਡਾ ਲਾਭ ਸਿੰਘ ਖੀਵਾ, ਪਿ੍ਰੰ ਜਹਮੋਹਨ ਸਿੰਘ, ਪਿ੍ਰੰ ਡਾ ਪਰਵਿੰਦਰ ਸਿੰਘ ਅਤੇ ਡਾ ਹਰਜਿੰਦਰ ਸਿੰਘ ਅਟਵਾਲ ਨੇ ਸ਼ਿਰਕਤ ਕੀਤੀ। ਸਮਾਰੋਹ ਦੇ ਆਰੰਭ ਵਿੱਚ ਵਿਦਿਆਰਥਣ ਹਰਸ਼ਪ੍ਰੀਤ ਕੌਰ ਅਤੇ ਯੋਕਿਤਾ ਨੇ ਅਜਾਇਬ ਕਮਲ ਦੀਆਂ ਪ੍ਰਸਿੱਧ ਕਵਿਤਾਵਾਂ ਅਤੇ ਗ਼ਜ਼ਲਾਂ ਪੇਸ਼ ਕੀਤੀਆਂ। ਕਾਲਜ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਗਲਪਕਾਰ ਗੁਲਜਾਰ ਸਿੰਘ ਸੰਧੂ ਅਤੇ ਲੇਖਕ ਅਜਾਇਬ ਕਮਲ ਨੇ ਪੰਜਾਬੀ ਸਾਹਿਤ ਸੰਸਾਰ ਵਿੱਚ ਪਾਏ ਵੱਡੇ ਯੋਗਦਾਨ ਨਾਲ ਖਾਲਸਾ ਕਾਲਜ ਮਾਹਿਲਪੁਰ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਅਜਾਇਬ ਕਮਲ ਦੇ ਪਰਿਵਾਰਕ ਮੈਂਬਰਾਂ ਦਾ ਸਾਹਿਤ ਦੀ ਪ੍ਰਫੁੱਲਤਾ ਤੇ ਵਿਦਿਆਰਥੀਆਂ ਦੀ ਭਲਾਈ ਲਈ ਕਾਲਜ ਨੂੰ ਦਿੱਤੇ ਲਈ ਵਿੱਤੀ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਅਜਮੇਰ ਸਿੱਧੂ ਨੂੰ ਇਸ ਐਵਾਰਡ ਦੀ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਸ਼ਾਇਰ ਮਦਨ ਵੀਰਾ ਨੇ ਅਜਾਇਬ ਕਮਲ ਦੀ ਸਿਰਜਣਾ ਤੇ ਸ਼ਖ਼ਸੀਅਤ ਬਾਰੇ ਵਿਚਾਰ ਪੇਸ਼ ਕੀਤੇ ਅਤੇ ਉਨ੍ਹਾਂ ਨੂੰ ਪੰਜਾਬੀ ਕਵਿਤਾ ਦਾ ਵੱਡਾ ਚਿੰਤਕ ਲੇਖਕ ਦੱਸਿਆ। ਸਮਾਰੋਹ ਮੌਕੇ ਅਜਾਇਬ ਕਮਲ ਯਾਦਗਾਰੀ ਐਵਾਰਡ ਪ੍ਰਾਪਤ ਕਰਨ ਵਾਲੇ ਸ੍ਰੀ ਅਜਮੇਰ ਸਿੱਧੂ ਦੀ ਸਾਹਿਤਕ ਘਾਲਣਾ ਬਾਰੇ ਬੀਏ ਭਾਗ ਪਹਿਲਾ ਦੇ ਵਿਦਿਆਰਥੀ ਹਰਵੀਰ ਮਾਨ ਨੇ ਸਨਮਾਨ ਪੱਤਰ ਪੜ੍ਹਿਆ। ਵਿਭਾਗ ਦੇ ਮੁੱਖੀ ਡਾ ਜੇ ਬੀ ਸੇਖੋਂ ਨੇ ਅਜਮੇਰ ਸਿੱਧੂ ਦੇ ਕਹਾਣੀ ਖੇਤਰ ਨੂੰ ਪਾਏ ਯੋਗਦਾਨ ਬਾਰੇ ਦੱਸਿਆ ਅਤੇ ਅਜਾਇਬ ਕਮਲ ਯਾਦਗਾਰੀ ਐਵਾਰਡ ਅਤੇ ਵਜ਼ੀਫ਼ਾ ਰਾਸ਼ੀ ਦੇ ਫੰਡ ਵਿੱਚ ਅਜਾਇਬ ਕਮਲ ਦੇ ਪਰਿਵਾਰ ਵੱਲੋਂ ਪਾਏ ਯੋਗਦਾਨ ਬਾਰੇ ਦੱਸਿਆ। ਇਸ ਮੌਕੇ ਐਵਾਰਡ ਜੇਤੂ ਕਹਾਣੀਕਾਰ ਅਜਮੇਰ ਸਿੱਧੂ ਨੇ ਆਪਣੀ ਸਾਹਿਤਕ ਸਿਰਜਣਾ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਅਜਾਇਬ ਕਮਲ ਨਾਲ ਆਪਣੀਆਂ ਸਾਹਿਤਕ ਸਾਂਝਾਂ ਨੂੰ ਯਾਦ ਕੀਤਾ। ਸਮਾਰੋਹ ਮੌਕੇ ਸਾਹਿਤ ਦੀ ਸਿਰਜਣਾ ਤੇ ਪੇਸ਼ਕਾਰੀ ਵਿੱਚ ਚੰਗੀ ਕਾਰਗੁਜ਼ਾਈ ਲਈ ਸਾਲ 2025 ਦੀ ਸਾਹਿਤਕ ਵਜੀਫਾ ਰਾਸ਼ੀ ਵਿਦਿਆਰਥਣ ਮੋਨਿਕਾ (ਬੀਏ ਭਾਗ ਦੂਜਾ), ਭਾਰਤੀ (ਬੀਏ ਭਾਗ-ਦੂਜਾ), ਸਾਹਿਲ ਸ਼ਰਮਾ (ਐੱਮਏ ਭਾਗ ਪਹਿਲਾ) ਅਤੇ ਰਾਜਵਿੰਦਰ ਕੌਰ(ਐੱਮਏ ਭਾਗ-ਦੂਜਾ) ਨੂੰ ਪ੍ਰਦਾਨ ਕੀਤੀ ਗਈ। ਇਸ ਮੌਕੇ ਡਾ ਬਲਵੀਰ ਕੌਰ ਅਤੇ ਡਾ ਪ੍ਰਭਜੋਤ ਕੌਰ ਨੇ ਉਕਤ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ। ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਖਾਲਸਾ ਕਾਲਜ ਮਾਹਿਲਪੁਰ ਫੁੱਟਬਾਲ ਦੇ ਨਾਲ ਨਾਲ ਸਾਹਿਤ ਦੀ ਨਰਸਰੀ ਵਾਲਾ ਕਾਲਜ ਵੀ ਹੈ। ਡਾ ਲਾਭ ਸਿੰਘ ਖੀਵਾ ਨੇ ਪ੍ਰਯੋਗਵਾਦ ਸਮੇਤ ਸਮੁੱਚੀ ਕਵਿਤਾ ਨੂੰ ਸ਼ਾਇਰ ਅਜਾਇਬ ਕਮਲ ਦੇ ਯੋਗਦਾਨ ਬਾਰੇ ਵਿਚਾਰ ਰੱਖੇ। ਸਮਾਰੋਹ ਦੇ ਅੰਤ ਵਿੱਚ ਪਿ੍ਰੰਸੀਪਲ ਜਗਮੋਹਨ ਸਿੰਘ ਅਤੇ ਕਮਲਜੀਤ ਸਿੰਘ (ਕੈਨੇਡਾ) ਨੇ ਆਪਣੇ ਪਿਤਾ ਅਜਾਇਬ ਕਮਲ ਦੀਆਂ ਕਾਲਜ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਭਵਿੱਖ ਵਿੱਚ ਵੀ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰੋ ਅਜੀਤ ਲੰਗੇਰੀ, ਨਵਤੇਜ ਗੜ੍ਹਦੀਵਾਲਾ, ਸੁਰਿੰਦਰ ਸਿੰਘ ਨੇਕੀ,ਪਰਮਜੀਤ ਸਿੰਘ ਮਾਨ, ਸੁਰਜੀਤ ਸੁਮਨ, ਵਿਜੇ ਬੰਬੇਲੀ, ਪੰਮੀ ਦਵੇਦੀ ਦਸੂਹਾ, ਬਲਜਿੰਦਰ ਮਾਨ, ਪਵਨ ਭੰਮੀਆਂ, ਸੰਤੋਖ ਸਿੰਘ ਵੀਰ, ਰੁਪਿੰਦਪਜੋਤ ਬੱਬੂ, ਪਿ੍ਰੰਸੀਪਲ ਬਲਵਿੰਦਰ ਸਿੰਘ ਮਨੋਲੀਆਂ, ਡਾ ਰਾਕੇਸ਼ ਕੁਮਾਰ, ਪ੍ਰੋ ਅਸ਼ੋਕ ਕੁਮਾਰ,ਪ੍ਰੋ ਜਸਦੀਪ ਕੌਰ, ਪਿ੍ਰੰ ਸਰਬਜੀਤ ਸਿੰਘ, ਜੀਵਨ ਚੰਦੇਲੀ ਅਤੇ ਅਵਤਾਰ ਸਿੰਘ ਘੋੜੇਵਾਹੀ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj