ਪੰਜਾਬੀ ਦੇ ਸਿਰਮੌਰ ਨਾਵਲਕਾਰ ਗੁਰਦਿਆਲ ਸਿੰਘ ਨੂੰ ਚੇਤੇ ਕਰਦਿਆਂ

ਕੁਲਦੀਪ ਸਿੰਘ ਸਾਹਿਲ

16 ਅਗਸਤ ਪੰਜਾਬੀ ਦੇ ਸਿਰਮੌਰ ਨਾਵਲਕਾਰ ਗੁਰਦਿਆਲ ਸਿੰਘ ਦੀ ਬਰਸੀ ਤੇ

(ਸਮਾਜ ਵੀਕਲੀ) ਕੋਈ ਦੌਰ ਸੀ ਜਦੋਂ ਪਾਠਕ ਲੇਖਕਾਂ ਦੇ ਨਾਵਲ ਅਤੇ ਹੋਰ ਰਚਨਾਵਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਸਨ ਇਹ ਉਹ ਸਮਾਂ ਸੀ ਜਦੋਂ ਮਨੋਰੰਜਨ ਦੇ ਸਾਧਨ ਘੱਟ ਹੋਣ ਕਰਕੇ ਲੋਕ ਕਿਤਾਬਾਂ ਪੜ੍ਹਨ ਨੂੰ ਜ਼ਿਆਦਾ ਤਰਜੀਹ ਦਿੰਦੇ ਸਨ। ਹੁਣ ਇੰਟਰਨੈੱਟ ਦਾ ਯੁੱਗ ਸ਼ੁਰੂ ਹੋ ਚੁੱਕਾ ਹੈ ਅਤੇ ਨਵੀਂ ਪੀੜ੍ਹੀ ਸ਼ਾਰਟ ਕੱਟ ਰਸਤੇ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਬੇਸ਼ੱਕ ਮੋਬਾਇਲ ਯੁੱਗ ਨੇ ਨਵੀਂ ਪੀੜ੍ਹੀ ਦਾ ਸਾਹਿਤ ਵੱਲ ਰੁਝਾਨ ਘੱਟ ਕੀਤਾ ਹੈ ਪਰ ਅੱਜ ਵੀ ਕਿਤਾਬਾਂ ਵਾਲੇ ਯੁੱਗ ਦੇ ਪਾਠਕ ਸਾਹਿਤ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਵਿੱਚ ਹਨ। ਨਾਵਲ ਯੁੱਗ ਵਿੱਚ ਬਹੁਤ ਸਾਰੇ ਲੇਖਕਾਂ ਨੇ ਆਪਣਾ ਆਪਣਾ ਯੋਗਦਾਨ ਪਾਇਆ ਹੈ ਜਿੰਨਾ ਵਿੱਚ ਜਸਵੰਤ ਕੰਵਲ, ਦਲੀਪ ਕੌਰ ਟਿਵਾਣਾ, ਬੂਟਾ ਸਿੰਘ ਸ਼ਾਦ ਆਦਿ ਤੋਂ ਇਲਾਵਾ ਗੁਰਦਿਆਲ ਸਿੰਘ ਦਾ ਨਾਂ ਵੀ ਪਹਿਲੀ ਕਤਾਰ ਵਾਲੇ ਸਾਹਿਤਕਾਰਾਂ ਵਿੱਚ ਆਉਂਦਾ ਹੈ ਉਨ੍ਹਾਂ ਦੀਆ ਲਿਖਤਾਂ ਸਮਾਜ ਲਈ ਰਾਹ ਰੁਸਨਾਵਾ ਹਨ। ਉਹ ਚੰਗੇ ਲੇਖਕ, ਸਾਹਿਤਕਾਰ ਦੇ ਨਾਲ ਨਾਲ ਇੱਕ ਚੰਗੇ ਨੇਕ ਇਨਸਾਨ ਵੀ ਸਨ। ਉਨ੍ਹਾਂ ਦਾ ਜਨਮ 10 ਜਨਵਰੀ 1933 ਨੂੰ ਉਨ੍ਹਾਂ ਦੇ ਨਾਨਕਾ ਪਿੰਡ ਭੈਣੀ ਫੱਤਾ (ਬਰਨਾਲਾ ਜ਼ਿਲਾ) ਵਿਖੇ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦਾ ਬਚਪਨ ਦਾਦਾ ਪਿੰਡ ਜੈਤੋ ਵਿੱਚ ਗੁਜ਼ਰਿਆ। ਉਨ੍ਹਾਂ ਦੇ ਤਿੰਨ ਭਰਾ ਤੇ ਇੱਕ ਭੈਣ ਵੀ ਸੀ। ਉਨ੍ਹਾਂ ਨੂੰ ਘਰੇਲੂ ਕਾਰਨਾਂ ਕਰਕੇ ਬਚਪਨ ਵਿੱਚ ਸਕੂਲ ਛੱਡ ਕੇ ਅੱਠ ਸਾਲ ਤਰਖਾਣਾ ਕੰਮ ਵੀ ਕਰਨਾ ਪਿਆ। ਦਸਵੀਂ ਪਾਸ ਕਰਕੇ ਪ੍ਰਾਈਵੇਟ ਸਕੂਲ ਵਿੱਚ ਮਾਸਟਰੀ ਕੀਤੀ ਫਿਰ ਘਾਲਣਾ ਘਾਲ ਕੇ ਉਚੇਰੀ ਵਿੱਦਿਆ ਲੈਕੇ ਸਰਕਾਰੀ ਨੌਕਰੀ (ਲੈਕਚਰਾਰ ਸ਼ਿਪ) ਹਾਸਲ ਕੀਤੀ ਅਤੇ ਪੰਦਰਾਂ ਵਰ੍ਹਿਆਂ ਬਾਅਦ ਪਟਿਆਲੇ ਯੂਨੀਵਰਸਿਟੀ ਵਿੱਚ ਰੀਡਰ ਬਣੇ ਅਤੇ ਉਥੋਂ ਹੀ 1995 ਵਿੱਚ ਪ੍ਰੋਫ਼ੈਸਰੀ ਤੋਂ ਸੇਵਾ ਮੁਕਤ ਹੋਏ। ਸ੍ਰੀਮਤੀ ਬਲਵੰਤ ਕੌਰ ਨਾਲ਼ ਓਹਨਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਦੇ ਘਰ ਇੱਕ ਲੜਕੇ ਅਤੇ ਦੋ ਲੜਕੀਆਂ ਦਾ ਜਨਮ ਹੋਇਆ। ਪ੍ਰੋ.ਗੁਰਦਿਆਲ ਸਿੰਘ ਨੇ ਆਪਣਾ ਸਾਹਿਤਕ ਸਫਰ 1957 ਵਿਚ ਇਕ ਕਹਾਣੀਕਾਰ ਵਜੋਂ ਸ਼ੁਰੂ ਕੀਤਾ ਅਤੇ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਉੱਚਕੋਟੀ ਦੇ ਕਹਾਣੀਕਾਰਾਂ ਵਿਚ ਹੋਣ ਲੱਗਿਆ। 1964 ਵਿਚ ਜਦੋਂ ਉਨ੍ਹਾਂ ਦਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਿਤ ਹੋਇਆ ਤਾਂ ਪੰਜਾਬੀ ਸਾਹਿਤ ਵਿਚ ਏਨਾ ਚਰਚਿਤ ਹੋਇਆ ਕਿ ਉਨ੍ਹਾਂ ਦੇ ਨਾਂ ਦੇ ਨਾਲ ‘ਮੜ੍ਹੀ ਦਾ ਦੀਵਾ’ ਜੁੜ ਗਿਆ।  ਪੰਜਾਬੀ ਵਿਦਵਾਨਾ ਅਤੇ ਆਲੋਚਕਾਂ ਦਾ ਮੰਨਣਾ ਹੈ ਕਿ ‘ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਪੰਜਾਬੀ ਵਿਚ ਜੋ ਨਵੇਂ ਰੁਝਾਨ ਪੈਦਾ ਹੋਏ ਸਨ ਉਨ੍ਹਾਂ ਨੂੰ ਹੁਣ ਪਾਠਕ ਅਤੇ ਵਿਦਵਾਨ ਸਾਰੇ ਹੀ ਪ੍ਰਵਾਨ ਕਰਦੇ ਹਨ ਅਤੇ ਇਹ ਮੰਨਦੇ ਹਨ ਕਿ ਗੁਰਦਿਆਲ ਸਿੰਘ ਦਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਹੀ ਭਾਰਤ ਦੇ ਮਹਾਨ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ ‘ਗੋਦਾਨ’ ਅਤੇ ਫਰਣੇਸ਼ਵਰ ਰੇਣੂੰ ਦੇ ‘ਮੈਲਾ ਆਂਚਲ’ ਦੇ ਪੱਧਰ ਦਾ ਨਾਵਲ ਸੀ। ਉਸ ਦੀਆਂ ਕਈ ਰਚਨਾਵਾਂ ਹਿੰਦੀ, ਅੰਗਰੇਜ਼ੀ, ਰੂਸੀ ਅਤੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। ਇਸ ਸਾਹਿਤਕ ਯੋਗਦਾਨ ਬਦਲੇ ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਐਵਾਰਡ (ਗਿਆਨਪੀਠ) ਹਾਸਿਲ ਹੋਣ ਦਾ ਮਾਣ ਪ੍ਰਾਪਤ ਹੈ। ਭਾਰਤ ਦੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਵੀ ਸਨਮਾਨਿਆਂ ਗਿਆ ਸੀ। ਇਹਨਾਂ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਸ਼ਰੋਮਣੀ ਸਾਹਿਤਕਾਰ ਪੁਰਸਕਾਰ, ਪੰਜਾਬ ਸਾਹਿਤ ਅਕਾਦਮੀ ਪੁਰਸਕਾਰ, ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਆਈ. ਬੀ. ਸੀ. (ਯੂ. ਕੇ.) ਵੱਲੋਂ  ਵੀਹਵੀਂ ਸਦੀ ਦੇ ਪੁਰਸਕਾਰਾਂ ਸਮੇਤ ਉਹ ਅਨੇਕਾਂ ਮਾਣ ਸਨਮਾਨ ਪ੍ਰਾਪਤ ਕਰ ਚੁੱਕੇ ਹਨ ਜਿਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਦਿੱਤਾ ਗਿਆ ਵਿਜਟਿੰਗ ਪ੍ਰੋਫੈਸਰ ਦਾ ਸਨਮਾਨ ਵੀ ਸ਼ਾਮਿਲ ਹੈ। ਗੁਰਦਿਆਲ ਸਿੰਘ ਨੇ 10 ਨਾਵਲ, 10 ਕਹਾਣੀ ਸੰਗ੍ਰਹਿ, ਤਿੰਨ ਨਾਟਕ ਪੁਸਤਕਾਂ, 10 ਬਾਲ ਸਾਹਿਤ ਪੁਸਤਕਾਂ ਸਮੇਤ 40 ਤੋਂ ਵਧੇਰੇ ਪਾਠਕਾਂ ਦੀ ਝੋਲੀ ਵਿੱਚ ਪਾਈਆਂ ਹਨ ਜਿਨ੍ਹਾਂ ਵਿੱਚੋ ਕੁਝ ਪ੍ਰਸਿੱਧ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਸੱਗੀ ਫੁੱਲ, ਚੰਨ ਦਾ ਬੂਟਾ, ਓਪਰਾ ਘਰ, ਕੁੱਤਾ ‘ਤੇ ਆਦਮੀ, ਮਸਤੀ ਬੋਤਾ, ਰੁੱਖੇ ਮਿੱਸੇ ਬੰਦੇ, ਬੇਗਾਨਾ ਪਿੰਡ, ਪੱਕਾ ਟਿਕਾਣਾ, ਕਰੀਰ ; ਨਾਵਲ: ਮੜ੍ਹੀ ਦਾ ਦੀਵਾ, ਅਣਹੋਏ, ਰੇਤੇ ਦੀ ਇੱਕ ਮੁੱਠੀ, ਕੁਵੇਲਾ, ਅੱਧ ਚਾਨਣੀ ਰਾਤ, ਆਥਣ ਉੱਗਣ, ਅੰਨ੍ਹੇ ਘੋੜੇ ਦਾ ਦਾਨ, ਪਹੁ ਫੁਟਾਲੇ ਤੋਂ ਪਹਿਲਾਂ ; ਨਾਟਕ: ਫ਼ਰੀਦਾ ਰਾਤੀਂ ਵੱਡੀਆਂ, ਵਿਦਾਇਗੀ ਤੋਂ ਪਿੱਛੋਂ, ਨਿੱਕੀ ਮੋਟੀ ਗੱਲ, ਪੰਜਾਬ ਦੇ ਮੇਲੇ ‘ਤੇ ਤਿਉਹਾਰ, ਦੁਖੀਆ ਦਾਸ ਕਬੀਰ ਹੈ, ਨਿਆਣ ਮੱਤੀਆਂ , ਬੱਚਿਆਂ ਲਈ: ਬਾਕਲਮ ਖੁਦ, ਟੁੱਕ ਖੋਹ ਲਏ ਕਾਵਾਂ, ਲਿਖਤਮ ਬਾਬਾ ਖੇਮਾ, ਗੱਪੀਆ ਦਾ ਪਿਉ, ਆਦਿ। ਗਿਆਨ ਪੀਠ ਅਤੇ ਪਦਮ ਸ਼੍ਰੀ ਪੁਰਸਕਾਰ ਵਿਜੇਤਾ ਨਾਵਲਕਾਰ ਗੁਰਦਿਆਲ ਸਿੰਘ ਦਾ ਮਿਤੀ 16 ਅਗਸਤ 2016 ਨੂੰ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ। ਹਰ ਸਾਲ ਉਨ੍ਹਾਂ ਦੀ ਬਰਸੀ ਮੌਕੇ ਪਾਠਕਾਂ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਅੱਜ ਵੀ ਉਨ੍ਹਾਂ ਦੀਆਂ ਲਿਖੀਆਂ ਰਚਨਾਵਾਂ ਪਾਠਕਾਂ ਵੱਲੋਂ ਪਸੰਦ ਕੀਤੀਆਂ ਜਾਂਦੀਆਂ ਹਨ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਐੱਸ ਐੱਮ ਡੀ ਸੰਸਥਾਵਾਂ ‘ਚ ਮਨਾਇਆ ਗਿਆ 78ਵਾਂ ਆਜ਼ਾਦੀ ਦਿਵਸ
Next articleਜਿੰਦਗੀ,,