ਪੰਜਾਬੀ ਦੇ “ਬਾਪੂ” ਅਤੇ “ਬਾਬਲ” ਸ਼ਬਦ ਕਿਵੇਂ ਬਣੇ?

ਜਸਵੀਰ ਸਿੰਘ ਪਾਬਲਾ
ਜਸਵੀਰ ਸਿੰਘ ਪਾਬਲਾ
ਸ਼ਬਦਾਂ ਦੀ ਪਰਵਾਜ਼
 
(ਸਮਾਜ ਵੀਕਲੀ) ਕੁਝ ਦਿਨ ਪਹਿਲਾਂ ਪੰਜਾਬੀ ਦੇ ਇੱਕ ਵਿਦਵਾਨ ਦੁਆਰਾ ਪੋਸਟ ਕੀਤੀ ਗਈ ਇੱਕ ਵੀਡੀਓ ਦੇਖੀ ਜਿਸ ਵਿੱਚ ਉਹ ਬਹੁਤ ਹੀ ਸੰਜੀਦਗੀ ਨਾਲ਼ ਇਹ ਦੱਸ ਰਹੇ ਸਨ ਕਿ ਪੰਜਾਬੀ ਦਾ “ਬਾਪੂ” ਸ਼ਬਦ ਕਿਵੇਂ ਬਣਿਆ ਹੈ? ਇੰਞ ਜਾਪ ਰਿਹਾ ਸੀ, ਜਿਵੇਂ ਅਚਾਨਕ ਕੋਈ ਬਹੁਤ ਵੱਡਾ ਖ਼ਜ਼ਾਨਾ ਉਹਨਾਂ ਦੇ ਹੱਥ ਲੱਗ ਗਿਆ ਹੋਵੇ ਤੇ ਅੱਗੋਂ ਉਹ ਇਹ “ਗਿਆਨ” ਛੇਤੀ ਤੋਂ ਛੇਤੀ ਆਪਣੇ ਪਾਠਕਾਂ/ਦਰਸ਼ਕਾਂ ਨਾਲ਼ ਸਾਂਝਾ ਕਰਨ ਲਈ ਬਹੁਤ ਉਤਾਵਲੇ ਹੋਣ।
           ਉਹਨਾਂ ਅਨੁਸਾਰ ਪੰਜਾਬੀ ਦਾ “ਬਾਪੂ” ਸ਼ਬਦ  ਪਹਿਲਾਂ “ਬਾਭੂ” ਹੋਇਆ ਕਰਦਾ ਸੀ ਪਰ ਬਾਅਦ ਵਿੱਚ ਇਹ “ਬਾਪੂ” ਵਿੱਚ ਬਦਲ ਗਿਆ। “ਬਾਭੂ” ਸ਼ਬਦ ਦਾ ਵਿਸ਼ਲੇਸ਼ਣ ਕਰਦਿਆਂ ਹੋਇਆਂ ਉਹ ਇਸ ਨੂੰ ਬਾ+ਭੂ ਧੁਨੀਆਂ ਦੇ ਮੇਲ਼ ਤੋਂ ਬਣਿਆ ਹੋਇਆ ਦੱਸ ਰਹੇ ਸਨ ਜਿਸ ਵਿੱਚ ਉਹਨਾਂ ਅਨੁਸਾਰ ਭੂ ਦੇ ਅਰਥ ਭੂਮੀ ਜਾਂ ਵਾਹੀਯੋਗ ਜ਼ਮੀਨ ਹਨ। ਇਸ ਸ਼ਬਦ ਵਿੱਚ ਉਹਨਾਂ ਨੇ ਭ ਦੇ ਅਰਥ ਤਾਂ ਦੱਸ ਦਿੱਤੇ ਪਰ “ਬਾ” ਦੇ ਅਰਥ ਨਹੀਂ ਦੱਸੇ। ਉਹਨਾਂ ਅਨੁਸਾਰ ਕਿਸੇ ਵਿਅਕਤੀ ਦੀ ਜਾਇਦਾਦ ਕਿਉਂਕਿ ਉਸ ਦੀ ਮੌਤ ਉਪਰੰਤ ਉਸ ਦੇ ਪੁੱਤਰਾਂ ਵਿਚਕਾਰ ਵੰਡੀ ਜਾਇਆ ਕਰਦੀ ਸੀ/ਹੈ ਇਸ ਲਈ ਭੂਮੀ ਨਾਲ਼ ਸੰਬੰਧਿਤ ਹੋਣ ਕਾਰਨ ਪਿਤਾ ਨੂੰ ਬਾਪੂ (ਉਹਨਾਂ ਅਨੁਸਾਰ ਬਾਭੂ) ਵੀ ਆਖਿਆ ਜਾਂਦਾ ਸੀ।
     ਹੁਣ ਦੇਖਦੇ ਹਾਂ ਕਿ ਭਾਸ਼ਾ-ਵਿਗਿਆਨਿਕ ਪੱਖ ਤੋਂ ਕੀ ਉਹਨਾਂ ਦੁਆਰਾ ਕੱਢੇ ਗਏ ਇਹ ਨਤੀਜੇ ਸਹੀ ਹਨ ਜਾਂ ਗ਼ਲਤ! ਪੰਜਾਬੀ-ਸੰਸਕ੍ਰਿਤ ਕੋਸ਼ (ਪੰ ਯੂ ਪ) ਅਨੁਸਾਰ ਬਾਪੂ ਸ਼ਬਦ ਸੰਸਕ੍ਰਿਤ ਭਾਸ਼ਾ ਦੇ “ਵਪਤ” (वप्त) ਜਾਂ “ਵਪਤਾ” (वप्ता) ਸ਼ਬਦਾਂ ਤੋਂ ਬਣੇ ਹੋਣ ਦੀ ਸੰਭਾਵਨਾ ਹੈ। ਸਮੇਂ ਨਾਲ਼ “ਵਪਤ” ਸ਼ਬਦ ਵਿਚਲਾ ਵ, ਬ ਜਾਂ ਬਾ ਵਿੱਚ ਬਦਲ ਗਿਆ ਹੈ ਜੋਕਿ ਹਿੰਦੀ/ਪੰਜਾਬੀ ਭਾਸ਼ਾਵਾਂ ਵਿੱਚ ਇੱਕ ਸਧਾਰਨ ਵਰਤਾਰਾ ਹੈ। ਤ ਦੀ ਧੁਨੀ ਇਸ ਵਿੱਚੋਂ ਅਲੋਪ ਹੋ ਗਈ ਹੈ। ਇਸ ਪ੍ਰਕਾਰ “ਵਪਤ” ਜਾਂ ਵਪਤਾ ਸ਼ਬਦ ਹੌਲ਼ੀ -ਹੌਲ਼ੀ ਬਾਪ ਜਾਂ ਬਾਪੂ ਵਿੱਚ ਬਦਲ ਗਿਆ ਹੈ। ਇਸੇ ਤਰ੍ਹਾਂ ਸੰਸਕ੍ਰਿਤ ਭਾਸ਼ਾ ਦੇ ਪ੍ਰਸਿੱਧ ਵਿਦਵਾਨ ‘ਆਪਟੇ’ ਦੇ ਸੰਸਕ੍ਰਿਤ-ਕੋਸ਼ ਅਨੁਸਾਰ “ਬਾਬਲ” ਸ਼ਬਦ ਸੰਸਕ੍ਰਿਤ ਦੇ “ਵਪਿਲ” (वपिल:) ਸ਼ਬਦ ਤੋਂ ਬਣੇ ਹੋਣ ਦੀ ਸੰਭਾਵਨਾ ਹੈ। ਸੰਸਕ੍ਰਿਤ-ਕੋਸ਼ਾਂ ਅਨੁਸਾਰ ਵਪਤਾ ਜਾਂ ਵਪਿਲ; ਦੋਂਹਾਂ ਸ਼ਬਦਾਂ ਦੇ ਸੰਸਕ੍ਰਿਤ  ਵਿੱਚ ਅਰਥ “ਪਿਤਾ” ਹੀ ਹਨ।
       ਪੰਜਾਬੀ ਵਿੱਚ ਦਾਦੇ (ਪਿਤਾ ਦੇ ਪਿਤਾ) ਲਈ ਇੱਕ ਸ਼ਬਦ “ਬਾਬਾ” ਵੀ ਵਰਤਿਆ ਜਾਂਦਾ ਹੈ। ਉਂਞ ਤਾਂ ਆਮ ਤੌਰ ‘ਤੇ ਇਸ ਸ਼ਬਦ ਬਾਰੇ ਅੱਜ ਤੱਕ ਦੀ ਪ੍ਰਚਲਿਤ ਧਾਰਨਾ ਇਹੋ ਹੈ ਕਿ ਇਹ ਸ਼ਬਦ ਫ਼ਾਰਸੀ ਭਾਸ਼ਾ ਨਾਲ਼ ਸੰਬੰਧਿਤ ਹੈ ਪਰ ਪੰਜਾਬੀ ਵਿੱਚ ਇਹ ਸ਼ਬਦ ਅੱਜ ਪੰਜਾਬ ਦੀ ਰਹਿਣੀ-ਬਹਿਣੀ ਅਤੇ ਸਮਾਜਿਕ ਢਾਂਚੇ ਵਿੱਚ ਇਸ ਕਦਰ ਓਤ-ਪੋਤ ਹੋ ਚੁੱਕਿਆ ਹੈ ਕਿ ਇਹ ਸਾਨੂੰ ਆਪਣਾ ਅਰਥਾਤ ਨਿਰੋਲ ਦੇਸੀ ਭਾਸ਼ਾਵਾਂ ਦਾ ਸ਼ਬਦ ਹੀ ਪ੍ਰਤੀਤ ਹੁੰਦਾ ਹੈ। ਸੋ, ਹੋ ਸਕਦਾ ਹੈ ਕਿ ਇਹ ਸ਼ਬਦ ਵੀ ਸੰਸਕ੍ਰਿਤ ਭਾਸ਼ਾ ਦੇ ਉਪਰੋਕਤ ਸ਼ਬਦ “ਵਪਤਾ” ਤੋਂ ਹੀ ਹੋਂਦ ਵਿੱਚ ਆਇਆ ਹੋਵੇ ਤੇ ਇਸ ਪ੍ਰਕਾਰ ਬਾਪ, ਬਾਪੂ ਅਤੇ “ਬਾਬਾ” ਸ਼ਬਦ ਇੱਕ ਹੀ ਸ਼ਬਦ ਵਪਤਾ ਜਾਂ “ਵਪਤਾ” ਤੋਂ ਹੀ ਬਣੇ ਹੋਏ ਹੋਣ! ਸ਼ਬਦਾਂ ਦੇ ਰੂਪਾਕਾਰ ਅਤੇ ਅਰਥਾਂ ਵੱਲ ਦੇਖਿਆਂ ਇਸ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਉਂਞ ਇਹ ਵੀ ਜਾਪਦਾ ਹੈ ਕਿ ਸ਼ਾਇਦ “ਪਿਤਾ” ਸ਼ਬਦ ਵੀ ਮੂਲ ਰੂਪ ਵਿੱਚ ਇਸੇ “ਵਪਤਾ” ਸ਼ਬਦ ਤੋਂ ਹੀ ਹੋਂਦ ਵਿੱਚ ਆਇਆ ਹੋਵੇ। ਖ਼ੈਰ, ਇਸ ਸ਼ਬਦ ਉੱਤੇ ਹੋਰ ਖੋਜ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
        ਇਸ ਤੋਂ ਬਿਨਾਂ ਭਤੀਜਾ/ਭਤੀਜੀ ਸ਼ਬਦਾਂ ਵਿੱਚ “ਭ” ਅੱਖਰ ਲੱਗਿਆ ਹੋਣ ਕਾਰਨ “ਭਤੀਜਾ” ਸ਼ਬਦ ਨੂੰ ਵੀ ਉਹ ਭੂਮੀ ਦੇ ਤੀਜੇ ਹਿੱਸੇ ਵਿੱਚ ਵੰਡੇ ਜਾਣ ਦੇ ਨਜ਼ਰੀਏ ਪੱਖੋਂ ਉਪਜਿਆ ਹੋਇਆ ਦਰਸਾ ਰਹੇ ਸਨ (ਭਤੀਜਾ=ਭ+ਤੀਜਾ= ਉਹਨਾਂ ਅਨੁਸਾਰ ਭੂਮੀ ਦੇ ਤੀਜੇ ਹਿੱਸੇ ਦਾ ਮਾਲਕ) ਜਦਕਿ ਇਸ ਸ਼ਬਦ ਦੀ ਵਿਉਤਪਤੀ ਦਾ ਭੂਮੀ ਜਾਂ ਜ਼ਮੀਨ ਨਾਲ੍ ਕੋਈ ਸੰਬੰਧ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਸੰਸਕ੍ਰਿਤ-ਕੋਸ਼ਾਂ ਅਨੁਸਾਰ ਭਤੀਜਾ ਸ਼ਬਦ ਸੰਸਕ੍ਰਿਤ ਦੇ ਭ੍ਰਾਤ੍ਰੇਯ (भ्रात्रेय:) ਜਾਂ ਭ੍ਰਾਤ੍ਰਿਜ: (भ्रातृज:) ਸ਼ਬਦਾਂ ਤੋਂ ਹੋਂਦ ਵਿੱਚ ਆਇਆ ਹੈ। ਭਤੀਜਾ  ਸ਼ਬਦ ਦੇ ਅਰਥ ਹਨ- ਜਿਸ ਨੇ ਭਰਾ ਦੇ ਘਰ ਜਨਮ ਲਿਆ ਹੋਵੇ ਜਾਂ ਭਰਾ ਦਾ ਜਾਇਆ; ਇਸੇ ਤਰ੍ਹਾਂ ਭਤੀਜੀ ਅਰਥਾਤ ਭਰਾ ਦੀ ਜਾਈ। ਇੱਥੇ “ਜ” ਧੁਨੀ ਦੇ ਇੱਕ ਅਰਥ ਜਨਮ ਲੈ ਕੇ ਅੱਗੇ ਵੱਲ ਵਧਣਾ ਹਨ। ਜੀਵ, ਜੀਵਿਕਾ, ਜੀਵਨ, ਜਨਮ, ਜਣੇਪਾ ਆਦਿ ਸ਼ਬਦ ਇਸੇ ਜ ਧੁਨੀ ਤੋਂ ਹੀ ਬਣੇ ਹੋਏ ਹਨ।
            ਪੰਜਾਬੀ ਭਾਸ਼ਾ ਦਾ ਇਹ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਸ਼‌ਬਦਕਾਰੀ ਦੀ ਵਿਆਖਿਆ ਜਾਂ ਨਿਰੁਕਤਕਾਰੀ ਦੇ ਨਾਂ ‘ਤੇ ਸਿਵਾਏ ਕੁਝ ਵਿਦਵਾਨਾਂ ਦੇ, ਹਰ ਕੋਈ ਤੀਰ-ਤੁੱਕੇ ਜਾਂ ਕਿਆਫ਼ੇਬਾਜ਼ੀਆ ਹੀ ਲਾ ਰਿਹਾ ਹੈ। ਨਾ ਗ਼ਲਤ/ਠੀਕ ਦਾ ਨਿਖੇੜਾ ਕਰਨ ਲਈ ਸਾਡੇ ਕੋਲ਼ ਕੋਈ ਪੈਮਾਨਾ ਹੀ ਮੌਜੂਦ ਹੈ। ਇਹੋ ਹੀ ਕਾਰਨ ਹੈ ਕਿ ਅੱਜ ਹਰ ਕੋਈ ਆਪੋ-ਆਪਣੀ ਸਮਝ ਅਨੁਸਾਰ ਹੀ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ ਵਿਆਖਿਆ/ਵਿਸ਼ਲੇਸ਼ਣ ਅਤੇ ਨਿਰੁਕਤਕਾਰੀ ਆਦਿ ਕਰਨ ਵਿੱਚ ਲੱਗਿਆ ਹੋਇਆ ਹੈ। ਜੇਕਰ ਇਸ ਸੰਬੰਧੀ ਕੋਈ ਪ੍ਰਸ਼ਨ ਕੀਤਾ ਜਾਂਦਾ ਹੈ ਤਾਂ ਉੱਤਰ ਅਕਸਰ ਨਦਾਰਦ ਹੁੰਦਾ ਹੈ ਜਾਂ ਨਿਰੇ ਤੀਰ-ਤੁੱਕੇ ਅਤੇ ਕਿਆਸ-ਅਰਾਈਆਂ!
       ਪਿੱਛੇ ਜਿਹੇ ਅਜਿਹੇ ਹੀ ਇੱਕ ਹੋਰ ਤਥਾਕਥਿਤ ਨਿਰੁਕਤਕਾਰ ਦੇ ਕੁਝ ਲੇਖ ਪੰਜਾਬੀ ਦੀ ਇੱਕ ਚਰਚਿਤ ਅਖ਼ਬਾਰ ਵਿੱਚ ਵੀ ਛਪ ਚੁੱਕੇ ਹਨ ਜਿਨ੍ਹਾਂ ਦਾ ਕੋਈ ਲੜ-ਸਿਰਾ ਹੀ ਦਿਖਾਈ ਨਹੀਂ ਸੀ ਦਿੰਦਾ। ਉਸ ਦੇ ਇਹਨਾਂ ਤੀਰ-ਤੁੱਕਿਆਂ ਦੇ ਵਿਰੋਧ ਵਜੋਂ ਕੁਝ ਹੋਰ ਲੇਖਕਾਂ ਦੇ ਟਿੱਪਣੀਨੁਮਾ ਲੇਖ ਉਸੇ ਹੀ ਅਖ਼ਬਾਰ ਵਿੱਚ ਛਪੇ ਸਨ ਜਿਨ੍ਹਾਂ ਵਿੱਚ ਇੱਕ-ਦੋ ਟਿੱਪਣੀਆਂ ਮੇਰੀਆਂ ਵੀ ਸ਼ਾਮਲ ਸਨ।
          ਯਾਦ ਰਹੇ ਕਿ ਸ਼ਬਦ ਕੋਈ ਅਚਾਨਕ, ਸਬੱਬੀਂ ਜਾਂ ਮਹਿਜ਼ ਮੌਕਾ-ਮੇਲ਼ ਨਾਲ਼ ਬਣੀ ਹੋਈ ਚੀਜ਼ ਨਹੀਂ ਹਨ। ਇਹਨਾਂ ਦੀ ਘਾੜਤ ਬਹੁਤ ਹੀ ਮਿਹਨਤ ਅਤੇ ਮਨੁੱਖੀ ਤਰੱਦਦ ਨਾਲ਼ ਘੜੀ ਗਈ ਹੈ। ਸਾਡੇ ਕੁਝ ਵਿਦਵਾਨ ਬੜੇ ਜ਼ੋਰਾਂ-ਸ਼ੋਰਾਂ ਨਾਲ਼ ਅੱਜ ਵੀ ਬਿਨਾਂ ਕਿਸੇ ਅਧਿਐਨ ਤੋਂ ਇਸ ਗੱਲ ਦਾ ਨਿਰਾਧਾਰ ਕਿਸਮ ਦਾ ਪ੍ਰਚਾਰ ਕਰਦਿਆਂ ਹੋਇਆਂ ਅਕਸਰ ਇਹ ਕਹਿੰਦੇ ਸੁਣੇ ਗਏ ਹਨ ਕਿ ਸ਼ਬਦ ਤਾਂ ਨਿਰੇ ਅਨਪੜ੍ਹ ਲੋਕਾਂ ਨੇ ਬਣਾਏ ਹਨ, ਪੜ੍ਹੇ-ਲਿਖੇ ਲੋਕਾਂ ਦਾ ਇਸ ਵਿੱਚ ਕੋਈ ਯੋਗਦਾਨ ਹੀ ਨਹੀਂ ਹੈ ਅਤੇ ਇਹ ਕਿ ਪੜ੍ਹੇ-ਲਿਖੇ ਲੋਕਾਂ ਨੇ ਤਾਂ ਬਾਅਦ ਵਿੱਚ ਅਨਪੜ੍ਹ ਲੋਕਾਂ ਦੁਆਰਾ ਬਣਾਏ ਗਏ ਸ਼ਬਦਾਂ ਵਿੱਚੋਂ ਕੇਵਲ ਮੂਲ ਸ਼ਬਦ ਲੱਭ ਕੇ ਬਾਕੀ ਦੇ ਸ਼ਬਦ ਬਣਾਏ ਹਨ। ਅਜਿਹੀ ਵਿਚਾਰਧਾਰਾ ਦੇ ਧਾਰਨੀ ਸਾਡੇ ਅਜੋਕੇ “ਭਾਸ਼ਾ-ਵਿਦਵਾਨ” ਕੀ ਇਹ ਦੱਸ ਸਕਦੇ ਹਨ ਕਿ ਜਦੋਂ ਅਨਪੜ੍ਹ ਲੋਕ ਸ਼ਬਦ ਬਣਾ ਰਹੇ ਸਨ ਤਾਂ ਉਹਨਾਂ ਸਮਿਆਂ ਦੇ ਸਾਡੇ ਵਿਦਵਾਨ ਲੋਕ ਕੀ ਕਰ ਰਹੇ ਸਨ!!? ਕੀ ਉਹ ਹੱਥ ‘ਤੇ ਹੱਥ ਧਰ ਕੇ ਕੇਵਲ ਮੂਕ ਦਰਸ਼ਕ ਹੀ ਬਣੀ ਬੈਠੇ ਸਨ?? ਜਦਕਿ ਇਸ ਦੇ ਉਲਟ ਜੇਕਰ ਧਿਆਨ ਨਾਲ਼ ਦੇਖਿਆ/ਪਰਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸ਼ਬਦਾਂ ਦੀ ਕਾਢ ਅਨਪੜ੍ਹ ਲੋਕਾਂ ਨੇ ਨਹੀਂ ਸਗੋਂ ਪੁਰਾਤਨ ਸਮਿਆਂ ਦੇ ਬਹੁਤ ਹੀ ਜ਼ਹੀਨ ਅਤੇ ਬੁੱਧੀਮਾਨ ਕਿਸਮ ਦੇ ਲੋਕਾਂ ਨੇ ਕੱਢੀ ਹੈ। ਸੰਸਕ੍ਰਿਤ ਮੂਲ ਦੇ ਪੰਜਾਬੀ/ਹਿੰਦੀ ਆਦਿ ਦੇਸੀ ਭਾਸ਼ਾਵਾਂ ਦੇ ਸ਼ਬਦਾਂ ਲਈ ਤਾਂ ਇਹ ਗੱਲ ਲਗ-ਪਗ ਪੂਰੇ ਦਾਅਵੇ ਨਾਲ਼ ਹੀ ਕਹੀ ਜਾ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਹਰ ਸ਼ਬਦ ਵਿੱਚ ਹਰ ਧੁਨੀ ਨੂੰ ਉਸ ਦੇ ਅਰਥਾਂ ਅਨੁਸਾਰ ਇਸ ਢੰਗ ਨਾਲ਼ ਬੀੜਿਆ ਗਿਆ ਹੈ ਕਿ ਬਣੇ ਹੋਏ ਸ਼ਬਦ ਦੇ ਅਰਥ ਅਕਸਰ ਧੁਨੀਆਂ ਦੇ ਅਰਥਾਂ ਦੇ ਪੂਰੀ ਤਰ੍ਹਾਂ ਨਾਲ਼ ਅਨੁਰੂਪ ਹੀ ਦਿਖਾਈ ਦਿੰਦੇ ਹਨ।
        ਜਾਪਦਾ ਹੈ ਕਿ ਸ਼ਬਦ-ਵਿਉਤਪਤੀ ਨਾਲ਼ ਸੰਬੰਧਿਤ ਉਪਰੋਕਤ ਨੁਕਤਿਆਂ ਵੱਲ ਧਿਆਨ ਨਾ ਦੇਣ ਦੀ ਤਾਂ ਜਿਵੇਂ ਅਸੀਂ ਸਹੁੰ ਹੀ ਖਾਧੀ ਹੋਈ ਹੈ। ਉਦਾਹਰਨ ਦੇ ਤੌਰ ‘ਤੇ ਅਜੇ ਕੁਝ ਕੁ ਹਫ਼ਤੇ ਪਹਿਲਾਂ ਆਪਣੇ ਇੱਕ ਲੇਖ ਵਿੱਚ ਮੈਂ “ਵਸਾਖ” ਜਾਂ “ਵਸਾਖੀ” ਸ਼ਬਦ ਦੀ ਵਿਉਤਪਤੀ ਸੰਬੰਧੀ ਵਿਆਖਿਆ ਕਰਦਿਆਂ ਲਿਖਿਆ ਸੀ ਕਿ ਇਸ ਸ਼ਬਦ ਦਾ ਨਾਮਕਰਨ ਇਸ ਵਿਚਲੇ ਦੋ ਸ਼ਬਦਾਂ/ਧੁਨੀਆਂ ਦੇ ਆਧਾਰ ‘ਤੇ ਕੀਤਾ ਗਿਆ ਹੈ। ਸੰਸਕ੍ਰਿਤ ਭਾਸ਼ਾ ਵਿੱਚ ਇਸ ਸ਼ਬਦ ਦਾ ਮੂਲ ਰੂਪ “ਵੈਸ਼ਾਖ” (ਵੈ+ਸ਼ਾਖ) ਹੈ, ਹਿੰਦੀ ਵਿੱਚ “ਬੈਸਾਖ” ਅਤੇ ਪੰਜਾਬੀ ਵਿੱਚ ਵਿਸਾਖ ਜਾਂ “ਵਸਾਖ” (ਜਿਵੇਂ ਬੋਲੋ, ਤਿਵੇਂ ਲਿਖੋ ਦੇ ਨਿਯਮ ਦੇ ਆਧਾਰ ‘ਤੇ)। ਵੈਸ਼ਾਖ (ਵਿਸਾਖ/ਵਸਾਖ) ਸ਼ਬਦ ਵਿੱਚ “ਵੈ” ਦੇ ਅਰਥ ਹਨ: ਦੋ ਅਤੇ ਸ਼ਾਖ ਦੇ ਅਰਥ ਹਨ: ਟਾਹਣੀ ਜਾਂ ਭਾਗ। ਇਸ ਪ੍ਰਕਾਰ “ਵਸਾਖ” ਸ਼ਬਦ ਦੇ ਅਰਥ ਬਣੇ: ਦੂਜਾ ਭਾਗ। ਹੁਣ ਕਿਉਂਕਿ ਗੱਲ ਇੱਥੇ ਦੇਸੀ ਸਾਲ ਅਤੇ ਮਹੀਨਿਆਂ ਦੀ ਹੋ ਰਹੀ ਹੈ, ਜ਼ਾਹਰ ਹੈ ਕਿ ਇੱਥੇ ਦੂਜਾ ਭਾਗ ਦੇ ਅਰਥ ਸਾਲ ਦਾ “ਦੂਜਾ ਮਹੀਨਾ” ਹੀ ਹੋਣਗੇ, ਕੁਝ ਹੋਰ ਨਹੀਂ।
        ਇਸ ਤੋਂ  ਬਿਨਾਂ “ਵਸਾਖੀਆਂ” ਅਰਥਾਤ ਫੌੜ੍ਹੀਆਂ ਦੀ ਸ਼ਕਲ ਜਾਂ ਆਕਾਰ ਵਿੱਚ ਵੀ “ਦੋ” ਦੀ ਗਿਣਤੀ ਸ਼ੁਮਾਰ ਹੈ। ਇਸ ਵਿੱਚ ਲੱਕੜੀ ਦੀਆਂ “ਦੋ ਲਰਾਂ” (ਵ ਜਾਂ ਵੈ ਆਦਿ ਦੇ ਅਰਥਾਂ ਮੁਤਾਬਕ) ਹੇਠੋਂ-ਉੱਪਰੋਂ ਆਪਸ ਵਿੱਚ ਜੁੜੀਆਂ ਹੋਈਆਂ ਹੁੰਦੀਆਂ। ਇਸ ਪ੍ਰਕਾਰ ਇਹਨਾਂ ਧੁਨੀਆਂ ਦੇ ਅਰਥਾਂ ਦੇ ਆਧਾਰ ‘ਤੇ ਇਸ ਸ਼ਬਦ ਦੇ ਇਹ ਦੋਵੇਂ ਅਰਥ (ਵਸਾਖ ਅਤੇ ਵਸਾਖੀਆਂ) ਸੱਤਵੀਂ/ਅੱਠਵੀਂ ਜਮਾਤ ਵਿੱਚ ਪੜ੍ਹਦਾ ਇੱਕ ਸਧਾਰਨ ਵਿਦਿਆਰਥੀ ਵੀ ਬਹੁਤ ਅਸਾਨੀ ਨਾਲ਼ ਸਮਝ ਸਕਦਾ ਹੈ। ਪਰ ਸਾਡੇ ਇੱਕ ਤਥਾਕਥਿਤ ਵਿਦਵਾਨ ਮੇਰੇ ਲਗਾਤਾਰ ਸਮਝਾਉਣ ਦੇ ਬਾਵਜੂਦ ਇਸ ਗੱਲ ਨੂੰ ਸਮਝਣ ਵਿੱਚ ਅਸਫਲ ਰਹੇ। ਇਸ ਦਾ ਅਸਲ ਕਾਰਨ ਸ਼ਾਇਦ ਇਹ ਸੀ ਕਿ ਉਹ ਮੇਰੇ ਲੇਖ ਤੋਂ ਪਹਿਲਾਂ ਹੀ ਇਸ ਵਿਸ਼ੇ ‘ਤੇ ਲਿਖੇ ਆਪਣੇ ਲੇਖ ਵਿੱਚ ਇਹ ਗੱਲ ਲਿਖ ਬੈਠੇ ਸਨ ਕਿ “ਵਸਾਖ” ਮਹੀਨੇ ਦਾ ਇਹ ਨਾਂ ਵਸਾਖ ਨਾਂ ਦੇ ਹੀ ਇੱਕ ਨਛੱਤਰ ਦੇ ਆਧਾਰ ‘ਤੇ ਰੱਖਿਆ ਗਿਆ ਹੈ। ਇਹਨਾਂ ਨਛੱਤਰਾਂ ਦੀ ਗਿਣਤੀ ਵੀ ਉਹਨਾਂ ਅਨੁਸਾਰ ਕੋਈ ਨਿਸ਼ਚਿਤ ਨਹੀਂ ਸੀ ਸਗੋਂ ਅੰਦਾਜ਼ੇ ਅਨੁਸਾਰ ਹੀ ਉਹ ਸਤਾਈ ਜਾਂ ਅਠਾਈ ਦੱਸ ਰਹੇ ਸਨ। ਇਸ ਪ੍ਰਕਾਰ ਉਹ ਵਿਗਿਆਨਿਕ ਅਤੇ ਭਾਸ਼ਾ-ਵਿਗਿਆਨਿਕ ਤੱਥਾਂ ਤੋਂ ਵੀ ਕੋਹਾਂ ਦੂਰ ਸਨ ਕਿਉਂਕਿ ਵਿਗਿਆਨ ਨੇ ਤਾਂ ਅੱਜ ਲਗ-ਪਗ ਹਰ ਚੀਜ਼ ਹੀ ਨਾਪੀ-ਤੋਲੀ ਹੋਈ ਹੈ, ਸ਼ੱਕ ਦੀ ਤਾਂ ਕਿਧਰੇ ਕੋਈ ਗੁੰਜਾਇਸ਼ ਹੀ ਨਹੀਂ ਛੱਡੀ।
        ਇਹ ਵਿਦਵਾਨ ਇਸ ਗ੍ਰਹਿ ਦੀ ਸ਼ਕਲ ਸੰਬੰਧੀ ਇਹਨਾਂ ਕੋਸ਼ਾਂ ਅਨੁਸਾਰ ਇਹ ਗੱਲ ਤਾਂ ਉੱਤਰ/ਪ੍ਰਤਿਉੱਤਰ ਵਜੋਂ ਆਪ ਵੀ ਲਿਖਦੇ ਰਹੇ ਕਿ ਵਸਾਖ ਗ੍ਰਹਿ ਦੀ ਸ਼ਕਲ ਮਧਾਣੀ ਵਰਗੀ ਹੈ ਪਰ ਉਹ ਇਹ ਗੱਲ ਸਮਝਣੋਂ ਅੰਤ ਤੱਕ ਅਸਮਰਥ ਰਹੇ ਕਿ ਮਧਾਣੀ ਦੀ ਸ਼ਕਲ ਵੀ ਤਾਂ ਵਸਾਖੀਆਂ (ਫੌੜ੍ਹੀਆਂ) ਵਰਗੀ ਹੀ ਹੁੰਦੀ ਹੈ ਜਿਸ ਵਿੱਚ ਵਸਾਖੀਆਂ ਵਾਂਗ ਲੱਕੜੀ ਦੀਆਂ ਦੋ ਲਰਾਂ ਨੂੰ ਉੱਪਰੋਂ-ਹੇਠੋਂ ਆਪਸ ਵਿੱਚ ਦੋ ਗੋਲ਼ਾਕਾਰ ਫੱਟਿਆਂ ਨਾਲ਼ ਜੋੜਿਆ ਗਿਆ ਹੁੰਦਾ ਹੈ। ਮਧਾਣੀ ਦੇ ਹੇਠਲੇ ਫੱਟੇ ਨੂੰ ਚਾਟੀ ਦੇ ਮੂੰਹ ਉੱਤੇ ਰੱਖਿਆ ਜਾਂਦਾ ਹੈ।
         ਸ਼ਬਦ-ਵਿਉਤਪਤੀ ਦਾ ਵਿਸ਼ਲੇਸ਼ਣ ਕਰਨ ਸਮੇਂ ਸਾਨੂੰ ਕੇਵਲ ਇੱਕਾ-ਦੁੱਕਾ ਸ਼ਬਦ-ਕੋਸ਼ਾਂ ਦੇ ਸਹਾਰੇ ਹੀ ਨਹੀਂ ਰਹਿਣਾ ਚਾਹੀਦਾ ਸਗੋਂ ਆਪਣਾ ਤੀਜਾ ਨੇਤਰ ਵੀ ਖੋਲ੍ਹ ਕੇ ਰੱਖਣਾ ਚਾਹੀਦਾ ਹੈ ਭਾਵ ਜਿਸ ਭਾਸ਼ਾ ਦਾ ਕੋਈ ਸ਼ਬਦ ਹੋਵੇ, ਉਸ ਨਾਲ਼ ਸੰਬੰਧਿਤ ਇੱਕ-ਦੋ ਹੋਰ ਸ਼ਬਦ-ਕੋਸ਼ਾਂ ਆਦਿ ਦੀ ਸਲਾਹ ਵੀ ਜ਼ਰੂਰ ਲੈ ਲੈਣੀ ਚਾਹੀਦੀ ਹੈ। ਦਰਅਸਲ ਪ੍ਰਚਲਿਤ ਜਾਂ ਰਵਾਇਤੀ ਸ਼ਬਦ-ਕੋਸ਼ਾਂ ਵਿੱਚ ਵੀ ਵਸਾਖ ਸ਼ਬਦ ਦੇ ਅਰਥ ਦੱਸਦਿਆਂ ਹੋਇਆਂ ਇੱਕ ਥਾਂ ‘ਤੇ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਵਸਾਖ ਭਾਰਤ ਦੇ ਦੇਸੀ ਸਾਲ ਦੇ ਦੂਜੇ ਮਹੀਨੇ ਦਾ ਨਾਂ ਹੈ। ਉਂਞ ਵੀ ਵੈਸ਼ਾਖ ਸ਼ਬਦ ਵਿਚਲੀਆਂ ਧੁਨੀਆਂ /ਸ਼ਬਦਾਂ ਦੇ ਅਰਥਾਂ ਦੇ ਆਧਾਰ ‘ਤੇ “ਵੈ+ਸ਼ਾਖ” ਸ਼ਬਦ ਦੇ ਇਹੋ ਅਰਥ ਹੀ ਨਿਕਲ਼ਦੇ ਹਨ। ਵਸਾਖ ਮਹੀਨੇ ਦੇ ਪਹਿਲੇ ਦਿਨ ਅਰਥਾਤ ਸੰਗਰਾਂਦ ਦੇ ਦਿਨ ਨੂੰ “ਵਸਾਖੀ” ਆਖਿਆ ਜਾਂਦਾ ਹੈ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਬਹੁਅਰਥਕ ਸ਼ਬਦ “ਵਸਾਖ” ਦੇ ਉਪਰੋਕਤ ਤਿੰਨਾਂ ਹੀ ਅਰਥਾਂ ਵਾਲ਼ੇ ਸ਼ਬਦਾਂ ਵਿੱਚ ਵ ਧੁਨੀ ਦੇ ਅਰਥ “ਦੋ” ਹੀ ਹਨ, ਜਿਵੇਂ:-
       ੧. ਵਸਾਖ: ਦੇਸੀ ਸਾਲ ਦਾ “ਦੂਜਾ” ਮਹੀਨਾ, ਵਸਾਖ  (ਵੈ+ਸ਼ਾਖ)।
੨. ਵਸਾਖੀਆਂ:  ਵਸਾਖੀਆਂ (ਵੈ+ਸ਼ਾਖ) ਵਿੱਚ ਲੱਕੜੀ ਦੀਆਂ “ਦੋ” ਲਰਾਂ (ਵੈ+ਸ਼ਾਖ)।
੩. ਵਸਾਖ ਗ੍ਰਹਿ: ਵਸਾਖ ਨਛੱਤਰ ਦੀ ਸ਼ਕਲ ਮਧਾਣੀ ਵਰਗੀ ਹੋਣ ਕਾਰਨ: ਮਧਾਣੀ ਦੀਆਂ ਦੋਂਹਾਂ ਪਾਸਿਆਂ ਦੀਆਂ “ਦੋ” ਲਰਾਂ (ਵੈ+ਸ਼ਾਖ)।
       ਵ/ਵਿ/ਵੈ ਧੁਨੀਆਂ ਨਾਲ਼ ਲਗ-ਪਗ ਇਹਨਾਂ ਹੀ ਅਰਥਾਂ ਵਾਲ਼ੇ ਸਾਡੀਆਂ ਦੇਸੀ ਭਾਸ਼ਾਵਾਂ ਦੇ ਹੋਰ ਵੀ ਅਨੇਕਾਂ ਸ਼ਬਦ, ਜਿਵੇਂ: ਵਿਨਾਸ਼, ਵਿਗਿਆਨ, ਵਿਗਿਆਪਨ, ਵਿਕਾਸ, ਵਿਕਾਰ, ਵਿਕਲਪ, ਵਿਭਾਗ, ਵਿਰੋਧ, ਵਿਸ਼ੇਸ਼, ਵਿਆਕਰਨ ਆਦਿ ਵੀ ਬਣੇ ਹੋਏ ਹਨ। ਉਦਾਹਰਨ ਵਜੋਂ ਉਪਰੋਕਤ ਸ਼ਬਦਾਂ ਵਿਚਲੇ ਇੱਕ ਹਿੰਦੀ/ਪੰਜਾਬੀ ਸ਼ਬਦ “ਵਿਸ਼ੇਸ਼” (ਵਿ+ਸ਼ੇਸ਼) ਵਿੱਚ “ਵਿ” ਅਗੇਤਰ ਦੇ ਅਰਥ ਵੀ ਦੋ ਜਾਂ ਦੂਜਾ/ਦੂਜੇ ਹੀ ਹਨ ਅਤੇ “ਸ਼ੇਸ਼” ਸ਼ਬਦ ਦੇ ਅਰਥ ਹਨ : “ਬਾਕੀ”। ਇਸ ਪ੍ਰਕਾਰ ਇਸ ਸ਼ਬਦ ਦੇ ਅਰਥ ਬਣੇ- ਜੋ ਦੂਜਿਆਂ ਅਰਥਾਤ ਬਾਕੀਆਂ ਨਾਲ਼ੋਂ ਦੂਜੇ (ਅਸਧਾਰਨ) ਦਰਜੇ/ਅਵਸਥਾ ਵਾਲ਼ਾ ਹੋਵੇ ਭਾਵ ਬਾਕੀਆਂ ਨਾਲ਼ੋਂ ਅਲੱਗ ਜਾਂ ਵਿਭਿੰਨ ਹੋਵੇ।
         ਅੰਤ ਵਿੱਚ ਕੇਵਲ ਏਨਾ ਹੀ ਕਹਾਂਗਾ ਕਿ ਸ਼ਬਦਕਾਰੀ ਦੇ ਵਿਸ਼ੇ ‘ਤੇ ਅਧਿਐਨ ਕਰਦਿਆਂ ਸਾਨੂੰ ਲਕੀਰ ਦੇ ਫ਼ਕੀਰ ਬਣਨ ਤੋਂ ਬਚਣ, ਹਕੀਕਤਾਂ ਨੂੰ ਸਮਝਣ, ਗਹਿਰ-ਗੰਭੀਰ ਅਧਿਐਨ ਕਰਨ ਅਤੇ ਆਪਣੇ ਨਜ਼ਰੀਏ ਨੂੰ ਕੇਵਲ ਇੱਕਾ-ਦੁੱਕਾ ਪੁਸਤਕਾਂ ਤੱਕ ਸੀਮਿਤ ਕਰਨ ਦੀ ਬਜਾਏ ਵਿਸ਼ਾਲ, ਵਿਗਿਆਨਿਕ ਅਤੇ ਭਾਸ਼ਾ-ਵਿਗਿਆਨਿਕ ਪੱਧਰ ਵਾਲ਼ਾ ਬਣਾਉਣ ਦੀ ਲੋੜ ਹੈ।
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article~ ਤੇਗ਼ ਇਸ਼ਕ ਦੀ ~
Next articleਬਚਪਨ ਦੀਆਂ ਬਾਤਾਂ