HOME ਪੰਜਾਬੀ ਸੱਭਿਆਚਾਰ ਦਾ ਮੁੱਦਈ- ਗੁਰਦਾਸ ਮਾਨ

ਪੰਜਾਬੀ ਸੱਭਿਆਚਾਰ ਦਾ ਮੁੱਦਈ- ਗੁਰਦਾਸ ਮਾਨ

ਗੁਰਦਾਸ ਮਾਨ

   (ਸਮਾਜ ਵੀਕਲੀ) 

ਗੁਰਦਾਸ ਮਾਨ

ਪੜ੍ਹ-ਪੜ੍ਹ ਸਾਹਿਤਕਾਰਾਂ ਦੀ ਨਜ਼ਮਾਂ, ਕਲਮ ਮੈਂ ਆਪਣੀ ਚਲਾਉਣ ਲੱਗਾ।
ਸਾਹਿਤ ਬਾਰੇ ਨਾ ਕੋਈ ਵੀ ਇਲਮ ਮੈਨੂੰ, ਫਿਰ ਵੀ ਬੁੱਧੀ ਆਪਣੀ ਅਜਮਾਉਣ ਲੱਗਾ
ਸਿਫਤ ਵਿੱਚ ਸ਼ਬਦ ਨੇ ਜਿਹਦੇ ਲਈ ਥੋੜ੍ਹੇ, ਚਾਰ ਅੱਖਰ ਮੈਂ ਉਸਤੇ ਰਚਾਉਣ ਲੱਗਾ
ਮਾਨ ਸਾਹਿਬ ਨਹੀਓਂ ਜਾਣ-ਪਹਿਚਾਣ ਮੁਥਾਜ ਯਾਰੋ, ਚਾਨਣਾ ਫਿਰ ਵੀ ਮੈਂ ਉਸਤੇ ਪਾਉਣ ਲੱਗਾ
ਮਾਫ ਕਰ ਦਿਓ ਜੇ ਹੋ ਜਾਵੇ ਭੁੱਲ-ਚੁੱਕ ਮੇਰੀ, ਸਰੂਪ ਪਹਿਲਾਂ ਹੀ ਮਾਫੀ ਮੈਂ ਚਾਹੁਣ ਲੱਗਾ

ਅਜੋਕੀ ਗਾਇਕੀ ਦੀ ਜਦੋਂ ਗੱਲ ਚੱਲਦੀ ਹੈ, ਤਾਂ ਪੰਜਾਬੀ ਸੱਭਿਆਚਾਰ ਦਾ ਸਵਾਲ ਸਾਡੇ ਜ਼ਹਿਨ ਵਿੱਚ ਆਪ-ਮੁਹਾਰੇ ਆ ਖੜਾ ਹੋ ਜਾਂਦਾ ਹੈ। ਗਾਇਕੀ ਦੇ ਇਸ ਮਹਾਂਯੁੱਗ ਵਿੱਚ ਸੱਭਿਆਚਾਰ ਦਿਨੋ-ਦਿਨ ਅਲੋਪ ਹੁੰਦਾ ਜਾ ਰਿਹਾ ਹੈ। ਮਾਂ-ਬੋਲੀ ਦੇ ਵਾਰਿਸ ਕਹਾਉਣ ਵਾਲੇ ਇਸਨੂੰ ਆਪਣੇ ਹੱਥੀ ਲੀਰੋ ਲੀਰ ਕਰ ਰਹੇ ਹਨ। ਜਿਵੇਂ ਕਿਹਾ ਸੁਣਿਆ ਜਾਂਦਾ ਹੈ ਕਿ ਜਦੋਂ-ਜਦੋਂ ਵੀ ਧਰਤੀ ਉੱਤੇ ਜ਼ੁਲਮ ਦਾ ਦਰਿਆ ਵੱਗਿਆ ਹੈ, ਤਾਂ ਅਕਾਲ-ਪੁਰਖ ਨੇ ਆਪ ਕਿਸੇ ਨਾ ਕਿਸੇ ਮਹਾਂਪੁਰਸ਼ ਜਾਂ ਕ੍ਰਾਂਤੀਕਾਰੀ (ਦੇਸ਼ ਭਗਤ) ਦੇ ਰੂਪ ਵਿੱਚ ਆ ਕੇ ਇਸਨੂੰ ਬੰਨ੍ਹ ਮਾਰਿਆ ਹੈ। ਠੀਕ ਇਸੇ ਤਰ੍ਹਾਂ ਹੀ ਅੱਜ ਪੰਜਾਬੀ ਦੇ ਗਾਇਕੀ ਖੇਤਰ ਵਿੱਚ ਅਸ਼ਲੀਲਤਾ ਦਾ ਝੱਖੜ ਪੂਰੇ ਜ਼ੋਰਾਂ ਨਾਲ ਝੁੱਲ ਰਿਹਾ ਹੈ, ਜਿਸਨੇ ਪੰਜਾਬੀ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਮਧੋਲ ਰੱਖਿਆ ਹੈ। ਪਰ ਪੰਜਾਬੀਅਤ ਦਾ ਸੂਰਜ਼ ਕਦੋਂ ਤੱਕ ਅਸ਼ਲੀਲਤਾ ਦੇ ਬੱਦਲਾਂ ਵਿੱਚ ਲੁਕਿਆ ਰਹਿ ਸਕਦਾ ਹੈ। ਜੋਂ ਆਪਣੇ ਪਰਿਵਾਰਿਕ ਅਤੇ ਸਾਹਿਤਕ ਬੋਲਾਂ ਦੀਆਂ ਕਿਰਨਾਂ ਨਾਲ ਮਾਂ-ਬੋਲੀ ਦਾ ਰੂਪ ਨਿਖਾਰਦਾ ਆ ਰਿਹਾ ਹੈ ਉਹ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਪੰਜਾਬੀ ਸੱਭਿਆਚਾਰ ਦਾ ਹੌਕਾ ਦੇਣ ਵਾਲਾ ਪੰਜਾਬੀਅਤ ਦਾ ਮਾਣ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ। ਕਿਉਂਕਿ ਉਸਦੀ ਗਾਇਕੀ, ਅਦਾਕਾਰੀ ਤੇ ਗੀਤਕਾਰੀ ਖ਼ੁਦ ਮੂੰਹ ਬੋਲਦੀ ਤਸਵੀਰ ਹੈ। ਗੁਰਦਾਸ ਮਾਨ ਇੱਕ ਅਜਿਹਾ ਭਾਰਤੀ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ, ਜੋ ਮੁੱਖ ਤੌਰ ‘ਤੇ ਪੰਜਾਬੀ ਭਾਸ਼ਾ ਦੇ ਸੰਗੀਤ ਅਤੇ ਫਿਲਮਾਂ ਨਾਲ ਜੁੜਿਆ ਹੋਇਆ ਹੈ।ਉਸਨੇ 1980 ਦੇ ਦਹਾਕੇ ਤੋਂ ਲੈਕੇ ਹੁਣ ਤੀਕ ਸੱਭਿਆਚਾਰ ਦੇ ਜ਼ਰੀਏ ਮਾਂ-ਬੋਲੀ ਪੰਜਾਬੀ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਇਆ। ਸੈਂਕੜੇ ਗੀਤਾਂ/ਐਲਬਮਾਂ ਅਤੇ ਦਰਜਨਾਂ ਫਿਲਮਾਂ ਬਣਾਉਣ ਵਾਲੇ ਪੰਜਾਬੀਅਤ ਦੇ ਮਾਣ ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਉਸ ਪਾਕ ਧਰਤੀ ਦੇ ਨੇੜਲੇ ਕਸਬੇ ਗਿੱਦੜਬਾਹੇ ਵਿਖੇ ਪਿਤਾ ਸ੍ਰ. ਗੁਰਦੇਵ ਸਿੰਘ ਮਾਨ ਦੇ ਘਰ ਮਾਤਾ ਤੇਜ ਕੌਰ ਦੀ ਕੁੱਖੋਂ ਹੋਇਆ, ਜਿੱਥੇ ਕਿਸੇ ਸਮੇਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 40 ਸਾਥੀਆਂ ਵੱਲੋਂ ਦਿੱਤੇ ਗਏ ਬੇਦਾਵੇ ਨੂੰ ਪਾੜ ਕੇ ਟੁੱਟੀਆਂ ਗੰਢਾਂ ਨੂੰ ਫਿਰ ਤੋਂ ਜੋੜਿਆ ਅਤੇ ਉਨ੍ਹਾਂ ਦੇ ਹਰ ਗੁਨਾਹ ਤੋਂ ਮੁਕਤ ਕਰ ਦਿੱਤਾ ਅਤੇ ਇਸ ਖਿਦਰਾਣੇ ਦੀ ਢਾਬ ਨੂੰ ਚਾਲੀ ਮੁਕਤਿਆਂ ਦੇ ਨਾਂ ਨਾਲ ਨਿਵਾਜਿਆ। ਜੋ ਹੌਲੀ-ਹੌਲੀ ਅੱਜ ਮੁਕਤਸਰ ਜ਼ਿਲ੍ਹੇ ਦਾ ਰੂਪ ਧਾਰਨ ਕਰ ਗਿਆ। ਗੁਰੂ ਜੀ ਦੀ ਇਸ ਰਹਿਮਤ ਵਰਖਾ ਦਾ ਅਸਰ ਸ਼ਾਇਦ ਮਾਂ ਤੇਜ ਕੌਰ ਦੀ ਕੁੱਖ ਤੇ ਵੀ ਹੋਇਆ ਕਿ ਉਹਨਾਂ ਦੇ ਘਰ ਮਾਂ-ਬੋਲੀ ਪੰਜਾਬੀ ਦਾ ਸੱਚਾ ਪਹਿਰੇਦਾਰ ਪੈਦਾ ਹੋਇਆ। ਇੰਝ ਕਹਿ ਲਈਏ ਕਿ ਗੁਰੂ ਦੀ ਅਪਾਰ ਕ੍ਰਿਪਾ ਦੇ ਸਦਕੇ ਗੁਰਦਾਸ ਮਾਨ ਦੇ ਰੂਪ ਵਿੱਚ ਕੋਈ ਰੂਹਾਨੀ ਰੂਹ ਮੁੜ ਇਸ ਸੰਸਾਰ ਤੇ ਪਰਤ ਆਈ ਹੈ, ਜੋ ਅਸ਼ਲੀਲਤਾ ਦੇ ਬਜ਼ਾਰ ਵਿੱਚ ਆਪਣੀ ਮਾਂ-ਬੋਲੀ ਦੇ ਨੰਗੇ ਸ਼ਰੀਰ ਨੂੰ ਪੰਜਾਬੀਅਤ ਦੀ ਚਾਦਰ ਨਾਲ ਢੱਕ ਰਿਹਾ ਹੈ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਮਲੋਟ ਦੇ ਡੀ.ਏ.ਵੀ ਕਾਲਜ ਤੋਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਪਟਿਆਲਾ ਦੇ ਸਟੇਟ ਕਾਲਜ ਚੋਂ ਸਰੀਰਕ ਸਿੱਖਿਆ ਵਿਸ਼ੇ ਵਿੱਚ ਮਾਸਟਰ ਡਿਗਰੀ ਪਾਸ ਕੀਤੀ। ਇੱਥੇ ਹੀ ਇਸ ਨੇ ਆਪਣੇ ਗਾਇਕੀ ਦੇ ਸਫ਼ਰ ਨੂੰ ਅੱਗੇ ਵਧਾਇਆ।ਗੁਰਦਾਸ ਮਾਨ ਆਪਣੀ ਗਾਇਕੀ ਦਾ ਆਗਾਜ਼ 1979-80 ਦੇ ਕਰੀਬ ਦੂਰਦਰਸ਼ਨ ਜਲੰਧਰ ਵੱਲੋਂ ਜਵਾਂ-ਤਰੰਗ ਪ੍ਰੋਗਰਾਮ ਰਾਹੀਂ ਸ਼ੁਰੂ ਹੋਇਆ। ਇਸ ਵਿੱਚ ਉਨ੍ਹਾਂ ਨੇ ‘ਲਾਈ ਬੇ-ਕਦਰਾਂ ਨਾਲ ਯਾਰੀ ਕਿ ਟੁੱਟ ਕੀ ਤੜਕ ਕਰਕੇ’ ਨਾਂ ਦਾ ਇੱਕ ਗੀਤ ਗਾਇਆ ਜੋ ਉਸ ਸਮੇਂ ਬਹੁਤ ਹੀ ਮਕਬੂਲ ਹੋਇਆ। ਕੁਝ ਸਮਾਂ ਬੀਤਣ ਮਗਰੋਂ ਗੁਰਦਾਸ ਮਾਨ ਇੱਕ ਵਾਰੀ ਫੇਰ ‘ਦਿਲ ਦਾ ਮਾਮਲਾ’ ਦਾ ਗੀਤ ਲੈ ਕੇ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋਇਆ। ਇਸ ਗੀਤ ਨੇ ਸਰੋਤਿਆਂ ਦੇ ਦਿਲਾਂ ‘ਤੇ ਅਜਿਹਾ ਜਾਦੂ ਕੀਤਾ ਕਿ ਉਨ੍ਹਾਂ ਨੇ ਗੁਰਦਾਸ ਮਾਨ ਨੂੰ ਅੱਖਾਂ ਤੇ ਬਿਠਾ ਲਿਆ ਅਤੇ ਗੁਰਦਾਸ ਮਾਨ ਗਾਇਕੀ ਦੀ ਕਤਾਰ ਵਿੱਚ ਜਾ ਖੜ੍ਹਾ ਹੋਇਆ। 1982 ਵਿੱਚ ਗੁਰਦਾਸ ਮਾਨ ਨੇ ਮਾਮਲਾ ਗੜਬੜ ਨਾਂ ਦਾ ਪਹਿਲਾ ਐਲ.ਪੀ. ਸਵ: ਉਸਤਾਦ ਜਸਵੰਤ ਭੰਵਰਾ ਦੇ ਸੰਗੀਤ ਵਿੱਚ ਰਿਕਾਰਡ ਕਰਵਾਇਆ। ਇਸ ਐਲ.ਪੀ. ਨੇ ਗੁਰਦਾਸ ਮਾਨ ਨੂੰ ਅਜਿਹੀ ਸਫਲਤਾ ਦੀ ਪੌੜੀ ਚੜਿਆ ਕਿ ਉਸ ਨੇ ਇਸ ਤੋਂ ਬਾਅਦ ਮਸਤੀ, ਦਿਲ ਸਾਫ ਹੋਣਾ ਚਾਹੀਦਾ, ਨੱਚੋ-ਬਾਬਿਓ, ਡਿਸਕੋ ਵਿਚਾਰੀ, ਕੁੱਲੀ ਚਾਹੇ ਕੱਖ ਨਾ ਰਹੇ,ਮੁੱਹਬਤ ਜ਼ਿੰਦਾਬਾਦ, ਚੱਕਰ,ਚੁਗਲੀਆਂ, ਲੜ ਗਿਆ ਪੇਚਾ, ਅੱਖੀਆਂ ਉਡੀਕਦੀਆਂ, ਪੀੜ ਪ੍ਰਾਹੁਣੀ ,, ਚਲਾਕੀਆਂ, ਰਾਤ ਸੁਹਾਨੀ, ਇਬਾਦਤ, ਤੇਰੀ ਖ਼ੈਰ ਹੋਵੇ, ਵੇਖੀਂ ਕਿਤੇ ਯਾਰ ਨਾ ਹੋਵੇ, ਤਕਲੀਫਾਂ, ਵਾਹ ਨੀਂ ਜਵਾਨੀਏ, ਰਾਤ ਸੁਹਾਨੀ, ਇਬਾਦਤ, ਦਿਲ ਦਾ ਬਾਦਸ਼ਾਹ, ਪਿਆਰ ਕਰ ਲੈ, ਆ ਸੱਜਣਾ, ਦਿਲ ਤੋੜਨਾ ਮਨ੍ਹਾਂ ਹੈ, ਵੈਲਤਣ, ਤੇਰੀ ਖ਼ੈਰ ਹੋਵੇ, ਜਾਦੂਗਰੀਆਂ, ਪੰਜੀਰੀ, ਬੂਟ-ਪਾਲਸ਼ਾਂ, ਰੋਟੀ, ਪੰਜਾਬ,ਜੋਗੀਆ ਆਦਿ ਰਿਕਾਰਡ ਕਰਵਾਉਂਦਾ ਹੋਇਆ ਅੱਜ ਸਿੰਗਲ  ਟ੍ਰੈਕ ਦੇ ਯੁੱਗ ਵਿੱਚ Sound of soil ਨਾਂ ਦੀ  ਨਵੀਂ ਐਲਬਮ ਦੇ ਵਿਚਲੇ ਗੀਤਾਂ ਨਾਲ ਅੱਜ ਵੀ ਆਪਣੀ ਆਵਾਜ਼ ਦੇ ਜਾਦੂ ਨੂੰ ਬਰਕਰਾਰ ਰੱਖਿਆ ਹੋਇਆ ਹੈ। ਫਿਲਮੀ ਕੈਰੀਅਰ ਦੀ ਸ਼ੁਰੂਆਤ ਵਿੱਚ ਉਸ ਨੇ ਅਜਿਹਾ ਫਕੀਰੀ ਰੋਲ ਅਦਾ ਕੀਤਾ ਕਿ ਉਹ ਜ਼ਿੰਦਗੀ ਵਿੱਚ ਸੱਚ-ਮੁੱਚ ਫਕੀਰ ਹੋ ਨਿਬੜਿਆ।ਉਸਨੇ ਆਪਣੀ ਕਲਾ ਦਾ ਇਤਿਹਾਸ ਅਜਿਹੇ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਹੈ ਜੋ ਕਦੇ ਵੀ ਧੁੰਦਲਾ ਨਹੀਂ ਪੈ ਸਕਦਾ। ਸਾਡੇ ਕੋਲ ਗੁਰਦਾਸ ਮਾਨ ਇੱਕੋ-ਇੱਕ ਅਜਿਹਾ ਫ਼ਨਕਾਰ ਹੈ ਜਿਸਨੇ ਮਾਂ-ਬੋਲੀ ਪੰਜਾਬੀ ਨੂੰ ਪੂਰੀ ਦੁਨੀਆਂ ਵਿੱਚ ਪ੍ਰਫੁੱਲਤ ਕੀਤਾ ਹੋਇਆ ਹੈ। ਜੇ ਅਸੀਂ ਗੁਰਦਾਸ ਮਾਨ ਦੇ ਜੀਵਨ ’ਤੇ ਝਾਤ ਮਾਰੀਏ ਤਾਂ ਸਾਨੂੰ ਸੋਚਣ, ਸਮਝਣ ਜਾਂ ਫਿਰ ਲਿਖਣ ਵਿੱਚ ਬਹੁਤ ਸਮਾਂ ਲੱਗ ਜਾਵੇਗਾ, ਜਿਸਦੀ ਸ਼ਾਇਦ ਸਮਾਂ ਸਾਨੂੰ ਇਜ਼ਾਜ਼ਤ ਨਾ ਦੇਵੇ ਜਾਂ ਫਿਰ ਕਾਗਜ਼, ਕਲਮ, ਦੀਵਾਤ ਦੀ ਥੋੜ੍ਹ ਹੋ ਜਾਵੇ। ਮਾਨ ਸਾਹਿਬ ਇਕ ਅਜਿਹੇ  ਫ਼ਨਕਾਰ ਹਨ ਜਿਨ੍ਹਾਂ ਦੀ ਤਰੀਫ ਵਿਚ ਸ਼ਬਦ ਵੀ ਥੋੜ੍ਹ ਮਹਿਸੂਸ ਕਰਦੇ ਹਨ। ਗੁਰਦਾਸ ਮਾਨ ਉਸ ਸਮੁੰਦਰ ਦੀ ਤਰ੍ਹਾਂ ਹੈ, ਜਿਸਦੀ ਗਹਿਰਾਈ ਦਾ ਕੋਈ ਮਾਪ ਨਹੀਂ ਅਤੇ ਉਸਦੀ ਗਾਇਕੀ ਦਾ ਕੱਦ ਅਸਮਾਨ ਦੇ ਤਾਰਿਆਂ ਦੀ ਤਰ੍ਹਾਂ ਹੈ ਜਿਸਦੀ ਕੋਈ ਗਿਣਤੀ ਮਿਣਤੀ ਨਹੀਂ ਕਰ ਸਕਦਾ। ਗੁਰਦਾਸ ਮਾਨ ਜਿੱਥੇ ਵਧੀਆ ਗਾਇਕ, ਅਦਾਕਾਰ ਤੇ ਗੀਤਕਾਰ ਹੈ ਉੱਥੇ ਉਹ ਬਹੁਤ ਹੀ ਮਿਲਾਪੜੇ ਸੁਭਾਅ ਅਤੇ ਨੇਕ ਦਿਲ ਇਨਸਾਨ ਹੈ ਜਿਸਦੀ ਉਦਾਹਰਣ ਲਈ ਉਸਦਾ ਨਾਮ ਹੀ ਕਾਫੀ ਹੈ। ਜਿਵੇਂ ਕਿ :ਗੁਰਦਾਸ : ਗੁਰ + ਦਾਸ
ਗੁਰੂਆਂ ਦਾ ਦਾਸ, ਉਹ ਆਪਣੇ ਗੀਤ ਵਿੱਚ ਕਿਹਾ ਵੀ ਕਰਦੇ ਹਨ।
ਮੈਂ ਗੁਰੂਆਂ ਦਾ ਦਾਸ ਕਹਾਂ,
ਲੋਕ ਕਹਿਣ ਮਰ ਜਾਣਾ।
ਮਰਜਾਣਾ ਸ਼ਬਦ ਸਾਡੀ ਬੇਬੁਨਿਆਦ ਜ਼ਿੰਦਗੀ ਦੀ ਸੱਚਾਈ ਨੂੰ ਪੇਸ਼ ਕਰਦਾ ਹੈ। ਮਰਜਾਣਾ ਸ਼ਬਦ ਮਾਨ ਸਾਹਿਬ ਦੀ ਜ਼ਿੰਦਗੀ ਨਾਲ ਐਸਾ ਜੁੜਿਆ ਕਿ ਉਨ੍ਹਾਂ ਦਾ ਤਖੱਲਸ ਬਣ ਕੇ ਰਹਿ ਗਿਆ। ਕਈ ਸਾਹਿਤਕਾਰ ਵੀਰ ਤੇ ਲੇਖਕ ਵੀ ਇਨ੍ਹਾਂ ਨੂੰ ਮਾਨ ਮਰਜਾਣਾ ਕਹਿ ਕੇ ਬੁਲਾਉਂਦੇ ’ਤੇ ਲਿਖਦੇ ਹਨ। ਜੇ ਇਸ ਸ਼ਬਦ ਨੂੰ ਅਸੀਂ ਬਚਪਨ ਵਿੱਚ ਗੁਰਦਾਸ ਮਾਨ ਜੀ ਨੂੰ ਆਪਣੀ ਮਾਂ ਵੱਲੋਂ ਮਿਲੀ ਪਿਆਰ ਦੀ ਗਾਲ ਵੀ ਕਹਿ ਲਈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਪਿਆਰ ਵਿੱਚ ਮਾਵਾਂ ਆਪਣੇ ਬੱਚਿਆਂ ਨੂੰ ਮਰਜਾਣਾ, ਰੁੜ੍ਹ ਜਾਣਾ ਅਤੇ ਢਹਿ ਜਾਣਾ ਕਹਿ ਕੇ ਬੁਲਾਉਂਦੀਆਂ ਰਹਿੰਦੀਆਂ ਹਨ। ਜੋ ਮਾਵਾਂ ਦੀ ਮਮਤਾ ਦੀ ਖਾਸ ਨਿਸ਼ਾਨੀ ਹੁੰਦੀ ਹੈ। ਪਰ ਫਿਰ ਵੀ ਮਾਨ ਸਾਹਿਬ ਆਪਣੇ ਮਰਜਾਣੇ ਸ਼ਬਦ ਨੂੰ ਸਾਡੇ ਨਾਲ ਇਸ ਤਰ੍ਹਾਂ ਸਾਂਝਾ ਕਰਦੇ ਹਨ:
ਲੋਕੀ ਪੁੱਛਦੇ ਮਾਨਾ ਤੂੰ, ਕਿਉਂ ਮਰਜਾਣਾ ਦੱਸ ਲਿਖਦਾ,
ਹਿੰਦੂ ਹੈ ਤੂੰ, ਮੁਸਲਮਾਨ ਜਾਂ ਪੁੱਤ ਹੈ ਕਿਸੇ ਸਿੱਖ ਦਾ
ਮੈਂ ਬੰਦੇ ਦਾ ਪੁੱਤਰ ਹਾਂ, ਬਸ ਬੰਦਾ ਰਹਿਣਾ ਚਾਹੁੰਦਾ,
ਮੈਂ ਵੀ ਬੁੱਲ੍ਹੇ ਸ਼ਾਹ ਦੇ ਵਾਂਗੂ, ਨੰਗਾ ਰਹਿਣਾ ਚਾਹੁੰਦਾ।
ਮਰਨਾ ਸੱਚ ਤੇ ਜੰਮਣਾ ਝੂਠਾ, ਸ਼ਬਦ ਵਿਚਾਰਨ ਵਾਲੇ,
ਮਰਨ ਦਾ ਮਤਲਬ ਕੀ ਸਮਝਣਗੇ ਲੋਕੀਂ ਮਾਰਨ ਵਾਲੇ।
ਮਰੇ ਬਾਝ ਨਹੀਓਂ ਮੁੱਲ ਤੇਰਾ ਪੈਣਾ।
ਉਪਰੋਕਤ ਲਾਇਨਾਂ ਅਨੁਸਾਰ ਇੰਨੀ ਨਿਮਰਤਾ ਤੇ ਹਲੀਮੀ ਸਿਰਫ਼ ਗੁਰਦਾਸ ਮਾਨ ਦੇ ਹੀ ਹਿੱਸੇ ਆਈ ਹੈ, ਜਿਸ ਵਿੱਚ ਪੰਜਾਬੀਅਤ ਕੁੱਟ-ਕੁੱਟ ਕੇ ਭਰੀ ਪਈ ਹੈ।ਉਹ
ਆਪਣੀ ਪੇਂਡੂ ਸੱਭਿਅਤਾ ਦੀ ਹਲਕੀ ਫੁਲਕੀ ਸ਼ਬਦਾਵਲੀ ਵਿੱਚ ਪੰਜਾਬੀ ਸੱਭਿਆਚਾਰ ਦਾ ਇੰਨਾ ਰੰਗ ਭਰ ਦਿੰਦਾ ਹੈ ਕਿ ਉਹ ਸਰੋਤਿਆਂ ਦੀ ਹਰਮਨ ਪਿਆਰੀ ਹੋ ਨਿਬੜਦੀ ਹੈ।ਗੁਰਦਾਸ ਮਾਨ ਪੰਜਾਬ ਦਾ ਉਹ ਮਹਾਨ ਕਲਾਕਾਰ ਹੈ ਜਿਸਨੇ ਪੰਜਾਬੀ ਬੋਲੀ ਨੂੰ ਵਿਦੇਸ਼ਾਂ ਦੇ ਵਿੱਚ ਪਹੁੰਚਾਇਆ ਅਤੇ ਉਸਦੇ ਮੁਹਰੇ ਦੂਜੇ ਕਲਾਕਾਰ ਆਪਣੀ ਕਲਾ ਨੂੰ ਫਿੱਕਾ ਮਹਿਸੂਸ ਕਰਦੇ ਹਨ।  ਗੁਰਦਾਸ ਮਾਨ ਪੰਜਾਬੀ ਵਿਚ ਗਾਉਣ ਦੇ ਇਲਾਵਾ, ਉਹ ਹਿੰਦੀ, ਬੰਗਾਲੀ, ਤਮਿਲ, ਹਰਿਆਨੀ ਅਤੇ ਰਾਜਸਥਾਨੀ ਭਾਸ਼ਾਵਾਂ ਵਿੱਚ ਮੁਹਾਰਤ ਰੱਖਦੇ ਹਨ। ਇੱਕ ਅਭਿਨੇਤਾ ਦੇ ਰੂਪ ਵਿੱਚ, ਉਸਨੇ ਪੰਜਾਬੀ, ਹਿੰਦੀ ਅਤੇ ਤਾਮਿਲ ਫਿਲਮਾਂ ਵਿੱਚ ਕੰਮ ਕੀਤਾ ਹੈ । ਸ਼ਾਹਰੁਖ ਖਾਨ ਅਤੇ ਪ੍ਰਿਟੀ ਜ਼ਿੰਟਾ ਦੇ ਨਾਲ ਵੀਰ-ਜ਼ਾਰਾ ਹਿੰਦੀ ਫਿਲਮ ਵਿਚ ਵਿਸ਼ੇਸ਼ ਮਹਿਮਾਨ ਜੋ ਭੂਮਿਕਾ ਨਿਭਾਈ।ਪੰਜਾਬ ਦੀ ਮਿੱਟੀ ਨਾਲ ਮੋਹ ਕਰਨ ਵਾਲਾ ਇਹ ਪੰਜਾਬੀ ਪੁੱਤ, ਪੰਜਾਬੀ ਸੱਭਿਆਚਾਰ ਦਾ ਅਸਲ ਮੁੱਦਈ ਹੈ।ਜੋ ਆਪਣੇ ਪਰਿਵਾਰਕ ਅਤੇ ਸਾਹਿਤਕ ਲਫ਼ਜ਼ਾਂ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਦਾ ਆ ਰਿਹਾ ਹੈ।ਗੁਰਦਾਸ ਮਾਨ ਪੰਜਾਬੀ ਗਾਇਕੀ ਦਾ ਇੱਕੋ ਇੱਕ ਅਜਿਹਾ ਗਾਇਕ ਹੈ ਜਿਸਨੂੰ 54 ਵੀਂ ਕੌਮੀ ਫਿਲਮ ਐਵਾਰਡਜ਼ ਵਿਚ ਸਰਬੋਤਮ ਮਰਦ ਪਲੇਬੈਕ ਗਾਇਕ ਲਈ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਕਿਉਂਕਿ ਉਸ ਨੇ ਵਾਰਿਸ ਸ਼ਾਹ ਫ਼ਿਲਮ ਵਿਚ ਹੀਰ ਦੀ ਪੂਰੀ ਕਹਾਣੀ ਨੂੰ ਗਾਣੇ ਰਾਹੀਂ ਤਿਆਰ ਕੀਤਾ: ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ।ਫਿਲਮਾਂ ਅਤੇ ਗੀਤਾਂ ਰਾਹੀਂ ਪੇਸ਼ਕਾਰੀ ਕਰਨ ਵਾਲਾ ਗੁਰਦਾਸ ਮਾਨ ਅਨੇਕਾਂ ਹੀ ਵੱਡੇ ਵੱਡੇ ਐਵਾਰਡ ਪ੍ਰਾਪਤ ਕਰ ਚੁੱਕਾ ਹੈ।ਸਾਲ 2015 ਵਿੱਚ ਉਸਨੇ ਐਮ.ਟੀ.ਵੀ. ਕੋਕ ਸਟੂਡੀਓ ਇੰਡੀਆ ਵਿੱਚ ਦਿਲਜੀਤ ਦੋਸਾਂਝ ਦੇ ਨਾਲ “ਕੀ ਬਣੂ ਦੁਨੀਆ ਦਾ” ਗੀਤ ‘ਤੇ  ਮੁੜ ਪ੍ਰਦਰਸ਼ਨ ਕੀਤਾ ਜੋ ਐਮ.ਟੀ.ਵੀ. ਇੰਡੀਆ ‘ਤੇ ਸੀਜ਼ਨ 4 ਐਪੀਸੋਡ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਉਸਨੂੰ ਵਿਆਪਕ ਤੌਰ ‘ਤੇ ਹੁਣ ਤੱਕ ਦੇ ਸਭ ਤੋਂ ਮਹਾਨ ਅਤੇ ਪ੍ਰਭਾਵਸ਼ਾਲੀ ਪੰਜਾਬੀ ਗੀਤਕਾਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਪੰਜਾਬ ਦੀ ਮਿੱਟੀ ਦਾ ਜਾਇਆ ਗੁਰਦਾਸ ਮਾਨ ਜਿੱਥੇ ਆਪਣੇ ਗੀਤਾਂ/ਫਿਲਮਾਂ ਦੇ ਜ਼ਰੀਏ ਮਾਂ-ਬੋਲੀ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਪੂਰੀ ਤਰ੍ਹਾਂ ਸੁਚੇਤ ਹੈ, ਉੱਥੇ ਹੀ ਉਹ ਆਪਣੇ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਵੀ ਬੜੀ ਕੁਸ਼ਲਤਾ ਨਾਲ ਨਿਭਾਉਂਦਾ ਆ ਰਿਹਾ ਚੁੱਕਾ ਹੈ।ਪ੍ਰਮਾਤਮਾ ਕਰੇ ਮਾਂ-ਬੋਲੀ ਦਾ ਇਹ ਸੱਚਾ ਪਹਿਰੇਦਾਰ ਸ਼ੁੱਧ ਸ਼ਬਦਾਵਲੀ ਦੀ ਦੋਨਾਲੀ ਨਾਲ ਅਸ਼ਲੀਲਤਾ ਦੇ ਸੀਨੇ ‘ਚ ਛੇਦ ਕਰਦਾ ਹੋਇਆ ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰਕ ਦੇ ਝੰਡੇ ਨੂੰ ਹਮੇਸ਼ਾਂ ਝੂਲਦਾ ਰੱਖੇ ਅਤੇ ਜੁਗ-ਜੁਗ ਜਵਾਨੀ ਦੀਆਂ ਬਹਾਰਾਂ ਮਾਣੇ।

ਉੱਚਾ ਲੰਬਾ ਸੋਹਣਾ ਗੱਭਰੂ, ਮਾਂ ਤੇਜ਼ ਕੌਰ ਦਾ ਜਾਇਆ,
ਮਾਖਿਓਂ ਮਿੱਠੀ ਬੋਲੀ ਉਸਦੀ, ਦਰਵੇਸ਼ ਕੋਈ ਧਰਤੀ ‘ਤੇ ਆਇਆ,
ਪੰਜਾਬ ਦੀ ਮਿੱਟੀ ਵਿੱਚ ਜੰਮਿਆਂ ਪਲਿਆ, ਧੁੱਪਾਂ-ਛਾਵਾਂ ਨੂੰ ਪਿੰਡੇ ਹੰਢਾਇਆ,
ਫੱਕਰ ਸੁਭਾਅ ਦਾ ਮਾਲਕ ਹੈ ਉਹ, ਨਾ ਕੋਈ ਦਿਸੇ ਪਰਾਇਆ
ਪੰਜਾਬੀ ਬਾਣੇ ਵਿੱਚ ਜਿਸਨੇ ਸੱਭਿਆਚਾਰ ਹੈ ਲਿਸ਼ਕਾਇਆ
ਸੱਚੀਆਂ ਰੂਹਾਂ ਤਰਾਸ਼ ਕੇ ਰੱਬ ਨੇ, ਫਿਰ ਗੁਰਦਾਸ ਬਣਾਇਆ
ਮਾਂ-ਬੋਲੀ ਨੂੰ ਗਾ ਕੇ ਜਿਹਨੇ, ਅੰਬਰਾਂ ਤੱਕ ਪਹੁੰਚਾਇਆ
ਆਪਣੇ ਪਿਆਰ ਦੀ ਮਸਤੀ ਦੇ ਵਿੱਚ, ਗੋਰਿਆਂ ਤਾਈਂ ਨਚਾਇਆ
ਤੇਰੀ ਰੀਸ ਕਰੇ ਨਾ ਕੋਈ, ਸਰੂਪ ਨੇ ਸੱਚ ਸੁਣਾਇਆ
ਜੁੱਗ-ਜੁੱਗ ਜੀਵੇਂ ਮਾਨਾਂ ਵੇ ਤੂੰ, ਮਾਂ-ਬੋਲੀ ਦਾ ਕੱਦ ਵਧਾਇਆ।
ਸਰੂਪ ਸਿੰਘ,ਚੌਧਰੀ ਮਾਜਰਾ (ਨਾਭਾ)
99886-27880

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੱਕ ਹੋਰ ਕਿਤਾਬ ਪਰਾਧੀਨਤਾ ਪਾਪ ਹੈ ਕੱਢ ਰਿਹਾ ਹਾਂ
Next articleਭੱਠਾ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਕੀਤੀ ਜਾਵੇਗੀ ਸੰਪੂਰਨ ਹੜਤਾਲ:- ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ