“ਪੰਜਾਬੀ ਦੀਆਂ ਯੱਭਲੀਆਂ”

ਜਸਵਿੰਦਰ ਪੰਜਾਬੀ
(ਬਾਬੇ ਦਾ ਭੋਗ ਵਰਸਿਜ਼ ਦੁੱਧ ‘ਚ ਪਾਣੀ)
  (ਸਮਾਜ ਵੀਕਲੀ) ਉਦੋਂ ਦੀ ਗੱਲ ਆ,ਜਦੋਂ ਡੇਅਰੀ ਦਾ ਕੰਮ ਸੀ ਸਾਡਾ। ਪਿੰਡ ‘ਚ ਇੱਕ ਸੈਣੀਆਂ ਦਾ ਘਰ ਸੀ। ਪਹਿਲਾਂ ਓਹ ਦੁੱਧ ਕਿਸੇ ਹੋਰ ਦੋਧੀ ਨੂੰ ਪਾਉਂਦੇ ਹੁੰਦੇ ਸੀ। ਚਾਰ ਲਵੇਰੀਆਂ ਸਨ,ਜਿਨ੍ਹਾਂ ‘ਚੋਂ ਦੋ ਸੱਜਰ ਸੂਈਆਂ। ਤੀਸਰੀ ਤਿੰਨ ਕੁ ਕਿੱਲੋ ਦੇਣ ਵਾਲ਼ੀ ਤੇ ਚੌਥੀ ਗੱਭਣ ਸੀ ਛੇ ਕੁ ਮਹੀਨਿਆਂ ਦੀ। ਦੋਵੇਂ ਟਾਇਮਾਂ ਦਾ ਅੱਠ-ਨੌਂ ਕਿੱਲੋ ਦੁੱਧ ਪਾਉਂਦੇ ਸੀ।
      ਬੁੜ੍ਹੀ-ਬੁੜ੍ਹੇ ਦਾ ਇੱਕ ਡੇਰੇ ਦਾ ਅੰਮ੍ਰਿਤ ਛਕਿਆ ਹੋਇਆ ਸੀ। ਘਰ ਵਿੱਚ ਓਸ ਬਾਬੇ ਦੀ ਤਸਵੀਰ,ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋਆਂ ਵਿਚਕਾਰ ਲਾਈ ਹੋਈ ਸੀ।
“ਪੁੱਤ,ਅਸੀਂ ਸਾਡੇ ਬਾਬੇ ਨੂੰ ਭੋਗ ਲੁਆ ਕੇ ਫੇਰ ਦੁੱਧ ਪਾਇਆ ਕਰਾਂਗੇ।” ਬੁੜ੍ਹੀ ਜੋ ਪਿੰਡ ‘ਚੋੰ ਮੇਰੀ ਤਾਈ ਲਗਦੀ ਸੀ,ਨੇ ਸ਼ਰਤ ਰੱਖੀ ਸੀ।
“ਕੋਈ ਨਾ ਤਾਈ,ਪੰਜ-ਸੱਤ ਮਿੰਟਾਂ ਨਾਲ਼ ਕੀ ਫ਼ਰਕ ਪੈਂਦੈ।” ਮੈੰ ਕਿਹਾ।
     ਪੰਦਰਾਂ ਕੁ ਦਿਨ ਹੋਏ ਸੀ। ਇੱਕ ਦਿਨ ਤਾਈ ਦੀ ਦੂਸਰੇ ਨੰਬਰ ਵਾਲ਼ੀ ਨੂੰਹ ਮੈਨੂੰ ਬੱਸ ਅੱਡੇ ਟੱਕਰ ਗਈ।
“ਵੇ ਝੁੱਡੂਆ,ਸਾਡੀ ਬੇਬੇ ਸਵੇਰੇ ਸ਼ਾਮ ਕਿੱਲੋ ਪੱਕੇ ਦੀ ਗੜਵੀ ਪਾਣੀ ਦੀ ਰਲਾਉਂਦੀ ਆ।” ਓਹਨੇ ਹੌਲੀ ਕੁ ਦੇਣੇ ਕਿਹਾ।
“ਪਰ ਭਾਬੀ,ਧਾਰਾਂ ਤਾਂ ਤੂੰ ਤੇ ਵੱਡੀ ਭਾਬੀ ਮੇਰੇ ਸਾਹਮਣੇਂ ਕੱਢਦੀਓਂ!”
“ਭੋਗ ਲਾਉਣ ਵੇਲ਼ੇ ਕਰ ਦਿੰਦੀ ਆ ਕੰਮ। ਮਾਰ ਲੀਂ ਅੱਛ ਛਾਪਾ। ਮੈੰ ਤਾਂ ਪੇਕੀਂ ਚੱਲੀ ਆਂ,ਪਰਸੋਂ ਨੂੰ ਮੁੜੂੰ।” ਆਖ ਓਹ ਪਰੇ ਜਾ ਖੜ੍ਹੀ।
      ਆਥਣੇ ਇੱਕ ਮੱਝ ਦੀ ਧਾਰ ਵੱਡੀ ਬਹੂ ਨੇ ਤੇ ਦੂਸਰੀ ਦੀ ਤਾਈ ਨੇ ਖੁਦ ਕੱਢੀ। ਰੋਜ਼ ਵਾਂਗ ਇੱਕੋ ਬਾਲਟੀ ‘ਚ ਦੁੱਧ ਇਕੱਠਾ ਕਰ ਅੰਦਰ ਵੜ ਗਈ। ਮਸੀਂ ਦੋ ਕੁ ਮਿੰਟ ਬਾਅਦ ਪੋਲੇ ਪੈਰੀਂ ਮੈ ਜਾ ਵੜਿਆ। ਫੁੱਲ ਭਰੀ ਗੜਵੀ ਬਾਬੇ ਦੇ ਅੱਗੇ ਪਈ। ਤਾਈ ਅਜੇ ਇੱਕ ਹੋਰ ਪਾਸੇ ਰੱਖੀ ਪਾਣੀ  ਦੀ ਗੜਵੀ ਉਲੱਦਣ ਈ ਲੱਗੀ ਸੀ ਕਿ…..!
“ਮੈੰ ਤਾਂ…ਮੈਂ ਤਾਂ…ਪੁੱਤ ਭੋਗ ਲਾਉਂਦੀ ਤੀ।”
“ਤਾਈ ਆਵਦੇ ਬਾਬੇ ਨੂੰ ਪਾਣੀ ਆਲ਼ੇ ਦਾ ਭੋਗ ਲਾ ਦਿਆ ਕਰ।” ਮੈੰ ਬਣਾ ਸੰਵਾਰ ਕੇ ਵਿਅੰਗ ਕਸਿਆ,”ਕੱਲ੍ਹ ਤੋਂ ਬਾਬੇ ਦਾ ਦੁੱਧ ਬਾਹਰੋੰ ਈ ਲੈ ਜਿਆ ਕਰ ਗੜਵੀ ਭਰ ਕੇ।”
“ਕੋਈ ਨਾ ਪੁੱਤ, ਤੇਰੇ ਤਾਏ ਕੋਲ਼ ਗੱਲ ਨਾ ਕਰੀਂ। ਓਹਨੇ ਤਾਂ ਮੇਰਾ ਝਾਟਾ ਪੱਟ ਦੇਣਾ।”
    ਓਹ ਦਿਨ ਗਿਆ ਸੋ ਗਿਆ, ਮੁੜ ਕੇ ਤਾਈ ਦੁੱਧ ਇਕੱਠਾ ਕਰਕੇ ਅੰਦਰ ਨ੍ਹੀਂ ਲੈ ਕੇ ਗਈ। ਵਾਪਸ ਆਈ ਛੋਟੀ ਨੂੰਹ ਮੁਸਕੜੀਂਏ ਹੱਸੇ,ਬਾਬੇ ਲਈ ਬਾਹਰੋਂ ਅੰਦਰ ਨੂੰ ਜਾਂਦਾ ਦੁੱਧ ਵੇਖ।
ਇਹਨੂੰ ਕਹਿੰਦੇ,’ਘਰ ਦਾ ਭੇਤੀ,ਦੁੱਧ ‘ਚ ਪਾਣੀ ਰਲਣੋਂ ਹਟਾਏ।’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿੰਦਗੀ ਇੱਕ ਸੰਘਰਸ਼….
Next articleਐਲਕਲਾਈਨ(ਖਾਰੀ) ਭੋਜਨ:ਨਿਰੋਈ ਸਿਹਤ ਦੀ ਇੱਕ ਰਾਹ